ਅਮਰ ਸ਼ਹੀਦ
—————-
ਮਰਦ ਹੋਣ ਦਲੇਰ ਸੰਘਰਸ਼ ਕਰਦੇ ,
ਹੁੰਦੇ ਡਰੂ ਜੋ ਖ਼ੁਦਕੁਸ਼ੀ ਕਰ ਜਾਂਦੇ ।
ਫੜ੍ਹਾਂ ਫ਼ੋਕੀਆਂ ਮਾਰਦੇ ਦੋਸਤਾਂ ਵਿੱਚ ,
ਘਰ ਆਪਣੀ ਤੀਵੀਂ ਤੋਂ ਡਰ ਜਾਂਦੇ ।
ਵਾਰ ਪਿੱਠ ‘ਤੇ ਕਰਨ ਜੋ ਮਿੱਤਰਾਂ ਦੇ ,
ਉਹ ਤਾਂ ਜਿੱਤ ਕੇ ਬਾਜ਼ੀਆਂ ਹਰ ਜਾਂਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਅਮਰ ਹੁੰਦੇ ਜੋ ਦੇਸ਼ ਲਈ ਮਰ ਜਾਂਦੇ ।
ਟਿੱਚਰ ਕਰੀਏ ਨਾ
——————-
ਪਿਛਲੀ ਉਮਰ ਵਿੱਚ ਜਾ ਕੇ ਇਹ ਕੰਮ ਦਿੰਦਾ,
ਰੱਖੀਏ ਸਾਂਭ ਕੇ ਸਦਾ ਸਰੀਰ ਤਾਈਂ ।
ਪਹਿਲਾਂ ਆਪਣੇ ਦੋਸ਼ ਚਤਾਰ ਲਈਏ ,
ਦੋਸ਼ ਦੇਈਏ ਨਾ ‘ਕੱਲੀ ਤਕਦੀਰ ਤਾਈਂ ।
ਬਹੁਤੇ ਅੱਧ ਵਿਚਕਾਰ ਹੀ ਛੱਡ ਜਾਂਦੇ ,
ਸਾਰੇ ਨਿਭਦੇ ਨਾ ਯਾਰ ਅਖੀਰ ਤਾਈਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਟਿੱਚਰ ਕਰੀਏ ਨਾ ਕਿਸੇ ਫ਼ਕੀਰ ਤਾਈਂ ।
ਜੰਗਲਾਂ ਦੇ ਰਾਹ
—————–
ਚੀਜ਼ ਨਕਦ ਜੇ ਲੈਣ ਦੀ ਪਹੁੰਚ ਹੋਵੇ ,
ਕਦੇ ਭੁੱਲ ਕੇ ਵੀ ਨਾ ਉਧਾਰ ਲਈਏ ।
ਉਹ ਤੋਂ ਚੱਜ ਦੀ ਨਹੀਂ ਉਮੀਦ ਹੁੰਦੀ ,
ਠੱਗ ਚੋਰ ਦੇ ਕੋਲ਼ ਨਾ ਕਦੇ ਬਹੀਏ ।
ਹੋਵੇ ਕੌੜੀ ਕੁਸੈਲੀ਼ ਜਾਂ ਬੇ-ਚੱਜੀ ,
ਗੱਲ ਮੂਰਖ਼ ਦੀ ਹੋਵੇ ਤਾਂ ਸਹਿ ਲਈਏ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਖ਼ਾਲੀ ਹੱਥ ਨਾ ਜੰਗਲ ਦੇ ਰਾਹ ਪਈਏ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037