ਕੱਤਣੀ ਮੇਰੀ ਫੁੱਲਾਂ ਵਾਲੀ…

ਡਾ. ਪ੍ਰਿਤਪਾਲ ਸਿੰਘ ਮਹਿਰੋਕ

  ਡਾ. ਪ੍ਰਿਤਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ) ਚਰਖੇ ਨੂੰ ਕਦੇ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਸੀ। ਕੱਤਣੀ ਤੇ ਚਰਖੇ ਦਾ ਆਪਸ ਵਿੱਚ ਬਹੁਤ ਨੇੜਲਾ ਸਬੰਧ ਹੁੰਦਾ ਸੀ। ਕੱਤਣੀ ਤੋਂ ਬਿਨਾਂ ਚਰਖਾ ਤੇ ਚਰਖੇ ਤੋਂ ਬਿਨਾਂ ਕੱਤਣੀ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਕੱਤਣੀ ਰੰਗ ਬਰੰਗੀਆਂ ਤੀਲੀਆਂ ਜਾਂ ਮੋਰ ਦੇ ਖੂਬਸੂਰਤ ਖੰਭਾਂ ਨਾਲ ਬਣਾਈ ਬੋਹਣੀ ਹੁੰਦੀ ਸੀ, ਜਿਸ ਵਿੱਚ ਮੁਟਿਆਰਾਂ ਚਰਖੇ ‘ਤੇ ਸੂਤ ਕੱਤਣ ਸਮੇਂ ਪੂਣੀਆਂ ਨੂੰ ਅਤੇ ਕੱਤੇ ਹੋਏ ਗਲੋਟਿਆਂ ਨੂੰ ਰੱਖਦੀਆਂ ਸਨ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ-“ਕਾਨੇ ਅਤੇ ਮੁੰਜ ਦੀ ਬਣੀ ਪੱਛੀ,ਜਿਸ ਵਿੱਚ ਕੁੜੀਆਂ ਚਰਖਾ ਕੱਤਣ ਵੇਲੇ ਆਪਣੀਆਂ ਪੂਣੀਆਂ ਰੱਖਦੀਆਂ ਸਨ, ਨੂੰ ਕੱਤਣੀ ਕਿਹਾ ਜਾਂਦਾ ਸੀ।”(ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 962)। ਡਾ.ਕੰਵਰਜੀਤ ਸਿੰਘ ਕੰਗ ਅਨੁਸਾਰ-“ਕੱਤਣੀ ਬਣਾਉਣ ਲਈ ਮੁੰਜ ਜਾਂ ਕਣਕ ਦੀਆਂ ਤੀਲਾਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਵਧੇਰੇ ਮਜ਼ਬੂਤ ਤੇ ਹੰਢਣਸਾਰ ਕੱਤਣੀਆਂ ਸਰਕੰਡੇ ਦੀਆਂ ਤੀਲ੍ਹਾਂ ਦੀਆਂ ਬਣਦੀਆਂ ਸਨ।”(ਪੇਂਡੂ ਸੱਭਿਆਚਾਰ ਵਿੱਚ ਕੱਤਣੀ, ਪੰਜਾਬੀ ਟ੍ਰਿਬਿਊਨ, 6 ਸਤੰਬਰ 1917)। ਸਰਕੰਡੇ ਦੀਆਂ ਤੀਲ੍ਹਾਂ ਨੂੰ ਰੇਸ਼ਮੀ ਰੰਗਦਾਰ ਧਾਗਿਆਂ ਨਾਲ ਜੜ ਕੇ ਚੌਰਸ ਡੱਬੇ ਵਰਗੀ ਸ਼ਕਲ ਦਿੱਤੀ ਜਾਂਦੀ ਸੀ ਜਿਸਨੂੰ ਕੱਤਣੀ ਕਿਹਾ ਜਾਂਦਾ ਸੀ। ਕੁੜੀਆਂ ਇਕੱਠੀਆਂ ਬੈਠ ਕੇ ਕੱਤਦੀਆਂ ਸਨ। ਜਦੋਂ ਕਿਸੇ ਮੁਟਿਆਰ ਦੀ ਕੱਤਣੀ ਪੂਣੀਆਂ ਤੇ ਗਲੋਟਿਆਂ ਨਾਲ ਉਪਰ ਤੱਕ ਭਰ ਜਾਂਦੀ ਸੀ ਤਾਂ ਉਸਨੂੰ ਚਰਖਾ ਕੱਤਣ ਵਿੱਚ ਮੁਹਾਰਤ ਰੱਖਣ ਵਾਲੀ ਹੁਨਰਮੰਦ ਮੁਟਿਆਰ ਵਜੋਂ ਜਾਣਿਆਂ ਜਾਂਦਾ ਸੀ। ਸਮਝਿਆ ਜਾਂਦਾ ਸੀ ਕਿ ਉਸਨੇ ਸਨਮਾਨਯੋਗ ਮੁਕਾਮ ਹਾਸਲ ਕਰ ਲਿਆ ਹੈ। ਉਸਦੀਆਂ ਸਖੀਆਂ ਉਸਦੇ ਹੁਨਰ ਦੀ ਕਦਰ ਕਰਦੀਆਂ ਸਨ। ਪੂਣੀਆਂ ਤੇ ਗਲੋਟਿਆਂ ਨਾਲ ਭਰੀ ਕੱਤਣੀ ਦੀ ਮਾਲਕਣ ਮੁਟਿਆਰ ਵੀ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ ਹੁੰਦੀ। ਸਭ ਤੋਂ ਪਹਿਲਾਂ ਪੂਣੀਆਂ ਕੱਤ ਲੈਣ ਦਾ ਚਾਅ ਤੇ ਮਾਣ ਉਸਨੂੰ ਖੇੜੇ ਨਾਲ ਨੱਕੋ ਨੱਕ ਭਰ ਦਿੰਦਾ ਸੀ। ਉਸ ਕੋਲੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਸਭ ਨਾਲੋਂ ਤੇਜ਼ ਤੇ ਵੱਧ ਪੂਣੀਆਂ ਕੱਤਣ ਦੇ ਚਾਅ ਵਿੱਚ ਉਸਦੇ ਪੈਰ ਧਰਤੀ ‘ਤੇ ਨਹੀਂ ਸਨ ਲੱਗਦੇ ਹੁੰਦੇ :
ਜਦੋਂ ਯਾਦ ਮਾਹੀ ਦੀ ਆਵੇ
ਕੱਤਣੀ ‘ਤੇ ਲੁਟਕ ਗਈ।
ਸੁੰਦਰ, ਸੱਜ-ਧੱਜ ਭਰਪੂਰ ਤੇ ਪੂਣੀਆਂ ਤੇ ਗਲੋਟਿਆਂ ਨਾਲ ਭਰੀ ਕੱਤਣੀ ਸਭ ਨੂੰ ਚੰਗੀ ਲੱਗਦੀ ਸੀ। ਕੱਤਣ, ਤੁੰਬਣ, ਬੁਣਨ, ਹੱਥੀਂ ਕੱਢਾਈ ਕਰਨ ਤੇ ਹੋਰ ਲੋਕ ਕਲਾਵਾਂ ਵਿੱਚ ਮਾਹਿਰ ਕੁੜੀਆਂ ਕੱਤਣੀ ਨੂੰ ਬੜੀਆਂ ਰੀਝਾਂ, ਸ਼ੌਕ, ਚਾਅ ਤੇ ਉਤਸ਼ਾਹ ਨਾਲ ਖੁਦ ਆਪਣੇ ਹੱਥੀਂ ਤਿਆਰ ਕਰਦੀਆਂ ਸਨ। ਚੰਗੇ ਸਰਦੇ-ਪੁੱਜਦੇ ਘਰਾਂ ਦੀਆਂ ਕੁੜੀਆਂ( ਔਰਤਾਂ ) ਸ਼ੌਕੀਆ ਤੌਰ ‘ਤੇ ਚਾਂਦੀ ਦੀ ਕੱਤਣੀ ਵੀ ਬਣਵਾ ਲੈਂਦੀਆਂ ਸਨ। ਕਈ ਔਰਤਾਂ ਮੋਰ ਖੰਭਾਂ ਨਾਲ ਬਣਾਈਆਂ ਵਿਸ਼ੇਸ਼ ਪ੍ਰਕਾਰ ਦੀਆਂ ਕੱਤਣੀਆਂ ਰੱਖਣ ਦਾ ਸ਼ੌਕ ਵੀ ਪਾਲ਼ਦੀਆਂ ਸਨ। ਹੁਣ ਕੱਤਣੀ ਪਰੰਪਰਾ ਨਾਲ ਜੁੜੀ ਇਕ ਵਸਤੂ ਬਣ ਕੇ ਰਹਿ ਗਈ ਹੈ। ਪੰਜਾਬੀ ਦੇ ਕਈ ਲੋਕ ਗੀਤਾਂ ਵਿੱਚ ਵੀ ਕੱਤਣੀ ਦੀ ਚਰਚਾ ਛਿੜਦੀ ਆਈ ਹੈ :
* ਵੀਰ ਮੇਰੇ ਨੇ ਸੰਧਾਰੇ ਵਿੱਚ ਭੇਜੀ
ਕੱਤਣੀ ਚਾਂਦੀ ਦੀ।
* ਮੇਰੀ ਕੱਤਣੀ ਫਰਾਟੇ ਮਾਰੇ
ਪੂਣੀਆਂ ਦੇ ਸੱਪ ਬਣ ਗਏ।
* ਤੇਰੇ ਚੱਜ ਨਾ ਵੱਸਣ ਦੇ ਦਿਸਦੇ
ਕੱਤਣੀ ‘ਚ ਰੱਖੇਂ ਰਿਓੜੀਆਂ।
*  ਮੇਰੀ ਕੱਤਣੀ ਨਸੀਬਾਂ ਵਾਲੀ
ਭਰੀ ਰਹਿੰਦੀ ਲੱਡੂਆਂ ਦੀ।
ਛੋਟੀ ਕਿਰਸਾਨੀ ਨਾਲ ਸਬੰਧਤ ਪਰਿਵਾਰਾਂ ਦੀਆਂ ਔਰਤਾਂ ਆਪਣੀਆਂ ਪਰਿਵਾਰਕ ਲੋੜਾਂ ਪੂਰੀਆਂ ਕਰਨ ਵਾਸਤੇ ਅਤੇ ਸੂਤ ਜਾਂ ਕੱਪੜਾ ਤਿਆਰ ਕਰਨ ਵਾਸਤੇ ਕਿਸੇ ਘਰ ਦੇ ਵਿਹੜੇ ਵਿੱਚ ਬੈਠ ਕੇ ਆਪੋ ਆਪਣੇ ਚਰਖਿਆਂ ‘ਤੇ ਕੱਤਦੀਆਂ ਸਨ। ਕਪਾਹ ਦੀਆਂ ਪੂਣੀਆਂ ਰੱਖਣ ਲਈ ਬੋਹੀਆ ਅਤੇ ਕੱਤੇ ਹੋਏ ਸੂਤ ਦੇ ਗਲੋਟੇ ਰੱਖਣ ਲਈ ਉਨ੍ਹਾਂ ਕੋਲ ਕੱਤਣੀ ਹੁੰਦੀ ਸੀ। ਕੱਤਣੀ ਨੂੰ ਦੋ ਜਾਂ ਤਿੰਨ ਡੱਬਿਆਂ ਵਾਲੀ ਵੀ ਬਣਾਇਆ ਜਾਂਦਾ ਸੀ। ਵੰਨ-ਸੁਵੰਨੀਆਂ ਸਜਾਵਟ ਵਾਲੀਆਂ ਕੱਤਣੀਆਂ ਨੂੰ ਲੋਕ ਕਲਾ ਦਾ ਸੁੰਦਰ ਨਮੂਨਾ ਸਮਝਿਆ ਜਾਂਦਾ ਸੀ।
ਹੱਥੀਂ ਤਿਆਰ ਕੀਤੀ ਕੱਤਣੀ ਨਾਲ ਕੱਤਣੀ ਬਣਾਉਣ ਵਾਲੀਆਂ ਦੀ ਭਾਵੁਕ ਸਾਂਝ ਹੁੰਦੀ ਸੀ ਤੇ ਉਹ ਉਸਨੂੰ ਪਿਆਰ ਵੀ ਬਹੁਤ ਕਰਦੀਆਂ ਸਨ। ਜੇ ਕਦੇ ਕੱਤਣੀ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਂਦਿਆਂ ਜਾਂ ਹੱਥੋਂ ਡਿੱਗ ਜਾਣ ਕਾਰਨ ਕੱਤਣੀ ਦੀ ਕੋਈ ਤੀਲ ਟੁੱਟ ਜਾਂਦੀ ਸੀ, ਜਾਂ ਮੋਰ-ਖੰਭ ਹਿੱੱਲ ਜਾਂਦਾ ਸੀ ਤਾਂ ਮੁਟਿਆਰ ਦੇ ਮਨ ‘ਤੇ ਜਿਵੇਂ ਚੋਟ ਲੱਗ ਜਾਂਦੀ ਸੀ। ਕੱਤਣੀ ਦੀਆਂ ਟੁੱਟੀਆਂ ਤੀਲ੍ਹਾਂ ਦੀ ਥਾਂ ‘ਤੇ ਨਵੀਆਂ ਪਾਉਣ ਲਈ ਜਾਂ ਨਵੇਂ ਮੋਰ-ਖੰਭ ਜੜਨ ਲਈ ਉਹ ਕਲਹਿਰੀ ਮੋਰ ਅੱਗੇ ਅਰਜ਼ੋਈ ਕਰਨ ਲੱਗ ਜਾਂਦੀ ਸੀ। ਆਪਣੀ ਕੱਤਣੀ ਨੂੰ ਉਹ ਮੁੜ ਨਵੀਂ ਨਕੋਰ ਵੇਖਣ ਦੀ ਇੱਛਾ ਰੱਖ ਰਹੀ ਹੁੰਦੀ ਸੀ :
ਕੱਤਣੀ ਦੀ ਤੀਲ ਟੁੱਟ ਗਈ
ਖੰਭ ਸੁੱਟ ਜਾ ਕਲਹਿਰੀਆ ਮੋਰਾ…।
ਕੱਤਣੀ ਨੂੰ ਉਹ ਇਸ ਹੱਦ ਤੱਕ ਪਿਆਰ ਕਰਦੀ ਹੁੰਦੀ ਸੀ ਕਿ ਕੱਤਣੀ ਦੀਆਂ ਤੀਲ੍ਹਾਂ ਨੂੰ ਪੂਰਿਆਂ ਕਰਨ ਲਈ ਤੇ ਉਨ੍ਹਾਂ ਨੂੰ ਨਵੇਂ ਸਿਰਿਓਂ ਕੱਤਣੀ ਵਿੱਚ ਜੜਨ ਲਈ ਉਹ ਆਪਣੇ ਪ੍ਰੇਮੀ ਅੱਗੇ ਅਜਿਹਾ ਵਾਸਤਾ ਪਾਉਣ ਤੋਂ ਵੀ ਸੰਕੋਚ ਨਹੀਂ ਸੀ ਕਰਦੀ। ਉਹ ਉਸਨੂੰ ਇੰਜ ਕਹਿ ਸੁਣਾਉਂਦੀ ਸੀ :
ਤੂੰ ਲੱਗ ਮੋਰਾਂ ਦਾ ਪਾਲੀ
ਵੇ ! ਮੈਂ ਕੱਤਣੀ ਬਣਾਉਣੀ ਮਿੱਤਰਾ…।
ਫਿਰ ਕਈ ਵਾਰ ਉਸਨੂੰ ਅਜਿਹਾ ਜੁਆਬ ਵੀ ਸੁਣਨਾ ਪੈਂਦਾ ਸੀ :
ਮੈਂ ਮੋਰਾਂ ਦਾ ਪਾਪ ਨਹੀਂ ਲੈਣਾ
ਅੱਗ ਲੱਗੇ ਕੱਤਣੀ ਨੂੰ…
ਕੱਤਣੀ ਦੇ ਨਾਲ ਕੁੜੀਆਂ ਆਪਣੇ ਦਿਲ ਸਾਗਰ ਦੀਆਂ ਅਨੰਤ ਗਹਿਰਾਈਆਂ ਵਿੱਚ ਉਸ ਪ੍ਰਤੀ ਛੁਪਾ ਕੇ ਰੱਖੇ ਪਿਆਰ ਦੀਆਂ ਭਾਵਨਾਵਾਂ ਤੱਕ ਦੀ ਸਾਂਝ ਬਣਾਈ ਰੱਖਦੀਆਂ ਸਨ। ਕਈ ਵਾਰ ਉਹ ਕੱਤਣੀ ਨਾਲ ਗੱਲਾਂ ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਵੀ ਕਰ ਲੈਂਦੀਆਂ ਸਨ। ਕੱਤਣੀ ਨਾਲ ਆਪਣੇ ਦੁੱਖ-ਸੁੱੱਖ ਸਾਂਝੇ ਕਰਕੇ ਉਹ ਆਪਣੇ ਮਨ ਦਾ ਬੋਝ ਵੀ ਹਲਕਾ ਕਰ ਲੈਂਦੀਆਂ ਸਨ। ਫਿਰ ਕਈ ਵਾਰ ਸੁਭਾਵਿਕ ਹੀ ਉਨ੍ਹਾਂ ਦੇ ਮੂੰਹੋਂ ਅਜਿਹੇ ਬੋਲ ਨਿਕਲ ਜਾਂਦੇ ਸਨ:
ਕੱਤਣੀ ਮੇਰੀ ਫੁੱਲਾਂ ਵਾਲੀ
ਭਰੀ ਭਰਾਈ ਰਹਿ ਗਈ
ਗੁੱਝੀ ਯਾਦ ਢੋਲ ਮੇਰੇ ਦੀ
ਮਨ ਵਿਚ ਆ ਕੇ ਬਹਿ ਗਈ…।
ਸਮੇਂ ਦੇ ਗੇੜ ਨਾਲ ਮਨੁੱਖ ਮਸ਼ੀਨਾਂ ‘ਤੇ ਨਿਰਭਰ ਕਰਨ ਲੱਗ ਪਿਆ। ਮਸ਼ੀਨਾਂ ਦਾ ਨਿਰਮਾਣ, ਵਿਕਾਸ, ਵਰਤੋਂ ਤੇ ਵਿਸਥਾਰ ਹੁੰਦਾ ਗਿਆ। ਮਨੁੱਖੀ ਜੀਵਨ ਵਿੱਚ ਮਸ਼ੀਨ ਦੀ ਦਖਲਅੰਦਾਜ਼ੀ ਨੇ ਉਸਦਾ ਜੀਵਨ ਸੁਖਾਲਾ ਵੀ ਬਣਾਇਆ, ਕੰਮ ਸੁਥਰਾ ਹੋਣ ਲੱਗਿਆ, ਝਟ-ਪਟ ਨਿਪਟਣ ਲੱਗਿਆ ਤੇ ਸਮੇਂ ਦੀ ਬੱਚਤ ਵੀ ਹੋਣ ਲੱਗੀ। ਮਸ਼ੀਨ ਦੇ ਬੋਲ-ਬਾਲੇ ਨਾਲ ਚਰਖੇ ਦੀ ਹੋਂਦ ‘ਤੇ ਸਵਾਲੀਆ  ਨਿਸ਼ਾਨ ਲੱਗਣਾ ਸ਼ੁਰੂ ਹੋ ਗਿਆ। ਚਰਖਾ ਤੇ ਕੱਤਣੀ ਜੋ ਇਕ ਦੂਜੇ ਦੇ ਪੂਰਕ ਸਨ, ਕਦੋਂ ਕੁ ਤੱਕ ਬਚੇ ਰਹਿ ਸਕਦੇ ਸਨ ? ਕੱਤਣੀ ਨਾਲ ਮੁਟਿਆਰਾਂ ਦਾ ਭਾਵਨਾਤਮਿਕ ਰਿਸ਼ਤਾ ਵੀ ਕਿੰਨਾ ਕੁ ਚਿਰ ਤੱਕ ਹੰਢ ਸਕਦਾ ਸੀ ? ਹੌਲੀ ਹੌਲੀ ਕੱਤਣੀ ਵੀ ਸਹਿਕਦੀ ਸਹਿਕਦੀ ਸਮੇਂ ਦੀ ਧੁੰਦ ਵਿੱਚ ਗਵਾਚ ਗਈ। ਕੰਪਿਊਟਰ ਅਤੇ ਇੰਟਰਨੈੱਟ ਦੇ ਯੁੱਗ ਦੇ ਬੱਚਿਆਂ ਨੇ ਕਦੇ ਕੱਤਣੀ ਸ਼ਬਦ ਹੀ ਨਹੀਂ ਸੁਣਿਆ ਹੋਵੇਗਾ, ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੋਣਾ ਤਾਂ ਦੂਰ ਦੀ ਗੱਲ ਹੈ। ਪੰਜਾਬੀ ਵਿਰਸੇ ਦੀ ਇਸ ਅਮੋਲਵੀਂ ਵਸਤੂ, ਜਿਸਦਾ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਸਥਾਨ ਵੀ ਰਿਹਾ ਹੈ ਤੇ ਜ਼ਿਕਰ ਵੀ ਚੱਲਦਾ ਆਇਆ ਹੈ ਦਾ ਵਿਗੋਚਾ ਮਨੁੱਖੀ ਅਵਚੇਤਨ ਵਿੱਚ ਕਿਧਰੇ ਧੂਹ ਤਾਂ ਪਾਉਂਦਾ ਹੋਵੇਗਾ ਹੀ ! ਪੰਜਾਬ ਵਿੱਚ,ਹੋਰਨਾਂ ਰਾਜਾਂ ਤੇ ਵਿਦੇਸ਼ਾਂ ਵਿੱਚ ਵੀ ਕਿਧਰੇ-ਕਿਧਰੇ ਅਜੇ ਵੀ ਅਜਿਹੇ ਲੋਕ ਮੌਜੂਦ ਹਨ ਜਿਹੜੇ ਪੁਰਾਤਨ ਕਲਾ ਨਾਲ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਵਿੱਚੋਂ ਕੁਝ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨਾਲ ਜੁੜੀਆਂ ਕਈ ਪੁਰਾਣੀਆਂ ਵਸਤੂਆਂ ਨੂੰ ਤੇ ਕੱਤਣੀਆਂ ਨੂੰ ਅਜੇ ਤੱਕ ਵੀ ਯਾਦਗਾਰ ਦੇ ਤੌਰ ‘ਤੇ ਸਾਂਭ ਕੇ ਰੱਖਿਆ ਹੋਇਆ ਹੈ। ਅਜਿਹੇ ਯਤਨ ਬੇਸ਼ੱਕ ਘੱਟ ਹਨ ਪਰ ਚੰਗੇ ਜ਼ਰੂਰ ਲੱਗਦੇ ਹਨ।
*****
  185-ਵਸੰਤ ਵਿਹਾਰ, ਡੀ.ਸੀ.ਰੈਜ਼ੀਡੈਂਸ ਰੋਡ,
                ਹੁਸ਼ਿਆਰਪੁਰ – 146 001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡੀ. ਐੱਸ. ਪੀ ਸਰਵਣ ਸਿੰਘ ਫਿਲੌਰ ਦੀ ਅਗਵਾਈ ‘ਚ ਪੁਲਿਸ ਪ੍ਰਸ਼ਾਸ਼ਨ ਨੇ ਸਮਾਜ ਵਿਰੋਧੀ ਅਨਸਰਾਂ ‘ਤੇ ਕੱਸੀ ਨਕੇਲ
Next articleਚਾਈਲਡ ਪੋਰਨੋਗ੍ਰਾਫੀ ‘ਤੇ SC ਦਾ ਵੱਡਾ ਫੈਸਲਾ, ਕਿਹਾ ਦੇਖਣਾ ਜਾਂ ਡਾਊਨਲੋਡ ਕਰਨਾ ਅਪਰਾਧ ਹੈ; ਹਾਈਕੋਰਟ ਦਾ ਫੈਸਲਾ ਪਲਟ ਗਿਆ