ਰਾਜਪਾਲ ਵਲੋਂ ਸਾਇੰਸ ਸਿਟੀ ਅਤੇ ਰੇਲ ਕੋਚ ਫੈਕਟਰੀ ਦਾ ਦੌਰਾ ਰੇਲ ਡੱਬਿਆਂ ਦੇ ਨਿਰਮਾਣ ਦਾ ਲਿਆ ਜਾਇਜ਼ਾ

ਸਾਇੰਸ ਸਿਟੀ ਵੱਲੋਂ ਵਿਗਿਆਨਕ ਨਜ਼ਰੀਆ ਪੈਦਾ ਕਰਨ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ 
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਅੱਜ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ ਗਿਆ। ਸ੍ਰੀ ਕਟਾਰੀਆ ਦੇ ਨਾਲ ਉਨ੍ਹਾਂ ਦੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਵੀ ਨਾਲ ਸਨ। ਕਪੂਰਥਲਾ ਵਿਖੇ ਪੁੱਜਣ ’ਤੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਐਸ.ਐਸ.ਪੀ. ਸ੍ਰੀ ਗੌਰਵ ਤੂਰਾ ਵਲੋਂ ਮਾਨਯੋਗ ਰਾਜਪਾਲ ਜੀ ਦਾ ਸਵਾਗਤ ਕੀਤਾ ਗਿਆ।
ਸਾਇੰਸ ਸਿਟੀ ਦੇ ਦੌਰੇ ਦੌਰਾਨ ਸ੍ਰੀ ਕਟਾਰੀਆ ਵਲੋਂ ਈਕੋ ਸ਼ੋਅ, ਥ੍ਰੀ ਡੀ ਸ਼ੋਅ, ਲਾਇਫ ਥਰੂ ਏਜਜ਼ ਸ਼ੋਅ ਵੇਖੇ ਗਏ। ਇਸ ਮੌਕੇ ਸ੍ਰੀ ਕਟਾਰੀਆ ਨੇ ਸਾਇੰਸ ਸਿਟੀ ਵਲੋਂ ਸਮਾਜ ਵਿਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਹੋਰ ਸੰਸਥਾਵਾਂ ਦੀ ਸਥਾਪਨਾ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 20 ਸਾਲ ਦੌਰਾਨ ਇਸ ਸੰਸਥਾ ਵਲੋਂ ਜਿਸ ਤਰੀਕੇ ਨਾਲ ਧਰਤੀ, ਬ੍ਰਹਿਮੰਡ ਅਤੇ ਹੋਰ ਕੁਦਰਤੀ ਰਹੱਸਾਂ ਤੋਂ ਪਰਦਾ ਚੁੱਕਿਆ ਗਿਆ ਹੈ, ਉਸ ਨੇ ਮਨੁੱਖ ਲਈ ਕੁਦਰਤ ਨੂੰ ਨੇੜਿਓਂ ਜਾਣਨ ਦਾ ਰਾਹ ਖੋਲ੍ਹਿਆ ਹੈ।
ਉਨ੍ਹਾਂ ਸਾਇੰਸ ਸਿਟੀ ਵਿਖੇ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਦੌਰੇ ਯਕੀਨੀ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਸਾਇੰਸ ਸਿਟੀ ਰਾਹੀਂ ਭਾਰਤ ਦੇ ਵੱਕਾਰੀ ਪੁਲਾੜ ਪ੍ਰਾਜੈੱਕਟ ਜਿਵੇਂ ਕਿ ਚੰਦਰਯਾਨ, ਗਗਨਯਾਨ ਬਾਰੇ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ.ਮੁਨੀਸ਼ ਕੁਮਾਰ ,ਆਈ.ਐਫ.ਐਸ. ਨੇ ਰਾਜਪਾਲ ਜੀ ਨੂੰ ਸਾਇੰਸ ਸਿਟੀ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ ਸ੍ਰੀ ਕਟਾਰੀਆ ਵਲੋਂ ਸ਼ੈੱਲ ਡਵੀਜ਼ਨ ਵਿਖੇ ਰੇਲ ਡੱਬਿਆਂ ਦੇ ਨਿਰਮਾਣ ਦੀ ਵਿਧੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਸ਼ੀਟ ਮੈਟਲ ਸ਼ੌਪ ਵਿਖੇ ਰੇਲ ਕੋਚ ਫੈਕਟਰੀ ਦੇ ਇੰਜੀਨੀਅਰਾਂ ਅਤੇ ਹੋਰਨਾਂ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਰੇਲ ਕੋਚ ਫੈਕਟਰੀ ਵਲੋਂ ਦੇਸ਼ ਦੇ ਨਿਰਮਾਣ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਰੇਲ ਕੋਚ ਫੈਕਟਰੀ ਵਿਖੇ ਰੈੱਸਟ ਹਾਊਸ ਵਿਖੇ ਪੁੱਜਣ ’ਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸ੍ਰੀ ਕਟਾਰੀਆ ਨੂੰ ਗਾਰਡ ਆਫ ਆਨ ਦਿੱਤਾ ਗਿਆ। ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਐਸ.ਐਸ.ਮਿਸ਼ਰਾ ਵਲੋਂ ਰਾਜਪਾਲ ਜੀ ਨੂੰ ਰੇਲ ਕੋਚ ਫੈਕਟਰੀ ਵਲੋਂ ਰੇਲ ਡੱਬਿਆਂ ਦੇ ਉਤਪਾਦਨ ਅਤੇ ਦੂਜੇ ਦੇਸ਼ਾਂ ਨੂੰ ਰੇਲ ਡੱਬੇ ਸਪਲਾਈ ਕਰਨ ਬਾਰੇ ਜਾਣੂੰ ਕਰਵਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਵਰਿੰਦਰਪਾਲ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਐਸ.ਪੀ. ਸਰਬਜੀਤ ਰਾਏ, ਐਸ.ਪੀ. ਗੁਰਪ੍ਰੀਤ ਸਿੰਘ, ਐਸ.ਡੀ.ਐਮ. ਮੇਜਰ ਇਰਵਿਨ ਕੌਰ, ਸਹਾਇਕ ਕਮਿਸ਼ਨਰ ਕਪਿਲ ਜਿੰਦਲ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰਪ੍ਰੀਤ ਸਿੰਘ ਨੇ ਗੁ. ਬੇਰ ਸਾਹਿਬ ਦੇ ਮੀਤ ਮੈਨੇਜਰ ਵੱਜੋਂ ਸੰਭਾਲਿਆ ਚਾਰਜ,ਜਥੇ ਕਲਿਆਣ , ਬੀਬੀ ਰੂਹੀ ਨੇ ਕੀਤਾ ਸਨਮਾਨ
Next articleਬੂਸੋਵਾਲ ਸਕੂਲ ਵਿਖੇ ਬਲਾਕ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ, ਜੇਤੂ ਟੀਮਾਂ ਨੂੰ ਟਰਾਫੀਆਂ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ