ਆਵੇ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾਂ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਲਾ ਲੁਧਿਆਣਾ ਦਾ ਇਤਿਹਾਸਕ ਤੇ ਪੁਰਾਣਾ ਸ਼ਹਿਰ ਮਾਛੀਵਾੜਾ ਸਾਹਿਬ ਜੋ ਆਪਣੀ ਇਤਿਹਾਸਕ ਵਿਲੱਖਣਤਾ ਕਾਰਨ ਸਮੁੱਚੀ ਦੁਨੀਆਂ ਵਿੱਚ ਪ੍ਰਸਿੱਧ ਹੈ ਪਰ ਮੌਜੂਦਾ ਸਮੇਂ ਮਾਛੀਵਾੜਾ ਵਿੱਚ ਜੋ ਸਿਆਸਤ ਦਿਖ ਰਹੀ ਹੈ ਉਸਦੀ ਵੀ ਚਰਚਾ ਸਭ ਪਾਸੇ ਹੈ। ਉੰਝ ਤਾਂ ਜਦੋਂ ਨਗਰ ਕੌਂਸਲ ਚੋਣਾਂ ਦਾ ਐਲਾਨ ਹੋਇਆ ਉਸ ਵੇਲੇ ਤੋਂ ਹੀ ਕਈ ਗੱਲਾਂ ਚਰਚਾ ਵਿੱਚ ਆ ਗਈਆਂ ਸਨ ਸਭ ਤੋਂ ਵੱਧ ਚਰਚਾ ਉਸ ਵੇਲੇ ਹੋਈ ਜਦੋਂ ਮਾਛੀਵਾੜਾ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵੱਡੀ ਗਿਣਤੀ ਵਿੱਚ ਕਾਗਜ਼ ਰੱਦ ਕਰ ਦਿੱਤੇ ਗਏ ਜੋ ਇਹਨਾਂ ਨਗਰ ਕੌਂਸਲ ਚੋਣਾਂ ਵਿੱਚ ਹਿੱਸਾ ਲੈ ਰਹੇ ਸਨ। ਜਦੋਂ ਇਸ ਤਰ੍ਹਾਂ ਕਾਗਜ ਰੱਦ ਹੋਣ ਦੀ ਗੱਲ ਬਾਹਰ ਆਈ ਤਾਂ ਸ਼ਾਮ 7 ਕੁ ਵਜੇ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਪ੍ਰਮੁੱਖ ਆਗੂ ਜਿਹਨਾਂ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਭਾਜਪਾ ਨਾਲ ਸੰਬੰਧਿਤ ਆਗੂਆਂ ਨੇ ਤੁਰੰਤ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜੋ ਰਾਤ ਤੱਕ ਜਾਰੀ ਰਿਹਾ।
ਉਸ ਤੋਂ ਬਾਅਦ ਇਸ ਘਟਨਾ ਦੀ ਹੋਰ ਵੀ ਚਰਚਾ ਸ਼ੁਰੂ ਹੋ ਗਈ। ਜਦੋਂ ਇਹਨਾਂ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਆਪੋ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਤੁਰ ਕੇ ਇੱਕ ਵੱਡਾ ਰੋਸ ਮਾਰਚ ਕੱਢਿਆ ਜੋ ਹਾਲੇ ਅਖਬਾਰਾਂ ਦੀ ਸੁਰਖੀਆਂ ਵਿੱਚ ਪਿਆ ਹੈ ਤੇ ਨੈੱਟ ਦੇ ਜ਼ਮਾਨੇ ਨਾਲ ਨੈੱਟ ਉੱਤੇ ਤਾਂ ਸਦਾ ਹੀ ਰਹੇਗਾ। ਜਦੋਂ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਅਕਾਲੀ ਕਾਂਗਰਸੀ ਭਾਜਪਾ ਕਾਮਰੇਡ ਆਦਿ ਸਾਰੇ ਹੀ ਇਸ ਰੋਸ ਮਾਰਚ ਵਿੱਚ ਸ਼ਾਮਲ ਸਨ ਤੇ ਸਭਨਾਂ ਦੇ ਕੋਲ ਤਖਤੀਆਂ ਚੁੱਕੀਆਂ ਹੋਈਆਂ ਸਨ। ਜਿਨਾਂ ਉੱਪਰ ਹਲਕਾ ਇੰਚਾਰਜ ਦਿਆਲਪੁਰਾ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਕੇਜਰੀਵਾਲ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ ਆਦਿ ਲਿਖਿਆ ਹੈਸੀ।ਇਹ ਤਖਤੀਆਂ ਚੁੱਕੀ ਕਿੱਲ੍ਹ ਕਿੱਲ੍ਹ ਕੇ ਨਾਅਰੇਬਾਜ਼ੀ ਕਰਦੇ ਹੋਏ ਸਿਆਸੀ ਆਗੂਆਂ ਦਾ ਇਹ ਕਾਫ਼ਲਾ ਬੀਡੀਪੀਓ ਦਫਤਰ ਮਾਛੀਵਾੜਾ ਪੁੱਜਾ ਤੇ ਉੱਥੇ ਵੀ ਪਿੱਟ ਸਿਆਪਾ ਹੋਇਆ। ਫਿਰ ਜਿਉਂ ਹੀ ਹੋਈਆਂ ਚੋਣਾਂ ਦੇ ਵਿੱਚ ਚਾਰ ਕੌਂਸਲਰ ਆਪ ਦੇ ਜਿੱਤੇ ਦੋ ਅਕਾਲੀਆਂ ਤੇ ਦੋ ਹੀ ਕਾਂਗਰਸ ਦੇ ਉਸ ਤੋਂ ਬਾਅਦ ਕੱਲ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਈ ਤੇ ਉਸ ਚੋਣ ਤੋਂ ਤੁਰੰਤ ਬਾਅਦ ਹੀ ਫਿਰ ਚਰਚਾ ਛਿੜ ਪਈ, ਚਰਚਾ ਵੀ ਆਪਣੇ ਆਪ ਵਿੱਚ ਕਮਾਲ ਦੀ ਸੀ ਸਭ ਤੋਂ ਪਹਿਲਾਂ ਤਾਂ ਇਹ ਚਰਚਾ ਸ਼ੁਰੂ ਹੋਈ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਚਾਰ ਕੌਂਸਲਰਾਂ ਨੇ ਇਸ ਨਵੀਂ ਪ੍ਰਧਾਨਗੀ ਦੇ ਵਿੱਚੋਂ ਬਾਈਕਾਟ ਕਰ ਦਿੱਤਾ। ਇਹ ਚਰਚਾ ਹਾਲੇ ਚੱਲ ਹੀ ਰਹੀ ਸੀ ਕਿ ਤੁਰੰਤ ਹੀ ਨਵੀਂ ਚਰਚਾ ਸ਼ੁਰੂ ਹੋ ਗਈ ਕਿ ਨਵੇਂ ਪ੍ਰਧਾਨ ਨੂੰ ਸਹਿਮਤ ਹੋ ਸਪੋਰਟ ਦੇ ਨਾਲ ਕਾਂਗਰਸ ਤੇ ਅਕਾਲੀ ਦਲ ਵਾਲਿਆਂ ਨੇ ਹੱਥ ਖੜੇ ਕਰਕੇ ਸਹਿਮਤੀ ਦੇ ਦਿੱਤੀ ਫਿਰ ਇਸ ਤੋਂ ਬਾਅਦ ਨਵੀਂ ਚਰਚਾ ਛਿੜਨੀ ਸੀ ਜੋ ਛਿੜੀ ਹੋਈ ਹੈ ਤੇ ਲੋਕ ਕੀ ਕਹਿ ਰਹੇ ਹਨ ਕਿ ਜੇ ਇਹੀ ਕੁਝ ਕਰਨਾ ਸੀ ਤਾਂ ਫਿਰ ਜਿਸ ਦਿਨ ਨਾਮਜ਼ਦਗੀ ਪੱਤਰ ਰੱਦ ਹੋਏ ਸਨ ਉਸ ਦਿਨ ਧਾਰਨਾ ਕਿਉਂ? ਜੇ ਇਹੀ ਕੁਝ ਕਰਨਾ ਸੀ ਫਿਰ ਮਾਛੀਵਾੜਾ ਦੇ ਵਿੱਚ ਵੱਡਾ ਰੋਸ ਧਰਨਾ ਪ੍ਰਦਰਸ਼ਨ ਕਿਉਂ? ਇਹਨਾਂ ਗੱਲਾਂ ਦਾ ਜਵਾਬ ਕੌਣ ਦੇਵੇਗਾ? ਇਸ ਸਾਰੇ ਸਿਆਸੀ ਘਟਨਾਕਰਮ ਤੋਂ ਬਾਅਦ ਮਾਛੀਵਾੜਾ ਦੇ ਲੋਕ ਠੱਗੇ ਠੱਗੇ ਜਿਹਾ ਮਹਿਸੂਸ ਕਰ ਰਹੇ ਹਨ ਪਰ ਕਹਿਣ ਕਿਸ ਨੂੰ….!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj