‘ਦਸਹਿਰਾ’ ਅਤੇ ‘ਦੁਸਹਿਰਾ’ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਹੀ ਹੈ ਅਤੇ ਕਿਉਂ ? ਦਿਵਾਲੀ ਤੇ ਸਾਲਾਨਾ ਕਿਵੇਂ ?

ਜਸਵੀਰ ਸਿੰਘ ਪਾਬਲਾ   
ਜਸਵੀਰ ਸਿੰਘ ਪਾਬਲਾ   
 (ਸਮਾਜ ਵੀਕਲੀ)‘ਦਸਹਿਰਾ’ ਸ਼ਬਦ ਨੂੰ ਪੁਰਾਤਨ ਰਵਾਇਤ ਅਨੁਸਾਰ ‘ਦੁਸਹਿਰਾ’ ਦੇ ਤੌਰ ‘ਤੇ ਲਿਖਣ ਸੰਬੰਧੀ ਸ਼ਬਦ-ਜੋੜਾਂ ਵਿੱਚ ਹੁਣ ਤਬਦੀਲੀ ਆ ਚੁੱਕੀ ਹੈ ਤੇ ਬਦਲੇ ਹੋਏ ਸ਼ਬਦ-ਜੋੜਾਂ ਅਨੁਸਾਰ ਅੱਜ ਇਸ ਨੂੰ ‘ਦੁਸਹਿਰਾ’ ਨਹੀਂ ਸਗੋਂ ‘ਦਸਹਿਰਾ’ ਅਰਥਾਤ ‘ਦ’ ਅੱਖਰ ਨੂੰ ਮੁਕਤੇ ਦੇ ਤੌਰ ‘ਤੇ ਲਿਖਣ ਦੀ ਹਿਦਾਇਤ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸ਼ਬਦ ‘ਦਸ’ ਦੀ ਗਿਣਤੀ ਨਾਲ ਸੰਬੰਧਿਤ ਹੈ। ‘ਦੁਸ’ ਸ਼ਬਦ ਦੇ ਇੱਥੇ ਕੋਈ ਅਰਥ ਹੀ ਨਹੀਂ ਹਨ। ਇਸ ਦੀ ਥਾਂ ‘ਦਸ’ ਤੋਂ ਭਾਵ ਰਾਵਣ ਦੇ ਦਸ ਸਿਰ ਨਹੀਂ ਹਨ ਸਗੋਂ ਇਸ ਦੇ ਅਰਥ ‘ਦਸ ਦਿਨ’ ਹਨ ਅਰਥਾਤ ਦਸਹਿਰੇ ਸਮੇਤ ਉਹ ਦਸ ਦਿਨ ਜਿਨ੍ਹਾਂ ਵਿੱਚ ਕੁਝ ਵਿਸ਼ੇਸ਼ ਧਾਰਮਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ। ਉਹਨਾਂ ਦਿਨਾਂ ਉਪਰੰਤ ਆਏ ਇਸ ਦਿਨ ਨੂੰ ਹੀ ‘ਦਸਹਿਰਾ’ ਕਿਹਾ ਜਾਂਦਾ ਹੈ। ਇਸ ਪ੍ਰਕਾਰ ਇਹ ਸ਼ਬਦ ‘ਦਸ+ਅਹਿਰ’ ਸ਼ਬਦਾਂ ਤੋਂ ਬਣਿਆ ਹੋਇਆ ਹੈ ਜਿਸ ਵਿੱਚ ‘ਅਹਿਰ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ- ਦਿਨ। ਇਸੇ ਕਰਕੇ ਇਸ ਤਿਉਹਾਰ ਨੂੰ ‘ਵਿਜੇ-ਦਸਮੀ’ ਵੀ ਆਖਿਆ ਜਾਂਦਾ ਹੈ। ਸੰਸਕ੍ਰਿਤ ਮੂਲ ਦੇ ਇਸ ‘ਅਹਿਰ’ ਸ਼ਬਦ ਨਾਲ਼ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਕਈ ਹੋਰ ਸ਼ਬਦ ਵੀ ਬਣੇ ਹੋਏ ਹਨ ਤੇ ਇਸ ਪ੍ਰਕਾਰ ਅਹਿਰ ਨਾਂ ਦਾ ਇਹ ਸ਼ਬਦ ਇਹਨਾਂ ਭਾਸ਼ਾਵਾਂ ਦੇ ਕਈ ਸ਼ਬਦਾਂ ਵਿੱਚ ਅੱਜ ਪੂਰੀ ਤਰ੍ਹਾਂ ਰਚ-ਮਿਚ ਗਿਆ ਹੈ। ਹਿੰਦੀ/ਪੰਜਾਬੀ ਭਾਸ਼ਾਵਾਂ ਦਾ ‘ਤਿਉਹਾਰ’ ਸ਼ਬਦ ਵੀ ‘ਅਹਿਰ’ ਸ਼ਬਦ ਨਾਲ਼ ਹੀ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ ਉਹ ਦਿਨ ਜੋ ਬੀਤੇ ਸਮੇਂ ਦੇ ਕਿਸੇ (ਵਿਸ਼ੇਸ਼) ਦਿਨ ਨੂੰ ਵਰਤਮਾਨ ਸਮੇਂ ‘ਤੇ ਆਏ ਉਸੇ ਦਿਨ ਨਾਲ਼ ਜੋੜੇ ਭਾਵ ਹਰ ਸਾਲ ਆਉਣ ਵਾਲ਼ਾ ਉਹੀ ਵਿਸ਼ੇਸ਼ ਦਿਨ। ਸੰਸਕ੍ਰਿਤ ਮੂਲ ਦਾ ਪਹਿਰ (ਪ+ਅਹਿਰ) ਸ਼ਬਦ ਵੀ ਅਹਿਰ ਸ਼ਬਦ ਨਾਲ਼ ਹੀ ਬਣਿਆ ਹੋਇਆ ਹੈ। ਪਹਿਰ (ਦਿਨ ਦੇ ਅੱਠ ਪਹਿਰਾਂ ਵਿੱਚੋਂ ਇੱਕ ਪਹਿਰ) ਸ਼ਬਦ ਵਿੱਚ ਪ ਧੁਨੀ ਦਾ ਅਰਥ ਹੈ- ਦੂਜਾ, ਦੂਜੇ, ਦੂਜਿਆਂ ਆਦਿ ਅਤੇ ਅਹਿਰ ਦਾ ਭਾਵ- ਦਿਨ। ਇਸ ਪ੍ਰਕਾਰ ਪਹਿਰ ਸ਼ਬਦ ਦੇ ਅਰਥ ਬਣੇ- ਦਿਨ ਦੇ ਦੂਜੇ ਅਰਥਾਤ ਸਾਰੇ ਪਹਿਰਾਂ ਵਿੱਚੋਂ ਕੋਈ ਇੱਕ ਪਹਿਰ। ਦੁਪਹਿਰ (ਦੋ+ਪਹਿਰ) ਸ਼ਬਦ ਵੀ ‘ਪਹਿਰ’ ਸ਼ਬਦ ਤੋਂ ਹੀ ਬਣਿਆ ਹੈ ਅਰਥਾਤ ਉਹ ਸਮਾਂ ਜਦੋਂ ਦਿਨ ਦੇ ਕੁੱਲ ਅੱਠਾਂ ਵਿੱਚੋਂ ਦੋ ਪਹਿਰ ਬੀਤ ਚੁੱਕੇ ਹੋਣ।
              ਗੁਰਬਾਣੀ ਵਿੱਚ ਵਾਰ-ਵਾਰ ਵਰਤਿਆ ਗਿਆ ਸ਼ਬਦ ‘ਅਹਿਨਿਸ’ (ਦਿਨ-ਰਾਤ) ਵੀ ‘ਅਹਿਰ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਇਸ ਵਿੱਚ ‘ਅਹਿਰ’ ਦੇ ਅਰਥ- ਦਿਨ ਅਤੇ ਨਿਸ (ਨਿਸ਼ਾ) ਦੇ ਅਰਥ- ਰਾਤ ਹਨ। ਇੱਥੋਂ ਤੱਕ ਕਿ ‘ਸਪਤਾਹ’ (ਸੱਤ ਦਿਨ) ਸ਼ਬਦ ਵਿੱਚ ਵੀ ‘ਅਹਿਰ’ ਸ਼ਬਦ ਹੀ ਆਪਣਾ ਜਲਵਾ ਦਿਖਾ ਰਿਹਾ ਹੈ। ਇਸ ਵਿੱਚ ‘ਅਹਿਰ’ ਸ਼ਬਦ ਦਾ ‘ਅ’ ਅੰਤਲੇ ਅੱਖਰ ‘ਹ’ ਤੋਂ ਪਹਿਲਾਂ ਲੱਗੇ ਕੰਨੇ ਵਿੱਚ ਬਦਲ ਗਿਆ ਹੈ (ਸਪਤ+ਆਹ/ਅਹਿਰ) ਅਤੇ ਅਹਿਰ ਸ਼ਬਦ ਵਿਚਲਾ ‘ਰ’ ਅੱਖਰ ਸਮੇਂ ਦੇ ਨਾਲ਼ ਲੋਕ-ਉਚਾਰਨ ਨੇ ਖ਼ਤਮ ਕਰ ਦਿੱਤਾ ਹੈ। ਸੋ, ਸਾਨੂੰ ‘ਦਹਿਸਰ’ ਅਤੇ ‘ਦਸਹਿਰਾ’ ਸ਼ਬਦਾਂ ਦੇ ਅਰਥਾਂ ਨੂੰ ਰਲ਼ਗੱਡ ਨਹੀਂ ਕਰਨਾ ਚਾਹੀਦਾ ਅਤੇ ਇਹਨਾਂ ਦੇ ਵੱਖੋ-ਵੱਖਰੇ ਅਰਥਾਂ ਨੂੰ ਸਮਝਣਾ ਚਾਹੀਦਾ ਹੈ। ਹਿੰਦੀ/ਸੰਸਕ੍ਰਿਤ ਭਾਸ਼ਾਵਾਂ  ਵਿੱਚ ਵੀ ਦਸਹਿਰਾ ਸ਼ਬਦ ਨੂੰ ‘ਦਸ਼ਹਿਰਾ’ (दशहरा= ਦਸ਼ਮ+ ਅਹਿਰ+ਆ) ਅਰਥਾਤ ਬਿਨਾਂ ਔਂਕੜ ਤੋਂ ਹੀ ਲਿਖਿਆ ਜਾਂਦਾ ਹੈ ਪਰ ਅਸੀਂ ਪੰਜਾਬੀ ਅੱਜ ਤੱਕ ਪਤਾ ਨਹੀਂ ਕਿਉਂ ‘ਦਸਹਿਰੇ’ ਨੂੰ ਹਮੇਸ਼ਾਂ ‘ਔਂਕੜ’ ਪਾ ਕੇ ਹੀ ਲਿਖਦੇ ਆ ਰਹੇ ਹਾਂ? ਹਾਂ, ਚੰਡੀਗੜ੍ਹ ਤੋਂ ਛਪਦੇ ਪੰਜਾਬੀ ਦੇ ਇੱਕ ਪ੍ਰਮੁੱਖ ਅਖ਼ਬਾਰ ਨੇ ਜ਼ਰੂਰ ਪਿਛਲੇ ਕੁਝ ਸਾਲਾਂ ਤੋਂ ਇਸ ਦੇ ਸ਼ਬਦ-ਜੋੜ ਸਹੀ ਢੰਗ ਨਾਲ਼ (‘ਦਸਹਿਰਾ’  ਦੇ ਤੌਰ ‘ਤੇ) ਲਿਖਣੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਦੇ ਬਾਕੀ ਹਿੱਸੇ ਨੂੰ ਵੀ ਇਸ ਪਾਸੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।
 ‘ਸਾਲਾਨਾ’ ਅਤੇ ‘ਦੀਵਾਲੀ’ ਕਿ ‘ਸਲਾਨਾ’ ਅਤੇ ‘ਦਿਵਾਲ਼ੀ’?
“”””””””””””””””””””””””””””””“”””””””””””””””””””””””””””””“”””””””
      ਉਪਰੋਕਤ ਉਦਾਹਰਨਾਂ ਵਿਚਲੇ ਜਿਨ੍ਹਾਂ ਸ਼ਬਦਾਂ ਦੇ ਸ਼ਬਦ-ਰੂਪਾਂ ਉੱਤੇ ਵਧੇਰੇ ਵਾਵੇਲਾ ਮੱਚਦਾ ਹੈ, ਉਹ ਹਨ: “ਸਲਾਨਾ” ਅਤੇ “ਦਿਵਾਲ਼ੀ”। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਸਾਨੂੰ ਮੁੱਢ ਤੋਂ ਹੀ ਇਹਨਾਂ ਸ਼ਬਦਾਂ ਦੇ ਸ਼ਬਦ-ਜੋੜ ‘ਸਾਲਾਨਾ’ ਅਤੇ ‘ਦੀਵਾਲੀ’ ਦੇ ਤੌਰ ‘ਤੇ ਹੀ ਸਿਖਾਏ ਜਾਂਦੇ ਰਹੇ ਹਨ ਜਿਸ ਕਾਰਨ ਉਪਰੋਕਤ ਸ਼ਬਦਾਂ ਦੇ ਬਦਲੇ ਹੋਏ ਸ਼ਬਦ-ਜੋੜ (ਸਲਾਨਾ ਅਤੇ ਦਿਵਾਲ਼ੀ) ਸਾਡੀ ਮਾਨਸਿਕਤਾ ਦਾ ਅੰਗ ਹੀ ਨਹੀਂ ਬਣ ਸਕੇ। ਇਸੇ ਕਾਰਨ ਇਹਨਾਂ ਅਤੇ ਅਜਿਹੇ ਕਈ ਹੋਰ ਸ਼ਬਦਾਂ ਦੇ ਸ਼ਬਦ-ਜੋੜਾਂ ਬਾਰੇ ਸਾਡੀ ਧਾਰਨਾ ਅਜੇ ਵੀ ਬਦਲ ਨਹੀਂ ਸਕੀ। ਇਸ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਇਹ ਗੱਲ ਵੀ ਦੱਸੀ ਜਾਂਦੀ ਰਹੀ ਹੈ ਕਿ ਕਿਉਂਕਿ ਇਹ ਸ਼ਬਦ ‘ਸਾਲ’ ਅਤੇ ‘ਦੀਵਾ’ ਸ਼ਬਦਾਂ ਤੋਂ ਬਣੇ ਹੋਏ ਹਨ ਇਸ ਲਈ ਇਹਨਾਂ ਸ਼ਬਦਾਂ ਵਿਚਲੇ ਪਹਿਲੇ ਦੋਂਹਾਂ ਅੱਖਰਾਂ (ਸਾਲਾਨਾ ਦੇ ‘ਸਾ’ ਅਤੇ ਦੀਵਾਲੀ ਵਿਚਲੇ ‘ਦੀ’) ਨਾਲ਼ ਲੱਗੀਆਂ ਦੀਰਘ ਮਾਤਰਾਵਾਂ ਹਟਾਈਆਂ ਨਹੀਂ ਜਾ ਸਕਦੀਆਂ। ਪੰਜਾਬੀ ਸ਼ਬਦ-ਜੋੜਾਂ ਬਾਰੇ ਸਾਨੂੰ ਅਜਿਹੀ ਸੋਚ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ। ਨਿਯਮ ਹਰ ਸ਼ਬਦ ਲਈ ਇਕਸਮਾਨ ਹੀ ਹੁੰਦੇ ਹਨ। ਦਰਅਸਲ ਭਾਸ਼ਾ ਨਾਲ਼ ਸੰਬੰਧਿਤ ਸ਼ਬਦ – ਜੋੜਾਂ ਦੇ ਅਜਿਹੇ ਨਿਯਮ ਸ਼ੁਰੂ – ਸ਼ੁਰੂ ਵਿੱਚ ਹੀ ਜ਼ਰਾ ਔਖੇ ਜਾਪਦੇ ਹਨ ਪਰ ਜਦੋਂ ਸਾਨੂੰ ਤਕਨੀਕੀ ਅਤੇ ਭਾਸ਼ਾ – ਵਿਗਿਆਨਿਕ ਪੱਖ ਤੋਂ ਇਹਨਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਅਸੀਂ ਅਜਿਹੀਆਂ ਗ਼ਲਤੀਆਂ ਕਦੇ ਭੁੱਲ ਕੇ ਵੀ ਨਹੀਂ ਦੁਹਰਾਉਂਦੇ।
          ਅਜਿਹੇ ਸ਼ਬਦਾਂ ਉੱਤੇ ਸ਼ਬਦ-ਜੋੜਾਂ ਸੰਬੰਧੀ ਇੱਕ ਹੋਰ ਨਿਯਮ ਵੀ ਲਾਗੂ ਹੁੰਦਾ ਹੈ- “ਜਿਵੇਂ ਬੋਲੋ, ਤਿਵੇਂ ਲਿਖੋ”। ਸੋ, ਕਿਉਂਕਿ ਦਿਵਾਲ਼ੀ ਦਾ ਉਚਾਰਨ ਅਸੀਂ ਦਿਵਾਲ਼ੀ ਅਤੇ ਸਾਲਾਨਾ ਦਾ ਉਚਾਰਨ ਸਲਾਨਾ ਹੀ ਕਰਦੇ ਹਾਂ ਇਸ ਲਈ ਉਪਰੋਕਤ ਕਾਰਨਾਂ ਕਰਕੇ ਅਤੇ ਇਸ ਤੋਂ ਬਿਨਾਂ ਕਿਉਂਕਿ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ (ਪੰ.ਯੂ.ਪ.) ਅਨੁਸਾਰ ਵੀ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਜੋੜ ਹੀ ਸਹੀ ਮੰਨੇ ਗਏ ਹਨ ਇਸ ਲਈ ਅਜਿਹੇ ਸ਼ਬਦਾਂ ਦੇ ਸ਼ਬਦ-ਜੋੜਾਂ ਲਈ ਸਾਨੂੰ ਭਾਸ਼ਾ -ਵਿਗਿਆਨੀਆਂ ਅਤੇ ਵਿਦਵਾਨਾਂ ਦੁਆਰਾ ਘੜੇ ਗਏ ਉਪਰੋਕਤ ਵਿਆਕਰਨਿਕ ਨਿਯਮਾਂ ਦੇ ਪਾਬੰਦ ਹੋਣਾ ਹੀ ਪਵੇਗਾ। ਅਜਿਹੇ ਉੱਦਮ ਤੋਂ ਬਿਨਾਂ ਪੰਜਾਬੀ ਸ਼ਬਦ-ਜੋੜਾਂ ਵਿੱਚ ਇਕਸਾਰਤਾ ਲਿਆਉਣ ਦੀ ਗੱਲ ਅਸਾਨ ਨਹੀਂ ਹੈ।
ਜਸਵੀਰ ਸਿੰਘ ਪਾਬਲਾ         
ਸੰਪਰਕ ਨੰਬਰ+91 98884 03052
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬਸ ਸਟੈਂਡ ਮਹਿਤਪੁਰ ਵਾਲਾ ਠੇਕਾ ਅਹਾਤੇ ਸਮੇਤ ਤਬਦੀਲ ਕਰਨ ਦੀ ਮੰਗ
Next article‘ਸਰਕਾਰ ਆਪ ਕੇ ਦੁਆਰ’ ਤਹਿਤ ਪਿੰਡ ਠੱਟਾ ਨਵਾਂ ‘ਚ ਕੈਂਪ ਦਾ ਆਯੋਜਨ ਐਸ ਡੀ ਐੱਮ ਜਸਪ੍ਰੀਤ ਸਿੰਘ ਨੇ ਬਿਨੈਕਾਰਾਂ ਨੂੰ ਸੌਂਪੇ ਦਸਤਾਵੇਜ਼