ਸਿੱਖ ਸਕਾਲਰ ਤੇ ਉੱਚ ਕੋਟੀ ਦੇ ਵਿਦਵਾਨ :ਪ੍ਰਿੰ: ਸਤਿਬੀਰ ਸਿੰਘ

ਪ੍ਰਿੰ: ਸਤਿਬੀਰ ਸਿੰਘ

(ਸਮਾਜ ਵੀਕਲੀ)  ਪ੍ਰਿੰ: ਸਤਿਬੀਰ ਸਿੰਘ ਗੁਰਮਤਿ ਦੇ ਮਹਾਨ ਵਿਦਵਾਨ, ਸਿੱਖ ਸਕਾਲਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ, ਖ਼ਾਲਸਾ ਕਾਲਜ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ, ਪੰਥਕ ਹਲਕਿਆਂ ਵਿੱਚ ਹਰਮਨ-ਪਿਆਰੀ ਮਨੋਹਰ ਸ਼ਖ਼ਸੀਅਤ ਸਨ। ਉਹਨਾਂ ਦਾ ਜਨਮ 1 ਮਾਰਚ 1932 ਈ: ਨੂੰ ਜਿਹਲਮ ਹੁਣ ਪਾਕਿਸਤਾਨ ਵਿੱਚ ਪਿਤਾ ਭਾਈ ਹਰਨਾਮ ਸਿੰਘ ਦੇ ਘਰ ਮਾਤਾ ਰਣਜੀਤ ਕੌਰ ਜੀ ਦੀ ਕੁੱਖੋਂ ਹੋਇਆ। ਆਪ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦੇ ਅਤੇ ਪੜ੍ਹਾਈ ਦੇ ਸ਼ੌਕੀਨ ਸਨ। ਦੇਸ਼ ਵੰਡ ਤੋਂ ਬਾਅਦ ਆਪ ਆਪਣੇ ਮਾਤਾ-ਪਿਤਾ ਨਾਲ ਕਾਨ੍ਹਪੁਰ ਆ ਗਏ। ਆਪ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਅਤੇ ਪੰਜਾਬ ਯੂਨੀਵਰਸਿਟੀ ਤੋਂ ਐੱਮ.ਏ. ਇਤਿਹਾਸ ਦੀ ਕੀਤੀ ਉਪਰੰਤ ਖ਼ਾਲਸਾ ਕਾਲਜ ਜਲੰਧਰ ਵਿੱਚ ਲੈਕਚਰਾਰ ਲੱਗ ਗਏ।
1954 ਵਿੱਚ ਆਪ ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਬਣੇ। 1955 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ। 1957 ਵਿੱਚ ਆਪ ਦੇ ਕਹਿਣ ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ‘ਗੁਰਮਤਿ ਪ੍ਰਕਾਸ਼’ ਮੈਗਜ਼ੀਨ ਛਾਪਣਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਆਪ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਨ। 1960 ਵਿੱਚ ਪੰਜਾਬੀ ਸੂਬਾ ਲਹਿਰ ਦੇ ਵੇਲੇ ਮੋਰਚਾ ਡਿਕਟੇਟਰ ਬਣੇ। 1968 ਵਿੱਚ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾ ਨਗਰ (ਹਰਿਆਣਾ) ਉਸ ਤੋਂ ਬਾਅਦ ਕਰਨਾਲ ਤੇ ਫਿਰ ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ। ਉਪਰੰਤ ਗੁਰੂ ਨਾਨਕ ਇੰਸਟੀਚਿਉੂਟ ਪਟਿਆਲਾ ਦੇ ਡਾਇਰੈਕਟਰ ਲੱਗ ਗਏ। ਯਮੁਨਾ ਨਗਰ ਵਿੱਚ ਨੌਕਰੀ ਕਰਦਿਆਂ ਆਪ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਅਨੁਸਾਰ ਆਪਣੇ ਘਰ ਦਾ ਨਾਂ ‘ਸੱਥਰ’ ਰੱਖਿਆ ਪਰ ਰਾਜਨੀਤਿਕ ਕਾਰਨਾਂ ਕਰਕੇ ਹਰਿਆਣਾ ਸਰਕਾਰ ਉਹਨਾਂ ਨੂੰ ਆਨੇ ਬਹਾਨੇ ਜ਼ੇਲ੍ਹ-ਯਾਤਰਾ ਕਰਵਾਉਂਦੀ ਰਹੀ। ਆਪ ਦੀ ਪਹਿਲੀ ਪੁਸਤਕ ‘ਸਾਡਾ ਪੰਜਾਬ’ ਸੰਨ 1957 ਵਿੱਚ ਪ੍ਰਕਾਸ਼ਿਤ ਹੋਈ ਅਤੇ ਇਸ ਦਾ ਦੂਸਰਾ ਭਾਗ ਸੰਨ 1968 ਵਿੱਚ ਛਪਿਆ। ਆਪ ਨੇ ਇੱਕ ਸੌ ਦੇ ਕਰੀਬ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ। ਇਹਨਾਂ ਤੋਂ ਇਲਾਵਾ ਕੁਝ ਅਨੁਵਾਦ ਅਤੇ ਅੰਗਰੇਜ਼ੀ ਵਿੱਚ ਵੀ ਰਚਨਾਵਾਂ ਛਪੀਆਂ। ਆਪ ਦੇ ਅਨੇਕਾਂ ਲੇਖ ਪੰਜਾਬੀ ਦੀਆਂ ਪ੍ਰਮੁੱਖ ਅਖ਼ਬਾਰਾਂ ਵਿੱਚ ਹਰ ਹਫ਼ਤੇ ਛਪਦੇ ਰਹੇ ਤੇ ਕਈ ਮੈਗਜ਼ੀਨਾਂ ਵਿੱਚ ਹਰ ਮਹੀਨੇ ਪ੍ਰਕਾਸ਼ਿਤ ਹੁੰਦੇ ਰਹੇ। ਹੁਣ ਵੀ ਉਹਨਾਂ ਦੀਆਂ ਛਪੀਆਂ ਪੁਸਤਕਾਂ ਵਿੱਚੋਂ ਲੇਖ ਸਮੇਂ-ਸਮੇਂ ਤੇ ਅਖ਼ਬਾਰਾਂ ਵਿੱਚ ਛਪਦੇ ਆ ਰਹੇ ਹਨ। ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਮੈਗਜ਼ੀਨ ‘ਗੁਰਮਤਿ ਪ੍ਰਕਾਸ਼’ ਦੇ ਫਾਉੂਂਂਡਰ ਐਡੀਟਰ ਸਨ ਅਤੇ ਗੋਨਿਆਣਾ ਮੰਡੀ (ਬਠਿੰਡਾ) ਤੋਂ ਛਪਦੇ ‘ਭਾਈ ਕਨੱਈਆ ਸੇਵਾ ਜੋਤੀ’ ਮੈਗਜੀਨ ਦੇ ਸਲਾਹਕਾਰ ਬੋਰਡ ਦੇ ਮੈਂਬਰ ਸਨ। ਸਿੱਖ ਇਤਿਹਾਸ ਅਤੇ ਗੁਰਮਤਿ ਬਾਰੇ ਉਹਨਾਂ ਨੂੰ ਡੂੰਘੀ ਅਤੇ ਵਿਸ਼ਾਲ ਜਾਣਕਾਰੀ ਹਾਸਲ ਸੀ। ਉਹਨਾਂ ਦੇਸ਼ ਵਿਦੇਸ਼ ਵਿੱਚ ਸਿੱਖ ਇਤਿਹਾਸ ਬਾਰੇ ਮਹੱਤਵਪੂਰਨ ਲੈਕਚਰ ਦਿੱਤੇ।
ਪੰਜਾਬੀ ਧਾਰਮਿਕ ਸਾਹਿਤ ਅਤੇ ਸਿੱਖ ਜਗਤ ਵਿੱਚ ਉਹਨਾਂ ਨਿਵੇਕਲੀ ਥਾਂ ਬਣਾਈ ਹੋਈ ਸੀ। ਆਪ ਵੱਖ-ਵੱਖ ਸ਼ਤਾਬਦੀ ਜਸ਼ਨਾਂ ਜਿਵੇਂ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਅਵਤਾਰ ਪੁਰਬ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪੁਰਬਾਂ ਤੇ ਮੁੱਖ ਕੋਆਰਡੀਨੇਟਰ ਰਹੇ। ਆਪ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਨੌਜਵਾਨਾਂ ਨੂੰ ਸਿੱਖੀ ਦੀ ਜਾਗ ਲਗਾਉਣ ਲਈ ਨਾ ਕੇਵਲ ਤਸਵੀਰਾਂ ਵਾਲੀਆਂ ਕਿਤਾਬਾਂ ਹੀ ਛਪਵਾਈਆਂ ਸਗੋਂ ਪੰਜਾਬ ਐਂਡ ਸਿੰਧ ਬੈਂਕ ਦੇ ਕੈਲੰਡਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਡਾਇਰੀਆਂ ਵਿੱਚ ਵੀ ਸਿੱਖ ਇਤਿਹਾਸ ਨੂੰ ਲਿਖਿਆ। 1992 ਵਿੱਚ ਪ੍ਰਿੰ:  ਸਤਿਬੀਰ ਸਿੰਘ ਜੀ ਦੇ ਕਹਿਣ ’ਤੇ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਨੇ ‘ਭਾਈ ਕਨੱਈਆ ਸੇਵਾ ਜੋਤੀ’ ਮੈਗਜ਼ੀਨ ਦਾ ਟਾਈਟਲ (ਕਵਰ) ਰੰਗਦਾਰ ਛਪਵਾਉਣਾ ਸ਼ੁਰੂ ਕੀਤਾ।
ਆਪ ਨੇ ਇਤਿਹਾਸਕਾਰਾਂ ਨੂੰ ਹੱਲਾਸ਼ੇਰੀ ਦਿੱਤੀ। ਚਿੱਤਰਕਾਰਾਂ ਦੇ ਹੱਥ ਬੁਰਸ਼ ਫੜਾਏ ਅਤੇ ਉਹਨਾਂ ਸਾਰੇ ਉਦਮਾਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਤਰਤੀਬ ਦੇ ਕੇ ਅੱਖਰ ਆਕਾਰ ਦਿੱਤਾ, ਜਿਹੜੇ ਇਸ ਤੋਂ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੇ ਸਨ। ਹਰ ਕਿਸੇ ਨੂੰ ਨਿਮਰਤਾ, ਪਿਆਰ ਅਤੇ ਮਿਠਾਸ ਨਾਲ ਮੋਹ ਲੈਣਾ ਉਹਨਾਂ ਦੀ ਪਹਿਲੀ ਪਛਾਣ ਸੀ। ਪ੍ਰਿੰ: ਸਾਹਿਬ ਸਾਰੀ ਉਮਰ ਨਿਰਲੇਪ ਰਹਿ ਕੇ ਕਲਮ ਦੀ ਕਿਰਤ-ਕਮਾਈ ਨਾਲ ਗੁਜ਼ਾਰਾ ਕਰਦੇ ਰਹੇ। 1992 ਵਿੱਚ 58ਵੀਂ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸ ਪਟਿਆਲਾ ਵਿਖੇ ਹੋਈ, ਉਸ ਵਿੱਚ ਪ੍ਰਿੰ: ਸਤਿਬੀਰ ਸਿੰਘ ਮੁੱਖ ਸਲਾਹਕਾਰ, ਸੁਆਗਤੀ ਕਮੇਟੀ ਦੇ ਮੈਂਬਰ ਅਤੇ ਸੁਵਿਨਿਰ ਦੇ ਮੁੱਖ ਸੰਪਾਦਕ ਸਨ।
1972 ਵਿੱਚ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੈਂਟ ਮੈਂਬਰ ਵੀ ਰਹੇ। ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 1992 ਵਿੱਚ ਸ਼੍ਰੋਮਣੀ ਲੇਖਕ ਐਵਾਰਡ ਪ੍ਰਦਾਨ ਕੀਤਾ ਗਿਆ। ਭਾਈ ਵੀਰ ਸਿੰਘ ਪੁਰਸਕਾਰ ਅਤੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ਼੍ਰੋਮਣੀ ਐਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੋਇਆ। ਆਪ ਜਥੇਦਾਰ ਗੁਰਚਰਨ ਸਿਘ ਟੌਹੜਾ ਦੇ ਸਿਆਸੀ ਅਤੇ ਧਾਰਮਿਕ ਸਲਾਹਕਾਰ ਸਨ। ਆਪ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਪ੍ਰਕਾਸ਼ਨਾਵਾਂ ਨਾਲ ਗੂੜ੍ਹਾ ਸੰਬੰਧ ਸੀ। ਆਪ ਜੀ ‘ਸੇਵਾਪੰਥੀ’ ਸੰਪਰਦਾਇ ਬਾਰੇ ਵੀ ਨਿਵੇਕਲੀ ਪੁਸਤਕ ਤਿਆਰ ਕਰ ਰਹੇ ਸਨ ਜੋ ਅਧਵਾਟੇ ਹੀ ਰਹਿ ਗਈ। ਗੁਰਮਤਿ ਦੇ ਮਹਾਨ ਵਿਦਵਾਨ ਪ੍ਰਿੰ: ਸਤਿਬੀਰ ਸਿੰਘ 62 ਸਾਲ ਦੀ ਉਮਰ ਬਤੀਤ ਕਰਕੇ 18 ਅਗਸਤ 1994 ਈ: ਨੂੰ ਦਿਲ ਦੀ ਧੜਕਣ ਬੰਦ ਹੋਣ ਕਾਰਨ ਸਮੁੱਚੇ ਸਿੱਖ ਜਗਤ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਗਏ।

ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleऑल इंडिया पीपुल्स फ्रंट की राष्ट्रीय कार्य समिति की 14 अगस्त 2024 को हुई वर्चुअल बैठक में हुए विचार विमर्श का सार संकलन
Next article*ਵਿੱਦਿਆ ਦੀ ਰਮਜ਼*