ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਬਹੁਜਨਾਂ ਦੇ ਬਹੁਤ ਸਾਰੇ ਸੰਗਠਨ ਬਣੇ ਹੋਏ ਹਨ।ਸੰਗਠਿਤ ਹੋਣਾ ਬੁਰੀ ਗੱਲ ਨਹੀਂ ਹੈ ਪਰ ਸੰਗਠਿਤ ਹੋ ਕੇ ਆਪਣੇ ਦਾਇਰੇ ਨੂੰ ਸੀਮਿਤ ਕਰ ਲੈਣਾ ਬੁਰੀ ਗੱਲ ਹੈ। ਬਹੁਜਨਾਂ ਤੇ ਲਗਾਤਾਰ ਜ਼ੁਲਮ -ਜ਼ਿਆਦਤੀਆਂ ਹੁੰਦੀਆਂ ਆਈਆਂ ਹਨ।ਉਹਨਾਂ ਜ਼ੁਲਮ-ਜ਼ਿਆਦਤੀਆਂ ਵਿਰੁੱਧ ਲੋਕ ਉੱਠੇ ਅਤੇ ਆਪਣੇ ਪੱਧਰ ਤੇ ਇਸਦੇ ਹੱਲ ਕੱਢੇ।ਜ਼ਿਆਦਾਤਰ ਹਾਂ ਪੱਖੀ ਨਤੀਜੇ ਨਿੱਕਲੇ ਪਰ ਚਿਰ ਸਥਾਈ ਨਹੀਂ ਰਹੇ। ਅਸੀਂ ਜਦੋਂ ਮੁਸ਼ਕਲ ਆਉਂਦੀ ਹੈ ਤਾਂ ਸੰਗਠਿਤ ਹੁੰਦੇ ਹਾਂ ਹੱਲ ਕੱਢ ਕੇ ਫੇਰ ਦੂਰੀਆਂ ਬਣਾ ਲੈਂਦੇ ਹਾਂ।ਕੁੱਝ ਕੁ ਲੋਕਾਂ ਨੇ ਕੁੱਝ ਵੱਡੇ ਸੰਗਠਨ ਵੀ ਬਣਾਏ ਅਤੇ ਲੋਕਾਂ ਦੇ ਕੰਮ ਵੀ ਕਰਾ ਰਹੇ ਹਨ।ਜਿਵੇਂ ਕਿ ਪਿੰਡ ਵਿੱਚ ਹੋਏ ਝਗੜੇ ਦਾ ਥਾਣੇ ਵਿੱਚ ਗਏ ਮਾਮਲੇ ਚ ਨਿਆਂ ਲੈਣਾ।ਕਈ ਸੰਗਠਨ ਡੀ.ਐਸ.ਪੀ.ਜਾਂ ਇਸ ਤੋਂ ਉੱਪਰ ਐਸ.ਐਸ.ਪੀ.,ਡੀ.ਸੀ. ਤੱਕ ਪਹੁੰਚ ਕਰ ਲੈਂਦੇ ਹਨ ਅਤੇ ਇਸਨੂੰ ਆਪਣੀ ਜਿੱਤ ਸਮਝ ਕੇ ਆਪਣੀ ਪਿੱਠ ਥੱਪ-ਥੱਪਾ ਲੈਂਦੇ ਹਨ।ਇਹ ਘੇਰਾ ਪੂਰੇ ਬਹੁਜਨਾਂ ਵਿੱਚ ਬਣਿਆ ਹੋਇਆ ਹੈ।ਇਹ ਕਾਫ਼ੀ ਨਹੀਂ ਹੈ।ਏਸ ਘੇਰੇ ਨੂੰ ਤੋੜਕੇ ਬਾਹਰ ਨਿੱਕਲਕੇ ਇਹ ਸੋਚਣਾ ਪਵੇਗਾ ਕਿ ਜ਼ੁਲਮ-ਜ਼ਿਆਦਤੀਆਂ ਸਾਡੇ ਨਾਲ਼ ਹੀ ਕਿਉਂ ਹੁੰਦੀਆਂ ਹਨ।ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਕਿ ਜ਼ਿਹਨਾਂ ਦੇ ਰਾਜ ਹੁੰਦੇ ਹਨ ਉਹਨਾਂ ਦੀਆਂ ਧੀਆਂ-ਭੈਣਾਂ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖਦਾ।ਅਮਰੀਕਾ ਦੀ ਸਾਬਕਾ ਸੈਕਟਰੀ ਮੈਡਾਲੀਨ ਅਲਬਰਾਈਟ ਨੇ ਇੱਕ ਕਿਤਾਬ ਲਿਖੀ ਹੈ “Mighty and Almighty “ਉਸਨੇ ਇਸ ਕਿਤਾਬ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੋ ਕੰਮ ਗਿਰਜਾ-ਘਰਾਂ ਵਿੱਚ ਪ੍ਰਾਰਥਨਾ ਨਾਲ਼ ਨਹੀਂ ਹੋਇਆ ਉਹ ਰਾਜ ਭਾਗ ਨਾਲ਼ ਮਿੰਟਾਂ ਵਿੱਚ ਹੋ ਗਿਆ। ਇਹਨਾਂ ਜ਼ੁਲਮ-ਜ਼ਿਆਦਤੀਆਂ ਦੇ ਹੱਲ ਸਾਨੂੰ ਸਾਡੇ ਰਹਿਬਰਾਂ ਨੇ ਭਲੀ ਭਾਂਤ ਦੱਸੇ ਹਨ।ਪਰ ਅਸੀਂ ਮੱਥਾ ਟੇਕਣ ਤੋਂ ਅੱਗੇ ਵਧੇ ਹੀ ਨਹੀਂ।ਮੱਥਾ ਟੇਕ ਲਿਆ ਜਾਂ ਸਾਲ ਬਾਅਦ ਉਹਨਾਂ ਦੇ ਜਨਮ ਦਿਨ ਮਨਾ ਕੇ ਆਪਣਾ ਫਰਜ ਪੂਰਾ ਹੋ ਗਿਆ ਸਮਝ ਲੈਂਦੇ ਹਾਂ।ਇਸ ਤਰਾਂ ਆਪਣਾ ਫਰਜ ਪੂਰਾ ਹੋ ਜਾਂਦਾ ਹੁੰਦਾ ਤਾਂ ਫਿਰ ਸਤਿਗੁਰ ਕਿਉਂ ਲਿਖਦੇ ਕਿ ਏਹੋ ਪੰਥ ਖਰਾ ਹੈ ਝੀਨਾ,ਖੰਡੇ ਧਾਰ ਜਿਸਾ ਹੈ ਪੈਨਾ।ਜਾਂ ਜੇ ਤੋਹੇ ਪ੍ਰੇਮ ਖੇਡਨ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ।ਆਪਣੇ ਆਪ ਨੂੰ ਮਜ਼ਬੂਤ ਰੱਖਣ ਲਈ ਸਾਨੂੰ ਗੁਰੂ ਸਾਹਿਬਾਨਾਂ ਦੀ ਬਾਣੀ ਪੜਨ ਤੱਕ ਹੀ ਸੀਮਿਤ ਨਹੀਂ ਰਹਿਕੇ ਸਗੋਂ ਉਸਨੂੰ ਸਮਝ ਕੇ ਉਸਤੇ ਖ਼ੁਦ ਚੱਲ ਕੇ ਦੂਸਰਿਆਂ ਨੂੰ ਵੀ ਪ੍ਰੇਰਤ ਕਰਨਾ ਹੈ। ਗੁਰੂ ਸਾਹਿਬ ਆਪਣੀ ਬਾਣੀ ਵਿੱਚ ਵਾਰ-ਵਾਰ ਸਾਨੂੰ ਇਹ ਸਮਝਾਉਂਦੇ ਹਨ ਰਾਜ-ਭਾਗ ਤੋਂ ਬਿਨਾ ਸੁੱਖ ਨਹੀਂ ਹੈ।ਫਿਰ ਰਾਜੇ ਵਾਰੇ ਵੀ ਦੱਸਦੇ ਹਨ ਕਿ ਕਿਸ ਤਰਾਂ ਦਾ ਹੋਵੇ।ਤਖ਼ਤੇ ਰਾਜਾ ਸੋ ਬਹੇ ਜੋ ਤਖ਼ਤੇ ਲਾਇਕ ਹੋਏ।ਅਜਿਹਾ ਨਹੀਂ ਹੈ ਕਿ ਸਾਡਾ ਰਾਜ ਆਇਆ ਨਹੀਂ ,ਆਇਆ ਹੈ ਅਤੇ ਉਦਾਹਰਣਾਂ ਇਸ ਤਰਾਂ ਦੀਆਂ ਪੇਸ਼ ਕੀਤੀਆਂ ਕਿ ਪੂਰੀ ਦੁਨੀਆਂ ਮੰਨ ਰਹੀ ਹੈ।ਭਾਰਤ ਨੂੰ ਸੋਨੇ ਦੀ ਚਿੜੀ ਜਿਸ ਕਾਲ ਵਿੱਚ ਬਣਾਇਆ ਗਿਆ ਉਦੋਂ ਕਿਸ ਦਾ ਰਾਜ ਸੀ।ਇਤਿਹਾਸ ਗਵਾਹੀ ਭਰਦਾ ਹੈ ਕਿ ਬਹੁਜਨਾਂ ਦੇ ਦਸ ਰਾਜਿਆਂ ਦੇ ਸਮੇਂ ਇਹ ਸਭ ਕੁੱਝ ਹੋਇਆ।ਉਹਨਾਂ ਤੋਂ ਧੋਖੇ ਨਾਲ਼ ਹਥਿਆਏ ਰਾਜ ਤੋਂ ਬਾਅਦ ਭਾਰਤ ਦਾ ਪਤਨ ਹੋਇਆ।ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਵਿੱਚ ਜ਼ਮੀਨਾਂ ਵੰਡੀਆਂ ਗਈਆਂ।ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਤੱਕ ਮਿਸਲਾਂ ਰਹੀਆਂ ਅਤੇ ਆਪਣੇ ਆਪ ਨੂੰ ਮਹਾਰਾਜਾ ਨਹੀਂ ਘੋਸ਼ਿਤ ਕੀਤਾ ਕਾਬਲੇ ਤਾਰੀਫ਼ ਹੈ।ਭੈਣ ਕੁਮਾਰੀ ਮਾਇਆਵਤੀ ਦੇ ਰਾਜ ਵਿੱਚ ਇੱਕ ਲੱਖ ਤੋਂ ਵੱਧ ਬੇਜਮੀਨਿਆਂ ਨੂੰ ਜ਼ਮੀਨਾਂ ਦੇ ਕੇ ਜਮੀਂਦਾਰ ਬਣਾਇਆ।ਠੀਕ ਓਹੀ ਰਸਤਾ ਸਤਿਗੁਰਾਂ ਨੇ ਦਿਖਾਇਆ,ਓਹੀ ਰਸਤਾ ਜਿਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਚੱਲੇ ਤੇ ਅੱਜ ਭੈਣ ਜੀ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਇੱਛਾ ਹੋਵੇ ਤਾਂ ਸੱਭ ਕੁੱਝ ਹੋ ਸਕਦਾ ਹੈ।ਅਜਿਹਾ ਨਹੀਂ ਕਿ ਪਹਿਲੀਆਂ ਸਰਕਾਰਾਂ ਨੇ ਇੱਛਾ ਨਹੀਂ ਜਤਾਈ।ਇੱਛਾ ਜਤਾਈ,ਪੱਟੇ ਵੀ ਦਿੱਤੇ ਪਰ ਜ਼ਮੀਨਾਂ ਨਹੀਂ ਦਿੱਤੀਆਂ ਤਾਂ ਭੈਣਜੀ ਨੇ ਪਹਿਲੇ ਦਿੱਤੇ ਹੋਏ ਪੱਟੇ ਪਹਿਲਾਂ ਨਿਪਟਾਏ।ਹੋਰ ਵੀ ਜਨ ਕਲਿਆਣਕਾਰੀ ਨੀਤੀਆਂ ਬਣਾ ਕੇ ਲਾਗੂ ਕੀਤੀਆਂ।ਯੂ.ਪੀ.ਵਿੱਚ ਦੋ ਸਾਲ ਤੋਂ ਚੱਲ ਰਹੇ ਕਿਸਾਨਾਂ ਦੇ ਮਸਲੇ ਨੂੰ ਭੈਣ ਜੀ ਨੇ ਪਹਿਲੇ ਦੋ ਮਹੀਨਿਆਂ ਵਿੱਚ ਹੀ ਖਤਮ ਕੀਤਾ।ਜਿਵੇਂ ਕਿ ਕਿਸਾਨਾਂ ਦੀ ਸਾਲਾਂ ਤੋਂ ਰੁਕੀ ਹੋਈ ਗੰਨੇ ਦੀ ਰਕਮ ਦੀ ਅਦਾਇਗੀ।ਏਥੇ ਇੱਕ ਹੋਰ ਗੱਲ ਵਰਨਣਯੋਗ ਹੈ ਕਿ ਬਸਪਾ ਨੇ ਆਪਣਾ ਕੋਈ ਚੋਣ ਮੈਨੀਫੈਸਟੋ ਜਾਂ ਵੱਡੇ ਵੱਡੇ ਵਾਇਦੇ ਨਹੀਂ ਕੀਤੇ ਸੀ।ਬੱਸ ਗੁਰੂਆਂ ਦੀ ਸੋਚ ਦਾ ਬੇਗਮਪੁਰੇ ਦਾ ਸੰਕਲਪ ਹੀ ਮੰਨ ਵਿੱਚ ਹੈ।ਸੋ ਆਓ ਭਾਈ ਪੰਜਾਬ ਵਿੱਚ ਵੀ ਇੱਕ ਵਾਰ ਬਸਪਾ ਨੂੰ ਮੌਕਾ ਦੇਈਏ।
ਇੱਕ ਹਾਂ ਪੱਖੀ ਹੁੰਗਾਰੇ ਦੀ ਆਸ ਨਾਲ਼।
ਕੁਲਵੀਰ ਹਲਕਾ ਸ਼ਾਮ ਚੌਰਾਸੀ
ਸਾਹਿਬ ਕਾਂਸ਼ੀ ਰਾਮ ਇੰਟਰਨੈਸ਼ਨਲ ਮੂਵਮੈਂਟ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj