ਭੋਗ ਤੇ ਵਿਸ਼ੇਸ਼ ਨਿਮਰਤਾ ਦੇ ਪੁੰਜ ਸਨ -ਮਾਤਾ ਜਰਨੈਲ ਕੌਰ ਰਾਮੂਵਾਲੀਆ 

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਾਬਕਾ ਕੇਂਦਰੀ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ, ਪੰਜਾਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਬਲਵੰਤ ਸਿੰਘ ਰਾਮੂਵਾਲੀਆ ਦੇ ਧਰਮ ਪਤਨੀ ਸਤਿਕਾਰਯੋਗ ਮਾਤਾ ਜਰਨੈਲ ਕੌਰ ਰਾਮੂੰਵਾਲੀਆ ਜੀ 76 ਸਾਲ ਦੀ ਉਮਰ ਵਿਚ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਆਪਣੇ ਪਿੱਛੇ 1 ਸਪੁੱਤਰ ਨਵਤੇਜ ਗਿੱਲ, 2 ਪੁੱਤਰੀਆਂ ਅਮਨਜੋਤ ਕੌਰ ਰਾਮੂੰਵਾਲੀਆ ਤੇ ਪਾਇਲਟ ਨਵਜੋਤ ਕੌਰ ਦੇ ਇਲਾਵਾ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ, 1 ਪੜੋਤਾ ਅਤੇ ਪੜਦੋਹਤੇ-ਪੜਦੋਹਤੀਆਂ ਅਤੇ ਹਰਿਆ ਭਰਿਆ ਪਰਵਾਰ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਅਸਲ ਵਿੱਚ ਜਦੋਂ ਕਿਸੇ ਇਨਸਾਨ ਦਾ ਜੀਵਨ ਸਾਥੀ ਵਿਛੜ ਜਾਂਦਾ ਹੈ ਤਾਂ ਇਕ ਯੁੱਗ ਦਾ ਅੰਤ ਹੋ ਜਾਂਦਾ ਹੈ। ਉਸ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ । ਇਨਸਾਨ ਜੀਵਨ ਸਾਥੀ ਬਿਨਾਂ ਜਿਉਂਦਾ ਤਾਂ ਰਹਿੰਦਾ ਹੈ ਪਰ ਮਾਣਦਾ ਕੁਝ ਨਹੀਂ, ਜੀਵਨ ਸਾਥੀ ਦੇ ਵਿਛੋੜੇ ਵਿੱਚ ਇਹ ਦੁਨੀਆਂਦਾਰੀ ਬੁਰੀ ਲੱਗਣ ਲੱਗ ਜਾਂਦੀ ਹੈ। ਜੀਵਨ ਕਾਫੀ ਫਿੱਕਾ ਫਿੱਕਾ ਲੱਗਣ ਲੱਗ ਜਾਂਦਾ ਹੈ । ਜਿੰਦਗੀ ਦੇ ਫੁੱਲ ਤਾਂ ਖਿੜਦੇ ਹਨ ਪਰ ਸੁਗੰਧੀ ਨਹੀਂ ਰਹਿੰਦੀ। ਇਨਸਾਨ ਦਾ ਟਾਈਮ ਤਾਂ ਚੱਲੀ ਜਾਂਦਾ ਹੈ ਪਰ ਜਿੰਦਗੀ ਰੁਕ ਜਾਂਦੀ ਹੈ । ਇਨਸਾਨ ਦਾ ਬੋਲਣਾ ਘੱਟ ਹੋ ਜਾਂਦਾ ਹੈ , ਆਲੇ ਦੁਆਲੇ ਭਾਵੇਂ ਕਿੰਨੀਆ ਵੀ ਰੌਣਕਾਂ ਹੋਣ ,ਪਰ ਦਿਲ ਹਮੇਸ਼ਾ ਉਦਾਸ ਰਹਿੰਦਾ ਹੈ ਜਿਹੜੀਆਂ ਚੀਜ਼ਾਂ ਮੀਆਂ ਬੀਬੀ ਨੇ ਇਕੱਠਿਆਂ ਬੈਠ ਕੇ ਬਣਾਈਆਂ ਹੁੰਦੀਆਂ ਹਨ, ਉਹੀ ਵੱਢ ਖਾਣ ਨੂੰ ਆਉਂਦੀਆਂ ਹਨ। ਜ਼ਿੰਦਗੀ ਚ ਮਿਲੇ ਮਾਣ ਸਨਮਾਨ ਮਿੱਟੀ ਲੱਗਣ ਲੱਗ ਜਾਂਦੇ ਹਨ। ਕਿਉਂਕਿ ਮੀਆਂ ਬੀਬੀ ਦੀ ਆਪਸੀ ਅਟੈਚਮੈਂਟ ਹੀ ਇਦਾਂ ਦੀ ਹੁੰਦੀ ਹੈ। ਬੀਬੀ ਜਰਨੈਲ ਕੌਰ ਦੀ ਮੌਤ ਤੋਂ ਬਾਅਦ ਇਹੋ ਜਿਹਾ ਸਨਾਟਾ ਹੀ ਬਲਵੰਤ ਸਿੰਘ ਰਾਮੂਵਾਲੀਆ ਦੇ ਪਰਿਵਾਰ ਵਿੱਚ ਹੈ ।ਬੀਬੀ ਜਰਨੈਲ ਕੌਰ ਜਿਨਾਂ ਨੇ ਰਾਮੂਵਾਲੀਆ ਪਰਿਵਾਰ ਦੀ ਪਰਿਵਾਰਕ ਜਿੰਮੇਵਾਰੀਆਂ ਨੂੰ ਪੂਰੀ ਜ਼ਿੰਦਗੀ ਬਾਖੂਬੀ ਨਿਭਾਇਆ ਅਤੇ ਜਿੱਥੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦੇ ਕੇ , ਪੜਾ ਲਿਖਾ ਕੇ ਉੱਚ ਮੁਕਾਮ ਤੇ ਪਹੁੰਚਾਇਆ, ਉਥੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਨਾਲ ਜਿੰਦਗੀ ਦੇ ਹਰ ਗਮੀ ਖੁਸ਼ੀ ਵਿੱਚ, ਹਰ ਉਤਰਾ ਚੜਾਅ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਉਹ ਇੱਕ ਨਿਮਰਤਾ ਦੇ ਪੁੰਜ ਸਨ। ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਗੁਰਬਾਣੀ ਦਾ ਸਿਮਰਨ ਕਰਨਾ, ਨਿਤਨੇਮ ਕਰਨਾ ਉਹਨਾਂ ਦਾ ਇਖਲਾਖੀ ਫਰਜ਼ ਸੀ।ਉਹਨਾਂ ਦੇ ਬੇਵਕਤੇ ਜਾਣ ਨਾਲ ਰਾਮੂਵਾਲੀਆ ਗਿੱਲ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬੱਚਿਆਂ ਲਈ ,ਪੋਤੇ ਪੋਤਰੀਆਂ ਲਈ ਇਕ ਵੱਡਾ ਸਦਮਾ ਹੈ । ਪਰ ਕੁਦਰਤ ਅੱਗੇ ਕਿਸੇ ਇਨਸਾਨ ਦਾ ਕੋਈ ਜੋਰ ਨਹੀਂ ਚਲਦਾ, ਜੋ ਕੁਦਰਤ ਨੂੰ ਮਨਜੂਰ ਹੁੰਦਾ ਉਹੀ ਹੋ ਕੇ ਰਹਿੰਦਾ ਹੈ । ਇਸ ਦੁੱਖ ਦੀ ਘੜੀ ਬਹੁਤ ਸਾਰੇ ਰਾਜਨੀਤਿਕ ਆਗੂਆਂ , ਸਮਾਜਕ ਜਥੇਬੰਦੀਆਂ, ਖੇਡ ਸੰਸਥਾਵਾਂ ਨੇ ਬਲਵੰਤ ਸਿੰਘ ਰਾਮੂਵਾਲੀਆ ਦੇ ਪਰਿਵਾਰ ਨਾਲ ਬੀਬੀ ਜਰਨੈਲ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜਹਾਰ ਕੀਤਾ ਹੈ। ਸਵਰਗੀ ਮਾਤਾ ਜਰਨੈਲ ਕੌਰ ਦੇ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 11 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸੰਤ ਮੰਡਲ ਅਗੀਠਾ ਸਾਹਿਬ ( ਲੰਬਿਆ ) ਫੇਜ਼ 8 ਮੋਹਾਲੀ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ ਇਸ ਮੌਕੇ ਰਮੂਵਾਲੀ ਪਰਿਵਾਰ ਨਾਲ ਹਮਦਰਦੀ ਰੱਖਣ ਵਾਲੇ ਹਰ ਇਨਸਾਨ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕੀਤੀ ਜਾਂਦੀ ਹੈ ।

 ਜਗਰੂਪ ਸਿੰਘ ਜਰਖੜ ਖੇਡ ਲੇਖਕ 98143-00722

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕੜਾਕੇ ਦੀ ਠੰਢ ਅਤੇ ਧੁੰਦ ਕਾਰਣ ਸਕੂਲਾਂ ਅਤੇ ਦਫ਼ਤਰਾਂ ਦਾ ਸਮਾਂ ਬਦਲਣ ਸੰਬੰਧੀ ਡੀ.ਸੀ. ਨੂੰ ਦਿੱਤਾ ਮੰਗ ਪੱਤਰ
Next articleਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।