ਬੱਚਿਆਂ ਦੀ ਚੰਗੀ ਸਿਹਤ ਲਈ ਪੌਸ਼ਟਿਕ ਆਹਾਰ ਬਹੁਤ ਜਰੂਰੀ – ਡਾ.ਸੀਮਾ ਗਰਗ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰਾਸ਼ਟਰੀ ਪੋਸ਼ਣ ਹਫ਼ਤਾ ਹਰ ਸਾਲ 01 ਸਤੰਬਰ ਤੋਂ 07 ਸਤੰਬਰ ਤੱਕ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਸਮੇਂ ਦੌਰਾਨ ਸਰਕਾਰ ਰਾਹੀਂ ਕੀਤੀਆਂ ਗਈਆਂ ਪਹਿਲਕਦਮੀਆਂ ਪੋਸ਼ਣ ਅਤੇ ਚੰਗੇ ਭੋਜਨ, ਸਿਹਤਮੰਦ ਸਰੀਰ, ਦਿਮਾਗ ਅਤੇ ਜੀਵਨ ਸ਼ੈਲੀ ‘ਤੇ ਕੇਂਦ੍ਰਿਤ ਹਨ। ਸਿਵਲ ਸਰਜਨ ਡਾ. ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਇਸ ਹਫਤੇ ਦੀ ਸ਼ੁਰੂਆਤ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ ਅਤੇ ਜ਼ਿਲਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ ਦੀ ਪ੍ਰਧਾਨਗੀ ਹੇਠ “ ਹਰ ਕਿਸੇ ਲਈ ਪੌਸ਼ਟਿਕ ਆਹਾਰ ਜਰੂਰੀ “ ਥੀਮ ਦੇ ਤਹਿਤ ਇੱਕ ਜਾਗਰੂਕਤਾ ਕੈਂਪ ਲਗਾ ਕੇ ਕੀਤੀ ਗਈ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ.ਹਰਨੂਰ ਕੌਰ, ਡਾ. ੜਰਜਵੰਤ ਕੌਰ, ਡਾ.ਸੁਪ੍ਰੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਡਾ.ਤ੍ਰਿਪਤਾ ਦੇਵੀ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਮਨਦੀਪ ਕੌਰ, ਏਐਚਏ ਡਾ.ਸ਼ਿਪਰਾ, ਜ਼ਿਲਾ ਬੀ.ਸੀ.ਸੀ. ਕੁਆਰਡੀਨੇਟਰ ਸ੍ਰੀ ਅਮਨਦੀਪ ਸਿੰਘ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਟੀਕਾਕਰਣ ਅਫਸਰ ਡਾ ਸੀਮਾ ਗਰਗ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵਹਿਮਾਂ ਭਰਮਾਂ ਨੂੰ ਛੱਡਦੇ ਹੋਏ, ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਪੋਸ਼ਟਿਕ ਆਹਾਰ ਨੂੰ ਆਪਣੇ ਰੋਜ਼ਾਨਾ ਖਾਣੇ ਦਾ ਅਹਿਮ ਹਿੱਸਾ ਬਣਾਉਣ ਲਈ ਜ਼ੋਰ ਦਿੱਤਾ ਗਿਆ। ਉਹਨਾਂ ਹਾਜ਼ਰ ਔਰਤਾਂ ਨੂੰ ਜਾਗਰੂਕ ਮਾਂ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ 0-6 ਮਹੀਨੇ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ । ਉਹਨਾਂ ਕਿਹਾ ਕਿ ਮਾਵਾਂ ਨੂੰ ਆਪਣੇ ਬੱਚੇ ਨੂੰ ਆਪਣਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਨਰੋਆ ਤੇ ਸਿਹਤਮੰਦ ਰਹਿ ਸਕੇ।
ਬੱਚਿਆਂ ਦੇ ਮਾਹਿਰ ਡਾ. ਹਰਨੂਰ ਕੌਰ ਨੇ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੁੱਖ ਮੰਤਵ, ਬੱਚਿਆਂ ਵਿਚ ਕੁਪੋਸ਼ਣ ਅਤੇ ਬੋਣੇਪਣ ਤੋ ਬਚਾਅ ਕਰਨਾ ਅਤੇ ਘੱਟ ਕਰਨਾ, ਕੁਪੋਸ਼ਣ ਦੇ ਸ਼ਿਕਾਰ/ਘੱਟ ਭਾਰ ਵਾਲੇ, 0 ਤੋਂ 6 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 6 ਮਹੀਨੇ ਤੋਂ 59 ਮਹੀਨੇ ਤੱਕ ਦੇ ਬੱਚਿਆਂ ਵਿਚ ਅਨੀਮੀਆ ਸ਼ਿਕਾਰ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 15 ਤੋਂ 49 ਸਾਲ ਤੱਕ ਦੀਆਂ ਬੱਚੀਆਂ ਅਤੇ ਔਰਤਾਂ ਵਿਚ ਅਨੀਮੀਆ ’ਤੇ ਕੰਟਰੋਲ ਕਰਨਾ, ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦੀ ਗਿਣਤੀ ਵਿਚ ਸੁਧਾਰ ਕਰਨਾ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਇਸ ਅਭਿਆਨ ਦੌਰਾਨ ਸਿਹਤ ਵਿਭਾਗ ਦੇ ਵਰਕਰਾਂ ਵੱਲੋਂ ਘਰ-ਘਰ ਜਾ ਕੇ ਜਿੱਥੇ ਗਰਭਵਤੀ ਮਹਿਲਾਵਾਂ ਨੂੰ ਲੋੜੀਂਦੇ ਟੀਕਾਕਰਣ ਅਤੇ ਗਰਭ ’ਚ ਪਲ ਰਹੇ ਬੱਚੇ ਵਾਸਤੇ ਲੋੜੀਂਦੀ ਪੌਸ਼ਟਿਕ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਉੱਥੇ ਨਾਲ ਹੀ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਆਪਣੇ ਬੱਚਿਆਂ ਦੀ ਤੰਦਰੁਸਤ ਸਿਹਤ ਲਈ ਸੰਤੁਲਿਤ ਖੁਰਾਕ ਦੇ ਸੇਵਨ ਬਾਰੇ ਵੀ ਦੱਸਿਆ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੰਸਥਾ ‘ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ‘ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਦਿੱਤੀ ਚੇਤਾਵਨੀ
Next articleਸਰਕਾਰੀ ਕਾਲਜ ਵਿੱਚ ਪ੍ਰਤਿਭਾ ਖੋਜ ਦੇ ਮੁਕਾਬਲੇ ਕਰਵਾਏ ਗਏ