“ਦਿਲ ਤਰੰਗ”

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ

ਸਮਾਜ ਵੀਕਲੀ)  ਬਤੌਰ ਅਧਿਆਪਕ ਵਿਚਰਦਿਆਂ ਪੜਨ-ਪੜਾਉਣ,ਸਿੱਖਣ- ਸਿਖਾਉਣ ਤੋਂ ਇਲਾਵਾ ਮੇਰੇ ਮਨ ਮਸਤਕ ਦੇ ਇਕ ਕੋਨੇ ਨੂੰ ਸਕੂਲ ਲਾਇਬ੍ਰੇਰੀ ਨੇ ਮੱਲਿਆ ਹੋਇਆ ਸੀ ।ਕਿਉਂ ਜੋ ਬਚਪਨ ਵਿੱਚ ਆਪਣੇ ਵੱਡੇ ਵੀਰ ਪ੍ਰੋਫੈਸਰ ਸੁਖਵਿੰਦਰ ਸਿੰਘ ਕੌਲ ਦੀਆਂ ਹਜ਼ਾਰਾਂ ਕਿਤਾਬਾਂ ਨਾਲ ਲੈਸ ਨਿੱਜੀ ਲਾਇਬਰੇਰੀ ਨੂੰ ਨਿਹਾਰਦਾ ਰਹਿੰਦਾ ਸੀ।
ਵੀਰ ਜੀ ਦੀ ਪ੍ਰੇਰਨਾ ਸਦਕਾ ਹੀ ਮੇਰੇ ਦੂਜੇ ਭੈਣ ਅਤੇ ਭਰਾ ਨੇ ਲਾਇਬਰੇਰੀ ਸਾਇੰਸ ਦੀਆਂ ਉੱਚ ਡਿਗਰੀਆਂ ਹਾਸਲ ਕਰ ਕੇ ਇਸੇ ਕਿੱਤੇ ਨੂੰ ਅਪਣਾਇਆ ਅਤੇ ਅੱਗੇ ਚੱਲ ਕੇ ਕਈ ਲੋਕਾਂ ਨੂੰ ਇਸ ਖੇਤਰ ਵਿੱਚ ਡਿਪਲੋਮਾ ਅਤੇ ਡਿਗਰੀਆਂ ਕਰਨ ਵਾਸਤੇ ਅਗਵਾਈ ਕੀਤੀ ।ਸੋ ਮੇਰੇ ਮਨ ਵਿੱਚ ਵੀ ਲਾਇਬ੍ਰੇਰੀ ਦੇ ਅਹਿਮ ਕਾਰਜ ਦੀ ਮਹੱਤਤਾ ਅਤੇ ਪਵਿੱਤਰਤਾ ਘਰ ਕਰ ਚੁੱਕੀ ਸੀ ।
ਮੇਰੇ ਸਕੂਲ ਵਿੱਚ ਲਾਇਬ੍ਰੇਰੀ ਦਾ ਸੰਚਾਲਨ ਨਾਨ ਟੀਚਿੰਗ ਅਮਲੇ ਨੂੰ ਹੀ ਸੌਂਪਿਆ ਜਾਂਦਾ ਰਿਹਾ ।ਪਰ ਕੁਝ ਸਮੇਂ ਬਾਅਦ ਲਾਇਬਰੇਰੀ ਅਟੈਂਡੈਂਟ ਨੌਕਰੀ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਵਸ ਗਈ । ਹੁਣ ਮੈਂ ਲਾਇਬ੍ਰੇਰੀ ਸਾਂਭਣਾ ਚਾਹੁੰਦਾ ਸੀ ਅਤੇ ਸਿਵਲ ਵਰਕਸ ਦੇ ਕੰਮਾਂ ਤੋਂ ਨਿਜਾਤ ਵੀ ਪਾਉਣੀ ਲੋਚਦਾ ਸੀ ।ਪਰ ਮੇਰੇ ਇਮਾਰਤਸਾਜ਼ੀ ਅਤੇ ਰਿਕਾਰਡ ਦੀ ਯੋਗ ਪਾਰਦਰਸ਼ਤਾ ਅਤੇ ਸਪੱਸ਼ਟਤਾ ਨੂੰ ਕਿਤਾਬਾਂ ਤੋਂ ਵਧੇਰੇ ਜ਼ਰੂਰੀ ਸਮਝਣ ਦੇ ਨਜ਼ਰੀਏ ਸਦਕਾ ਉਸ ਸਮੇਂ ਲਾਇਬਰੇਰੀ ਮੇਰੀ ਪਹੁੰਚ ਤੋਂ ਦੂਰ ਹੀ ਰਹੀ ।
ਸਕੂਲ ਵਿੱਚ ਸਿੱਧੀ ਭਰਤੀ ਰਾਹੀਂ ਨਵੇਂ ਪ੍ਰਤਿਭਾਸ਼ਾਲੀ ਮਿਹਨਤੀ ਮਿਲਣਸਾਰ ਅਤੇ ਕੰਮ ਦੀ ਕਦਰ ਵਾਲੇ ਮੁਲਾਜ਼ਮਾਂ ਦੀ ਅੱਖ ਪਛਾਨਣ ਵਾਲੇ ਪ੍ਰਿੰਸੀਪਲ ਸਾਹਿਬਾ ਸ੍ਰੀਮਤੀ ਚਰਨਜੀਤ ਕੌਰ “ਆਹੂਜਾ” ਹਾਜ਼ਰ ਹੋਏ ਤਾਂ ਉਹ ਜਿੱਥੇ ਮੇਰੇ ਸਿਵਲ ਵਰਕਸ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਉਥੇ ਮੇਰੀਆਂ ਰਚਨਾਵਾਂ ਪੜ੍ਹ ਕੇ ਵੀ ਬੇਤਹਾਸ਼ਾ ਖ਼ੁਸ਼ ਹੋਏ। ਮੈਂ ਲਾਇਬਰੇਰੀ ਦੇ ਸੰਚਾਲਨ ਦੀ ਬੇਨਤੀ ਨੂੰ ਦੁਹਰਾਇਆ ਤਾਂ ਉਂਨ੍ਹਾਂ ਨੇ ਹਾਮੀ ਭਰਦਿਆਂ ਮੈਨੂੰ ਲਾਈਬ੍ਰੇਰੀ ਦਾ ਸੰਚਾਲਨ ਹੀ ਨਾ ਸੌਂਪਿਆ ਬਲਕਿ ਲਾਈਬ੍ਰੇਰੀ ਨੂੰ ਸਮਾਰਟ ਰੂਪ ਦੇਣ ਹਿੱਤ ਨਵੀਆਂ ਅਲਮਾਰੀਆਂ ,ਕੰਪਿਊਟਰ, ਇੰਟਰਨੈਟ , ਡਿਸਪਲੇਅ ਬੋਰਡ ਅਤੇ ਹੋਰ ਸਾਰੀ ਜਰੂਰੀ ਸਮੱਗਰੀ ਵੀ ਮੈਨੂੰ ਮੁਹਈਆ ਕਰਵਾਈ। ਪ੍ਰਿੰਸੀਪਲ ਸਾਹਿਬਾ ਦੇ ਲਾਈਬ੍ਰੇਰੀ ਪ੍ਰਤੀ ਵਿਸ਼ਾਲ ਨਜ਼ਰੀਏ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਇਕ ਅਲਮਾਰੀ ਆਪਣੇ ਮਰਹੂਮ ਪ੍ਰੋਫੈਸਰ ਵੀਰ ਦੀ ਯਾਦ ਵਿੱਚ ਲਾਇਬਰੇਰੀ ਨੂੰ ਭੇਟਾ ਕੀਤੀ ।
ਲਾਇਬਰੇਰੀ ਦਾ ਕਾਰਜ ਭਾਰ ਮਿਲਣ ਉਪਰੰਤ ਮੈਂ ਨਵੇਂ ਸਿਰਿਓਂ ਕਿਤਾਬਾਂ ਨੂੰ ਸਕੂਲ ਦੇ ਸਭ ਤੋਂ ਵੱਡੇ ਕਮਰੇ ਵਿੱਚ ਤਬਦੀਲ ਕਰਵਾਇਆ ਮੇਰੇ ਨਾਲ ਕੰਪਿਊਟਰ ਤਜਰਬੇਕਾਰ ਨਾਨ ਟੀਚਿੰਗ ਮੁਲਾਜ਼ਮ ਲਗਾਇਆ ਗਿਆ ।ਅਸੀਂ ਲਗਭਗ ਸੱਤ- ਅੱਠ ਹਜ਼ਾਰ ਕਿਤਾਬਾਂ ਨੂੰ ਨਵੇਂ ਸਿਰਿਓਂ ਆਨਲਾਈਨ ਅਤੇ ਆਫਲਾਈਨ ਰਿਕਾਰਡ ਵਿੱਚ ਲਿਆਉਣ, ਪੁਰਾਣੀਆਂ, ਫਟੀਆਂ ਤੇ ਖ਼ਰਾਬ ਹੋ ਚੁੱਕੀਆਂ ਕਿਤਾਬਾਂ ਨੂੰ ਖਾਰਜ ਕਰਵਾਉਣ ਦੀ ਵਿਉਂਤਬੰਦੀ ਬਣਾਈ ਹੀ ਸੀ ਕਿ ਆਮ ਬਦਲੀਆਂ ਵਿੱਚ ਉਹ ਲੜਕਾ ਵੀ ਬਦਲੀ ਕਰਵਾ ਗਿਆ ।
ਲਾਇਬਰੇਰੀ ਵਿੱਚ ਉੱਠਣ ਬੈਠਣ ਨਾਲ ਮੇਰਾ ਦਿਲੋ ਦਿਮਾਗ ਕਿਤਾਬਾਂ, ਕਵੀਆਂ ,ਲੇਖਕਾਂ , ਕਹਾਣੀਕਾਰਾਂ, ਨਾਵਲਕਾਰਾਂ, ਅਖ਼ਬਾਰਾਂ, ਰਸਾਲਿਆਂ ਆਦਿ ਦੇ ਨਾਂਵਾਂ ਨਾਲ ਤਰੋ – ਤਾਜ਼ਾ ਹੀ ਨਹੀਂ ਰਹਿਣ ਲੱਗਾ। ਬਲਕਿ ਮੈਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਜੁੜਨ ਦੀ ਪ੍ਰੇਰਨਾ ਵਿਚ ਮਸਰੂਫ਼ ਰਹਿੰਦਿਆਂ ਉਨ੍ਹਾਂ ਨੂੰ ਕਿਤਾਬਾਂ ਦੇ ਰੀਵਿਊ ਲਿਖਣ, ਪੁਸਤਕ ਲੰਗਰ ਲਗਾਉਣ, ਸਾਹਿਤਕ ਵ੍ਹੱਟਸਐਪ ਗਰੁੱਪ ਬਣਾਉਣ,ਲਾਇਬਰੇਰੀ ਇਨਾਮ ਵੰਡ ਸਮਾਰੋਹ ਕਰਵਾਉਣ ਤੋਂ ਇਲਾਵਾ ਪੁਸਤਕਾਂ ਦੀ ਚੇਟਕ ਲਾਉਣ ਹਿੱਤ ਆਪਣੇ ਲੇਖਕ ਸਾਥੀਆਂ ਨਾਲ ਰਾਬਤਾ ਵਧਾਉਂਦਿਆਂ ਪੰਜਾਬੀ ਮਾਂ ਬੋਲੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਛਪਦੇ ਆਨਲਾਈਨ ਤੇ ਆਫਲਾਇਨ ਅਖਬਾਰਾਂ ਨਾਲ ਵੀ ਨਾਤਾ ਜੋੜ ਲਿਆ ਤਾਂ ਜੋ ਕਿ ਮੈਂ ਵਿਦਿਆਰਥੀਆਂ ਵਿਚ ਵੀ ਸਾਹਿਤਕ ਰੁਚੀਆਂ ਨੂੰ ਉਭਾਰ ਸਕਾਂ ।
ਮੇਰੇ ਸਾਰਥਕ ਉਪਰਾਲਿਆਂ ਅਤੇ ਮਿਹਨਤ ਨੂੰ ਬੂਰ ਪੈਣ ਲੱਗਾ। ਵਿਦਿਆਰਥੀ ਕਵਿਤਾਵਾਂ, ਕਹਾਣੀਆਂ, ਲੇਖ ਤੇ ਨਿੱਕੀਆਂ ਨਿੱਕੀਆਂ ਰਿਪੋਰਟਾਂ ,ਪੁਸਤਕ ਰਿਵਿਊ ਲਿਖਣ ਵਿਚ ਰੁਚੀ ਵਿਖਾਉਣ ਲੱਗੇ । ਮੈਂ ਬੱਚਿਆਂ ਦੀਆਂ ਸਾਹਿਤਕ ਕਿਰਤਾਂ ਨੂੰ ਵੱਖ ਵੱਖ ਅਖਬਾਰਾਂ ਵਿੱਚ ਭੇਜਦਾ ਅਤੇ ਅਖਬਾਰਾਂ ਵਿੱਚ ਰਚਨਾਵਾਂ ਨੂੰ ਛਪਿਆ ਵੇਖ ਕੇ ਅਸੀਮ ਖੁਸ਼ੀ ਮਹਿਸੂਸ ਕਰਦਾ ਅਤੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵੀ ਕਰਦਾ।ਪ੍ਰਿੰਸੀਪਲ ਮੈਡਮ, ਅਧਿਆਪਕ ਸਾਥੀ, ਪਿੰਡ ਦੇ ਲੋਕ ਅਤੇ ਵਿਦਿਆਰਥੀ ਲਾਈਬਰੇਰੀ ਪ੍ਰਤੀ ਮੇਰੀ ਸੇਵਾ ਤੇ ਸਮਰਪਣ ਤੋਂ ਅਥਾਹ ਖੁਸ਼ ਸਨ ‘ ਮੈਡਮ ਅਹੂਜਾ ਅਤੇ ਮੇਰੇ ਉਪਰਾਲਿਆਂ ਸਦਕਾ ਪਿੰਡ ਦੇ ਪਤਵੰਤੇ ਸੱਜਣ ਲਾਈਬਰੇਰੀ ਨੂੰ ਸਾਜੋ ਸਮਾਨ ਤੇ ਹੋਰ ਲੋੜਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰਨ ਲੱਗੇ । ਸੇਵਾ ਮੁਕਤੀ ਵੇਲੇ ਅਧਿਆਪਕ ਵੀ ਲਾਇਬ੍ਰੇਰੀ ਨੂੰ ਕੁਝ ਨਾ ਕੁਝ ਜਰੂਰ ਭੇਟ ਕਰਕੇ ਜਾਂਦੇ।ਅਜਿਹੇ ਉਪਰਾਲਿਆਂ ਨਾਲ ਮੇਰੇ ਸਕੂਲ ਦੀ ਲਾਈਬਰੇਰੀ ਵਿੱਚ ਨਵੀਂ ਰੂਹ ਫੂਕੀ ਗਈ ।
ਕੁਝ ਸਮੇਂ ਉਪਰੰਤ ਪ੍ਰਿੰਸੀਪਲ ਮੈਡਮ ਆਹੂਜਾ ਦੀ ਬਦਲੀ ਕਿਸੇ ਹੋਰ ਸਕੂਲ ਵਿੱਚ ਹੋ ਗਈ । ਪਰ ਮੈਂ ਲਾਇਬਰੇਰੀ ਦਾ ਕਾਰਜ ਸੰਚਾਲਨ ਉਸੇ ਹੀ ਰੁਚੀ ਨਾਲ ਚਲਾਉਂਦਾ ਰਿਹਾ ।ਉਸ ਸਮੇਂ ਦੇ ਮਿਹਨਤੀ,ਕਾਬਿਲ ਅਤੇ ਸਕੂਲ ਸਿੱਖਿਆ ਸੁਧਾਰਾਂ ਹਿੱਤ ਅਤਿਅੰਤ ਯਤਨਸ਼ੀਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਕੂਲਾਂ ਵਿੱਚ ਚਲਾਏ ਪੁਸਤਕ ਲੰਗਰਾਂ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਜਾਰੀ ਕਰਨ ਦੀਆਂ ਹਦਾਇਤਾਂ ਅਤੇ ਖੁੱਲ ਤੋਂ ਇਲਾਵਾ ਨਿੱਜੀ ਪੱਧਰ ਉੱਪਰ ਵਿਦਿਆਰਥੀਆਂ ਵਿੱਚ ਸਿਲੇਬਸ ਤੋਂ ਇਲਾਵਾ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਦੀ ਲਗਨ ਲਗਾਉਣ ਦੀ ਚੇਸ਼ਟਾ ਸਦਕਾ ਮੈਂ ਵੱਧ ਤੋਂ ਵੱਧ ਵੱਧ ਕਿਤਾਬਾਂ ਵਿਦਿਆਰਥੀਆਂ ਨੂੰ ਅਤਾਪਣੇ ਅਧਿਆਪਨ ਰੁਝੇਵਿਆਂ ਦੇ ਨਾਲ-ਨਾਲ ਜਾਰੀ ਕਰਦਾ ਰਿਹਾ ।ਜਾਰੀ ਕੀਤੀਆਂ ਕਿਤਾਬਾਂ ਵਿੱਚੋਂ ਕੁਝ ਕਿਤਾਬਾਂ ਵਾਪਸ ਆਉਂਦੀਆਂ ਕੁਝ ਨਾ ਵੀ ਆਉਂਦੀਆਂ ।ਕਿਤਾਬਾਂ ਦੀ ਵਾਪਸੀ ਸਬੰਧੀ ਮੈਂ ਕਦੇ ਵੀ ਵਿਦਿਆਰਥੀਆਂ ਨਾਲ ਸਖਤੀ ਨਾਲ ਪੇਸ਼ ਨਹੀਂ ਸੀ ਆਇਆ ।ਮੈਂ ਅਨੇਕਾਂ ਕਿਤਾਬਾਂ ਖਾਰਜ ਨਾ ਕਰਵਾ ਸਕਿਆ ਕਿਉਂ ਜੋ ਮੇਰਾ ਮੰਨਣਾ ਸੀ ਕਿ ਜਦੋਂ ਕੋਈ ਪ੍ਰੋਫੈਸ਼ਨਲ ਲਾਈਬ੍ਰੇਰੀਅਨ ਹਾਜ਼ਰ ਹੋਵੇਗਾ ਤਾਂ ਉਹ ਆਪਣੇ ਢੰਗ ਤਰੀਕੇ ਅਤੇ ਨਿਯਮਾਂ ਅਨੁਸਾਰ ਮੇਰੇ ਵੱਲੋਂ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਵਾਸਤੇ ਨਵੇਂ ਸਿਰਿਓ ਹਰ ਇੱਕ ਚੀਜ਼ ਨੂੰ ਲੀਹ ‘ਤੇ ਲੈ ਆਵੇਗਾ ।
ਨਵੀਆਂ ਭਰਤੀਆਂ ਦੌਰਾਨ ਮੇਰੇ ਸਕੂਲ ਵਿੱਚ ਵੀ ਲਾਈਬ੍ਰੇਰੀਅਨ ਸਾਹਿਬਾਂ ਨੇ ਡਿਊਟੀ ਜੁਆਇਨ ਕੀਤੀਤਾਂ ਦੂਜੇ ਹੀ ਦਿਨ ਅਚਾਨਕ ਮੇਰੀ ਪਤਨੀ ਦੀ ਸਿਹਤ ਵਿੱਚ ਵਿਗਾੜ ਆਉਣ ਸਦਕਾ ਮੈਂ ਲੰਬੀ ਛੁੱਟੀ ‘ਤੇ ਚਲਾ ਗਿਆ ਅਤੇ ਜਾਂਦਿਆਂ ਹੋਇਆਂ ਲਾਇਬ੍ਰੇਰੀ ਦੀਆਂ ਚਾਬੀਆਂ ਲਾਇਬ੍ਰੇਰੀਅਨ ਨੂੰ ਵਿਸ਼ਵਾਸ ਅਧਾਰ ਉੱਪਰ ਬਿਨਾ ਕਿਸੇ ਲਿਖਤਾ –ਪੜ੍ਹਤ ਤੋਂ ਸੌਂਪ ਗਿਆ ਕਿਉਂ ਜੋ ਪਿਛਲੇ ਸਮੇਂ ਦੌਰਾਨ ਕਿਸੇ ਵੀ ਮੁਲਾਜ਼ਮ ਜਾਂ ਅਧਿਆਪਕ ਨੇ ਲਿਖਤੀ ਰੂਪ ਵਿੱਚ ਲਾਈਬਰੇਰੀ ਦਾ ਚਾਰਜ ਨਾ ਦਿੱਤਾ ਸੀ ਅਤੇ ਨਾ ਹੀ ਲਿਆ ਸੀ।
ਜਦੋਂ ਮੈਂ ਛੁੱਟੀ ਹਾਜਰ ਹੋਇਆ ਤਾਂ ਲਾਈਬ੍ਰੇਰੀਅਨ ਸਾਹਿਬਾਂ ਨੇ ਸੈਂਕੜੇ ਕਿਤਾਬਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਮੇਰੇ ਅੱਗੇ ਰੱਖ ਦਿੱਤੀ। ਕਿਤਾਬਾਂ ਦੀ ਵੱਡੀ ਗਿਣਤੀ ਨੂੰ ਵੇਖ ਕੇ ਮੇਰੇ ਪੈਰਾਂ ਹੇਠੋਂ ਜਮੀਨ ਖਿਸਕ ਗਈ ।ਪਰ ਮੈਨੂੰ ਪੂਰਾ ਯਕੀਨ ਸੀ ਕਿ ਇਨੀ ਵੱਡੀ ਮਾਤਰਾ ਵਿੱਚ ਕਿਤਾਬਾਂ ਗੁੰਮ ਨਹੀਂ ਹੋ ਸਕਦੀਆਂ।ਮੈਨੂੰ ਆਪਣੀ ਕਾਰਜ ਸ਼ੈਲੀ ਅਤੇ ਵਿਦਿਆਰਥੀਆਂ ਉੱਪਰ ਪੂਰਾ ਵਿਸ਼ਵਾਸ ਸੀ।
ਸੋ ਮੈਂ ਕਿਤਾਬਾਂ ਲੱਭਣ ਅਤੇ ਵਿਦਿਆਰਥੀਆਂ ਕੋਲੋਂ ਵਾਪਿਸ ਕਰਵਾਉਣ ਦਾ ਅਭਿਆਨ ਚਲਾਇਆ ਮੇਰੇ ਨਾਲ ਇੱਕ ਹੋਰ ਅਧਿਆਪਕ ਅਤੇ ਕੁਝ ਵਿਦਿਆਰਥੀਆਂ ਨੇ ਕਿਤਾਬਾਂ ਨੂੰ ਪੁਰਾਣੀਆਂ ਅਲਮਾਰੀਆਂ ਵਿਚੋਂ ਲਭਣ ਵਿਚ ਸਹਾਇਤਾ ਕਾਰਵਾਈ ਤਾਂ ਅਸੀਂ ਲਗਭਗ ਪੰਜਾਹ ਪ੍ਰਤੀਸ਼ਤ ਕਿਤਾਬਾਂ ਲੱਭ ਲਈਆਂ।ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਸਿਰਫ ਸ਼ੀਸ਼ਿਆਂ ਵਾਲੀਆਂ ਅਲਮਾਰੀਆਂ ਵਿੱਚ ਰੱਖੀਆਂ ਨਵੀਆਂ ਨਕੋਰ ਕਿਤਾਬਾਂ ਦੀ ਗਿਣਤੀ ਨੂੰ ਹੀ ਵਾਚਿਆ ਗਿਆ ਸੀ।
ਜੋ ਕਿਤਾਬਾਂ ਨਹੀਂ ਲੱਭੀਆਂ ਉਹ ਬਹੁਤ ਪੁਰਾਣੀਆਂ ਅਤੇ ਘੱਟ ਰੇਟਾਂ ਵਾਲੀਆਂ ਸਨ ਜਿਨਾਂ ਵਿੱਚੋਂ ਕੁਝ ਨਵੀਆਂ ਕਿਤਾਬਾਂ ਗੁੰਮ ਹੋਈਆਂ ਜਾਂ ਵਿਦਿਆਰਥੀਆਂ ਨੇ ਵਾਪਸ ਨਹੀਂ ਕੀਤੀਆਂ। ਲਾਇਬ੍ਰੇਰੀਅਨ ਸਾਹਿਬਾ ਲਿਖਤੀ ਤੌਰ ਉੱਪਰ ਰਿਕਾਰਡ ਲੈਣ ਤੇ ਬਜਿੱਦ ਸਨ ਜਦਕਿ ਮੈਂ ਇੱਕੋ ਗੱਲ ਦੁਹਰਾ ਹਿਾ ਸੀ ਕਿ ਮੈਂ ਅਧਿਆਪਨ ਦੇ ਨਾਲ ਨਾਲ ਲਾਇਬ੍ਰੇਰੀ ਨੂੰ ਸਾਂਭਿਆ ਹੈ ਅਤੇ ਕਿਸੇ ਨੇ ਮੈਨੂੰ ਲਿਖਤੀ ਰਿਕਾਰਡ ਨਹੀਂ ਦਿੱਤਾ ਪਰ ਉਹ ਕੁੜੀ ਕਾਫੀ ਡਰੀ ਹੋਈ ਸੀ।
ਮੈਂ ਅਧਿਆਪਕ ਹੋਣ ਦੇ ਨਾਤੇ ਲਾਇਬ੍ਰੇਰੀ ਦੇ ਕਾਰਜ ਸੰਚਾਲਨ ਨੂੰ ਬਾਖੂਬੀ ਨਿਭਾਉਣ ਵਿੱਚ ਆਪਣੀ ਪੂਰੀ ਵਾਹ ਲਗਾਈ ਜੇ ਕੁਝ ਊਣਤਾਈਆਂ ਰਹਿ ਗਈਆਂ ਹਨ ਤਾਂ ਉਸ ਦਾ ਖਮਿਆਜਾ ਪੈਸਿਆਂ ਦੀ ਵਸੂਲੀ ਰਾਹੀਂ ਨਾ ਕਰਨ ਦੀ ਬੇਨਤੀ ਪ੍ਰਿੰਸੀਪਲ ਸਾਹਿਬਾ ਕੋਲ ਕੀਤੀ ਤਾਂ ਉਹਨਾਂ ਨੇ ਪਹਿਲਾਂ ਰਹਿ ਚੁੱਕੇ ਮੁਖੀਆਂ ਤੋਂ ਕਿਤਾਬਾਂ ਨੂੰ ਖਾਰਜ ਕਰਵਾਉਣ ਦੀ ਸਲਾਹ ਦਿੱਤੀ ਅਤੇ ਜੇਕਰ ਪੁਰਾਣੇ ਪ੍ਰਿੰਸੀਪਲ ਅਜਿਹਾ ਨਹੀਂ ਕਰਦੇ ਤਾਂ ਪ੍ਰਿੰਸੀਪਲ ਮੈਡਮ ਨੇ ਕਿਤਾਬ ਦੇ ਬਦਲੇ ਕਿਤਾਬ ਪੈਦਾ ਕਰਨ ਦੀ ਸਖਤ ਹਦਾਇਤ ਕੀਤੀ।
ਪ੍ਰਿੰਸੀਪਲ ਸਾਹਿਬਾ ਸਲਾਹ ਨੂੰ ਮੰਨਦੇ ਹੋ ਮੈਂ ਸੇਵਾ ਮੁਕਤ ਹੋਏ ਪ੍ਰਿੰਸੀਪਲ ਸਾਹਿਬਾਂ ਕੋਲ ਬਕਾਇਦਾ ਕਿਤਾਬਾਂ ਦੀ ਖਾਰਜੀ ਦਾ ਮਤਾ ਪਾ ਕੇ ਰਜਿਸਟਰ ਪੇਸ਼ ਕੀਤਾ ਤਾਂ ਉਹਨਾਂ ਨੇ ਹਸਤਾਖਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।ਮੇਰੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਜੇਕਰ ਸੇਵਾ ਮੁਕਤ ਪ੍ਰਿੰਸੀਪਲ ਸਾਹਿਬਾ ਸਾਲਾਂ ਬੱਧੀਆਂ ਪੁਰਾਣੀਆਂ ਕਿਤਾਬਾਂ ਖਾਰਜ ਕਰਨ ਤੋਂ ਇਨਕਾਰੀ ਹਨ ਤਾਂ ਬਦਲੀ ਕਰਵਾ ਕੇ ਗਏ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਆਹੂਜਾ ਜੀ ਵੀ ਕਿਤਾਬਾਂ ਖਾਰਜ ਨਹੀਂ ਕਰਨਗੇ।
ਮੈਂ ਹੈਰਾਨ ਤੇ ਪਰੇਸ਼ਾਨ ਸੀ ਮੈਂ ਕਿਤਾਬਾਂ ਦੀ ਖਰਦਿ ਕਰਨ ਦੀ ਵਿਉਂਤ ਬਣਾਈ ਪਰ ਲੰਬਾ ਅਰਸਾ ਪੁਰਾਣੀਆਂ ਕਿਤਾਬਾਂ ਕਿਸੇ ਵੀ ਪ੍ਰਕਾਸ਼ਕ ਕੋਲੋਂ ਨਾ ਮਿਲੀਆਂ।ਮੈਂ ਲੁਧਿਆਣਾ ਸ਼ਹਿਰ ਦੇ ਸਾਰੇ ਮਸ਼ਹੂਰ ਬੁੱਕ ਡਿਪੂ ਗਾਹ ਮਾਰੇ।ਕਾਰਜ ਭਾਰ ਦੇਣ ਵਿੱਚ ਦੇਰੀ ਹੋ ਰਹੀ ਸੀ।ਪ੍ਰਿੰਸੀਪਲ ਸਾਹਿਬਾ ਨੇ ਲਿਖਤੀ ਹੁਕਮ ਕੱਢ ਕੇ ਆਪਣਾ ਪੱਖ ਬਚਾਅ ਹੇਠ ਕਰ ਲਿਆ।
ਮੇਰੇ ਅਜੀਜ ਤੇ ਉਸਤਾਦ ਮਿੱਤਰ ਲੇਖਕ ਤੇ ਸਟੇਟ ਐਵਾਰਡੀ ਅਧਿਆਪਕ ਸੁਰਜੀਤ ਸਿੰਘ ਲਾਂਬੜਾ ਜੀ ਨੇ ਆਪਣੀਆਂ ਕਵਿਤਾਵਾਂ ਦੀ ਲਿਖੀ ਪੁਸਤਕ “ਦਿਲ ਤਰੰਗ” ਦੀ ਘੁੰਢ ਚੁਕਾਈ ਦੇ ਸਮਾਗਮ ਵਾਸਤੇ ਸੱਦਾ ਦਿੱਤਾ।ਮੈਂ ਆਪਣੇ ਸਕੂਲ ਦੀ ਲਾਇਬ੍ਰੇਰੀ ਦਾ ਚਾਰਜ ਦੇਣ-ਲੈਣ ਅਤੇ ਸੈਂਕੜੇ ਕਿਤਾਬਾਂ ਦੀ ਭਰਪਾਈ ਨਾ ਕਰ ਸਕਣ ਤੋਂ ਇਲਾਵਾ ਮੈਡਮ ਆਹੂਜਾ ਜੀ ਨੂੰ ਕਿਤਾਬਾਂ ਦੀ ਖਾਰਜੀ ਹਿੱਤ ਬੇਨਤੀ ਕਰਨ ਸਬੰਧੀ ਵਿਚਾਰ ਮਸ਼ਵਰਾ ਕੀਤਾ ।
ਦੂਜੇ ਹੀ ਦਿਨ ਲਾਂਬੜਾ ਸਾਹਿਬ ਮੇਰੀ ਸਮੱਸਿਆ ਦੇ ਹੱਲ ਵਾਸਤੇ ਮੈਡਮ ਆਹੂਜਾ ਜੀ ਕੋਲ ਪੁੱਜੇ ਅਤੇ ਮੇਰੇ ਬਾਰੇ ਸਾਰੀ ਗੱਲਬਾਤ ਕੀਤੀ।ਮੈਨੂੰ ਫੋਨ ਕਰਕੇ ਸਕੂਲ ਸੱਦਿਆ ਅਤੇ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਜੀ ਨੇ ਆਪਣੀ ਫਰਾਖਦਿਲੀ ਵਿਖਾਉਂਦਿਆਂ ਮੇਰੀਆਂ ਲਾਇਬ੍ਰੇਰੀ ਪ੍ਰਤੀ ਦਿੱਤੀਆਂ ਚੰਗੀਆਂ ਸੇਵਾਵਾਂ ਦੀ ਕਦਰ ਕਰਦਿਆਂ ਸਾਰੀਆਂ ਕਿਤਾਬਾਂ ਨੂੰ ਮਿਤੀਬੱਧ,ਵਿਸ਼ੇਸ ਨੋਟ ਪਾਉਂਦਿਆਂ,ਸਿੱਖਿਆਂ ਸਕੱਤਰ ਦੇ ਹੁਕਮਾਂ ਦੀ ਤਾਮੀਲ ਤਹਿਤ ਕਿਤਾਬਾਂ ਨੂੰ ਬੇਝਿਜਕ ਖਾਰਜ ਕੀਤਾ ਤਾਂ ਸ੍ਰੀ ਸੁਰਜੀਤ ਸਿੰਘ ਲਾਂਬੜਾ ਜੀ ਨੇ ਆਪਣੀ ਪੁਸਤਕ “ਦਿਲ ਤਰੰਗ” ਪ੍ਰਿੰਸੀਪਲ ਸਾਹਿਬਾ ਨੂੰ ਭੇਂਟ ਕੀਤੀ।ਸੱਚਮੁਚ ਦਿਲ ਤਰੰਗ ਪੁਸਤਕ ਨੇ ਤਿੰੰਨ ਅਜਿਹੀਆਂ ਰੂਹਾਂ ਨੂੰ ਇੱਕ ਸਮੇਂ ਇਕੱਠਾ ਕੀਤਾ ਜੋ ਇੱਕ ਦੂਜੇ ਦੇ ਦਿਲ ਦੀਆਂ ਤਰੰਗਾਂ ਨੂੰ ਬਾਖੂਬੀ ਭਾਂਪਦੇ ਸਨ।

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
ਸੰਪਰਕ :94646-01001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਗਜ਼ਿਟ ਪੋਲ..! ਕੁਝ ਨਾ ਬੋਲ, ਇਹ ਨਾ ਪੁੱਛੋ ਕਿ ਪਿੱਛੇ ਕੌਣ!!
Next articleकॉर्पोरेट राजनीति के नए सेफ्टी वॉल्व का सामाजिक न्याय की राजनीति पर पीछे से हमला