ਪ੍ਰਿੰਸੀਪਲ ਡਾ.ਤਰਸੇਮ ਸਿੰਘ ਭਿੰਡਰ ਦਾ ਫ਼ੈਸਲਾਬਾਦ (ਪਾਕਿਸਤਾਨ) ਦੇ ਗੌਰਮਿੰਟ ਮਿਊਂਸੀਪਲ ਡਿਗਰੀ ਕਾਲਜ ਵਿਖੇ ਰੂ-ਬ-ਰੂ ਸਮਾਗਮ

ਨਵਾਂਸ਼ਹਿਰ/ਬੰਗਾ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਾਕਿਸਤਾਨ ਫੇਰੀ ‘ਤੇ ਗਏ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦਾ ਫ਼ੈਸਲਾਬਾਦ ਦੇ ਗੌਰਮਿੰਟ ਮਿਉਂਸੀਪਲ ਡਿਗਰੀ ਕਾਲਜ ਵਿਖੇ ਕਾਲਜ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਗਿਆ। ਉੱਥੋਂ ਦੇ ਕਾਲਜ ਦੇ ਪ੍ਰਿੰਸੀਪਲ ਡਾ. ਖ਼ਾਲਿਦ ਹੁਸੈਨ ਦੇ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦਾ ਕਾਲਜ ਪਹੁੰਚਣ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਤੇ ਡਾ. ਭਿੰਡਰ ਨੇ ਵੀ ਕਾਲਜ ਪ੍ਰਵੇਸ਼ ਦੁਆਰ ਤੇ ਆਪਣੀ ਸ਼ਰਧਾ ਤੇ ਸਤਿਕਾਰ ਵਿਅਕਤ ਕਰਦਿਆਂ ਉਸ ਧਰਤੀ ਨੂੰ ਨਮਨ ਕੀਤਾ ਜਿੱਥੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੀ 23 ਵਰ੍ਹੇ ਕਰਮਭੂਮੀ ਰਹੀ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਵਿੱਦਿਅਕ ਸੰਸਥਾ ਦੀਆਂ ਜੜ੍ਹਾਂ ਦੇਸ਼ ਵੰਡ ਤੋਂ ਪਹਿਲਾਂ ਲੱਗੀਆਂ ਸਨ। ਇਸ ਮੌਕੇ ਰੂ-ਬ-ਰੂ ਹੁੰਦਿਆ ਪ੍ਰਿੰਸੀਪਲ ਭਿੰਡਰ ਨੇ ਆਖਿਆ ਕਿ ਦੇਸ਼ ਵੰਡ ਹੋਣ ਪਿੱਛੋਂ ਕਦੀ ਸੋਚਿਆ ਨਹੀਂ ਸੀ ਕਿ ਮੈਨੂੰ ਕਦੀ ਇਸ ਤਰ੍ਹਾਂ ਉਸ ਧਰਤੀ ਨੂੰ ਸਿਜਦਾ ਕਰਨ ਦਾ ਮੌਕਾ ਮਿਲੇਗਾ ਜਿਸ ਥਾਂ ‘ਤੇ ਮੇਰੀ ਕਰਮਭੂਮੀ ਰਹੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਸਥਾਪਨਾ ਹੋਈ ਸੀ ਪਰ ਤੁਹਾਡੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਮੁਹੱਬਤ ਨੇ ਇਹ ਸੰਭਵ‌ ਕਰ ਵਿਖਾਇਆ ਜਿਸ ਲਈ ਮੈਂ ਤੁਹਾਡਾ ਹਮੇਸ਼ਾ ਰਿਣੀ ਰਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਥਾਂ ਮੌਜੂਦਾ ਸਮੇਂ ਮੈਂ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਿਹਾ ਹਾਂ ਉਸ ਸੰਸਥਾ ਦਾ ਵੀ ਪਿਛੋਕੜ ਸਿੱਖ ਨੈਸ਼ਨਲ ਕਾਲਜ ਲਾਹੌਰ ਨਾਲ ਜੁੜਿਆ ਹੋਇਆ ਹੈ ਜਿੱਥੇ ਅੱਜ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਾਹੌਰ ਓਸੇ ਥਾਂ ‘ਤੇ ਕਾਰਜਸ਼ੀਲ ਹੈ। ਇਸ ਮੌਕੇ ਸੰਨ 2014 ਦੌਰਾਨ ਫ਼ੈਸਲਾਬਾਦ ਦੇ ਕਾਲਜ ਤੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ(ਪੰਜਾਬ) ਵਿਖੇ ਆਏ ਵਫ਼ਦ ਦੇ ਸਮੂਹ ਪ੍ਰੋਫੈਸਰ ਸਾਹਿਬਾਨਾਂ ਤੇ ਪ੍ਰਿੰਸੀਪਲ ਸਾਹਿਬ ਨੇ ਉਸ ਫੇਰੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਖ਼ਾਲਸਾ ਕਾਲਜ ਜਲੰਧਰ ਦੀ ਮਹਿਮਾਨ ਨਿਵਾਜ਼ੀ ਨੂੰ ਵੀ ਖ਼ੂਬ ਸਰਾਹਿਆ।ਇਸ ਫੇਰੀ ਦੌਰਾਨ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਪ੍ਰਬੰਧਕੀ ਕਮੇਟੀ ਦੇ ਲੋਕਲ ਸਕੱਤਰ ਸ. ਜਰਨੈਲ ਸਿੰਘ ਪੱਲੀ ਝਿੱਕੀ ਵੀ ਨਾਲ ਸਨ। ਸਮੂਹ ਸਟਾਫ਼ ਜਿਨ੍ਹਾਂ ਵਿੱਚ ਪ੍ਰੋ. (ਡਾ.) ਨਦੀਮ ਸੋਹੇਲ, ਪ੍ਰੋ. ਆਬਿਦ ਚੌਧਰੀ, ਪ੍ਰੋ. ਤਾਹਿਰ ਅਸ਼ਰਫ ਨੇ ਕੀਮਤੀ ਤੋਹਫ਼ੇ ਭੇਟ ਕਰਕੇ ਅਪਣੱਤ ਜ਼ਾਹਰ ਕੀਤੀ। ਇਸ ਰੂ-ਬ-ਰੂ ਸਮਾਗਮ ਲਈ ਖ਼ਾਸ ਯਤਨਸ਼ੀਲ ਰਹੇ ਪ੍ਰੋ.‌ ਆਬਿਦ ਚੌਧਰੀ ਦਾ ਪ੍ਰਿੰ. ਡਾ. ਤਰਸੇਮ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਇਸ ਫੇਰੀ ਦੌਰਾਨ ਪ੍ਰਿੰਸੀਪਲ ਸਾਹਿਬ ਨੇ ਲਾਹੌਰ ਵਿਖੇ ਆਯੋਜਿਤ ਹੋਈ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ‘ਚ ਵੀ ਸ਼ਿਰਕਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਚੰਨਣ ਰਾਮ, ਮਾਤਾ ਹਰਨਾਮ ਕੌਰ ਦੀ ਯਾਦ ‘ਚ ਧਾਮ ਚਾਨਣਪੁਰੀ ਸ਼ੇਰਗੜ ਵਿਖੇ ਹੋਇਆ ਧਾਰਮਿਕ ਸਮਾਗਮ
Next articleਲੋਕ ਸਭਾ ‘ਚ ‘ਵਨ ਨੇਸ਼ਨ, ਵਨ ਇਲੈਕਸ਼ਨ’ ਬਿੱਲ ਪੇਸ਼, ਕਾਂਗਰਸ ਨੇ ਕੀਤਾ ਵਿਰੋਧ