ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਅਧੀਨ ਅੱਜ ਸਥਾਨਕ ਬਾਰਾਦਰੀ ਬਾਗ਼ ਵਿਖੇ ਨਵਜੰਮੀਆਂ ਬੱਚੀਆਂ ਲਈ ਲੋਹੜੀ ਦਾ ਜ਼ਿਲ੍ਹਾ ਪੱਧਰੀ ਸਮਾਗਮ ਧੂਮ-ਧੜੱਕੇ ਨਾਲ ਕਰਵਾਇਆ ਗਿਆ। ਇਸ ਮੌਕੇ ਮੈਂਬਰ ਲੋਕ ਸਭਾ ਮਲਵਿੰਦਰ ਸਿੰਘ ਕੰਗ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਨਵਜੰਮੀਆਂ ਬੱਚੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਕੁੜੀਆਂ ਵੀ ਮੁੰਡਿਆਂ ਦੀ ਤਰ੍ਹਾਂ ਵੱਖ-ਵੱਖ ਖੇਤਰਾਂ ਵਿਚ ਆਪਣੀਆਂ ਛਾਪ ਛੱਡ ਰਹੀਆਂ ਹਨ, ਇਸ ਲਈ ਅੱਜ ਦੇ ਸਮੇਂ ਦੀ ਲੋੜ ਹੈ ਕਿ ਬੱਚੀਆਂ ਨੂੰ ਹਰ ਪੱਖੋਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ। ਇਸਦੇ ਨਾਲ ਹੀ ਮੌਕੇ ‘ਤੇ ਹਾਜ਼ਰ ਐਮ ਐਲ ਏ ਬਲਾਚੌਰ ਸੰਤੋਸ਼ ਕਟਾਰੀਆ, ਐਮ ਐਲ ਏ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਾਈਸ ਚੇਅਰਮੈਨ ਪੰਜਾਬ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਲਲਿਤ ਮੋਹਨ ਪਾਠਕ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ ਵੱਲੋਂ ਵੀ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕਰਦਿਆਂ ਲੋੜੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਤੋਂ ਐਸ.ਐਸ.ਪੀ ਡਾ. ਮਹਿਤਾਬ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ, ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿ ਡਾ.ਅਕਸ਼ਿਤਾ ਗੁਪਤਾ ਵੱਲੋਂ ਵੀ ਲੜਕੇ-ਲੜਕੀਆਂ ਦੀ ਬਰਾਬਰਤਾ ਦਾ ਸੰਦੇਸ ਦਿੱਤਾ ਗਿਆ। ਇਸ ਮੌਕੇ ਨਵਜੰਮੀਆਂ ਬੱਚੀਆਂ ਨੂੰ ਬੇਬੀ ਕੇਅਰ ਕਿੱਟਾਂ ਅਤੇ ਬੇਬੀ ਬਲੈਕਟ ਦੀ ਵੰਡ ਕੀਤੀ ਗਈ, ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਟਰੈਕ ਸੂਟ ਅਤੇ ਸਪੋਰਟਸ ਸ਼ੂਜ਼ ਦਿੱਤੇ ਗਏ। ਇਸ ਦੇ ਨਾਲ ਹੀ ਵਿਦਿਅਕ ਖੇਤਰ ਵਿਚ ਮੈਰਿਟ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਸੋਨੀਆ ਅੰਗਰਿਸ਼, ਚੇਅਰਪਰਸਨ ਬਾਲ ਭਲਾਈ ਕਮੇਟੀ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਬੱਚੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਵੱਲੋਂ ਕਿਹਾ ਗਿਆ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਦਾ ਮੁੱਖ ਮੰਤਵ ਲਿੰਗ ਅਨੁਪਾਤ ਵਿਚ ਸੁਧਾਰ ਕਰਨਾ ਅਤੇ ਬੱਚੀਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਸਾਡੇ ਸਮਾਜ ਦੀਆਂ ਬੱਚੀਆਂ ਭਵਿੱਖ ਵਿਚ ਆਪਣੀ ਪਹਿਚਾਣ ਨੂੰ ਸਾਬਿਤ ਕਰ ਸਕਣ ਅਤੇ ਉਨ੍ਹਾਂ ਨੂੰ ਸਮਾਜ ਵਿਚ ਮੁੰਡਿਆਂ ਵਾਂਗ ਹੀ ਦਰਜਾ ਪ੍ਰਾਪਤ ਹੋ ਸਕੇ। ਪ੍ਰੋਗਰਾਮ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ੍ਰਬੰਗਾ ਦਵਿੰਦਰ ਕੌਰ, ਪੰਕਜ ਸ਼ਰਮਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲਾਚੌਰ ਸਮੇਤ ਸਮੂਹ ਸੁਪਰਵਾਈਜ਼ਰਾਂ, ਜ਼ਿਲ੍ਹਾ ਪ੍ਰੋਗਰਾਮ ਦਫਤਰ ਤੋਂ ਸੁਪਰਡੈਂਟ ਸੁਨੀਤਾ ਸ਼ਰਮਾ, ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸੁਪਰੀਆ ਠਾਕੁਰ ਜ਼ਿਲ੍ਹਾ ਕੋਆਰਡੀਨੇਟਰ ਵੋਮੈਨ ਹੱਬ, ਵਨ ਸਟੈਪ ਸੈਂਟਰ ਤੋਂ ਹਿਮ ਸ਼ਿਖਾ ਅਤੇ ਸਮੂਹ ਸਟਾਫ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj