ਭੂਮਿਕਾ

ਰਿਤੂ ਵਾਸੂਦੇਵ
ਰਿਤੂ ਵਾਸੂਦੇਵ
(ਸਮਾਜ ਵੀਕਲੀ) ਇਹ ਉਹ ਤਸਵੀਰਾਂ ਹਨ, ਜਿਨਾਂ ਨੂੰ ਆਰਟਿਸਟ ਮਹਿੰਦਰ ਠੁਕਰਾਾਲ ਜੀ ਨੇ ਹੱਥੀ ਬਣਾਇਆ ਹੈ। ਇਹਨਾਂ ਤਸਵੀਰਾਂ ਨੂੰ ਬਣਾਉਣ ਵਾਲੇ ਲੋਕ, ਇਹਨਾਂ ਨੂੰ ਲੈਣ ਕਦੇ ਵਾਪਸ ਨਹੀਂ ਆਏ। ਇਹ ਗੱਲ ਚਾਰ, ਪੰਜ ਦਹਾਕੇ ਪਹਿਲਾਂ ਦੀ ਹੈ। ਠੁਕਰਾਲ ਸਾਹਿਬ ਜੀ ਦੀ ਗੈਲਰੀ ਵਿੱਚ ਪਈਆਂ ਇਹ ਤਸਵੀਰਾਂ ਆਪਣੇ ਘਰ ਨੂੰ ਉਡੀਕਦੀਆਂ – ਉਡੀਕਦੀਆਂ ਅੱਧੀ ਸਦੀ ਗੁਜ਼ਾਰ ਚੁੱਕੀਆਂ ਹਨ। ਇੰਨੇ ਸਮੇਂ ‘ਚ ਨਾ ਇਹਨਾਂ ਬੋਲਣਾ ਸਿੱਖਿਆ ਅਤੇ ਨਾ ਕਦੇ ਆਪਣਾ ਪਤਾ ਟਿਕਾਣਾ ਦੱਸਿਆ। ਜੇਕਰ ਇਹਨਾਂ ਨੂੰ ਉਮਰ ਕੈਦ ਵੀ ਹੋ ਗਈ ਹੁੰਦੀ ਤਾਂ ਵੀ ਹੁਣ ਤੱਕ ਕੋਈ ਹੱਲ ਨਿਕਲ ਆਉਂਦਾ। ਜੇ ਇਹ ਲੋਕ ਬਨਵਾਸ ਚਲੇ ਗਏ ਹੁੰਦੇ ਤਾਂ ਵੀ ਹੁਣ ਤੱਕ ਦੁਨੀਆ ਦਾ ਚੱਕਰ ਲਾ ਕੇ ਭਰਤ ਆਏ ਹੁੰਦੇ। ਇਹਨਾਂ ਲੋਕਾਂ ਦਾ ਅੱਜ ਤੱਕ ਕੋਈ ਖੋਜ ਖੁਰਾ ਨਹੀਂ ਲੱਭਾ ਕਿ ਆਖਰ ਇਹ ਚਲੇ ਕਿੱਥੇ ਗਏ? ਮੈਂ ਸੋਚਦੀ ਹਾਂ ਪਤਾ ਨਹੀਂ ਇਹਨਾਂ ਨਾਲ ਕੀ ਵਾਪਰਿਆ ਹੋਵੇਗਾ! ਇਹ ਦੁਨੀਆ ਤੇ ਹੈਗੇ ਨੇ ਜਾਂ ਨਹੀਂ ? ਇਹ ਲੋਕ ਕੌਣ ਨੇ ? ਅੱਜ ਕੱਲ ਤਾਂ ਲੋਕ ਆਪਣੇ ਘਰਦਿਆਂ ਦੀਆਂ ਇਨੀਆਂ ਪੁਰਾਣੀਆਂ ਤਸਵੀਰਾਂ ਨਹੀਂ ਸੰਭਾਲਦੇ, ਫਿਰ ਆਰਟਿਸਟ ਕਿਉਂ ਇਹਨਾਂ ਨੂੰ ਚਾਰ, ਪੰਜ ਦਹਾਕਿਆਂ ਤੋਂ ਸਾਂਭੀ ਬੈਠਾ ਹੈ? ਇਹ ਲੋਕ ਆਰਟਿਸਟ ਦੇ ਕੀ ਲੱਗਦੇ ਹਨ ? ਇਹ ਲੋਕ ਮੇਰੇ ਕੀ ਲੱਗਦੇ ਹਨ ? ਇਸ ਕੀ ਕਿਉਂ ਅਤੇ ਕੌਣ ਦਾ ਕੋਈ ਜਵਾਬ ਨਹੀਂ! ਜਿਵੇਂ ਆਵਾਜ਼ ਦੇਣ ਤੇ ਅੱਗੋਂ ਕੋਈ ਬੋਲਦਾ ਹੀ ਨਹੀਂ ਤੇ ਆਪਣੀ ਆਵਾਜ਼ ਕੰਧਾਂ ਨਾਲ ਟਕਰਾ ਕੇ ਵਾਪਸ ਪਰਤ ਆਉਂਦੀ ਹੈ, ਉਸੇ ਤਰ੍ਹਾਂ ਇਹ ਤਸਵੀਰਾਂ ਅੱਗੋਂ ਕੋਈ ਹੁੰਗਾਰਾ ਨਹੀਂ ਦਿੰਦੀਆਂ। ਇਸ ਲਈ ਮੁਹਿੰਦਰ ਠੁਕਰਾਲ ਸਾਹਿਬ ਜੀ ਦੀ ਗੈਲਰੀ ਵਿੱਚ  ਪਈਆਂ ਇਹਨਾਂ ਤਸਵੀਰਾਂ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਤਾਂ ਮੈਨੂੰ ਇਹ ਬੜੀਆਂ ਹੀ ਉਦਾਸ, ਨੀਰਸ, ਬੇਜਾਨ ਤੇ ਥੱਕੀਆਂ ਹੋਈਆਂ ਜਾਪੀਆਂ । ਆਪਣੀ ਮਿਆਦ ਤੋਂ ਬੋਰ ਹੋ ਚੁੱਕੀਆਂ ਇਹਨਾਂ ਤਸਵੀਰਾਂ ਨੂੰ ਮੈਂ ਇੱਕ ਮਨ ਮਰਜ਼ੀ ਦੀ ਜਿੰਦਗੀ ਅਤੇ ਪਛਾਣ ਦੇਣ ਦਾ ਵਾਅਦਾ ਕੀਤਾ। ਠੁਕਰਾਲ ਸਾਹਿਬ ਜੀ ਨੇ ਮੈਨੂੰ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਦਿੱਤੀ। ਮੈਂ ਇਹਨਾਂ ਤਸਵੀਰਾਂ ਨੂੰ ਕਾਲਪਨਿਕ ਨਾਂ, ਪਛਾਣ ਅਤੇ ਕਿਰਦਾਰ ਦਿੱਤੇ। ਮੇਰੀ ਲੇਖਣੀ ਦੇ ਰੰਗਮੰਚ ਦੀਆਂ ਇਹ ਤਸਵੀਰਾਂ ਮੇਰੇ, ਤੁਹਾਡੇ ਅਤੇ ਕਲਾਕਾਰ ਦੇ ਮੂੰਹੋਂ ਬੋਲਣ ਲੱਗੀਆਂ। ਜਿਆਦਾ ਨਹੀਂ ਤਾਂ ਕਮ ਸੇ ਕਮ, ਇਹਨਾਂ ਬਾਰੇ ਕੁਝ ਤਾਂ ਚਰਚਾ ਹੋਈ! ਮੇਰੀਆਂ ਇਹਨਾਂ ਕਹਾਣੀਆਂ ਦੇ ਕਿਰਦਾਰ ਇਹ ਤਸਵੀਰਾਂ ਹੀ ਹਨ, ਜੋ ਬਿਲਕੁਲ ਅਸਲੀ ਹਨ। ਮੈਂ ਇਹਨਾਂ ਕਿਰਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ, ਲੱਗਭਗ ਇਹਨਾਂ ਨੂੰ ਜਿਉਂਦੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੇਰੀਆਂ ਕਹਾਣੀਆਂ ਦੇ ਕਿਰਦਾਰ ਲਾਪਤਾ ਜਰੂਰ ਹੋ ਗਏ ਹਨ, ਪਰ ਅਜੇ ਵੀ ਮੇਰੀ ਅਤੇ ਕਲਾਕਾਰ ਦੀ ਨਜ਼ਰ ਵਿੱਚ ਜਿਉਂਦੇ ਹੀ ਹਨ। ਇਸ ਲਈ ਇਹਨਾਂ ਦੀ ਮੌਜੂਦਗੀ ਅਤੇ ਕਲਾਕਾਰ ਦੀ ਕਲਾ ਨੂੰ ਲੰਮੀ ਉਮਰ ਦੇਣ ਲਈ ਹੀ ਮੈਂ ਇਹ ਕਹਾਣੀਆਂ ਸਿਰਜੀਆਂ ਹਨ। ਮੇਰੇ ਇਨਾ ਕਿਰਦਾਰਾਂ ਦੀ ਦੁਨੀਆ ਤੁਹਾਡੇ ਜਾਂ ਮੇਰੇ ਵਰਗੀ ਨਾ ਹੋ ਕੇ, ਇੱਕ ਵੱਖਰਾ ਇਹ ਸੰਸਾਰ ਸਿਰਜਦੀ ਹੈ। ਜੇਕਰ ਤੁਹਾਨੂੰ ਕਿਤੇ ਮੇਰੇ ਇਨਾ ਕਿਰਦਾਰਾਂ ਦੇ ਚਿਹਰਿਆਂ ਪਿਛਲੀ ਅਸਲੀ ਪਛਾਣ ਦਾ ਕੋਈ ਸੁਰਾਗ਼ ਮਿਲ਼ ਜਾਵੇ ਤਾਂ, ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨਾ। ਮੇਰੀਆਂ ਇਹਨਾਂ ਕਹਾਣੀਆਂ ਵਿਚਲੇ ਪਾਤਰਾਂ ਨਾਲ ਜੁੜੇ ਹੋਏ ਰਿਸ਼ਤਿਆਂ ਦੇ ਕਿਰਦਾਰ ਬਿਲਕੁਲ ਕਾਲਪਨਿਕ ਹਨ, ਉਹਨਾਂ ਨੂੰ ਇਹਨਾਂ ਕਿਰਦਾਰਾਂ ਦੀ ਨਿੱਜੀ ਜ਼ਿੰਦਗੀ ਨਾਲ ਨਾ ਜੋੜਿਆ ਜਾਵੇ। ਮੈਂ ਮੋਹਿੰਦਰ ਠੁਕਰਾਲ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨਾਂ ਦੀਆਂ ਬਣਾਈਆਂ ਤਸਵੀਰਾਂ ਦੇ ਕਿਰਦਾਰ ਮੇਰੀਆਂ ਕਹਾਣੀਆਂ ਦੇ ਪਾਤਰ ਬਣ ਕੇ ਸਾਹਮਣੇ ਆਏ। ਪਾਠਕਾਂ ਦੇ ਹੁੰਗਾਰੇ ਦੀ ਉਡੀਕ ਵਿੱਚ। ਹੁਣ ਤੱਕ ਬਸ ਇੰਨਾ ਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਧੰਨੁ ਧੰਨੁ ਰਾਮਦਾਸ ਗੁਰੁ-ਜਾਂ ਅੰਮ੍ਰਿਤਸਰ ਸ਼ਹਿਰ ਦੇ ਬਾਨੀ : ਸ਼੍ਰੀ ਗੁਰੂ ਰਾਮਦਾਸ ਜੀ
Next article‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਕੀਤਾ ਜਾਗਰੂਕ