ਬੰਦਗੀ ਵਿੱਚ ਲੀਨ ਰਹਿਣ ਵਾਲੀ ਮਹਾਨ ਆਤਮਾ ਸਨ “ਸੰਤ ਗੁਰਬਚਨ ਦਾਸ ਜੀ” ਚੱਕ ਲਾਦੀਆਂ ਵਾਲੇ

ਅੱਜ ਭੋਗ ਤੇ ਵਿਸ਼ੇਸ਼

ਸੰਤ ਗੁਰਬਚਨ ਦਾਸ ਜੀ

ਕਨੇਡਾ  (ਸਮਾਜ ਵੀਕਲੀ) ਵੈਨਕੂਵਰ (ਕੁਲਦੀਪ ਚੁੰਬਰ) – ਦਾਸ ਦੇ ਹਿਰਦੇ ਸਮਰਾਟ ਮਹਾਨ ਪਰਉਪਕਾਰੀ ਨਾਮ ਦੇ ਰਸੀਏ , ਭਗਤੀ ਦੇ ਮੁਜੱਸਮੇ ਸ੍ਰੀਮਾਨ ਸੰਤ ਗੁਰਬਚਨ ਦਾਸ ਜੀ ਮਹਾਰਾਜ ਪ੍ਰਭੂ ਬੰਦਗੀ ਵਿੱਚ ਲੀਨ ਰਹਿਣ ਵਾਲੀ ਮਹਾਨ ਰੱਬੀ ਆਤਮਾ  ਸਨ । ਸੰਤ ਗੁਰਬਚਨ ਦਾਸ ਜੀ ਦਾ ਜਨਮ ਪਿੰਡ ਬਡਾਲਾ ਮਾਹੀ ( ਨੇੜੇ ਸ਼ਾਮ ਚੁਰਾਸੀ ) ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਵਿੱਚ 25 ਨਵੰਬਰ 1959 ਨੂੰ ਸਤਿਕਾਰਯੋਗ ਮਾਤਾ ਸ੍ਰੀਮਤੀ ਗੁਰਮੀਤ ਕੌਰ ਜੀ ਜੀ ਕੁੱਖੋਂ ਅਤੇ ਪਿਤਾ ਸਤਿਕਾਰਯੋਗ ਸਵ. ਬਖਸ਼ੀ  ਰਾਮ ਜੀ ਦੇ ਗ੍ਰਹਿ ਵਿਖੇ ਹੋਇਆ । ਸ੍ਰੀਮਾਨ ਸੰਤ ਗੁਰਬਚਨ ਦਾਸ ਜੀ ਦਾ ਬਚਪਨ ਦਾ ਨਾਮ ਸ੍ਰੀ ਤਿਲਕ ਦਾਸ ਸੀ । ਜਿਨਾਂ ਦਾ ਨਾਮ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਸੰਤ ਸਤਿਗੁਰੂ ਸੁਆਮੀ ਗਰੀਬ ਦਾਸ ਮਹਾਰਾਜ ਜੀ ਨੇ ਗੁਰੂ ਦੇ ਬਚਨਾਂ ਦੀ ਪਾਲਣਾ ਕਰਨ ਕਰਕੇ ਬਦਲ ਕੇ ਗੁਰਬਚਨ ਦਾਸ ਪਿੰਡ ਬਡਾਲਾ ਮਾਹੀ ਵਿਖੇ ਭੇਖ ਦੇਣ ਸਮੇਂ 22 ਅਕਤੂਬਰ 1992 ਨੂੰ ਰੱਖ ਦਿੱਤਾ ਸੀ । ਉਹਨਾਂ  ਦੀਆਂ ਤਿੰਨ ਭੈਣਾਂ ਸ਼੍ਰੀਮਤੀ ਬਲਵੀਰ ਕੌਰ, ਸ਼੍ਰੀਮਤੀ ਬਲਵਿੰਦਰ ਕੌਰ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਤੇ ਇੱਕ ਭਰਾ ਸ਼੍ਰੀਮਾਨ ਮਨਜੀਤ ਰਾਮ ਪਰਿਵਾਰਕ ਮੈਂਬਰ ਹਨ । ਸੰਤ ਗੁਰਬਚਨ ਦਾਸ ਜੀ ਬਚਪਨ ਤੋਂ ਹੀ ਸਾਧੂ ਬਿਰਤੀ ਦੇ ਮਾਲਕ ਸਨ ਅਤੇ ਆਪਣਾ ਸਾਰਾ ਜੀਵਨ ਕੰਮ ਕਰ ਕਰਦਿਆਂ ਉਹਨਾਂ ਨੇ ਨਾਮ ਭਜਨ ਪ੍ਰਭੂ ਬੰਦਗੀ ਵਿੱਚ ਬਿਤਾਉਣ ਦਾ ਨਿਸ਼ਠਾ ਕੀਤਾ ਹੋਇਆ ਸੀ ਅਤੇ ਇਸ ਨਿਰਣੇ ਦੀ ਪਰਪੱਕਤਾ ਲਈ ਉਹ ਗੁਰੂ ਪੁਰਸ਼ਾਂ ਦਾ ਅਸ਼ੀਰਵਾਦ ਲੈ ਕੇ ਹਮੇਸ਼ਾ ਆਪਣੇ ਜਪ ਤਪ ਵਿੱਚ ਮਗਨ ਰਹਿੰਦੇ । ਉਹਨਾਂ ਨੇ ਪਹਿਲਾਂ ਪਹਿਲ ਪਿੰਡ ਬਡਾਲਾ ਮਾਹੀ ਵਿਖੇ ਪਿੰਡ ਤੋਂ ਬਾਹਰ ਬਾਰ ਕੁਟੀਆ ਸਥਾਨ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਜਿੱਥੇ ਦਿਨ ਰਾਤ ਉਹਨਾਂ ਨੇ ਭਜਨ ਬੰਦਗੀ ਕਰਦਿਆਂ ਪਰਮਾਤਮਾ ਦੀ ਉਸਤਤ ਵਿੱਚ ਰਹਿਣ ਦਾ ਸੰਕਲਪ ਲਿਆ। ਆਪ ਜੀ ਦਾ ਸਾਧੂ ਸੁਭਾਅ ਹੋਣ ਕਰਕੇ ਦੁਨਿਆਵੀ ਕੰਮਾਂ ਤੋਂ ਮਨ ਉਚਾਟ ਰਹਿੰਦਾ। ਆਪ ਹਮੇਸ਼ਾ ਇਕੱਲੇ ਰਹਿੰਦੇ ਅਤੇ ਰੱਬ ਰੱਬ ਕਰਦੇ ਪ੍ਰਭੂ ਮਾਲਕ ਦੀ ਉਸਤਤ ਵਿੱਚ ਸਾਧੂ ਸੰਤਾਂ ਦੀ ਸੰਗਤ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ । ਥੋੜਾ ਸਮਾਂ ਆਪ ਜੀ ਨੇ ਸਾਧੂ ਬਿਰਤੀ ਦੀ ਪਰਪੱਕਤਾ ਲਈ ਮਹਾਂਪੁਰਸ਼ਾਂ ਦੀ ਸੰਗਤ ਕਰਦਿਆਂ ਰਮਤ ਵੀ ਕੀਤੀ।  ਇਸ ਤੋਂ ਬਾਅਦ ਥੋੜਾ ਸਮਾਂ ਆਪ ਨੇ ਮਿਹਨਤ ਮੁਸ਼ੱਕਤ ਕਰਦਿਆਂ ਦੁਨਿਆਵੀ ਕੰਮ ਵਿੱਚ ਵੀ ਹੱਥ ਅਜਮਾਈ ਕੀਤੀ। ਕਿਉਂਕਿ ਡੇਰਾ ਸੱਚਖੰਡ ਵਲੋਂ ਦੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਸਾਧੂ ਬਿਰਤੀ ਵਿੱਚ ਆਉਣ ਤੋਂ ਪਹਿਲਾਂ ਪਰਿਵਾਰਕ ਜਿੰਮੇਵਾਰੀਆਂ ਨੂੰ ਆਪਣਾ ਫਰਜ਼ ਸਮਝਕੇ ਨਿਭਾਉਣ ਲਈ ਬਚਨ ਕਰ ਦਿੱਤੇ ਸਨ। ਆਪ ਜੀ ਨੂੰ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਰਹਿਬਰ ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਨੇ ਮੂਲ ਮੰਤਰ ਦਾ ਜਾਪ ਦੇ ਕੇ ਭਗਤੀ ਮਾਰਗ ਤੇ ਤੋਰਦਿਆਂ ਉਨਾਂ ਦੀ ਸਾਧੂ ਬਿਰਤੀ ਹੋਣ ਦੀ ਬਚਪਨ ਵਿੱਚ ਹੀ ਨਿਸ਼ਾਨਦੇਹੀ ਕਰ ਦਿੱਤੀ ਸੀ। ਇਸ ਤੋਂ ਬਾਅਦ ਸਤਿਗੁਰੂ ਸੁਆਮੀ ਹਰੀ ਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਨਾਮ ਦਾਨ ਦੀ ਬਖਸ਼ਿਸ਼ ਕਰਕੇ ਇਸ ਮਾਰਗ ਵਿੱਚ ਪਰਮਾਤਮਾ ਦੀ ਬੰਦਗੀ ਕਰਨ ਦਾ ਅਸ਼ੀਰਵਾਦ  ਦਿੱਤਾ । ਸਤਿਗੁਰੂ ਸੁਆਮੀ ਗਰੀਬ ਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਭੇਖ ਦੀ ਦਾਤ ਬਖਸ਼ਿਸ਼ ਕੀਤੀ ਅਤੇ ਸਮੂਹ ਸਾਧ ਸੰਗਤ ਦੇ ਇਕੱਠ ਵਿੱਚ ਆਪ ਜੀ ਨੂੰ ਅਪਣਾਉਂਦਿਆਂ ਬਡਾਲਾ ਮਾਹੀ ਕੁਟੀਆ ਸਥਾਨ ਵਿਖੇ ਕਿਹਾ ਕਿ ਅੱਜ ਤੋਂ ਸੰਤ ਗੁਰਬਚਨ ਦਾਸ ਜੀ ਸਾਡਾ ਹੋਇਆ, ਜੋ ਸੱਚ ਦੇ ਮਾਰਗ ਤੇ ਚੱਲਦਿਆਂ ਗੁਰੂ ਮਹਾਂਪੁਰਸ਼ਾਂ ਦੀ ਬਖਸ਼ੀ ਨਾਮ ਦੀ ਦਾਤ ਦੀ ਕਮਾਈ ਕਰੇਗਾ ਉਹਨਾਂ ਬਚਨ ਕਰਦਿਆਂ ਕਿਹਾ ਕਿ ਸੰਤ ਗੁਰਬਚਨ ਦਾਸ ਨੂੰ ਭਜਨ ਬੰਦਗੀ ਕਰਦੇ ਰਹਿਣ ਦਾ ਹੀ ਅਸ਼ੀਰਵਾਦ ਹੈ। ਅਕਸਰ ਹੀ ਸੰਤ ਗੁਰਬਚਨ ਦਾਸ ਜੀ ਆਪਣੇ ਸਤਿਗੁਰਾਂ ਦਾ ਪਾਵਨ ਬਚਨਾਂ ਵਿੱਚ ਜ਼ਿਕਰ ਕਰਦੇ ਰਹਿੰਦੇ ਅਤੇ ਕਹਿੰਦੇ ਕਿ ਉਹਨਾਂ ਨੂੰ ਸਤਿਗੁਰ ਸੁਆਮੀ ਗਰੀਬ ਦਾਸ ਮਹਾਰਾਜ ਜੀ ਨੇ ਬਹੁਤ ਪਿਆਰ ਬਖਸ਼ਿਆ, ਜੋ ਹਫ਼ਤੇ ਵਿੱਚ ਉਹਨਾਂ ਨੂੰ ਇੱਕ ਦਿਨ ਵੱਖ-ਵੱਖ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਲੈ ਕੇ ਜਾਂਦੇ ਰਹਿੰਦੇ । ਸੰਤ ਗੁਰਬਚਨ ਦਾਸ ਜੀ ਅਕਸਰ ਕਹਿੰਦੇ ਰਹਿੰਦੇ ਕਿ ਉਹ ਗੁਰੂਆਂ ਦੇ ਬਖਸ਼ੇ ਪਿਆਰ ਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦੇ । ਗੁਰੂ ਦੀ ਉਸਤਤ ਵਡਿਆਈ ਨੂੰ ਹੀ ਉਹ ਸੁਣਦੇ ਅਤੇ ਲਿਖਦੇ, ਜਿਸ ਦੇ ਅਣਗਿਣਤ ਕਲਾਮ, ਸ਼ੇਅਰ  ਉਹਨਾਂ ਨੇ ਵੱਖੋ ਵੱਖ ਕਵਾਲਾਂ ਤੋਂ ਕਵਾਲੀਆਂ ਰਾਹੀਂ  ਅਕਸਰ ਹੀ ਸੁਣਦੇ ਰਹਿੰਦੇ । ਪਰਮ ਪੂਜਨੀਕ ਸੰਤ ਗੁਰਬਚਨ ਦਾਸ ਮਹਾਰਾਜ ਜੀ ਨੇ ਆਪਣੇ ਪਾਵਨ ਬਚਨਾਂ ਦੇ ਅਣਗਿਣਤ ਕਲਾਮ ਦੁਆਬੇ ਦੇ ਪ੍ਰਸਿੱਧ ਸ਼ਾਇਰ ਸਵ. ਆਰ ਪੀ ਦੀਵਾਨਾ ਜੀ ਤੋਂ ਆਡੀਟਰ ਦਾਸ ਕੁਲਦੀਪ ਚੁੰਬਰ ਦੇ ਜ਼ਰੀਏ ਕਲਮਬੱਧ ਕਰਵਾਏ, ਜਿਨਾਂ ਨੂੰ ਉਨਾਂ ਨੇ ਕਈ ਕਿਤਾਬਾਂ ਦਾ ਰੂਪ ਦੇ ਕੇ ਸੰਗਤ ਨੂੰ ਪ੍ਰਸ਼ਾਦ ਦੇ ਤੌਰ ਤੇ ਵਰਤਾਇਆ । ਸੰਤ ਗੁਰਬਚਨ ਦਾਸ ਜੀ ਬਡਾਲਾ ਮਾਹੀ ਤੋਂ ਬਾਅਦ ਚੱਕ ਲਾਦੀਆਂ ਵਿਖੇ ਡੇਰਾ ਸਥਾਪਤ ਕੀਤਾ। ਜਿੱਥੇ ਨਿਰੋਲ ਪਰਮਾਤਮਾ ਦੀ ਅਰਾਧਨਾ ਸਾਧਨਾ ਵਿੱਚ ਉਹ ਜੁੱਟ ਗਏ। ਇਸ ਤੋਂ ਇਲਾਵਾ ਉਨਾਂ ਵਲੋਂ ਇਸ ਇਲਾਕੇ ਵਿੱਚ ਕਟੌਹੜ, ਜਨੌੜੀ, ਅਤਵਾਰਾਪੁਰ, ਪਟਿਆੜੀ, ਢੋਲਵਾਹਾ, ਮਹਿੰਗਰੋਵਾਲ ‘ਰੱਬ ਦੇ ਪੱਟਿਆਂ ਦਾ ਟਿੱਲਾ’ , ਪਥਰਾਲੀਆਂ, ਕਾਠੇ, ਸ਼ੇਰਪੁਰ ਗੁਲਿੰਡ, ਡਾਡਾ ਸਮੇਤ ਕਈ ਹੋਰ ਅਸਥਾਨਾਂ ਤੇ ਵੀ ਪ੍ਰਭੂ ਪਰਮੇਸ਼ਰ ਦੀ ਅਰਾਧਨਾ ਸਾਧਨਾ ਕਰਕੇ ਸੰਗਤ ਵਿੱਚ ਜੱਸ ਖੱਟਿਆ ਅਤੇ ਸਮੇਂ ਸਮੇਂ ਇਹਨਾਂ ਸਥਾਨਾਂ ਤੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਮਾਗਮ ਰਚਾ ਕੇ ਸੰਗਤ ਵਿੱਚ ਰੱਬੀ ਪਿਆਰ ਦੀ ਰੂਹਾਨੀਅਤ ਨੂੰ ਵੰਡਿਆ। ਜ਼ਿਕਰਯੋਗ ਹੈ ਕਿ ਸੰਤ ਗੁਰਬਚਨ ਦਾਸ ਜੀ  ਇਹਨਾਂ ਸਾਰੇ ਸਥਾਨਾਂ ਤੇ ਖੇਤੀ ਦਾ ਕੰਮ ਵੀ ਖੁਦ ਆਪ ਕਰਿਆ ਕਰਦੇ ਅਤੇ ਨਾਲ ਨਾਲ ਸੰਗਤ ਨੂੰ ਵੀ ਮਿਹਨਤ ਕਰਦਿਆਂ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਦਾ ਸੰਦੇਸ਼ ਦਿੰਦੇ । ਆਪ ਜੀ ਇਸ ਫਾਨੀ ਸੰਸਾਰ ਨੂੰ 14 ਜੁਲਾਈ 1924 ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਵਿਖੇ ਸਰੀਰਕ ਚੋਲਾ ਛੱਡਕੇ ਪ੍ਰਭੂ ਚਰਨਾਂ ਵਿੱਚ ਬਿਰਾਜਮਾਨ ਹੋ ਗਏ। ਮਹਾਨ ਫਕੀਰੀ ਰੂਹ ਧੰਨ ਧੰਨ ਸੰਤ ਗੁਰਬਚਨ ਦਾਸ ਮਹਾਰਾਜ ਜੀ ਦੀ ਬਾਰੇ ਕੁਝ ਲਿਖਣਾ ਇਸ ਤੁਸ਼ ਕਲਮ ਦੇ ਵਸ ਦੀ ਗੱਲ ਨਹੀਂ ਹੈ ਜਾਂ ਕਹਿ ਲਓ ਕਿ ਇੱਕ ਬਲਬ ਨਾਲ ਸੂਰਜ ਦੀ ਰੌਸ਼ਨੀ ਨੂੰ ਦੇਖਣ ਬਰਾਬਰ ਹੈ । ਓਹ ਸੱਚਮੁੱਚ ਗਿਆਨ, ਦਇਆ ਪਿਆਰ, ਰੱਬੀ ਮੁਹੱਬਤ ਦੇ ਸੱਚੇ ਤੇ ਸੁੱਚੇ ਆਸ਼ਕ, ਸਾਂਝੀਵਾਲਤਾ ਦੇ ਪਹਿਰੇਦਾਰ ਸਨ । ਜਿਨਾਂ ਨੇ ਸਮੁੱਚੇ ਸੰਸਾਰ ਵਿੱਚ ਆ ਕੇ ਮਹਾਂਪੁਰਸ਼ਾਂ ਦੀ ਮਹਾਨ ਕਰਨੀ ਦਾ ਪ੍ਰਮਾਣ ਦੇ ਕੇ ਉਹਨਾਂ ਅੰਦਰ ਸਾਧੂ ਸੰਤ ਫੱਕਰ ਫਕੀਰਾਂ ਦਾ ਪਿਆਰ ਜਗਾਇਆ ਅਤੇ ਇਸ ਸੰਸਾਰ ਦੀ ਭੁੱਲੀ ਭਟਕੀ ਮਨੁੱਖਤਾ ਨੂੰ ਇਨਸਾਨੀਅਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ ਉਨਾਂ ਦੇ ਕਹੇ ਸੱਚ ਦੇ ਬੋਲਾਂ ਦੀ ਗੂੰਜ ਅੱਜ ਵੀ ਮੇਰੇ ਦਿਲੋਂ ਦਿਮਾਗ ਵਿੱਚ ਗੂੰਜਾਂ ਪਾ ਰਹੀ ਹੈ। ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਅੱਜ 1 ਅਗਸਤ  2024 ਨੂੰ ਡੇਰਾ ਚੱਕ ਲਾਦੀਆਂ ਜੋ ਸ੍ਰੀਮਾਨ ਸੰਤ ਗੁਰਬਚਨ ਦਾਸ ਮਹਾਰਾਜ ਜੀ ਦਾ ਤੱਪ ਸਥਾਨ ਹੈ, ਜਿੱਥੇ ਲੰਬਾ ਸਮਾਂ ਉਹਨਾਂ ਨੇ ਪ੍ਰਭੂ ਬੰਦਗੀ ਕੀਤੀ ਵਿਖੇ ਸਮੁੱਚਾ ਭੇਖ ਭਗਵਾਨ ਅਤੇ ਸੰਗਤ ਦੀ ਹਾਜ਼ਰੀ ਵਿੱਚ ਅੰਤਿਮ ਅਰਦਾਸ ਕੀਤੀ ਜਾਵੇਗੀ । ਜਿੱਥੇ ਵੱਡੀ ਗਿਣਤੀ ਵਿੱਚ ਉਹਨਾਂ ਦੀ ਲਾਡਲੀਆਂ ਸੰਗਤਾਂ ਸੰਤ ਮਹਾਂਪੁਰਸ਼ ਫੱਕਰ ਫਕੀਰ ਸੰਤ ਬਾਬਾ ਗੁਰਬਚਨ ਦਾਸ ਮਹਾਰਾਜ ਜੀ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਨਤਮਸਤਕ ਹੁੰਦੀਆਂ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਅਰਪਿਤ ਕਰਨਗੀਆਂ । ਸੱਚਮੁੱਚ ਇਹੋ ਜਿਹੀ  ਮਹਾਨ ਫਕੀਰੀ ਰੂਹ ਪਰਮਾਤਮਾ ਇਸ ਮਾਤ ਲੋਕ ਤੇ ਸਦੀਆਂ ਬਾਅਦ ਭੇਜਦਾ, ਧੰਨ ਧੰਨ ਸੰਤ ਬਾਬਾ ਗੁਰਬਚਨ ਦਾਸ ਮਹਾਰਾਜ ਜੀ (ਬਡਾਲਾ ਮਾਹੀ ਵਾਲਿਆਂ) ਦੇ ਪਾਵਨ ਪਵਿੱਤਰ ਚਰਨਾਂ ਨੂੰ ਕੋਟਨ ਕੋਟ ਪ੍ਰਣਾਮ। ਉਹ ਅਕਸਰ ਪ੍ਰਭੂ ਦੀ ਪ੍ਰੇਮ ਮਸਤੀ ਵਿੱਚ ਗਾਉਂਦੇ “ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ……., “ਸਾਧੂ ਆਪ ਨ੍ਹੀ ਜਹਾਨ ਉੱਤੇ ਆਉਂਦੇ, ਆਉਂਦੇ ਭੇਜੇ ਕਰਤਾਰ ਦੇ…….., “ਲੇਖੇ ਵਿੱਚ ਲਾ ਲਓ ਜੀ ਇਹ ਜਨਮ ਤੁਮਾਰੇ ਲੇਖੇ…….,”ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਇਹ ਦੁਨੀਆਂ ਛੱਡੇ ਜਿਉਂਦਿਆਂ ਨੂੰ……. ਸੱਚਮੁੱਚ ਉਹਨਾਂ ਦੇ ਹਰ ਬੋਲ ਵਿੱਚ ਰੱਬ ਦੀ ਰਜ਼ਾ ਅਤੇ ਰੱਬ ਦੇ ਪ੍ਰੇਮ ਦਾ ਸੰਦੇਸ਼ ਗੂੰਜਦਾ, ਜੋ ਯੁੱਗਾਂ ਯੁਗਾਂਤਰਾਂ ਤੱਕ ਅਮਰ ਰਹੇਗਾ।

Previous articleਸ਼ਹੀਦ ਊਧਮ ਸਿੰਘ ਨੂੰ ਸਮਰਪਿੱਤ ਵਿਚਾਰ ਗੋਸ਼ਟੀ
Next articleਸ਼ਹੀਦੀ ਸਪੋਰਟਸ ਕੌਂਸਲ ਬੈਡ ਫੋਰਡ ਯੂ ਕੇ ਵੱਲੋਂ ਕਰਵਾਏ ਗਏ ਖੇਡ ਮੇਲੇ ਚ ਇੰਗਲੈਂਡ ਭਰ ਚੋਂ ਵੱਖ ਵੱਖ ਟੀਮਾਂ ਨੇ ਲਿਆ ਭਾਗ