ਖੰਨਾ ਦੇ ਏਐਸ ਕਾਲਜ ਵਿੱਚ ਚੱਲੀਆਂ ਗੋਲੀਆਂ,ਕਾਲਜ ਦਾ ਇੱਕ ਮੁਲਾਜ਼ਮ ਜ਼ਖਮੀ, ਪੈਟਰੋਲ ਪੰਪ ਵੀ ਲੁੱਟਿਆ

ਖੰਨਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ 
ਅੱਜ ਦਿਨ ਵੇਲੇ ਖੰਨਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਸਮਰਾਲਾ ਸੜਕ ਉੱਤੇ ਸਥਿਤ ਏ ਐਸ ਕਾਲਜ ਵਿਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ ਜਿਸ ਵਿਚ ਗੋਲ਼ੀਆਂ ਵੀ ਚੱਲੀਆਂ ਹਨ। ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫ਼ਾਇਰਿੰਗ ਵਿਚ ਕਾਲਜ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ ਹੈ। ਕਈ ਵਿਦਿਆਰਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ।
   ਮਿਲੀ ਜਾਣਕਾਰੀ ਮੁਤਾਬਕ ਇਕ ਸਵਿਫਟ ਕਾਰ ਵਿਚ ਆਏ 4 ਨੌਜਵਾਨਾਂ ਨੇ ਫ਼ਾਇਰਿੰਗ ਕੀਤੀ ਹੈ। ਇਸ ਵਾਰਦਾਤ ਮਗਰੋਂ ਉਹ ਸਮਰਾਲਾ ਵੱਲ ਗਏ ਅਤੇ ਪੈਟਰੋਲ ਪੰਪ ਤੋਂ ਪੈਟਰੋਲ ਪਵਾਉਣ ਮਗਰੋਂ ਗੰਨ ਪੁਆਇੰਟ ‘ਤੇ ਕਰਿੰਦੇ ਕੋਲੋਂ ਨਗਦੀ ਵੀ ਖੋਹ ਲਈ ਹੈ। ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਜ ਵਿਚ ਕੁਝ ਵਿਦਿਆਰਥੀਆਂ ਦੀ ਲੜਾਈ ਹੋਈ। ਇਸ ਦੌਰਾਨ ਇਕ ਗਰੁੱਪ ਨੇ ਪਿਸਤੌਲ ਨਾਲ ਗੋਲ਼ੀਆਂ ਚਲਾ ਦਿੱਤੀਆਂ। ਕੁਝ ਵਿਦਿਆਰਥੀ ਭੱਜ ਕੇ ਪ੍ਰਿੰਸੀਪਲ ਦੇ ਕਮਰੇ ਵੱਲ ਭੱਜੇ ਤਾਂ ਉੱਥੇ ਖੜ੍ਹੇ ਕਾਲਜ ਦੇ ਮੁਲਾਜ਼ਮ ਨੂੰ ਗੋਲ਼ੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
  ਇਸ ਸਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਸੀ। ਜਦੋਂ ਫ਼ਾਇਰਿੰਗ ਦੀ ਆਵਾਜ਼ ਆਈ ਤਾਂ ਉਹ ਬਾਹਰ ਵੇਖਣ ਗਏ, ਇੰਨੇ ਨੂੰ ਇਕ ਬੱਚਾ ਭੱਜ ਕੇ ਕਾਲਜ ਅੰਦਰ ਆ ਗਿਆ। ਮਗਰੋਂ ਕਿਸੇ ਨੇ ਉਸ ‘ਤੇ ਗੋਲ਼ੀ ਚਲਾ ਦਿੱਤੀ, ਜੋ ਕਾਲਜ ਦੇ ਮੁਲਾਜ਼ਮ ਹੁਸਨ ਲਾਲ ਦੀ ਲੱਤ ਵਿਚ ਜਾ ਲੱਗੀ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
  ਇਸ ਸਬੰਧੀ ਮੌਕੇ ‘ਤੇ ਪਹੁੰਚੇ ਐੱਸ.ਐੱਸ.ਪੀ. ਖੰਨਾ ਅਮਨੀਤ ਕੌਂਡਲ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੁਪਹਿਰ ਪੌਣੇ 2 ਵਜੇ ਦੇ ਕਰੀਬ ਸਵਿਫਟ ਗੱਡੀ ਵਿਚ ਆਏ 4 ਨੌਜਵਾਨਾਂ ਨੇ ਫ਼ਾਇਰਿੰਗ ਕੀਤੀ ਹੈ। ਇਸ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁਲਸ ਅਧਿਕਾਰੀ ਆਪਣੀ ਟੀਮ ਸਮੇਤ ਪਹੁੰਚੇ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਦੇ ਅਧਾਰ ‘ਤੇ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਇਸ ਦੇ ਨਾਲ ਹੀ ਕਾਲਜ ਦੇ ਦੋ ਵਿਦਿਆਰਥੀਆਂ ਦੀ ਵੀ ਪਛਾਣ ਹੋਈ ਹੈ ਤੇ ਛੇਤੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਅਮਨੀਤ ਕੌਂਡਲ  ਉਨ੍ਹਾਂ ਕਿਹਾ ਕਿ ਇਸ ਮਗਰੋਂ ਉਹ ਸਮਰਾਲਾ ਰੋਡ ਵੱਲ ਗਏ ਤੇ ਪੈਟਰੋਲ ਪੰਪ ‘ਤੇ ਲੁੱਟ ਵੀ ਕੀਤੀ ਹੈ। ਖੰਨਾ ਪੁਲਿਸ ਇਸ ਕੇਸ ਦੀ ਜਾਂਚ ਪੜਤਾਲ ਕਰ ਰਹੀ ਹੈ ਜਲਦੀ ਹੀ ਸਭ ਕੁਝ ਲੋਕਾਂ ਸਾਹਮਣੇ ਰੱਖਿਆ ਜਾਵੇਗਾ।
   ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੁੱਚੇ ਪੰਜਾਬ ਦੇ ਹਾਲਾਤ ਵਿਗੜੇ ਹੋਏ ਹਨ ਲੁੱਟਾਂ ਖੋਹਾਂ ਕਤਲਾਂ ਦੇ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ ਇੱਥੋਂ ਤੱਕ ਕਿ ਪੁਲਿਸ ਉੱਪਰ ਵੀ ਹਮਲੇ ਹੋ ਰਹੇ ਹਨ ਨਸ਼ਾ ਤਸਕਰ ਤੇ ਗਲਤ ਅਨਸਰ ਆਪਣੇ ਕੰਮਾਂ ਨੂੰ ਬੇਡਰ ਹੋ ਕੇ ਅੰਜ਼ਾਮ ਦੇ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੱਚ ਕਾਵਿ
Next articleਮੰਗਾਂ ਨਾ ਮੰਨੀਆ ਤਾਂ 4161 ਮਾਸਟਰ ਕੇਡਰ 28 ਜੁਲਾਈ ਨੂੰ ਅਨੰਦਪੁਰ ਸਾਹਿਬ ਵਿਖੇ ਲਾਵੇਗਾ ਧਰਨਾ – ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ