(ਸਮਾਜ ਵੀਕਲੀ) ਵੀਹ ਪੱਚੀ ਕਿਲੇ ਜਮੀਨ ਦੇ ਮਾਲਕ ਪੰਜ ਭਾਈਆ ਸਭ ਤੋਂ ਛੋਟਾ ਉਜਾਗਰ ਸਿੰਘ ਉਸ ਦੀ ਉਮਰ ਵੀ ਸੁਖ ਨਾਲ ਚਾਲੀ ਵਰਿਆ ਦੀ ਹੋ ਗਈ ਸੀ….
ਰੱਬ ਨੇ ਉਸਨੂੰ ਸੂਰਤ ਤੇ ਕੱਦ ਕਾਠ ਸੋਹਣਾ ਬਖਸ਼ਿਆ ਸੀ…ਪਿੰਡ ਵਿੱਚ ਹਰ ਇੱਕ ਨਾਲ ਕੰਮ ਕਾਰ ਵਿੱਚ ਹੱਥ ਵਟਾਉਣ ਵਾਲਾ ਬੰਦਾ… ਤੇ ਸਭ ਨੂੰ ਬੜੀ ਹਲੀਮੀ ਨਾਲ ਬੋਲਦਾ.. ਜੇ ਕੋਈ ਚਾਚਾ,ਤਾਇਆ ਕਹਿੰਦਾ ਕੀ ਉਜਾਗਰ ਸਿਹਾਂ” ਮੈਂ ਅੱਜ ਕਿਤੇ ਜਾਣਾ ਏ ਤੂੰ ਮੇਰੇ ਘਰੇ ਡੰਗਰ ਵੱਛਾ” ਸਾਂਭ ਲਈ….
ਉਹ ਪੂਰੇ ਇਮਾਨਦਾਰੀ ਨਾਲ ਆਪਣਾ ਤੇ ਚਾਚੇ,ਤਾਇਆਂ ਦੇ ਘਰ ਦਾ ਕੰਮ ਕਰਦਾ….ਜਿਆਦਾਤਰ ਘਰ ਦੇ ਕਮਕਾਰ ਕਰਕੇ ਹੀ ਉਸਨੂੰ ਸਕੂਨ ਮਿਲਦਾ ਸੀ….
ਪਿੰਡ ਦੀ ਸੱਥ ਵਿੱਚ ਬੈਠੇ ਸਾਰੇ ਬੋਲ ਰਹੇ ਸਨ “ਕੀ ਪਰਮਾਤਮਾ ਇਸ ਵਾਰੀ ਇਸ ਰੱਬ ਦੇ ਬੰਦੇ ਦਾ ਵਿਆਹ ਵਾਲਾ ਕੰਡਾ ਕੱਡ ਹੀ ਦੇਵੇ…. ਕਿਉਂਕੀ ਲਾਗਲੇ ਪਿੰਡ ਦੇ ਮਸ਼ਹੂਰ ਵਿਚੋਲੇ”” ਨੂੰ ਉਸ ਦੇ ਘਰ ਵਿੱਚੋਂ ਨਿਕਲਦਿਆਂ ਵੇਖਿਆ ਸੀ….ਪਹਿਲਾਂ ਵੀ ਕਈ ਵਾਰੀ ਉਸ ਦੇ ਆਪਣੇ ਹੀ ਪਿਆਰੇ ਭਾਨੀ ਮਾਰ ਦਿੰਦੇ ਸਨ ..ਭਾਈਆਂ ਨੇ ਵੀ ਬਹੁਤਾ ਸਾਥ ਨਾ ਦਿੱਤਾ ਉਸ ਦਾ ਵਿਆਹ ਕਰਵਾਉਣ ਲਈ….ਕਿਉਂਕਿ ਉਹਨਾਂ ਦੀ ਸੋਚ ਮੁਤਾਬਕ ਉਹਨਾਂ ਨੂੰ ਘਰ ਦੇ ਕੰਮਾਂ ਵਾਸਤੇ ਸੀਰੀ ਹੀ ਮਿਲਿਆ ਸੀ..ਉਹ ਆਪ ਕਿਸੇ ਕੰਮ ਨੂੰ ਛੇਤੀ ਹੱਥ ਨਹੀਂ ਸੀ ਲਾਉਂਦੇ ।
ਵੱਡੇ ਚਾਰਾਂ ਭਾਈਆਂ ਦਾ ਇਕੋ ਹੀ ਕੰਮ ਹੁੰਦਾ ਸੀ ਸਵੇਰ ਤੋਂ ਆਥਣੇ ਤੱਕ ਬਹਿ ਜਾਣਾ ਪੈੱਗ ਪੀਣ..
ਉਜਾਗਰ ਸਿੰਘ ਦਾ ਭਰੋਸਾ ਰੱਬ ਤੇ ਬਹੁਤ ਸੀ ਸਵੇਰੇ ਅੰਮ੍ਰਿਤ ਵੇਲੇ ਨਹਾ ਕੇ ਗੁਰਦੁਆਰੇ ਜਰੂਰ ਜਾਂਦਾ ਸੀ ਭਾਵੇਂ ਗੁਰਦੁਆਰੇ ਦੇ ਬਾਹਰ ਹੀ ਬੈਠ ਜਾਂਦਾ ਸੀ….ਉਸ ਦੇ ਮਨ ਵਿੱਚ ਇਹ ਸੀ ਕਿ ਮੈਂ ਰਾਤ ਨੂੰ ਪੈੱਗ-ਪੁਗ ਲਾ ਲੈਦਾਂ ਆਂ ਆਪਣੀ ਥਕਾਵਟ ਲਾਉਣ ਲਈ….
ਉਹ ਆਪਣੇ ਮਨ ਨੂੰ ਬਹੁਤ ਝੂਰਦਾ ਸੀ ਕੀ ਮੈਂ ਗੁਨਾਂਹ ਕਰਦਾ ਆਂ…. ਪਰ ਉਹਦੇ ਮਨ ਅੰਦਰ ਮੈਲ ਨਹੀਂ ਸੀ.. ਗ੍ਰੰਥੀ ਸਿੰਘ ਜਦ ਵੀ ਸਵੇਰੇ ਭੋਗ ਪਾਉਂਦਾ ਤੇ ਉਸਨੂੰ ਬਾਹਰ ਬੈਠੇ ਨੂੰ ਪ੍ਰਸ਼ਾਦ ਜਰੂਰ ਦੇ ਕੇ ਜਾਂਦਾ….ਉਸਨੂੰ ਕਹਿੰਦਾ ਕੀ ਭਗਤਾ ਤੂੰ ਬਾਹਰ ਨਾ ਬੈਠਿਆਂ ਕਰ ਅੰਦਰ ਆਇਆ ਕਰ… ਉਜਾਗਰ ਸਿੰਘ ਕਹਿੰਦਾ ਨਹੀਂ ਗ੍ਰੰਥੀ ਸਾਹਿਬ ਮੈਨੂੰ ਇੱਥੇ ਹੀ ਬੜਾ ਸਕੂਨ ਮਿਲਦਾ ਏ। ਅੰਦਰ ਜਾਂਵਾਂਗਾ ਤੇ ਲੋਕੀ ਮੈਨੂੰ ਮਖੌਲ ਕਰਨਗੇ ਕੀ ਰੱਬ ਛੜੇ ਬੰਦੇ ਦੀ ਵੀ ਨਹੀਂ ਸੁਣਦਾ….
ਚਲੋ ਸਮਾਂ ਆਪਣੀ ਚਾਲ ਚੱਲਦਾ ਗਿਆ ਬੜੀ ਹੀ ਮੁਸ਼ਕਲ ਨਾਲ ਉਸਦਾ ਰਿਸ਼ਤਾ ਹੋ ਗਿਆ ਚੰਗੇ ਖ਼ਾਨਦਾਨ ਵਿੱਚ..ਉਹ ਵੀ ਕਿਸੇ ਚੰਗੇ ਵਿਚੋਲੇ ਕਾਰਨ ਸਾਰਾ ਪਿੰਡ ਬਹੁਤ ਖੁਸ਼ ਸੀ..ਸਿਰਫ ਉਹਦੇ ਭਾਈਆਂ ਨੂੰ ਛੱਡ ਕੇ….
ਕੁੜੀ ਵਾਲਿਆਂ ਨੇ ਸਾਰੀ ਪੁੱਛਗਿਛ ਕੀਤੀ ਸੀ ਆਪਣੇ ਪਿੰਡ ਦੇ ਨਾਈ ਨੂੰ ਭੇਜ ਕੇ ਕੀ ਮੁੰਡਾ ਕੀ ਕਰਦਾ ਏ.. ਨਾਈ ਨੇ ਸਭ ਤੋਂ ਪਹਿਲਾਂ ਮੁੰਡੇ ਦੇ ਨਾਨਕਿਆਂ ਬਾਰੇ ਜਾਣਿਆ ਫਿਰ ਮੁੰਡੇ ਵਾਲਿਆਂ ਦਾ ਪਿੰਡ ਵਿੱਚ ਰੂੜੀ ਦਾ ਢੇਰ ਤੇ ਮਾਲ ਡੰਗਰ ਵੇਖਿਆ..ਇਸ ਤੋਂ ਪਤਾ ਲੱਗ ਜਾਂਦਾ ਸੀ ਮੁੰਡੇ ਵਾਲਿਆ ਦੀ ਜਾਇਦਾਦ ਤੇ ਕੰਮਕਾਜ ਕਿੰਨਾ ਕੁ ਹੈ…
ਨਾਈ ਨੇ ਸਾਰਾ ਹੀ ਅੱਖੀਂ ਡਿੱਠਾ ਹਾਲ ਦੱਸਿਆ ਕੀ ਬਹੁਤ ਹੀ ਵਧੀਆ ਟੱਬਰ ਹੈ ਬਸ ਮੁੰਡਾ ਥੋੜਾ ਸਿੱਧਾ ਸਾਦਾ ਏ….
ਪਰ ਰੱਬ ਦੇ ਨਾਮ ਵਾਲਾ ਹੈ ਸੋ ਕੁੜੀ ਵਾਲਿਆਂ ਨੇ ਦੇਰ ਨਾ ਲਾਈ ਆਪਣੀ ਧੀ ਦਾ ਰਿਸ਼ਤਾ ਕਰਨ ਲਈ… ਕਿਉਂਕਿ ਉਹਨਾਂ ਦੀ ਧੀ ਕਾਫੀ ਸਮੇਂ ਤੋਂ ਘਰ ਹੀ ਬੈਠੀ ਸੀ…ਵਿਆਹ ਹੋਣ ਤੋਂ ਦੋ ਮਹੀਨੇ ਬਾਅਦ ਹੀ ਪ੍ਰਾਉਣਾ ਜਹਾਨੋਂ ਕੂਚ ਕਰ ਗਿਆ ਬਾਰਡਰ ਦੀਆਂ ਤਾਰਾਂ ਟੱਪਦਾ… ਕਹਿੰਦੇ ਕਾਫੀ ਆਉਣ ਜਾਣ ਸੀ ਉਹਦਾ ਬਾਰਡਰੋਂ ਪਾਰ।
ਉਜਾਗਰ ਸਿੰਘ ਦਾ ਵਿਆਹ ਬੜੇ ਹੀ ਧੂਮਧਾਮ ਨਾਲ ਹੋਇਆ ਜੋ ਵੀ ਦਾਜ ਬਣਦਾ ਸੀ ਉਹਨਾਂ ਦਿੱਤਾ ਇੱਕ ਬੋਤੀ, ਦੋ ਮੁੱਝਾ ਤੇ ਇੱਕ ਘੋੜੀ ਸਾਰਾ ਪਿੰਡ ਹੱਕਾ-ਬੱਕਾ ਰਹਿ ਗਿਆ ਐਨਾ ਦਾਜ ਤੇ ਚੱਨ ਨਾਲੋਂ ਸੋਹਣੀ ਕੁੜੀ ਵੇਖ ਕੇ….ਕੁੜੀ ਪੜ੍ਹੀ ਲਿਖੀ ਤੇ ਉੱਚੇ ਖਾਨਦਾਨ ਦੀ ਹੋਣ ਕਰਕੇ ਉਸ ਨੇ ਆਪਣੇ ਘਰ ਨੂੰ ਸਾਂਭ ਲਿਆ ਸੀ ਪਰ ਉਜਾਗਰ ਸਿਉਂ ਦੇ ਭਾਈਆਂ ਨੂੰ ਉਹ ਚੰਗੀ ਨਹੀਂ ਸੀ ਲੱਗਦੀ…. ਕਿਉਂਕਿ ਉਹ ਨਿਤ ਦੇ ਸ਼ਰਾਬੀ ਤੇ ਨਾ ਹੀ ਕਦੀ ਰੱਬ ਨਾਮ ਲੈਂਦੈ….
ਕੁਝ ਸਮਾਂ ਪਾ ਕੇ ਭਈਆਂ ਨੇ ਉਸ ਦਾ ਘਰ ਵੱਖ ਕਰ ਦਿੱਤਾ
ਉਜਾਗਰ ਸਿੰਘ ਦੇ ਸਹੁਰੇ ਆਏ ਕਿ ਅਸੀਂ ਤੇਰਾ ਫੈਸਲਾ ਕਰਵਾਉਂਦੇ ਆਂ ਪਰ ਉਜਾਗਰ ਸਿੰਘ ਕਹਿੰਦਾ ਕਿ ਨਹੀਂ ਜੀ ਇਹ ਮੇਰੇ ਘਰ ਦਾ ਮਸਲਾ” ਏ…ਕੋਈ ਨਾ ਜੀ ਮੈਨੂੰ ਰੱਬ ਤੇ ਪੂਰਾ ਭਰੋਸਾ ਹੈ ਜੋ ਵੀ ਕਰੂਗਾ ਵਧੀਆ ਹੀ ਕਰੂਗਾ….
ਭਾਈਆਂ ਨੇ ਇੱਕ ਕੋਠਾ,ਦੋ ਕਿਲੇ ਜ਼ਮੀਨ ਤੇ ਉਸਦੀ ਮੰਗ ਤੇ ਇੱਕ ਮਾਂ ਦਾ ਵੱਡਾ ਮੰਜਾ ਦਿੱਤਾ ਜੋ ਕਿ ਉਜਾਗਰ ਸਿੰਘ ਦੀ ਮਾਂ ਤੇ ਬਾਪ ਜਦ ਜਹਾਨੋ ਗਏ ਸੀ ਤਾਂ ਸਾਰੀ- ਸਾਰੀ ਰਾਤ ਮੰਜੇ ਦੇ ਪਾਵੇ” ਨਾਲ ਲੱਗ ਕੇ ਰੋਂਦਾ ਹੁੰਦਾ ਸੀ.. ਓਹ ਕਹਿੰਦਾ ਹੁੰਦਾ ਸੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ ਮੇਰੀ ਮਾਂ ਦਾ ਮੰਜਾ” ਹੀ ਚਾਹੀਦਾ ਹੈ।
ਇਹ ਮੰਜਾ ਉਹਨਾਂ ਦੇ ਬਜ਼ੁਰਗਾਂ ਦੀ ਇੱਕੋ ਇੱਕ ਨਿਸ਼ਾਨੀ ਸੀ ਜਦੋਂ ਸੰਤਾਲੀ” ਤੋਂ ਉੱਜੜ ਕੇ ਆਪਣੇ ਪਿੰਡ ਪੰਜਾਬ ਆਏ ਸੀ ਸਿਰਫ ਇਹੋ ਇੱਕੋ ਇੱਕ ਮੰਜਾ”ਹੀ ਬਚਿਆ ਸੀ ਉਹਨਾ ਕੋਲ…
ਪਰ ਫਿਰ ਵੀ ਉਹ ਉਜਾਗਰ ਸਿੰਘ ਨੇ ਭਾਈਆਂ ਨੂੰ ਕਦੀ ਮਾੜਾ ਨਹੀਂ ਕਿਹਾ ਭਾਵੇਂ ਉਹਦੇ ਨਾਲ ਵਿਤਕਰਾ” ਹੀ ਕੀਤਾ ਸੀ…ਹਮੇਸ਼ਾ ਰੱਬ ਜੋ ਕਰੂਗਾ ਚੰਗਾ ਹੀ ਕਰੂਗਾ ਇਹੀ ਕਹਿੰਦਾ ਹੁੰਦਾ ਸੀ ਹਰ ਇੱਕ ਨੂੰ….
ਭਾਗਾਂ ਵਾਲਾ ਸਮਾਂ ਆਇਆ ਉਹਨਾਂ ਦੇ ਘਰ ਜੌੜੇ” ਧੀ ਪੁੱਤਰ “ਹੋਏ ਉਹਨਾਂ ਦੀਆਂ ਖੁਸ਼ੀਆਂ ਦਾ ਟਿਕਾਣਾ ਕੋਈ ਨਾ ਰਿਹਾ..ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਚਾਰ- ਪੰਜ ਸਾਲ ਬਾਅਦ ਇਕੱਠੀਆਂ ਹੀ ਦੋ ਦਾਤਾਂ ਦਿੱਤੀਆਂ ਸਨ ਸਾਰੇ ਪਿੰਡ ਵਿੱਚ ਉਸਨੇ ਆਪਣੇ “ਹੱਥੀਂ ਪਤਾਸੇ ਤੇ ਲੱਡੂ ਵੰਡੇ ਤੇ ਸਾਰਿਆਂ ਨੇ ਵਧਾਈਆਂ ਦਿੱਤੀਆਂ। ਸਾਰਾ ਪਿੰਡ ਏਹੀ ਕਹਿ ਰਿਹਾ ਸੀ ਕੀ ਬੰਦੇ ਦੀ ਨੀਅਤ ਸਾਫ ਅਤੇ “ਰੱਬ ਤੇ ਭਰੋਸਾ” ਹੋਵੇ ਤਾਂ ਉਹ ਕਦੀ ਵੀ ਕਿਸੇ ਦੀ ਪਿੱਠ ਨਹੀਂ ਲੱਗਣ ਦਿੰਦਾ…ਉਜਾਗਰ ਸਿੰਘ ਤੇ ਉਸ ਦੀ ਘਰ ਵਾਲੀ ਪ੍ਰੀਤੋ ਰੱਬ ਦਾ ਸ਼ੁਕਰ “ਕਰਦੇ ਨਹੀਂ ਥੱਕਦੇ ਸੀ ।।।
ਸਰਤਾਜ ਸਿੰਘ ਸੰਧੂ
ਪਿੰਡ ਰਣੀਕੇ
ਜ਼ਿਲ੍ਹਾ ਅੰਮ੍ਰਿਤਸਰ
9170000064
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj