ਕਬੱਡੀ ਜਗਤ ਦਾ ਵਿਦਵਾਨ ਬੁਲਾਰਾ – ਸਤਪਾਲ ਮਾਹੀ ਖਡਿਆਲ 

 ਕਈ ਵਾਰ ਅਸੀਂ ਵਰਤੇ ਜਾਂਦੇ ਹਾਂ ਪਰ ਡੋਲੋ ਨਾ ਮਿਹਨਤ ਜਾਰੀ ਰੱਖੋ – ਮਾਹੀ ਖਡਿਆਲ 

(ਸਮਾਜ ਵੀਕਲੀ) ਕਬੱਡੀ ਦੀ ਕੁਮੇਂਟਰੀ ਕਰਦਿਆਂ ਉਸਨੂੰ ਮੁੱਦਤ ਹੋ ਗਈ ਹੈ। ਕਿੰਨੇ ਸਿਆਲ, ਗਰਮੀਆਂ, ਮੀਂਹ ਝੱਖੜ ਉਸਨੇ ਪਿੰਡੇ ਤੇ ਹੰਢਾਏ ਹਨ। ਦੁੱਖ ਤਾਂ ਬਥੇਰੇ ਝੱਲੇ ਪਰ ਦੱਸਣੇ ਨਹੀਂ ਯਾਰ ਨੂੰ ਕਹਿੰਦੀਆਂ ਉਸਨੇ ਉਮਰਾ ਹੰਢਾ ਲਾਈਆਂ ਹਨ। ਕਬੱਡੀ ਜਗਤ ਵਿਚ ਉਂਗਲਾਂ ਤੇ ਗਿਣੇ ਜਾਂਦੇ ਬੁਲਾਰਿਆਂ ਵਿਚ ਉਸਦਾ ਨਾਂ ਬੜੇ ਫਖਰ ਨਾਲ ਲਿਆ ਜਾਂਦਾ ਹੈ। ਅਸੀ ਗੱਲ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ ਦੀ ਜਿੰਨਾ ਨੂੰ ਕਬੱਡੀ ਜਗਤ ਵਿਚ ਗਿਆਨ ਦੇ ਭੰਡਾਰ ਵਜੋਂ ਜਾਣਿਆ ਜਾਂਦਾ ਹੈ। ਸੁਨਾਮ ਨੇੜਲੇ ਪਿੰਡ ਖਡਿਆਲ ਵਿਖੇ ਸਵ ਸ੍ਰ ਪਿਆਰਾ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਉਹਨਾਂ ਦਾ ਜਨਮ 1982 ਨੂੰ ਹੋਇਆ। ਉਹ ਛੇ ਭੈਣ ਭਰਾ ਹਨ। ਸਕੂਲ ਸਮੇਂ ਬਾਲ ਸਭਾਵਾਂ ਵਿਚ ਗਾਉਣ ਦਾ ਸ਼ੌਕ ਸੀ। ਫ਼ੇਰ ਕਬੱਡੀ ਖੇਡਣ ਦਾ ਸ਼ੌਕ ਜਾਗਿਆ ਪਰ ਕਬੱਡੀ ਖੇਡਦੇ ਖੇਡਦੇ ਕੁਮੈਟਰੀ ਕਰਨ ਦੀ ਚਿਣਗ ਜਾਗ ਪਈ। ਦਿੜ੍ਹਬਾ ਦੀਆਂ ਖੇਡਾਂ ਤੋਂ ਉਹ ਪਰਵਾਨ ਚੜ੍ਹਿਆ ਹੈ। ਸਵ ਗੁਰਮੇਲ ਸਿੰਘ ਪ੍ਰਧਾਨ ਦਾ ਉਹਨਾਂ ਦੇ ਜੀਵਨ ਤੇ ਬਹੁਤ ਪ੍ਰਭਾਵ ਰਿਹਾ ਹੈ। ਜਿਨ੍ਹਾਂ ਦੀ ਪ੍ਰੇਰਣਾ ਨੇ ਉਹਨਾਂ ਨੂੰ ਚੋਟੀ ਦਾ ਬੁਲਾਰਾ ਬਣਨ ਵਿਚ ਮਦਦ ਕੀਤੀ। ਮਾਲਵੇ ਦੇ ਵੱਡੇ ਟੂਰਨਾਮੈਂਟਾਂ ਵਿੱਚ ਉਸਦੀ ਚੰਗੀ ਭੱਲ ਹੈ। ਪ੍ਰਸਿੱਧ ਖੇਡ ਲੇਖਕ ਡਾ ਸੁਖਦਰਸ਼ਨ ਸਿੰਘ ਚਹਿਲ ਹੋਰਾਂ ਨੇ ਉਹਨਾਂ ਦੀ ਕਲਾ ਨੂੰ ਬਾਖੂਬੀ ਨਾਲ ਨਿਖਾਰਿਆ। ਪੰਜਾਬੀ ਸਾਹਿਤ ਪੜ੍ਹਨ ਦੀ ਰੁਚੀ ਨੇ ਉਹਨਾਂ ਦੇ ਬੋਲਾਂ ਵਿਚ ਜਾਨ ਪਾਈ। ਸੈਂਕੜੇ ਸ਼ੇਅਰ ਉਹਨਾਂ ਖ਼ੁਦ ਲਿਖੇ ਜਿੰਨਾ ਨੂੰ ਅੱਜ ਦੇ ਵਧੇਰੇ ਬੁਲਾਰੇ ਬੋਲਦੇ ਹਨ। ਦਾਅ ਮਾਰੇ ਭਲਵਾਨੀ ਰੇਡਰ ਦੂਹਰਾ ਕਰ ਦਿੰਦਾ। ਸੋਮਾ ਮਿੱਟੀ ਨਹੀਂ ਸੀ ਲਵਾਉਂਦਾ। ਢਾਉਂਦੇ ਆ ਕੇ ਢੇਰੀਆਂ ਤੇ ਜੰਜੂਆ, ਮੰਗੀ, ਕੁੰਡੀ। ਬਾਬੇ ਨਾਨਕ ਦੇ ਦਰ ਤੋਂ ਲੈਕੇ ਸ਼ਕਤੀ। ਉਹ ਗੀਤ ਲਿਖ ਲੈਂਦਾ। ਕਵਿਤਾਵਾਂ ਲਿਖਦਾ , ਨਜ਼ਮਾਂ ਲਿਖਦਾ, ਵਾਰਤਕ ਲਿਖਦਾ, ਲੇਖ ਲਿਖਦਾ, ਖਬਰਾਂ ਚ ਵੀ ਖੂਬ ਸੁਆਦ ਭਰ ਦਿੰਦਾ। ਆਪਣੇ ਮਾਣ ਸਨਮਾਨ ਦਾ ਵਧੇਰੇ ਪੈਸਾ ਲੋੜਵੰਦਾਂ ਨੂੰ ਦਾਨ ਕਰ ਦਿੰਦਾ ਆਪ ਭਾਵੇਂ ਔਖਾ ਹੀ ਰਹਿਣਾ ਪਵੇ। ਦਿਲ ਦਾ ਸਾਫ਼ ਮੂੰਹ ਤੇ ਸੱਚ ਬੋਲ ਵਿਗਾੜ ਵੀ ਲੈਂਦਾ। ਮੈਦਾਨ ਵਿੱਚ ਸੱਚ ਬੋਲਣ ਦੀ ਆਦਤ ਨੇ ਕਈਆਂ ਤੋਂ ਦੂਰ ਕਰ ਦਿੱਤਾ। ਸਟੈਂਡ ਦਾ ਪੱਕਾ ਜਿੱਥੇ ਖੜ ਗਿਆ ਬੱਸ ਖੜ੍ਹ ਗਿਆ। ਰਿੰਦ,ਦਰਵੇਸ, ਰਹਿਬਰ, ਵਿਦਵਾਨ ਵੀ ਹੈ ਕਿਸ ਵਿਚ ਮਿਲਣਗੇ ਐਨੇ ਗੁਣ ਸਤਪਾਲ ਖਡਿਆਲ ਤੋਂ ਬਾਅਦ। ਕਬੱਡੀ ਜਗਤ ਵਿਚ ਸਾਫ ਸੁਥਰਾ ਮਾਹੌਲ ਸਿਰਜਣ ਲਈ ਉਸਨੇ ਅਨੇਕਾ ਵਾਰ ਯਤਨ ਕੀਤੇ ਹਨ। ਉਸਦੀ ਕਲਮ ਨੇ ਹਮੇਸ਼ਾਂ ਉਸਾਰੂ ਭੂਮਿਕਾ ਨਿਭਾਈ ਹੈ। ਪਰ ਕਬੱਡੀ ਸੰਚਾਲਕਾ ਦੀ ਸੋੜੀ ਸੋਚ ਨੇ ਇਸ ਨੂੰ ਬੂਰ ਨਹੀਂ ਪੈਣ ਦਿੱਤਾ। ਕਬੱਡੀ ਵਾਲਿਆ ਦੀ ਆਪਸੀ ਧੜੇਬੰਦੀ ਸਭ ਤੋਂ ਵੱਡੀ ਬੀਮਾਰੀ ਹੈ ਜੋ ਇਸ ਖੇਡ ਸੱਭਿਆਚਾਰ ਨੂੰ ਘੁੰਣ ਵਾਂਗ ਖਾ ਗਈ ਹੈ। ਸਤਪਾਲ ਖਡਿਆਲ ਇਹਨਾਂ ਅਲਾਮਤਾਂ ਤੋਂ ਬਚਣਾ ਚਾਹੁੰਦੇ ਪਰ ਆਰਥਿਕ ਮਜਬੂਰੀਆਂ ਨੇ ਉਸਨੂੰ ਵੀ ਇੱਕ ਧੜੇ ਦੇ ਰੱਸੇ ਵਿਚ ਬੰਨ ਦਿੱਤਾ। ਪਰ ਉਹ ਇਹੋ ਜਿਹਾ ਨਹੀਂ ਸੀ। ਉਹ ਖੁਦ ਮੰਨਦਾ ਕਿ ਪੈਸੈ ਵਾਲਿਆ ਦੇ ਜਾਲ ਚ ਹਰ ਪੰਛੀ ਫਸ ਜਾਂਦਾ ਹੈ। ਪਰ ਇਹ ਸਭ ਨੂੰ ਉਂਗਲਾਂ ਤੇ ਨਚਾਉਂਦੇ ਹਨ। ਇੱਥੇ ਪੈਸਾ ਹੀ ਸਭ ਦਾ ਬਾਪ ਬਣ ਗਿਆ ਹੈ। ਪਰ ਕਬੱਡੀ ਖੇਡ ਦੀ ਜਾਣਕਾਰੀ ਨਾਲ ਭਰਪੂਰ ਖੇਡ ਜਗਤ ਦੇ ਇਨਸਕਲੋਪੀਡੀਆ ਦੇ ਤੌਰ ਤੇ ਜਾਣੇ ਜਾਂਦੇ ਬੁਲਾਰੇ ਸਤਪਾਲ ਖਡਿਆਲ ਦੀ ਗੱਲ ਵੱਖਰੀ ਹੈ । ਕਬੱਡੀ ਦੇ ਪੁਰਾਣੇ ਖਿਡਾਰੀਆਂ ਦੇ ਨਾਲ ਨਾਲ ਪੁਰਾਤਨ ਸ਼ਾਇਰਾ ਦੇ ਬੋਲ ਉਸਦੀ ਕੁਮੈਂਟਰੀ ਦਾ ਹਿੱਸਾ ਹਨ । ਕਬੱਡੀ ਜਗਤ ਵਿੱਚ ਪਿਛਲੇ ਪੰਝੀ ਸਾਲਾਂ ਤੋਂ ਆਪਣੀ ਕੁਮੈਂਟਰੀ ਕਲਾ ਨਾਲ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਖਡਿਆਲ ਨੇ ਬਹੁਤ ਸਾਰੇ ਉਤਰਾਅ ਚੜਾਅ ਵੀ ਵੇਖੇ ਹਨ । ਉਸਦਾ ਜੀਵਨ ਅੱਜ ਵੀ ਬਹੁਤ ਹੀ ਸਾਦਾ ਅਤੇ ਸਾਧਾਰਣ ਹੈ । ਅੱਤ ਦੀ ਗਰੀਬੀ ਵਿੱਚ ਪੈਦਾ ਹੋਏ ਖਡਿਆਲ ਨੇ ਕਬੱਡੀ ਜਗਤ ਦੀਆਂ ਬੁਲੰਦੀਆਂ ਤੇ ਪਹੁੰਚ ਕੇ ਵੀ ਕਦੇ ਆਪਣੇ ਜਮੀਰ ਦਾ ਸਸਤਾ ਸੌਦਾ ਨਹੀਂ ਕੀਤਾ । ਉਸਨੂੰ ਰਾਜਨੀਤਿਕ,ਸਮਾਜਿਕ,ਧਾਰਮਿਕ ਪ੍ਰਸਥਿਤੀਆ ਦੀ ਸੂਝ ਹੈ,ਜਿਸ ਬਾਰੇ ਉਹ ਬੜੀ ਬੇਬਾਕੀ ਨਾਲ ਬੋਲਦਾ ਹੈ । ਕਬੱਡੀ ਦੇ ਮੌਜੂਦਾ ਹਲਾਤਾਂ ਬਾਰੇ ਉਸਦੀ ਸਮਝ ਬਾ ਕਮਾਲ ਹੈ। ਗਿਆਨ ਦੇ ਬਹੁਤ ਵੱਡੇ ਭੰਡਾਰ ਸਮਝੇ ਜਾਂਦੇ ਖਡਿਆਲ ਨੂੰ ਕਬੱਡੀ ਵਾਲਿਆ ਨੇ ਅਜੋਕੇ ਦੌਰ ਦੀ ਫੌਕੀ ਵਾਹ ਵਾਹ ਪਿੱਛੇ ਅਣਗੌਲਿਆ ਵੀ ਕੀਤਾ ਹੈ ।ਕਬੱਡੀ ਜਗਤ ਵਿੱਚ ਜੋ ਸਨਮਾਨ ਉਸਨੂੰ ਮਿਲਣਾ ਚਾਹੀਦਾ ਸੀ ਉਹ ਮਿਲ ਨਹੀਂ ਸਕਿਆ। ਲਗਪਗ ਵੀਹ ਸਾਲ ਦੀ ਪੈਦਲ ਯਾਤਰਾ ਤੋਂ ਬਾਅਦ ਉਸਨੂੰ ਸੈਂਟਰਵੈਲੀ ਕਲੱਬ ਅਮਰੀਕਾ ਦੇ ਪ੍ਰਮੋਟਰ ਲਖਬੀਰ ਸਿੰਘ ਕਾਲਾ ਟਰੇਸੀ,ਜਤਿੰਦਰ ਜੌਹਲ, ਅਮਨ ਟਿਮਾਣਾ,ਹੈਰੀ ਭੰਗੂ,ਜੇ ਕਬੂਲਪੁਰ,ਅਟਵਾਲ ਬ੍ਰਦਰਜ,ਸੁੱਖੀ ਸੰਘੇੜਾ,ਜਗਰੂਪ ਸਿੱਧੂ,ਰਾਜਾ ਧਾਮੀ ਆਦਿ ਨੇ ਆਲਟੋ ਕਾਰ ਨਾਲ ਸਨਮਾਨਿਆ। ਜੋ ਕਿ ਬਹੁਤ ਲੰਮੇ ਸਫਰ ਦੀ ਪੀੜਾਂ ਤੋਂ ਬਾਅਦ ਚੰਗੀ ਮੁਸਾਫਰ ਏ ਸਫਰ ਦੀ ਰਾਹਤ ਸੀ ।ਜਿੰਦਗੀ ਦੇ ਵਧੇਰੇ ਸਾਲ ਉਸਨੇ ਤੁਰ ਕੇ ਜਾਂ ਬੱਸਾਂ ਚ ਬੇਅਰਾਮੀ ਚ ਗੁਜਾਰੇ ਹਨ ।ਜਿੰਦਗੀ ਦੀਆਂ ਔਕੜਾਂ ਨੇ ਉਸਨੂੰ ਅੱਗੇ ਵਧਣ ਲਈ ਹੋਰ ਪ੍ਰੇਰਿਤ ਕੀਤਾ ।ਉਹ ਪਹਿਲੇ ਵਿਸ਼ਵ ਕਬੱਡੀ ਕੱਪ 2010 -11 ਅਤੇ 2014-16 ਵਿੱਚ ਅਤੇ 2019 ਦੇ ਵਿਸ਼ਵ ਕਬੱਡੀ 7 ਟੂਰਨਾਮੈਂਟ ਵਿੱਚ ਕੁਮੈਂਟਰੀ ਕਰ ਚੁੱਕਿਆ ਹੈ ।2019 ਵਿਸ਼ਵ ਕਬੱਡੀ ਟੂਰਨਾਮੈਂਟ ਵਿਚ ਉਹ ਸ੍ਰ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਬਦੌਲਤ ਕਨਵੀਨਰ ਸੀ। ਉਸ ਸਮੇਂ ਦੀ ਤਤਕਾਲੀ ਹਕੂਮਤ ਨੇ ਜਿੱਥੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦਿੱਤੇ ਉਹ ਕੁਮੈਂਟਟਰਾ ਅਤੇ ਰੈਫਰੀਆਂ ਦਾ ਕੌਡੀ ਮੁੱਲ ਨਹੀਂ ਪਾਇਆ ਜੋ ਕਿ ਗਰਾਊਂਡ ਦਾ ਧੁਰਾ ਮੰਨੇ ਜਾਂਦੇ ਹਨ । ਪੰਜਾਬ ਦੇ ਆਲਮੀ ਕਬੱਡੀ ਕੱਪ ਦਿੜ੍ਹਬਾ ਦਾ ਉਹ ਮੁੱਖ ਬੁਲਾਰਾ ਹੈ ।ਉਹ ਆਪਣੀ ਕਾਮਯਾਬੀ ਪਿੱਛੇ ਆਪਣੇ ਉਸਤਾਦ ਸਵ ਗੁਰਮੇਲ ਸਿੰਘ ਪ੍ਰਧਾਨ,ਉੱਘੇ ਖੇਡ ਪ੍ਰਮੋਟਰ ਕਰਨ ਘੁਮਾਣ ਕੇਨੈਡਾ ਦਾ ਵੱਡਾ ਹੱਥ ਮੰਨਦਾ ਹੈ । ਕਰਨ ਘੁਮਾਣ ਹੀ ਉਸ ਨੂੰ ਦੋ ਵਾਰ ਕੇਨੈਡਾ ਲੈ ਕੇ ਗਿਆ ਹੈ । ਉਹ 2010-11 ਵਿੱਚ ਕੈਨੇਡਾ,2013 ਵਿੱਚ ਦੁਬਈ,2017-18 ਵਿੱਚ ਮਨੀਲਾ,2018,2024 ਤਿੰਨ ਵਾਰ ,ਮਲੇਸੀਆ,2020 ਵਿੱਚ ਵਿਸ਼ਵ ਕੱਪ ਪਾਕਿਸਤਾਨ, 2023 ਵਿੱਚ ਨਿਊਜੀਲੈਂਡ ਵਿਸ਼ਵ ਕੱਪ ਵਿੱਚ ਕੁਮੈਂਟਰੀ ਕਰ ਚੁੱਕਿਆ ਹੈ ।ਉਸਨੂੰ 2014,16 ਦੀ ਵਿਸ਼ਵ ਕਬੱਡੀ ਲੀਗ ਵਿੱਚ ਪੀਟੀਸੀ ਚੈਨਲ ਤੇ 2019 ਵਿੱਚ ਵੂਮੈਨ ਕਬੱਡੀ ਲੀਗ ਹਰਿਆਣਾ ਵਿੱਚ ਕੁਮੈਂਟਰੀ ਬੋਲਣ ਦਾ ਮਾਣ ਪ੍ਰਾਪਤ ਹੈ । ਉਸਨੇ ਦੇਸ਼ ਵਿਦੇਸ਼ ਵਿੱਚ ਸੈਂਕੜੇ ਟੂਰਨਾਮੈਂਟ ਬੋਲੇ ਹਨ ।ਜਿੱਥੇ ਲੋਕਾਂ ਨੇ ਉਹਨਾਂ ਨੂੰ ਸੁਣਿਆ ਹੈ। ਸਫਲਤਾ ਦੇ ਬਹੁਤ ਵੱਡੇ ਮੁਕਾਮ ਤੇ ਪਹੁੰਚ ਕੇ ਵੀ ਉਹ ਤੰਗੀਆ ਤੁਰਸੀਆ ਨਾਲ ਜੂਝਦਾ ਰਿਹਾ ਹੈ । ਉਸਨੂੰ ਲੋਕਾਂ ਵਾਂਗ ਮਰਾਸਪੁਣਾ ਨਹੀਂ ਆਉਂਦਾ । ਮਾਲਵੇ ਦੇ ਵੱਡੇ ਖੇਡ ਪ੍ਰਮੋਟਰ ਸ੍ਰ ਮੇਜਰ ਸਿੰਘ ਬਰਾੜ, ਜਲੰਧਰ ਸਿੰਘ ਸਿੱਧੂ ਕੇਨੈਡਾ ਨੇ ਉਸ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿੱਤ ਕੀਤਾ ਹੈ । ਕਬੱਡੀ ਜਗਤ ਵਿੱਚ ਉਸਨੂੰ ਲੱਭੀ ਨੰਗਲ,ਗੁਰਦੀਪ ਨੰਗਲ,ਗੁਰਜੀਤ ਮਾਂਗਟ,ਰਾਜੂ ਨੰਗਲ ਅਮਰੀਕਾ, ਜਤਿੰਦਰ ਜੌਹਲ,ਗੁਰਵਿੰਦਰ ਭਲਵਾਨ ਕਾਲ੍ਹਵਾਂ ਕੇਨੈਡਾ, ਹਰਪ੍ਰੀਤ ਸਿੰਘ ਹੈੱਪੀ ਰਾਏਸਰ,ਜੱਗੀ ਰਾਮੂਵਾਲਾ,ਤੀਰਥ ਅਟਵਾਲ,ਅਵਤਾਰ ਸਿੰਘ ਤਾਰੀ ਟੌਰੰਗਾਂ ਨਿਊਜ਼ੀਲ਼ੈਂਡ ,ਕਰਨ ਸਿੰਘ ਘੁਮਾਣ ਕੈਨੈਡਾ ਨੇ ਉਸ ਨੂੰ ਵੱਖ ਵੱਖ ਸਮਿਆਂ ਤੇ ਮੋਟਰਸਾਈਕਲ ਨਾਲ ਸਨਮਾਨਿੱਤ ਕੀਤਾ ਹੈ ।ਰਾਇਲ ਕਿੰਗ ਯੂਐਸਏ ਦੇ ਥੰਮ ਪ੍ਰਮੋਟਰ ਸੱਬਾ ਥਿਆੜਾ ਵਲੋਂ ਉਸ ਨੂੰ ਇੱਕ -ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਦੋ ਵਾਰੀ ਸਨਮਾਨਿੱਤ ਕੀਤਾ ਹੈ । ਮੈਂ ਵੇਖਿਆ ਕਿ ਕਈ ਲੋਕ ਉਸ ਨੂੰ ਪਿਆਰ ਨਾਲ ਦੋ ਚਾਰ ਮਿੱਠੀਆ ਮਾਰ ਕੇ ਹੀ ਕੰਮ ਲੈ ਜਾਂਦੇ ਹਨ।ਉਸ ਨੇ ਕਿਸੇ ਟੂਰਨਾਮੈਂਟ ਕਮੇਟੀ ਨੂੰ ਪੈਸਿਆਂ ਪਿੱਛੇ ਨਾਰਾਜ ਤੇ ਨਿਰਾਸ਼ ਨਹੀਂ ਕੀਤਾ ।ਪਿੰਡਾਂ ਦੇ ਲੋਕਾਂ ਦਾ ਉਸਨੂੰ ਬੇਇੰਤਹਾਂ ਪਿਆਰ ਮਿਲਦਾ ਹੈ ।ਕਬੱਡੀ ਬਾਰੇ ਆਪਣੀ ਸਮਝ ਰੱਖਣ ਵਾਲੇ ਮਾਹੀ ਖਡਿਆਲ ਨੇ 2001 ਤੋਂ ਵੱਖ ਵੱਖ ਅਖਬਾਰਾਂ ਵਿੱਚ ਰੇਖਾ ਚਿੱਤਰ ਅਤੇ ਕਬੱਡੀ ਦੇ ਸੁਧਾਰਾਂ ਬਾਰੇ ਲਿਖਆ ਹੈ। ਜਿਸ ਨੂੰ ਪੰਜਾਬੀਆਂ ਨੇ ਬਹੁਤ ਤਵੱਜੋ ਦਿੱਤੀ ਹੈ । ਬਹੁਤ ਸੀਮਿਤ ਸਾਧਨਾ ਵਿੱਚ ਪੈਦਾ ਹੋਇਆ ਕਬੱਡੀ ਦਾ ਜਗਤ ਪ੍ਰਸਿੱਧ ਬੁਲਾਰਾ ਸਾਧਾਰਨ ਜੀਵਨ ਬਸਰ ਕਰ ਰਿਹਾ ਹੈ ।ਕਬੱਡੀ ਦੀ ਕੁਮੈਂਟਰੀ ਵਿੱਚ ਨਿਘਾਰ ਆਉਣ ਕਾਰਨ ਪੜੇ ਲਿਖੇ ਸੁਲਝੇ ਹੋਏ ਹੁੰਨਰਮੰਦ ਬੰਦਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਜਿਸ ਨਾਲ ਕਬੱਡੀ ਸੁਣਨ ਵਾਲੇ ਦਰਸ਼ਕਾਂ ਵਿਚ ਵੀ ਨਿਰਾਸਾ ਹੈ । ਸ਼ੋਸਲ ਮੀਡੀਆ ਦੇ ਜੁੱਗ ਵਿੱਚ ਬੜਾ ਹਲਕਾ ਫੁਲਕਾ ਦਰਸ਼ਕਾਂ ਨੂੰ ਪਰੋਸਿਆ ਜਾ ਰਿਹਾ ਹੈ। ਜਿਸ ਨਾਲ ਜਿੱਥੇ ਖੇਡ ਦਾ ਮਿਆਰ ਡਿੱਗ ਰਿਹਾ ਹੈ ਉਥੇ ਹੀ ਕਬੱਡੀ ਬੋਲਣ ਵਾਲਿਆ ਦੇ ਬੋਲਾਂ ਵਿੱਚ ਵੀ ਬਰਕਤ ਨਜਰ ਨਹੀਂ ਆ ਰਹੀ। ਕਬੱਡੀ ਦੀ ਕੁਮੈਂਟਰੀ ਵਿੱਚ ਪੰਜਾਬੀ ਸਾਹਿਤ ਦਾ ਰੁਝਾਨ ਖਤਮ ਹੋ ਰਿਹਾ ਹੈ । ਕੁੱਝ ਇੱਕ ਲੋਕਾਂ ਨੂੰ ਖੁਸ਼ ਕਰਨ ਲਈ ਰੋਲੇ ਰੱਪੇ ਤੇ ਸ਼ੋਰ ਸ਼ਰਾਬੇ ਦੀ ਕੁਮੈਂਟਰੀ ਸੁਣਨ ਨੂੰ ਮਿਲ ਰਹੀ ਹੈ ।ਜਿਸ ਤੋਂ ਕਬੱਡੀ ਦਰਸ਼ਕ ਵੀ ਪੀੜਤ ਵੀ ਹਨ। ਕਬੱਡੀ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਮਿਆਰੀ ਵਜਨਦਾਰ ਬੋਲਾਂ ਦੇ ਬੁਲਾਰਿਆ ਨੂੰ ਹੀ ਅੱਗੇ ਲੈ ਕੇ ਆਉਣ। ਆਪਣੀ ਕੁਮੈਂਟਰੀ ਦੇ ਨਾਲ ਨਾਲ ਉਸਨੇ ਅਨੇਕਾ ਖਿਡਾਰੀਆਂ ਨੂੰ ਵਿਦੇਸ਼ ਦੀ ਸ਼ੇਰ ਕਰਾਉਣ ਵਿੱਚ ਭੂਮਿਕਾ ਨਿਭਾਈ ਹੈ ਜਿੰਨਾਂ ਵਿੱਚ ਪਾਲੀ ਫਤਹਿਗੜ੍ਹ ਛੰਨਾਂ, ਹੈਲੀ ਸਾਦੀਹਰੀ,ਕੁਲਵੀਰ ਬੋੜਾਵਾਲ, ਖੁਸ਼ੀ ਬੱਛੋਆਣਾ,ਕਰਮੀ ਭੂਲਣ,ਆਰਤੀ ਦੇਵੀ,ਬਲਜੀਤ ਕੌਰ ਔਲਖ,ਰਾਜ ਝੋਟ ਦਿੜ੍ਹਬਾ , ਗੋਗੀ ਛਾਹੜ ਆਦਿ ਬਹੁਤ ਸਾਰੇ ਨਾਂ ਹਨ। ਉਸ ਨੇ ਭਰੇ ਮਨ ਨਾਲ ਆਖਿਆ ਕਿ ਮੈਂ ਜਿਸ ਨਾਲ ਵੀ ਖੜ੍ਹਾਂ ਹਾਂ ਸਰੇਆਮ ਹਾਂ ਪਰ ਇੰਨਾਂ ਲੋਕਾਂ ਨੇ ਹੀ ਮੈਨੂੰ ਧੋਖਾ ਦਿੱਤਾ ਹੈ । ਇੱਥੇ ਕਿਸੇ ਨਾਲ ਸਟੈਂਡ ਲੈ ਕੇ ਖੜਨ ਵਾਲੇ ਦਾ ਕੋਈ ਮੁੱਲ ਨਹੀਂ ਦੁਨੀਆਂ ਚੋਰ ਉਚੱਕਿਆਂ ਦੀ ਹੈ । ਉਸਨੇ ਦੱਸਿਆ ਕਿ ਅਸਲੀ ਕਦਰਦਾਨ ਪਿੰਡਾਂ ਵਿੱਚ ਦਰਸ਼ਕ ਹਨ ਜੋ ਤੁਹਾਡੇ ਬੋਲਾਂ ਦੀ ਕਦਰ ਕਰਦੇ ਹਨ । ਉਸਦੇ ਦੋ ਬੇਟੇ ਹਰਕਮਲ ਸਿੰਘ ਅਤੇ ਸਾਹਿਬਪ੍ਰੀਤ ਸਿੰਘ ਪਤਨੀ ਕਿਰਨਪਾਲ ਕੌਰ ਹਨ ।ਉਹ ਆਪਣੇ ਪਰਿਵਾਰ ਨਾਲ ਪਿੰਡ ਖਡਿਆਲ ਹੀ ਰਹਿੰਦਾ ਹੈ । ਸਤਪਾਲ ਖਡਿਆਲ ਕਬੱਡੀ ਦਾ ਦਹਾਕਿਆਂ ਬੱਧੀ ਸੇਵਾ ਕਰਨ ਵਾਲਾ ਸੱਚਾ ਸੁੱਚਾ ਬੁਲਾਰਾ ਹੈ ।ਉਸਨੇ ਆਪਣੇ ਪਿੰਡ ਖਡਿਆਲ ਜਿਲਾ ਸੰਗਰੂਰ ਅਤੇ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ ਹੈ।ਜਿਸ ਦੀ ਗਵਾਹੀ ਬੱਚਾ ਬੱਚਾ ਭਰਦਾ ਹੈ ।ਅੱਜ ਇਹੋ ਜਿਹੇ ਸ਼ਾਨਦਾਰ ਬੁਲਾਰੇ ਦੀ ਸਾਰ ਲੈਣਾ ਮੌਜੂਦਾ ਸਰਕਾਰ ਅਤੇ ਕਬੱਡੀ ਪ੍ਰਬੰਧਕਾਂ ਦੀ ਨੈਤਿਕ ਜੁੰਮੇਵਾਰੀ ਵੀ ਹੈ ।ਜਿਸ ਨੇ ਕਬੱਡੀ ਜਗਤ ਵਿੱਚ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ। ਪੰਜਾਬੀ ਜੁਬਾਨ ਦੇ ਲਹਿਜੇ ਨਾਲ ਦੇਖਿਆ ਜਾਵੇ ਤਾਂ ਇਸ ਬੋਲੀ ਦੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਸਾਨੂੰ ਇਹੋ ਜਿਹੇ ਬੁਲਾਰਿਆਂ ਦੀ ਲੋੜ ਹੈ। ਪਰਮਾਤਮਾ ਸਤਪਾਲ ਖਡਿਆਲ ਦੇ ਬੋਲਾਂ ਵਿਚ ਹੋਰ ਬਰਕਤ ਪਾਵੇ ਸਾਡੀ ਦਿਲੀ ਦੁਆ ਹੈ।

ਹਰਜਿੰਦਰ ਪਾਲ ਛਾਬੜਾ ਪੱਤਰਕਾਰ ਨਕੋਦਰ ਮਹਿਤਪੁਰ 9592282333

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਰਣੀਆਂ ‘ਚ ਮੋਮੀ ਗੋਤ ਜਠੇਰੇ ਦੀ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ
Next articleਸਤਿਕਾਰ ਯੋਗ ਮਿਸ਼ਨਰੀ ਭਾਜੀ ਸੁੱਚਾ ਮੱਲੂਪੋਤਾ ਅਤੇ ਉਨ੍ਹਾਂ ਦੇ ਸਪੁੱਤਰ ਪੰਜਾਬ ਪਹੁੰਚਣ ਤੇ ਸਵਾਗਤ