ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ

ਸਮਰਾਲਾ ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਲੇਖਕ ਮੰਚ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਸਮਰਾਲਾ ਵਿਖੇ ਮੰਚ ਦੇ ਪ੍ਰਧਾਨ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੇ ਵੱਡੇ ਭਰਾ ਗੁਰਚਰਨ ਸਿੰਘ ਪੰਧੇਰ ਅਤੇ ਰਾਜਵਿੰਦਰ ਸਿੰਘ ਰੌਂਤਾ ਦੇ ਪਿਤਾ ਪ੍ਰਸਿੱਧ ਲੇਖਕ ਤੇਜਾ ਸਿੰਘ ਰੌਂਤਾ ਦੇ ਸਦੀਵੀ ਵਿਛੋੜੇ ’ਤੇ ਸ਼ੋਕ ਪ੍ਰਗਟ ਕੀਤਾ ਗਿਆ। ਇਸ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਗੀਤਕਾਰ ਗੁਰਦੇਵ ਸਿੰਘ ਸਾਹਨੀ ਮੰਜਾਲੀਆਂ ਨੇ ‘ਮੁਹੱਬਤ ਦੇ ਨਾਂ’ ਗੀਤ ਪੇਸ਼ ਕੀਤਾ। ਰੁਪਿੰਦਰ ਗਿੱਲ ਜੰਡਿਆਲੀ ਨੇ ਕਵਿਤਾ ‘ਅਸੰਭਵ ਨਹੀਂ ’ ਸੁਣਾਈ ਅਤੇ ਕਮਲਜੀਤ ਨੀਲੋਂ ਨੇ  ਲੰਮਾ ਬਾਲ ਗੀਤ  ‘ਕਾਂ ਤੇ ਚਿੜੀ’ ਪੇਸ਼ ਕੀਤਾ ਜੋ ਚਰਚਾ ਕਰਦੇ ਕਰਦੇ ਬਾਲ ਨਾਟਿਕਾ ਦੇ ਤੌਰ ’ਤੇ ਚਰਚਿਤ ਹੋ ਗਿਆ।  ਅਵਤਾਰ ਸਿੰਘ ਉਟਾਲਾਂ ਨੇ  ਘਰੇਲੂ ਵਰਤਾਅ ਨਾਲ ਸਬੰਧਤ  ਪਤੀ-ਪਤਨੀ ਦੀ ਨੋਕ-ਝੋਕ ਵਾਲਾ ਡਿਊਟ ਗੀਤ ਸਫਲਤਾ ਨਾਲ ਪੇਸ਼ ਕਰਕੇ ਦਾਦ ਪ੍ਰਾਪਤ ਕੀਤੀ।
ਕਾਮਰੇਡ ਕੇਵਲ ਸਿੰਘ ਮੰਜਾਲੀਆਂ ਨੇ ਕਵਿਤਾ ‘ਓ ਸੱਜਣਾ, ਕਿਰਤੀ ਦੀ ਕੁੱਲੀ ਵਿੱਚ ਦੀਵਾ, ਧਰਿਆ ਕਰ ਸੱਜਣਾ’ ਗੀਤ ਵਾਂਗ ਸੁਣਾਈ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਲੇਖ ‘ਕਸਤੂਰੀ’ ਪੇਸ਼ ਕੀਤਾ ਜਿਸਦੀ ਸ਼ੁਰੂਆਤ ਨਾਮਵਰ ਗ਼ਜ਼ਲਗੋ ਐਸ. ਨਸੀਮ ਮਾਛੀਵਾੜਾ ਦੀ ਗ਼ਜ਼ਲ ਦੇ ਸ਼ੇਅਰ, ‘ਭਟਕਣ ਉਸਦਾ ਸੌਂਕ ਨਹੀਂ, ਮਜਬੂਰੀ ਹੈ…  ਸ਼ਾਇਦ ਉਸਦੀ ਨਾਭੀ ਵਿੱਚ ਕਸਤੂਰੀ ਹੈ’ ਨਾਲ ਹੋਈ। ਲੇਖ ਪੜ੍ਹਨ ਉਪਰੰਤ ਦਲਜੀਤ ਸ਼ਾਹੀ ਅਤੇ ਗੁਰਭਗਤ ਸਿੰਘ ਗਿੱਲ ਵੱਲੋਂ ਸਵਾਲ ਉਠਾਏ ਗਏ ਕਿ ਚੇਤਨਾ ਕੀ ਹੈ, ਦਿਮਾਗ ਕੀ ਹੈ, ਦਿਮਾਗ ਕਿੰਨੇ ਹਨ ਅਤੇ ਕਿਸ ਦਿਮਾਗ ਦਾ ਕੀ ਕਾਰਜ ਹੈ, ਜਾਨਵਰਾਂ ਅਤੇ ਪਸ਼ੂਆਂ ਨਾਲੋਂ ਮਨੁੱਖੀ ਦਿਮਾਗ ਕਿਵੇਂ ਭਿੰਨ ਹੈ ਆਦਿ। ਹਿੰਦੀ ਦੇ ਪ੍ਰਸਿੱਧ ਕਵੀ ਸੁਰਜੀਤ ਵਿਸ਼ਾਦ ਨੇ ਕਵਿਤਾ, ‘ਸਿਵਾਤਵ ਕਾ ਆਭਾਸ’ ਸੁਣਾਈ ਜੋ ਮੁਕੰਮਲ ਤੇ ਉੱਚਪਾਏ ਦੀ ਕਵਿਤਾ ਮਹਿਸੂਸ ਕੀਤੀ ਗਈ। ਜੁਆਲਾ ਸਿੰਘ ਥਿੰਦ ਨੇ ਤਿੰਨ ਮਿੰਨੀ ਕਵਿਤਾਵਾਂ ਆਪਣੇ ਵਿਲੱਖਣ ਅੰਦਾਜ਼ ਵਿੱਚ ਸੁਣਾਈਆਂ। ਇਸ ਉਪਰੰਤ ਮੰਚ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਗੀਤ, ‘ਜਿੱਤਣਾ ਸਿਖਾਇਆ ਹਾਰ ਨੇ’ ਪੇਸ਼ ਕੀਤਾ ਜਿਸ ’ਤੇ ਡਾਕਟਰ ਪਰਮਿੰਦਰ ਸਿੰਘ ਬੈਨੀਪਾਲ ਨੇ ਖੁੱਲ ਕੇ ਆਪਣੇ ਵਿਚਾਰ ਪੇਸ਼ ਕੀਤੇ। ਸੁਣਾਈਆਂ ਗਈਆਂ ਸਾਰੀਆਂ ਰਚਨਾਵਾਂ ’ਤੇ ਹੋਈ ਭਰਪੂਰ ਚਰਚਾ ਵਿੱਚ ਬਲਵੰਤ ਮਾਂਗਟ, ਨਾਟਕਕਾਰ ਰਾਜਵਿੰਦਰ ਸਮਰਾਲਾ, ਡਾ ਹਰਜਿੰਦਰਪਾਲ ਸਿੰਘ ਸਮਰਾਲਾ, ਡਾ. ਪਰਮਿੰਦਰ ਸਿੰਘ ਬੈਨੀਪਾਲ, ਦਲਜੀਤ ਸ਼ਾਹੀ, ਗੁਰਭਗਤ ਸਿੰਘ ਗਿੱਲ, ਜੁਆਲਾ ਸਿੰਘ ਥਿੰਦ, ਮੈਨੇਜਰ ਕਰਮ ਚੰਦ, ਸੁਰਜੀਤ ਵਿਸ਼ਾਦ ਅਤੇ ਹਰਬੰਸ ਮਾਲਵਾ ਨੇ ਹਿੱਸਾ ਲਿਆ ਅਤੇ ਮੀਟਿੰਗ ਦੀ ਕਾਰਵਾਈ ਚਲਾਈ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਲੇਖਕ ਮੰਚ ਦੀ ਅਗਲੀ ਮਾਸਿਕ ਇਕੱਤਰਤਾ 14 ਜੁਲਾਈ ਨੂੰ ਪ੍ਰਸਿੱਧ ਸਾਹਿਤਕਾਰ ਗੁਲਜ਼ਾਰ ਸੰਧੂ ਦੇ ਲਿਖੇ ਨਾਵਲ ‘ਗੋਰੀ ਹਿਰਨੀ’ ’ਤੇ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਰੋਡ ਸਮਰਾਲਾ  ਵਿਖੇ ਵਿਸ਼ਾਲ ਗੋਸ਼ਟੀ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਾਸ ਵਿਅੰਗ
Next articleਪੱਛਮੀ ਹਲਕੇ ‘ਚ 10 ਜੁਲਾਈ ਨੂੰ ਵੋਟਿੰਗ, 14 ਤੋਂ 21 ਜੂਨ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਣਗੀਆਂ, 24 ਜੂਨ ਨੂੰ ਹੋਵੇਗੀ ਪੜਤਾਲ