ਭਾਸ਼ਾ ਵਿਭਾਗ ਹੁਣ ਲੇਖਕਾਂ ਨੂੰ ਕਿਰਾਇਆ ਦੇਣ ਤੋਂ ਵੀ ਮੁਨਕਰ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲ਼ੇ ਲੇਖਕਾਂ ਨੂੰ ਪਹਿਲਾਂ ਵਾਂਗੂੰ ਕਿਰਾਇਆ ਭਾੜਾ ਨਾ ਦਿੱਤੇ ਜਾਣ ਦੀ ਘੋਰ ਨਿੰਦਿਆ ਕੀਤੀ ਗਈ ਹੈ ।
          ਸਭਾ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢ ਕਦੀਮ ਤੋਂ ਇਹ ਰਵਾਇਤ ਚਲੀ ਆ ਰਹੀ ਸੀ ਕਿ ਵਿਭਾਗ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਵਾਲ਼ੇ ਸਾਹਿਤਕਾਰਾਂ ਨੂੰ ਮਾਣ ਭੱਤਾ ਅਤੇ ਆਉਂਣ ਜਾਣ ਦਾ ਬੱਸ ਕਿਰਾਇਆ ਦਿੱਤਾ ਜਾਂਦਾ ਸੀ ਪ੍ਰੰਤੂ ਇਸ ਵਾਰੀ ਇਹ ਸਭ ਕੁੱਝ ਬੰਦ ਕਰ ਦਿੱਤਾ ਗਿਆ ਹੈ ।
           ਚਾਹੀਦਾ ਤਾਂ ਇਹ ਸੀ ਕਿ ਵਿਭਾਗ ਦੇ ਨਵ ਨਿਯੁਕਤ ਨਿਰਦੇਸ਼ਕ ਜੋ ਖ਼ੁਦ ਵੀ ਲੇਖਕ ਹਨ ਅਤੇ ਬਹੁਤੇ ਸਾਹਿਤਕਾਰਾਂ ਦੀਆਂ ਮੁਸ਼ਕਲਾਂ ਅਤੇ ਤੰਗੀਆਂ ਤੁਰਸ਼ੀਆਂ ਤੋਂ ਭਲੀਭਾਂਤ ਜਾਣੂ ਹਨ , ਉਹ ਸਰਕਾਰ ਨੂੰ ਬੇਨਤੀ ਕਰਕੇ ਲੋੜਵੰਦ ਲੇਖਕਾਂ ਨੂੰ ਸਦਾ ਲਈ ਮੁਫ਼ਤ ਬੱਸ ਪਾਸ ਅਤੇ ਮੁਲਾਜ਼ਮ ਲੇਖਕਾਂ ਨੂੰ ਭਾਸ਼ਾ ਵਿਭਾਗ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਛੁੱਟੀ ਦਾ ਵੀ ਪ੍ਰਬੰਧ ਕਰਵਾਉਣ ਦੀ ਕੋਸ਼ਿਸ਼ ਕਰਦੇ , ਲੇਕਿਨ ਉਨ੍ਹਾਂ ਨੇ ਤਾਂ ਪਹਿਲੀ ਤੁੱਛ ਜਿਹੀ ਮੱਦਦ ਵੀ ਬੰਦ ਕਰ ਦਿੱਤੀ ਹੈ ।
          ਉਹਨਾਂ ਦੇ ਨਾਲ਼ ਸ਼ਾਮਲ ਹੋਰਨਾਂ ਮੈਂਬਰਾਂ ਤੋਂ ਇਲਾਵਾ ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ , ਖ਼ਜ਼ਾਨਚੀ ਗੁਰਮੀਤ ਸਿੰਘ ਸੋਹੀ ਅਤੇ ਸਰਪ੍ਰਸਤ ਗੁਰਦਿਆਲ ਨਿਰਮਾਣ ਧੂਰੀ ਨੇ ਇਹ ਬੰਦ ਕੀਤੀ ਸਹੂਲਤ ਮੁੜ ਚਾਲੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਭ ਆਸਰਾ ਦੇ ਬੱਚਿਆਂ ਨੇ ਸਾਫ਼ ਕੀਤਾ ਪਟਾਖਿਆਂ ਦੀਆਂ ਸਟਾਲਾਂ ਦੁਆਰਾ ਖਿਲਾਰਿਆ ਕੂੜ-ਕਬਾੜ
Next articleਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਹੋਵੇਗਾ ਅੰਤਰਰਾਸ਼ਟਰੀ ਪੱਧਰ ਦਾ ਕੁਸ਼ਤੀ ਦੰਗਲ – ਕੁਲਵੰਤ ਸਿੰਘ ਸ਼ਾਹ