ਸੱਚੋ-ਸੱਚ / ਕਮਾਲ ਦੀ ਕਾਟੋ

ਰਣਜੀਤ ਸਿੰਘ ਨੂਰਪੁਰਾ
ਰਣਜੀਤ ਸਿੰਘ ਨੂਰਪੁਰਾ
(ਸਮਾਜ ਵੀਕਲੀ) ਕਲਾ ਸਿਰਫ਼ ਮਨੁੱਖ ਦੇ ਕੋਲ ਹੀ ਨਹੀਂ ਹੈ ਸਗੋਂ ਕਈ ਜਾਨਵਰ ਵੀ ਕਲਾ ਦਾ ਅਜਿਹਾ ਖੂਬਸੂਰਤ ਪ੍ਰਦਰਸ਼ਨ ਕਰਦੇ ਹਨ ਜਿਸ ਨੂੰ ਵੇਖ ਅਸੀਂ ਹੈਰਾਨ ਰਹਿ ਜਾਂਦੇ ਹਾਂ। ਜਾਨਵਰ ਬੋਲ ਤਾਂ ਨਹੀਂ ਸਕਦੇ ਪਰ ਉਨ੍ਹਾਂ ਦੇ ਦਿਮਾਗ ਕਮਾਲ ਦੇ ਹਨ। ਬਿਜੜੇ ਪੰਛੀ ਦਾ ਆਲ੍ਹਣਾ ਹੀ ਵੇਖ ਲਵੋ -ਉਸਨੂੰ ਅਸੀਂ ਨਹੀਂ ਬਣਾ ਸਕਦੇ। ਬੁਲਬੁਲ ਅਤੇ ਦਰਜ਼ੀ ਚਿੜੀ ਦੇ ਆਲ੍ਹਣੇ ਕਮਾਲ ਦੀ ਕਾਰੀਗਰੀ ਹੁੰਦੇ ਹਨ। ਹਰ ਪੰਛੀ ਆਪਣੇ ਦੁਸ਼ਮਣ ਪੰਛੀਆਂ/ ਜਾਨਵਰਾਂ ਦੀ ਮਾਰ ਤੋਂ ਬਚਣ ਦਾ ਖਿਆਲ ਰੱਖ ਕੇ ਸੁਰੱਖਿਅਤ ਥਾਂ ‘ਤੇ ਆਲ੍ਹਣਾ ਬਣਾਉਂਦਾ ਹੈ। ਇਹ ਦਿਮਾਗ਼ ਅਤੇ ਸੋਚਣ ਸ਼ਕਤੀ ਦਾ ਹੀ ਕਮਾਲ ਹੈ।
              ਚੂਹੇ ਵਰਗੀ ਕਾਟੋ, ਖੁੱਲ੍ਹੇ-ਡੁੱਲ੍ਹੇ ਥਾਵਾਂ ‘ਤੇ ਖੜ੍ਹੇ ਵਿਸ਼ਾਲ ਦਰੱਖਤਾਂ ‘ਤੇ ਰਹਿੰਦੀ ਹੈ ਤੇ ਟੀਸੀਆਂ ‘ਤੇ ਆਪਣਾ ਆਲ੍ਹਣਾ ਬਣਾਉਂਦੀ ਹੈ। ਆਲ੍ਹਣਾ ਵੀ ਇਸ ਦਾ ਬਹੁਤ ਆਰਾਮਦਾਇਕ ਤੇ ਪੋਲਾ ਹੁੰਦਾ ਹੈ। ਇਸ ਸਮੇਂ ਸਾਡੇ ਨਵੇਂ ਬਣ ਰਹੇ ਮਕਾਨ ਦੀ ਕੰਧ ਵਿਚਲੀ ਆਰਜ਼ੀ ਅਲਮਾਰੀ ਵਿੱਚ ਕਾਟੋ-ਜੋੜੇ ਨੇ ਆਲਣਾ ਬਣਾ ਇੱਕ ਵਾਰੀ ਬੱਚੇ ਵੀ ਕੱਢ ਲਏ ਹਨ। ਇਹ ਗੱਲ ਦਸੰਬਰ-ਜਨਵਰੀ ਦੀ ਹੈ। ਅਸੀਂ ਤਾਂ ਉਸ ਵਿੱਚ ਪੈੜ ਬੰਨ੍ਹਣ ਵਾਲਾ ਰੱਸੀਆਂ ਦਾ ਗੁੱਛਾ ਰੱਖਿਆ ਸੀ ਪਰ ਕਾਟੋਆਂ ਨੇ ਉਈ ਰੱਸੀਆਂ ਇੰਨੀ ਬਾਰੀਕ ਕੁਤਰ ਲਈਆਂ ਕਿ ਇੱਕ ਤਰ੍ਹਾਂ ਦਾ ਲੋਗੜ ਬਣਿਆ ਪਿਆ ਪਿਆ ਸੀ। ਉਸ ਵਿੱਚ ਕਾਟੋ ਨੇ ਕਿਹੜੇ ਵੇਲੇ ਬੱਚੇ ਦੇ ਲਏ ਤੇ ਕਦੋਂ ਉਹ ਜਵਾਨ ਹੋ ਗਏ, ਸਾਨੂੰ ਬਿਲਕੁਲ ਪਤਾ ਨਹੀਂ ਲੱਗਿਆ। ਇੱਕ ਦਿਨ ਜਦੋਂ ਅਲਮਾਰੀ ਖੋਲ੍ਹਣ ਦੀ ਲੋੜ ਪਈ ਤਾਂ ਕਈ ਬੱਚਿਆਂ ਨੇ ਮੇਰੇ ‘ਤੇ ਛਾਲਾਂ ਮਾਰ ਦਿੱਤੀਆਂ। ਡਰ ਉਹ ਵੀ ਗਏ ਸਨ ਤੇ ਮੈਂ ਵੀ। ਬਾਅਦ ‘ਚ ਪਤਾ ਲੱਗਿਆ ਕਿ ਇਸ ਆਲ੍ਹਣੇ ‘ਚ ਕਾਟੋ ਨੇ ਆਪਣੇ ਬੱਚੇ ਦਿੱਤੇ ਹੋਏ ਹਨ।
         ਹੁਣ ਜਿਹੜੀ ਗੱਲ ਮੈਂ ਨੋਟ ਕੀਤੀ, ਉਹ ਤੁਹਾਨੂੰ ਵੀ ਹੈਰਾਨ ਕਰੇਗੀ। ਕਣਕ ਦੀ ਰੋਟੀ ਤਾਂ ਮੈਂ ਹਰ ਰੋਜ਼ ਇਨ੍ਹਾਂ ਕਾਟੋਆਂ ਨੂੰ ਪਾਉਣ ਲੱਗ ਗਿਆ ਸੀ ਪਰ ਇਕ ਦਿਨ ਮੈਂ ਬਿਨਾਂ ਭੁੰਨੀ ਮੂੰਗਫਲੀ ਦਾ ਬੁੱਕ ਆਲ੍ਹਣੇ ਦੇ ਨੇੜੇ ਰੱਖ ਦਿੱਤਾ। ਕਾਟੋ-ਮਾਂ ਮੂੰਗਫਲੀ ਦੀ ਗੱਠੀ ਮੂੰਹ ‘ਚ ਲੈ ਮੇਰੇ ਮੰਜੇ ਕੋਲ਼ ਦੀ ਲੰੰਘ ਜਾਇਆ ਕਰੇ ਤੇ ਛੱਤ ‘ਤੇ ਗੇੜਾ ਦੇ ਮੁੜ ਆਇਆ ਕਰੇ। ਮੈਂ ਛੱਤ ‘ਤੇ ਲੁਕ ਕੇ ਬੈਠ ਗਿਆ ਤੇ ਵੇਖਿਆ ਕਿ ਕਾਟੋ ਛੱਤ ‘ਤੇ ਪਈ ਮਿੱਟੀ ਵਿੱਚ ਮੂੰਗਫਲੀ ਦੱਬ ਦਿੰਦੀ ਸੀ ਤੇ ਬਾਅਦ ‘ਚ ਉਸ ਥਾਂ ‘ਤੇ ਪੂਛ ਫੇਰ ਦਿੰਦੀ ਸੀ। ਇਸ ਤਰ੍ਹਾਂ ਕਾਟੋ ਨੇ ਸਾਰੀ ਮੂੰਗਫਲੀ ਮਿੱਟੀ ਦੇ ਵੱਖ -ਵੱਖ ਥਾਵਾਂ ‘ਤੇ ਦੱਬ ਆਪਣੀ ਪੂਛ ਫੇਰ ਦਿੱਤੀ।
             ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਿਆ ਕਿ ਕਾਟੋ ਦੇ ਚੇਤੇ ਦੀ ਕੋਈ ਰੀਸ ਨਹੀਂ ਕਰ ਸਕਦਾ। ਉਹ ਵੱਖ-ਵੱਖ ਸਮਿਆਂ ‘ਤੇ ਮਿੱਟੀ ਵਿਚੋਂ ਮੂੰਗਫ਼ਲੀ ਦੀਆਂ ਗਿਰੀਆਂ ਕੱਢ ਖਾਂਦੀ ਰਹਿੰਦੀ ਹੈ। ਦੱਬੀ ਮੂੰਗਫਲੀ ਬਾਰੇ ਸਿਰਫ਼ ਉਸੇ ਕਾਟੋ ਨੂੰ ਪਤਾ ਹੁੰਦਾ ਹੈ। ਹੋਰ ਕਾਟੋਆਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਸਬੰਧਤ ਕਾਟੋ ਨੂੰ ਜਦ ਭੁੱਖ ਲੱਗਦੀ ਹੈ ਤਾਂ ਉਹ ਮਿੱਟੀ ‘ਚੋਂ ਮੂੰਗਫਲੀ ਦੀ ਗੱਠੀ ਕੱਢ ਉਸ ਨੂੰ ਆਪਣਾ ਭੋਜਨ ਬਣਾ ਲੈਂਦੀ ਹੈ। ਇਹ ਦ੍ਰਿਸ਼ ਮੈਂ ਆਪਣੀ ਅੱਖੀਂ ਵੇਖਿਆ ਹੈ ਤੇ ਕਾਟੋ ਦੇ ਦਿਮਾਗ ‘ਤੇ ਹੈਰਾਨ ਹੋਇਆ ਹਾਂ। ਉਸ ਦਿਨ ਤੋਂ ਕਾਟੋ ਮੈਨੂੰ ਬਹੁਤ ਪਿਆਰੀ ਲੱਗਦੀ ਹੈ। ਕਣਕ ਦੀ ਬੇਹੀ ਤੇ ਭੋਰੀ ਹੋਈ ਰੋਟੀ ਬੜੇ ਸ਼ੌਕ ਨਾਲ਼ ਖਾਂਦੀ ਹੈ। ਸੁਖੀ ਵੱਸਦੀਆਂ ਰਹਿਣ ਇਹ ਕਾਟੋਆਂ।
ਇੱਕ ਲੋਕ ਗੀਤ ਵਿੱਚ ਕਾਟੋ ਦਾ ਜ਼ਿਕਰ ਆਇਆ ਹੈ ਕਿ:-
     ” ਕਿੱਕਰ ‘ਤੇ ਕਾਟੋ ਰਹਿੰਦੀ -‘ਕੱਲਾ ਨਾ ਜਾਈਂ ਖੇਤ ਨੂੰ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੇਖਿਕਾ ਗੁਰੀ ਦੀ ਸਾਹਿਤਕ -ਖੇਤਰ ‘ਚ ਇੱਕ ਹੋਰ ਪੁਲਾਂਘ
Next articleਪਰਾਲੀ਼