ਔਰਤਾਂ ‘ਤੇ ਜ਼ਬਰ, ਫਲਸਤੀਨੀ ਅਤੇ ਆਦਿਵਾਸੀਆਂ ਖਿਲਾਫ਼ ਹਮਲੇ ਬੰਦ ਕਰਨ ਲਈ ਦੇਸ਼ ਭਗਤਾਂ ਉਠਾਈ ਆਵਾਜ਼

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਦੇਸ਼ ਭਗਤ ਯਾਦਗਾਰ ਕਮੇਟੀ ਨੇ ਆਜ਼ਾਦੀ ਲਈ ਜੂਝਣ ਵਾਲੇ ਦੇਸ਼ ਭਗਤਾਂ ਦੇ ਮੁਲਕ ਅਤੇ ਦੁਨੀਆਂ ਅੰਦਰ ਦਿਨ-ਬ-ਦਿਨ ਬਣ ਰਹੇ ਚਿੰਤਾਜਨਕ ਹਾਲਾਤ ਉਪਰ ਗੰਭੀਰ ਵਿਚਾਰ-ਚਰਚਾ ਉਪਰੰਤ ਪਾਸ ਕੀਤੇ ਮਹੱਤਵਪੂਰਣ ਮਤਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇੱਕ ਮੁਹਿੰਮ ਦੇ ਰੂਪ ਵਿੱਚ ਇਹਨਾਂ ਮਸਲਿਆਂ ‘ਤੇ ਸਿਖ਼ਰ ਵਾਰਤਾ ਅਲੱਗ-ਅਲੱਗ ਮਾਧਿਅਮਾਂ ਰਾਹੀਂ 7, 8, 9 ਨਵੰਬਰ ਨੂੰ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ‘ਚ ਕੀਤੀ ਜਾ ਰਹੀ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਵਿਖੇ 6 ਵਰ੍ਹਿਆਂ ਦੀ ਫੁੱਲ ਭਰ ਬਾਲੜੀ ਨਾਲ ਜ਼ਬਰ ਜਨਾਹ ਕਰਨ ਉਪਰੰਤ ਤੀਜੀ ਮੰਜ਼ਲ ਤੋਂ ਹੇਠਾਂ ਸੁੱਟਕੇ ਮਾਰ ਮੁਕਾਉਣ ਦੀ ਵਹਿਸ਼ੀਆਨਾ ਵਾਰਦਾਤ ਰੌਂਗਟੇ ਖੜ੍ਹੇ ਕਰਦੀ ਹੈ ਕਿ ਕੀ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਵਰਗੀਆਂ ਅਨੇਕਾਂ ਔਰਤਾਂ ਨੇ ਆਜ਼ਾਦੀ ਸੰਗਰਾਮ ਵਿੱਚ ਮੁਸੀਬਤਾਂ ਦੇ ਝੱਖੜ ਇਸ ਕਰਕੇ ਝੱਲੇ ਸੀ ਕਿ ਸਾਨੂੰ ਅਜੇਹੇ ਸ਼ਰਮਨਾਕ ਰਾਜ ਪ੍ਰਬੰਧ ਵਿੱਚ ਜ਼ਲੀਲ ਹੋਣਾ ਪਵੇਗਾ।
ਮੁਲਕ ਭਰ ਵਿੱਚ ਵਾਪਰ ਰਹੀਆਂ ਅਜੇਹੀਆਂ ਘਟਨਾਵਾਂ ਦੇ ਮੱਦੇ ਨਜ਼ਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਗ਼ਦਰੀ ਬਾਬਿਆਂ ਦੇ ਮੇਲੇ ‘ਚ 8 ਨਵੰਬਰ ਸਵੇਰੇ 9 ਵਜੇ ‘ਔਰਤ ਦੀ ਸਮਾਜਕ ਬਰਾਬਰੀ; ਸਥਿਤੀ ਤੇ ਚੁਣੌਤੀਆਂ’ ਵਿਸ਼ੇ ਉਪਰ ਚਰਚਾ ਅਤੇ ਉਚੇਚੇ ਤੌਰ ‘ਤੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਰੱਖਿਆ ਹੈ ਤਾਂ ਜੋ ਔਰਤਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਮੈਦਾਨ ‘ਚ ਨਿਤਰਨ ਦੀ ਜਾਂਚ ਸਿੱਖਣ। ਇਸ ਸਬੰਧੀ ਕਮੇਟੀ ਅਤੇ ਇਸ ਸੈਸ਼ਨ ਦੇ ਕਨਵੀਨਰ ਪ੍ਰੋ. ਗੋਪਾਲ ਬੁੱਟਰ ਵਿੱਦਿਅਕ ਸੰਸਥਾਵਾਂ ਵਿੱਚ ਹੁਣ ਤੋਂ ਮੁਹਿੰਮ ਲਾਮਬੰਦ ਕਰਨ ਲਈ ਜੁੱਟ ਰਹੇ ਹਨ।
ਇੱਕ ਹੋਰ ਮਤੇ ਰਾਹੀਂ ਕਮੇਟੀ ਨੇ ਕਿਹਾ ਹੈ ਕਿ ਗ਼ਦਰੀ ਦੇਸ਼ ਭਗਤਾਂ ਦਾ ਸਪੱਸ਼ਟ ਐਲਾਨ ਸੀ ਕਿ ਗ਼ਦਰੀਆਂ ਦਾ ਵਾਰਸ ਉਹੀ ਕਹਾਉਣ ਦਾ ਹੱਕਦਾਰ ਹੈ ਜੋ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਲੋਕਾਂ ਦੀ ਆਜ਼ਾਦੀ, ਜਮਹੂਰੀਅਤ ਅਤੇ ਸਵੈ-ਮਾਣ ਨੂੰ ਦਰੜੇ ਜਾਣ ਖਿਲਾਫ਼ ਆਵਾਜ਼ ਬੁਲੰਦ ਕਰੇਗਾ। ਇਸ ਕਰਕੇ ਫ਼ਲਸਤੀਨੀ ਲੋਕਾਂ ਦਾ ਨਸਲਘਾਤ ਕਰ ਰਹੇ ਅਮਰੀਕੀ ਇਸਰਾਇਲੀ ਹਾਕਮਾਂ ਨੂੰ ਤੁਰੰਤ ਹਮਲੇ ਰੋਕਣ ਅਤੇ ਆਦਿਵਾਸੀਆਂ ਖੇਤਰਾਂ ਅੰਦਰ ਜੰਗਲ, ਜਲ, ਜ਼ਮੀਨ ਦੀ ਰਾਖੀ ਲਈ ਆਵਾਜ਼ ਉਠਾਉਂਦੇ ਆਦਿਵਾਸੀਆਂ ਉਪਰ ਅਰਧ-ਸੈਨਿਕਾਂ ਬਲਾਂ ਵੱਲੋਂ ਬੋਲੇ ਜਾ ਰਹੇ ਜਾਨ-ਲੇਵਾ ਹਮਲੇ ਅਤੇ ਹੱਕ, ਸੱਚ, ਇਨਸਾਫ਼ ਦੀ ਸੰਘੀ ਨੱਪਣ ਦੀਆਂ ਭਾਜਪਾ ਹਕੂਮਤ ਵੱਲੋਂ ਸ਼ਰੇਆਮ ਧਮਕੀਆਂ ਖਿਲਾਫ਼ ਨਿਰੰਤਰ ਆਵਾਜ਼ ਬੁਲੰਦ ਕਰਨ ਲਈ ਸਮੂਹ ਗ਼ਦਰੀ ਵਾਰਸ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਸ਼ਿਆਂ ਅਤੇ ਅਪਰਾਧੀਆਂ ਖ਼ਿਲਾਫ਼ ਕਾਸੋ ਮੁਹਿੰਮ ਚਲਾਈ ਗਈ,11 ਐਫ਼.ਆਈ.ਆਰ ਦਰਜ ਕੀਤੀਆਂ ਗਈਆਂ, 10 ਨੂੰ ਗਿਰਫ਼ਤਾਰ ਕੀਤਾ ਗਿਆ
Next articleਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰਾਂ ਦੀ ਮਦਦ ਲਈ ਯੋਗ ਵਿਅਕਤੀ ਅੱਗੇ ਆਉਣ – ਅਰੋੜਾ