ਕਵਿਤਾਵਾਂ

(ਸਮਾਜ ਵੀਕਲੀ)
ਜਨਾਨੀ ‘ਤੇ ਹੱਥ 
—————–
ਆਪਣੇ ਕੰਮ ਨੂੰ ਸ਼ੌਕ ਬਣਾ ਲਈਏ ,
ਕਦੇ ਅੱਕੀਏ ਨਾ ਤੇ ਕਦੇ ਥੱਕੀਏ ਨਾ ।
ਕਰਮਚਾਰੀ ਨੇ ਜਨਤਾ ਦੇ ਸੇਵਕ ਹੁੰਦੇ ,
ਗੱਲ  ਕਰਨੋਂ  ਕਦੇ  ਵੀ  ਝੱਕੀਏ  ਨਾ ।
ਹਰਜਾ ਮਰਜਾ ਵੀ ਝੱਲਣਾ ਪਵੇ ਭਾਵੇਂ ,
ਘਰੇਂ ਆਈ ਪੰਚਾਇਤ ਨੂੰ ਧੱਕੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੱਥ  ਕਦੇ  ਜਨਾਨੀ ‘ਤੇ  ਚੱਕੀਏ  ਨਾ ।
ਗਊ ਗ਼ਰੀਬ 
—————
ਪੁੱਤ ਕਿਸੇ ਦਾ ਵੇਖ ਤਰੱਕੀ ਕਰਦਾ ,
ਐਵੇਂ ਆਪਣੇ ਖ਼ੂਨ ਨੂੰ ਸਾੜੀਏ ਨਾ ।
ਰੁੱਸਣ ਵਾਲ਼ੇ ਨੂੰ ਮੰਨਣ ਦਾ ਦੇਈਏ ਮੌਕਾ ,
ਪਹਿਲੀ ਵਾਰ ਹੀ ਵਰਕੇ ਨੂੰ ਪਾੜੀਏ ਨਾ ।
ਜਦ ਵੀ ਲੰਘੀਏ ਵੈਰੀ ਦੀ ਗਲ਼ੀ ਵਿੱਚੋਂ ,
ਵੱਟ ਵੱਟ  ਕਦੇ  ਵੀ  ਮੁੱਛ  ਨੂੰ  ਚਾੜ੍ਹੀਏ  ਨਾ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਰੋਅਬ  ਗਊ  ਗ਼ਰੀਬ ‘ਤੇ  ਝਾੜੀਏ  ਨਾ ।
ਹੀਜੜੇ 
———
ਜੂੜ  ਵੱਢਿਆ  ਜਾਵੇ  ਜੇ  ਦਾਜ  ਵਾਲ਼ਾ ,
ਸਹੁਰੇ ਘਰ ਵਿੱਚ ਨੂੰਹਾਂ ਨਾ ਸੜਨ ਲੋਕੋ ‌।
ਪੜ੍ਹ ਲਿਖ ਕੇ ਧੀਆਂ ਦੇ ਹੋ ਜਾਣ ਕਾਬਲ,
ਅਪਣੇ ਪੈਰਾਂ ‘ਤੇ ਆਪ ਹੀ ਖੜ੍ਹਨ ਲੋਕੋ ।
ਨੂੰਹਾਂ ਸੱਸਾਂ ਨੂੰ ਪਹਿਲਾਂ ਜੇ ਮਾਂ ਸਮਝਣ ,
ਸੱਸਾਂ ਫੇਰ ਕਿਉਂ ਨੂੰਹਾਂ ਨਾਲ਼ ਲੜਨ ਲੋਕੋ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਕਦੇ ਹੀਜੜੇ  ਘੋੜੀ ਨਾ ਚੜ੍ਹਨ  ਲੋਕੋ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous article220 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਪਿੰਡ ਢੱਡੇ ਦੇ ਧੰਨਾ ਸਿੰਘ ਬਣੇ ਸਰਪੰਚ
Next articleਸੁਖਵਿੰਦਰ ਸਿੰਘ ਸੌਂਦ ਬਣੇ ਪਿੰਡ ਨਵਾਂ ਠੱਟਾ ਦੇ ਸਰਪੰਚ 143 ਵੋਟਾਂ ਦੀ ਲੀਡ ਹਾਸਲ ਕੀਤੀ