ਲੀੜਾ

ਮਨਜੀਤ ਸਿੰਘ ਬੱਧਣ
(ਮਨਜੀਤ ਸਿੰਘ ਬੱਧਣ)
ਗ਼ਰੀਬ ਘਰ ਜੰਮਿਆ, ਜਵਾਨੀ ਨੇ ਜਵਾਨ ਕਰ ਦਿੱਤਾ।
ਕੋਈ ਕੰਮ ਨਾ ਕਾਰ, ਸਾਰਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ।
ਬਿਗਾਨੇ ਵਿਆਹ ਬਿਨ ਬੁਲਾਇਆਂ ਹੀ ਟੰਗ ਅੜਾਵੇ।
ਕਰ ਕੇ ਨਸ਼ਾ ਲੜੇ, ਕਦੇ ਕਰ ਚੁਗਲੀ ਜੱਗ ਲੜਾਵੇ।
ਦੁਖੀ ਮਾਪੇ ਆਖਣ ਛੱਡ ਸਾਡਾ ਖਹਿੜਾ, ਹੋਰ ਦਰ ਜਾ।
ਉਲਾਹਮੇ ਹੋਰ ਜਰ ਨਾ ਹੁੰਦੇ, ਜਾਨ ਸੁਖਾਲ਼ੀ ਕਰ ਜਾ।
ਬੰਨ੍ਹ ਕਿਸੇ ਲੀੜੇ ਵਿੱਚ ਲੀੜੇ, ਤੁਰਿਆ ਖ਼ੌਰੇ ਕਿਸ ਪਾਸੇ।
ਤੱਕ ਕੇ ਰਾਹ ਬਦਲ ਲੈਵਣ ਲੋਕੀਂ, ਜਾਵੇ ਜਿਸ ਪਾਸੇ।
ਤੱਕਿਆ ਉਸ ਸਾਧੂਆਂ ਦਾ ਟੋਲਾ ਇੱਕ ਤੁਰਿਆ ਆਵੇ।
ਲੱਗਿਆ ਸੋਚਣ, ਕਿਉਂ ਨਾ ਕੰਮ ਇਹੋ ਕਰਿਆ ਜਾਵੇ।
ਚੋਲਾ ਇੱਕ ਪਾਉਣਾ, ਅਸੀਸਾਂ ਦੇਣੀਆਂ ਕੰਮ ਨਾ ਔਖਾ।
ਕੌਣ ਕਹੀ ਚਲਾਵੇ ਤੇ ਭਾਰ ਢੋਹਵੇ, ਕਰੀਏ ਕੰਮ ਸੌਖਾ।
ਪਿੱਛੇ-ਪਿੱਛੇ ਸਾਧੂਆਂ ਦੇ, ਪਹੁੰਚ ਗਿਆ ਉਹਨਾਂ ਦੇ ਡੇਰੇ।
“ਮੈਨੂੰ ਆਪਣਾ ਚੇਲਾ ਬਣਾ ਕੇ, ਪਾ ਦੇਵੋ ਖ਼ੈਰ ਪੱਲੇ ਮੇਰੇ।”
“ਕਾਕਾ! ਅਸੀਂ ਸਾਧ ਹੁੰਦੇ ਹਾਂ, ਹੁੰਦੇ ਮਨ ਸਾਧਣ ਵਾਲ਼ੇ।
ਮਹਲ ਵਿੱਚ, ਕੁਟੀਆ ਵਿੱਚ ਸਾਈਂ ਹੀ ਵਾਚਣ ਵਾਲ਼ੇ।
ਸੌਖੀ ਖੀਰ ਨਹੀਂ ਫ਼ਕੀਰੀ, ਦਰ-ਦਰ ਧੱਕੇ ਵੀ ਖਾਈਏ।
ਰਜ਼ਾ ਸਾਈਂ ਦੀ ਰਹੀਏ, ਬਲ-ਬਲ ਬਲਿਹਾਰੇ ਜਾਈਏ।”
“ਗੁਰੂਦੇਵ! ਮੇਰਾ ਕੋਈ ਨਹੀਂ, ਸਾਰਿਆਂ ਲਈ ਮੈਂ ਗੈਰ।
ਦਰ-ਦਰ ਦੀ ਖ਼ੈਰ ਮੰਗਣ ਵਾਲਿਓ! ਪਾਵੋ ਮੈਨੂੰ ਖ਼ੈਰ।”
ਕਰ ਚਰਚਾ ਮੰਡਲੀ ਨੇ, ਆਪਣਾ ਚੇਲਾ ਬਣਾਇਆ।
ਕੀ ਬੋਲ ਕੇ ਕੀ ਹੈ ਖੱਟਣਾ, ਭੇਤ ਫ਼ਕੀਰੀ ਸਮਝਾਇਆ।
ਅਲਖ ਜਗਾ ਗਜ਼ਾ ਕਰਨ ਲਈ, ਦੂਰ ਦੂਰ ਲੈ ਗਏ।
ਕੰਡਿਆਂ ਨੇ ਪਾੜੇ ਲੀੜੇ, ਪੈਰਾਂ ਵਿੱਚ ਛਾਲੇ ਵੀ ਪੈ ਗਏ।
ਗੁਰੂਦੇਵ ਨੇ ਆਖਿਆ “ਪੂਰੀ ਹੋਈ ਸਿੱਖਿਆ, ਹੁਣ ਜਾਹ।
ਰੱਬ ਸੱਚੇ ਨੂੰ ਧਿਆ, ਆਪ ਗਜ਼ਾ ਕਰ ਆਪੇ ਹੁਣ ਖਾਹ।
ਛਪਰੀ ਪਾ ਲਵੀਂ ਕਿਸੇ ਛੱਪੜੀ, ਨਦੀ ਜਾਂ ਨਹਿਰ ਕੋਲ।
ਗੱਲ ਯਾਦ ਰੱਖੀਂ, ਹੋਵੇ ਪਿੰਡ, ਕਸਬਾ ਜਾਂ ਸ਼ਹਿਰ ਕੋਲ।
ਨਵਾਂ ਲੀੜਾ ਜ਼ਰੂਰ ਲੈਣਾ, ਉਸਨੂੰ ਨਿੱਤ ਸੁੱਚਾ ਕਰਨਾ।
ਦਾਗ਼ ਨਾ ਲੱਗੇ ਫ਼ਕੀਰੀ ਨੂੰ, ਸਾਡਾ ਨਾਂ ਉੱਚਾ ਕਰਨਾ।”
ਦੂਰ ਕਿਤੇ ਚੇਲੇ ਨੇ, ਪਿੰਡ ਕੋਲ ਠਿਕਾਣਾ ਕਰ ਲਿਆ|
ਕੱਖਾਂ ਦੀ ਬਣਾ ਇੱਕ ਛੱਪਰੀ, ਹਰ ਮੌਸਮ ਜਰ ਲਿਆ|
ਗਜ਼ਾ ਕਰਨ ਤੋਂ ਪਹਿਲਾਂ-ਪਹਿਲਾਂ, ਨਿਤ ਧੂਣੀ ਧੁਖਾਵੇ|
ਆ ਕੇ ਕਰਮੰਡਲ ਮਾਂਜੇ, ਚੋਲਾ ਧੋਵੇ ਤੇ ਨਿੱਤ ਸੁਖਾਵੇ|
ਇੱਕ ਦਿਨ ਉਸ ਕੋਲ ਆਏ ਗੁਰੂਦੇਵ ਤੇ ਗੁਰ-ਭਾਈ|
ਮੋਢੇ ਕੋਰਾ ਲੀੜਾ ਵੀ ਰੱਖ, ਗੱਲ ਇੱਕ ਹੋਰ ਸਮਝਾਈ|
ਦਿਨ ਅਗਲੇ ਲਿਆ ਕੇ ਨਵਾਂ ਲੀੜਾ ਬਾਰ-ਬਾਰ ਧੋਵੇ|
ਜਿੰਨਾ ਨਿਚੋੜੇ ਇਸ ਦੁਸ਼ਾਲੇ ਨੂੰ, ਓਨਾ ਹੀ ਰੰਗ ਖੋਵੇ|
ਟੰਗ ਦਿੱਤਾ ਛੱਪਰੀ ‘ਤੇ ਲੀੜਾ, ਆਖਰ ਸੁੱਕਣ ਲਈ|
ਸ਼ਾਮ ਨੂੰ ਬਾਹਰ ਆਇਆ, ਸੁੱਕਾ ਲੀੜਾ ਚੁੱਕਣ ਲਈ|
ਵੇਖਿਆ ਥੋੜ੍ਹਾ-ਥੋੜ੍ਹਾ ਕੱਪੜਾ ਟੁੱਕ ਦਿੱਤਾ ਕਿਸੇ ਚੂਹੇ ਨੇ|
ਮੇਰਾ ਖਾ ਮੇਰਾ ਵਿਗਾੜਨ! ਚੂਹੇ ਹੋ ਗਏ ਕਿੰਨੇ ਭੂਹੇ ਨੇ!
ਉਦਾਸ ਵੇਖ ਕੇ ਕਿਸੇ ਬੰਦੇ ਨੇ, ਦਿੱਤੀ ਉਸ ਨੂੰ ਸਲਾਹ|
ਕੋਈ ਬਲੁੰਗੜਾ ਹੀ ਕੋਲ ਰੱਖ ਲੈ, ਲੈ ਸੁੱਖ ਦਾ ਸਾਹ|
ਪਹਿਲਾਂ-ਪਹਿਲਾਂ ਚਾਅ ਨਾਲ, ਉਸ ਨੂੰ ਦੁੱਧ ਪਿਲਾਵੇ|
ਬਲੁੰਗੜਾ ਬਿੱਲਾ ਬਣਿਆ, ਹੋਰ ਦੁੱਧ ਕਿੱਥੋਂ ਲਿਆਵੇ|
ਔਖਾ-ਸੌਖਾ ਹੋ ਕੇ, ਗਾਂ ਇੱਕ ਉਹਨੂੰ ਲਿਆਉਣੀ ਪਈ|
ਬਣਾਇਆ ਇੱਕ ਬਾੜਾ, ਖੁਰਲੀ ਵੀ ਬਣਾਉਣੀ ਪਈ|
ਕਦੇ ਮੰਗ-ਮੰਗ ਕੇ ਜਿੱਥੇ, ਮਸਾਂ ਗੁਜ਼ਾਰਾ ਸੀ ਕਰਦਾ|
ਹੁਣ ਦੁੱਧ ਬਿੱਲੇ ਤੋਂ ਬਚਾਵੇ, ਨਾਲੇ ਗੋਹਾ-ਕੂੜਾ ਕਰਦਾ|
ਗਾਂ ਨੇ ਇੱਕ ਵੱਛੀ ਦਿੱਤੀ, ਦੋਵਾਂ ਲਈ ਲਿਆਵੇ ਚਾਰਾ|
ਕਰਮੰਡਲ ਚੁੱਕੇ ਕਿ ਸਿਰ ਪੰਡ ਸਾਂਭੇ, ਚੱਲੇ ਨਾ ਚਾਰਾ|
ਦੁੱਧ ਵੀ ਹੁਣ ਵੇਚਣ ਲੱਗਿਆ, ਹੋਵਣ ਲੱਗੀ ਕਮਾਈ|
ਥੋੜ੍ਹਾ-ਥੋੜ੍ਹਾ ਪੈਸਾ ਜੋੜ ਕੇ, ਥੋੜ੍ਹੀ ਜ਼ਮੀਨ ਨਾਂ ਲਗਵਾਈ|
ਹੌਲ਼ੀ-ਹੌਲ਼ੀ ਝੋਂਪੜੀ ਤੋਂ, ਨਿੱਕਾ ਜਿਹਾ ਘਰ ਬਣ ਗਿਆ|
ਨੇੜੇ-ਤੇੜੇ ਘਰਾਂ ਵਿੱਚ ਵੀ, ਰੁਤਬਾ ਅਸਰ ਬਣ ਗਿਆ|
ਬੇਬੇ-ਬਾਪੂ ਨਾਲ ਹੋਰ ਸੋਹਣਾ, ਨਵਾਂ ਟਿਕਾਣਾ ਹੋਇਆ|
ਵਾਰ-ਵਾਰ ਮਾਤਾ ਵਾਰੀ ਜਾਵੇ, ਪੁੱਤ ਸਿਆਣਾ ਹੋਇਆ|
ਬੇਬੇ-ਬਾਪੂ ਕਰੀ ਸਲਾਹ, ਪੁੱਤ ਦਾ ਹੁਣ ਕਾਜ ਰਚਾਉਣਾ|
ਸੁੰਨਾ-ਸੁੰਨਾ ਵਿਹੜਾ, ਨੂੰਹ-ਪੋਤੇ-ਪੋਤੀਆਂ ਨੇ ਸਜਾਉਣਾ|
ਗੁਰੂਦੇਵ ਘੁੰਮਦੇ-ਘੁੰਮਦੇ ਫਿਰ ਆਏ, ਕੁਝ ਅਰਸੇ ਬਾਅਦ|
ਵੇਖ ਗੁਰੂਦੇਵ ਭੁੰਜੇ ਪੈਰ ਨਾ ਲੱਗਣ, ਕੁਝ ਅਰਸੇ ਬਾਅਦ|
ਬੋਲੇ “ਕਰਿਆ ਸੀ ਸਨਿਆਸੀ, ਲਹਿਰਾਂ-ਬਹਿਰਾਂ ਹੋਈਆਂ!
ਤੋਰਿਆ ਪਸ਼ੌਰ ਪਹੁੰਚਿਓਂ ਲਾਹੌਰ! ਕਿਓਂ ਕਹਿਰਾਂ ਹੋਈਆਂ?”
“ਗੁਰੂਦੇਵ! ਤੁਹਾਡੀ ਅਸੀਸ ਹੈ, ਜੋ ਕੁਝ ਵੀ ਅੱਜ ਪਾਇਆ|
ਤੁਹਾਡੇ ਹੁਕਮ ਨਾਲ, ਬੱਸ ਇੱਕ ਲੀੜਾ ਹੀ ਸੀ ਲਿਆਇਆ|”
Previous articleਐਲਕਲਾਈਨ(ਖਾਰੀ) ਭੋਜਨ:ਨਿਰੋਈ ਸਿਹਤ ਦੀ ਇੱਕ ਰਾਹ
Next articleਸ਼ੁਭ ਸਵੇਰ ਦੋਸਤੋ