(ਸਮਾਜ ਵੀਕਲੀ)
ਅੱਧ ਅਸਮਾਨੋਂ ਜਹਾਜ਼ ਉੱਥੇ ਬੰਬ ਸੁੱਟਣ,
ਹੱਲੇ ਧਰਤੀ ਗੂੰਜੇ ਅਸਮਾਨ ਮੀਆਂ।
ਇਮਾਰਤਾਂ ਡਿੱਗੀਆਂ, ਲੋਥਾਂ ਢੇਰ ਲੱਗੇ,
ਜਿਉਂ ਫ਼ਸਲ ਕੱਟੇ ਕਿਰਸਾਨ ਮੀਆਂ।
ਅੱਗੇ ਰੂਸ ਯੂਕਰੇਨ ਦੀ ਜੰਗ ਲੱਗੀ,
ਹੁਣ ਇਜ਼ਰਾਈਲ ਤੇ ਲਿਬਨਾਨ ਮੀਆਂ।
ਬੈਠੇ ਲੋਕ ਕੋਸਦੇ ਉੱਥੇ ਕਿਸਮਤਾਂ ਨੂੰ,
ਘਰ ਸ਼ਹਿਰ ਬਣੇ ਬੀਆਬਾਨ ਮੀਆਂ।
ਭੁੱਖ ਮਰੀ ਬਿਮਾਰੀਆਂ ਲਾਏ ਡੇਰੇ,
ਨੱਚਣ ਭੂਤਨੇ ਜਿਉਂ ਸ਼ਮਸ਼ਾਨ ਮੀਆਂ।
ਪਸ਼ੂਆਂ ਜੀਵ ਜੰਤੂਆਂ ਦੁੱਖ ਕੌਣ ਜਾਣੇ,
ਬੰਬ ਵੇਖੇ ਨਾ ਜ਼ੁਬਾਨ ਬੇਜ਼ੁਬਾਨ ਮੀਆਂ।
ਸਾਰੇ ਦੇਸ਼ ਫਿਕਰਾਂ ਵਿੱਚ ਪਏ ਡੁੱਬੇ,
ਬਣ ਜਾਣ ਨਾ ਸ਼ਹਿਰ ਜਪਾਨ ਮੀਆਂ।
ਲੜਾਈ ਸਲਾਹੀ ਨਾ ਕਿਸੇ ਕੁੱਤਿਆਂ ਦੀ,
ਲੜ ਮਰੇ ਕਿਓਂ ਨਿੱਤ ਇਨਸਾਨ ਮੀਆਂ।
ਸੁਲਝਾਓ ਮਸਲਾ ਕੱਢੋ ਛੇਤੀ ਹੱਲ ਕੋਈ,
ਪੱਤੋ, ਹੋਵੇ ਉੱਥੇ ਅਮਨ ਅਮਾਨ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417