ਸੈਨਹੋਜ਼ੇ ‘ਚ ਸੁਹਾਂਜਣੇ ਨੇ ਕੀਤਾ ਸ਼ਰਮਿੰਦਾ !

 (ਸਮਾਜ ਵੀਕਲੀ) ਕਈ ਦਫਾ ਅੱਖਾਂ ਸਾਹਮਣੇ ਅਚਾਨਕ ਕੋਈ ਚੀਜ ਵਸਤ ਆ ਜਾਣ ‘ਤੇ ਤੁਹਾਡੀਆਂ ਯਾਦਾਂ ਦੀ ਪਟਾਰੀ ਵਿੱਚ ਇਕ ਦਮ ਹਲਚਲ ਸ਼ੁਰੂ ਹੋ ਜਾਂਦੀ ਐ।ਇਕ ਦਿਨ ਮੇਰੇ ਨਾਲ ਕੁੱਝ ਅਜਿਹਾ ਹੀ ਹੋਇਆ! ਆਪਣੀ ਘਰ ਵਾਲ਼ੀ ਨਾਲ਼ ਮੈਂ ਸੈਨਹੋਜ਼ੇ(ਕੈਲੇਫੋਰਨੀਆਂ) ਸ਼ਹਿਰ ਵਿਚ ਸਾਡੇ ਗੁਆਂਢ ਲਗਦੀ ਹਫਤਾਵਾਰੀ ਸਬਜ਼ੀ ਮੰਡੀ ਗਿਆ।ਉੱਥੇ ਅਨੇਕਾਂ ਤਰਾਂ ਦੀਆਂ ਸਬਜ਼ੀਆਂ ਅਤੇ ਭਾਂਤ-ਸੁਭਾਂਤੇ ਫਲ਼ ਫਰੂਟ ਵਿਚਕਾਰ ਟਾਹਣੀਆਂ ਦੀਆਂ ਬੰਨ੍ਹ ਬੰਨ੍ਹ ਕੇ ਰੱਖੀਆਂ ਗੁੱਛੀਆਂ ਉੱਤੇ ਮੇਰੀ ਨਜ਼ਰ ਪਈ ਤਾਂ ਉਨ੍ਹਾਂ ਦੇ ਪੱਤੇ ਦੇਖ ਕੇ ਮੈਨੂੰ ਲੱਗਿਆ ਕਿ ਇਹ ਤਾਂ ਸੁਹਾਂਜਣੇ ਦੀਆਂ ਟਾਹਣੀਆਂ ਹਨ!ਨੇੜੇ ਨੂੰ ਹੋ ਕੇ ਗਹੁ ਨਾਲ਼ ਦੇਖਿਆ ਤਾਂ ਇਨਾਂ ਗੁੱਛੀਆਂ ਉੱਤੇ ਅੰਗਰੇਜ਼ੀ ਵਿਚ Moringa ਲਿਖਿਆ ਹੋਇਆ ਸੀ ਤੇ ਨਾਲ਼ ਲਿਖੀ ਹੋਈ ਸੀ ਇਕ ਗੁੱਛੀ ਦੀ ਕੀਮਤ ਤਿੰਨ ਡਾਲਰ !
>        ਤਸੱਲੀ ਕਰਨ ਲਈ ਮੈਂ ਉਸੇ ਵੇਲੇ ਆਪਣੇ ਮੋਬਾਈਲ ਫੋਨ ‘ਤੇ ‘ਮਹਾਨ ਕੋਸ਼’ ਦੇਖਿਆ ਤਾਂ ਉੱਥੇ ਸੁਹਾਂਜਣੇ ਨੂੰ ਅੰਗਰੇਜ਼ੀ ਅੱਖਰਾਂ ਵਿਚ ‘ਮੋਰਿੰਗਾ’ ਲਿਖਿਆ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਜਿਸ ਸੁਹਾਂਜਣੇ ਨੂੰ ਕਦੇ ਪਿੰਡ ਰਹਿੰਦਿਆਂ ਅਸੀਂ ‘ਕੌਡੀਉਂ ਖੋਟਾ ਦਰਖਤ’ ਸਮਝਦੇ ਰਹੇ,ਉਸਦੇ ਮੁੱਠ ਕੁ ਭਰ ਪੱਤੇ ਅਮਰੀਕਾ ਵਿਚ 3-3 ਡਾਲਰ ਨੂੰ ਵਿਕ ਰਹੇ ਐ ? ਜਿਹੜੇ ਫਲ਼ ਫਰੂਟ ਦਾ ਰੰਗ ਰੂਪ ਦੇਖਦਿਆਂ ਹੀ ਮੂੰਹ ‘ਚ ਪਾਣੀ ਭਰ ਭਰ ਆ ਜਾਵੇ ਉਨ੍ਹਾਂ ਦੇ ਬਰਾਬਰ ਹੀ ਇੱਥੇ,ਸਾਡੇ ਵਲੋਂ ਇਕ ਵੇਲੇ ਨਖਿੱਧ ਤੇ ਨਿਕੰਮਾਂ ਸਮਝਿਆ ਜਾਣ ਵਾਲ਼ਾ ਸੁਹਾਂਜਣਾ ਵੀ ਸ਼ਾਨ ਨਾਲ ਰੱਖਿਆ ਹੋਇਆ ਸੀ? ਤੇ ਕਈ ਮੈਕਸੀਕੇ,ਗੋਰੇ ਅਤੇ ਚੀਨੇ ਗਾਹਕ ਇਹਦੀਆਂ ਦੋ-ਦੋ,ਤਿੰਨ-ਤਿੰਨ ਗੁੱਛੀਆਂ ਖ੍ਰੀਦ ਰਹੇ ਸਨ !
>        ਦੋਸਤੋ ਅਸਲ ਵਿਚ ਪਿੰਡ ਸਾਡੇ ਘਰ ਦੇ ਬਾਹਰਵਾਰ ਖੁੱਲ੍ਹੇ ਬਾੜੇ ਦੀ ਵਾੜ ਵਿਚ ਹੋਰ ਆਮ ਰਵਾਇਤੀ ਦਰਖਤਾਂ ਤੋਂ ਇਲਾਵਾ ਚਾਰ ਪੰਜ ਸੁਹਾਂਜਣੇ ਦੇ ਦਰਖਤ ਵੀ ਹੁੰਦੇ ਸਨ(ਦੋ ਦਰਖਤ ਹਾਲੇ ਵੀ ਹੈਗੇ) ਜਿਨ੍ਹਾਂ ਬਾਰੇ ਸਾਡੇ ਬਾਪ ਦੇ ਦੱਸਣ ਮੁਤਾਬਕ ਇਹ ਸਾਡੇ ਦਾਦੇ-ਪੜਦਾਦੇ ਦੇ ਵੇਲਿਆਂ ਤੋਂ ਹੀ ਲਾਏ ਹੋਏ ਸਨ!ਬਰਸਾਤ ਤੋਂ ਮਗਰੋਂ ਆਵਾਗੌਣ ਫੈਲਣ ਕਾਰਨ ਜਦ ਅਸੀਂ ਵਾੜ ਦੀ ਕਾਂਟ-ਛਾਂਟ ਕਰਨ ਵੇਲੇ ਸੁਹਾਂਜਣਿਆਂ ਦੀ ਵੱਢ-ਵਢਾਈ ਕਰਦੇ ਤਾਂ ਏਨਾ ਭੈੜਾ ਜਿਹਾ ਮੁਸ਼ਕ ਚੜ੍ਹਨਾ ਕਿ ਪੁੱਛੋ ਨਾ!ਇਨ੍ਹਾਂ ਨੂੰ ਕਿੰਨਾਂ ਕਿੰਨਾਂ ਲਗਦਾ ਲਾਲ ਰੰਗ ਦਾ ਗੂੰਦ ਵੀ ਬੇਕਾਰ ਹੀ ਹੁੰਦਾ ਸੀ ਕਿਉਂਕਿ ਉਹ ਸਾਡੀਆਂ ਕਾਪੀਆਂ ਕਿਤਾਬਾਂ ਜੋੜਨ ਦੇ ਕੰਮ ਨਹੀਂ ਸੀ ਆਉਂਦਾ।ਚੁੱਲ੍ਹ ਵਾਸਤੇ ਇਹਦਾ ਬਾਲਣ ਤਾਂ ਬਣਦਾ ਹੀ ਨਹੀਂ ਸੀ,ਬਸ ਇਹਦੇ ‘ਗਾਹਕ’ ਸਾਡੇ ਘਰੇ ਅਕਸਰ ਆਉਂਦੇ ਰਹਿੰਦੇ ਸਨ!ਕੋਈ ਇਸਦੇ ਪੱਤੇ ਲੈਣ ਆਉਂਦਾ,ਕੋਈ ਦਰਖਤ ਦੀ ਛਿੱਲ ਲਾਹ ਕੇ ਲੈ ਜਾਂਦਾ, ਕੋਈ ਜੜ੍ਹਾਂ ਤੇ ਕੋਈ ਇਹਦੀਆਂ ਫਲ਼ੀਆਂ! ਆਪਣੇ ਬਾਪ ਨੂੰ ਹਰ ਸਾਲ ਬੜੀ ਰੀਝ ਨਾਲ਼ ਸੁਹਾਂਜਣੇ ਦੀਆਂ ਫਲ਼ੀਆਂ ਦਾ ਅਚਾਰ ਪਾਉਂਦਿਆਂ ਦੇਖ ਕੇ ਅਸੀਂ ਭੈਣ ਭਰਾਵਾਂ ਨੇ ਉਨ੍ਹਾਂ ਨੂੰ ਮਖੌਲ ਕਰਨੇ ਕਿ ਬੁਰਾ ਜਿਹਾ ਮੁਸ਼ਕ ਮਾਰਦਾ ਅਚਾਰ ਪਤਾ ਨੀ ਇਹ ਕਿੱਦਾਂ ਖਾ ਲੈਂਦੇ ਆ !ਪਰ ਉਹ ਅਚਾਰ ਦਾ ਇੱਕ ਡੱਬਾ ਆਪਣੇ ਲਈ ਰੱਖਦੇ ਤੇ ਇੱਕ ਡੱਬਾ ਆਪਣੇ ਮਿੱਤਰ ਬੈਰਸੀਆਂ ਪਿੰਡ ਵਾਲ਼ੇ ਬਜ਼ੁਰਗ ਸ਼ੇਰ ਸਿੰਘ ਬਾਗਾਂ ਵਾਲ਼ੇ ਨੂੰ ਦੇ ਕੇ ਆਉਂਦੇ!
>       ਸੁਹਾਂਜਣੇ ਦੀਆਂ ਫਲ਼ੀਆਂ ਦਾ ਇਹ ਅਚਾਰ ‘ਮਚਾਕੇ ਲਾ ਲਾ’ ਖਾਣ ਵੇਲੇ ਕਦੇ ਕਦੇ ਭਾਈਆ ਜੀ ਨੇ ਸਾਡੇ ਕੋਲ਼ ਬੈਠੇ ਰੋਟੀ ਖਾਂਦਿਆਂ ਦੀਆਂ ਥਾਲ਼ੀਆਂ ਵਿਚ ਵੀ ਬਦੋ ਬਦੀ ਰੱਖਣਾ ਕਿ ‘ਉਏ ਇਹ ਬਹੁਤ ਗੁਣਕਾਰੀ ਹੁੰਦਾ ਐ’ ਪਰ ਅਸੀਂ ਭੈਣਾ ਭਰਾਵਾਂ ਨੇ ਨੱਕ-ਬੁੱਲ੍ਹ ਵੱਟਦਿਆਂ ਨਾਂਹ ਕਰ ਦੇਣੀ!ਮੈਨੂੰ ਇਹ ਵੀ ਯਾਦ ਹੈ ਕਿ ਬਚਪਨੇ ‘ਚ ਅਸੀਂ ਭੈਣ ਭਰਾ ਇਸ ਅਚਾਰ ਦੀਆਂ ਇਕ-ਦੋ ਫਲ਼ੀਆਂ ਕਦੇ ਕਦੇ ਮਜ਼ਾਕ ਵਜੋਂ ਖਾਣ ਦਾ ‘ਨਾਟਕ’ ਵੀ ਕਰ ਲੈਂਦੇ ਹੁੰਦੇ ਸਾਂ ! ਆਪਸ ਵਿੱਚੀਂ ਅਸੀਂ ਹੱਸਣਾ ਕਿ ਜੇ ਘਰ ਆਉਂਦੇ ਪ੍ਰਾਹੁਣੇ ਬੰਦ ਕਰਨੇ ਹੋਣ ਤਾਂ ਉਨ੍ਹਾਂ ਨੂੰ ਆਇਆਂ ਨੂੰ ਰੋਟੀ ਨਾਲ਼ ਇਹ ਅਚਾਰ ‘ਪ੍ਰੋਸਣਾ’ ਚਾਹੀਦਾ ਐ,ਉਹ ਮੁੜ ਕਦੇ ਨਾ ਆਉਣ !!ਭਾਈਆ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਅਸੀਂ ਬੇਲੋੜੇ ਸਮਝ ਕੇ ਸੁਹਾਂਜਣੇ ਦੇ ਕਈ ਦਰਖਤ ਵੱਢ ਸੁੱਟੇ ਸਨ!
>      ਸੋ ਕੈਲੇਫੋਰਨੀਆਂ (ਅਮਰੀਕਾ)ਦੇ ਸੈਨਹੋਜ਼ੇ ਸ਼ਹਿਰ ਦੀ ਸਬਜੀ ਮੰਡੀ ਵਿਚ ਹੁਣ ਸੁਹਾਂਜਣਾ ਮਹਿੰਗਾ ਵਿਕਦਾ ਦੇਖ ਕੇ ਮੈਂ ਆਪਣੇ ਬਚਪਨੇ/ਜਵਾਨੀ ਵਿਚ ਕੀਤੀ ਮਹਾਂ ਬੇਵਕੂਫੀ ਚੇਤੇ ਕਰਕੇ ਸ਼ਰਮਿੰਦਾ ਵੀ ਬਹੁਤ ਹੋਇਆ !

> -ਤਰਲੋਚਨ ਸਿੰਘ ‘ਦੁਪਾਲ ਪੁਰ’
> 001-408-915-1268
[email protected]

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article‘ਗੁੜੀਆ’ ਟ੍ਰੈਕ ਨਾਲ ਗਾਇਕ ਸੋਹਣ ਸ਼ੰਕਰ ਨੇ ਦਿੱਤੀ ਦਸਤਕ
Next articleਬੁੱਧ ਬਾਣ