**ਮਹਾਂ-ਸਲੋਕ **

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਤੂੰ ਮੇਰੇ
ਜਿਸਮਾਨੀ ਸ਼ਿਲਾਲੇਖ ਦੇ
ਮੁੱਖ ‘ਤੇ ਉੱਕਰਿਆ
ਮਹਾਂ-ਸਲੋਕ!
ਕੋਈ ਤੈਨੂੰ ਸਲਾਹਵੇ
ਕੋਈ ਤੈਨੂੰ ਭੰਡੇ
ਮੈਨੂੰ ਕੀ ?
ਤਾਰੇ ਉਪਮਾ ਕਰਦੇ
ਤੇਰੇ ਰਹੱਸ ਦੀ
ਸੰਵਾਦ ਰਚਾਉੰਦੇ
ਅਕਾਸ਼-ਗੰਗਾ ਨਾਲ਼,
ਰਹਿਰਾਸ ਤੋਂ ਬਾਅਦ
ਸੋਹਿਲਾ ਉਚਾਰਦੇ।
ਚੰਨ ਯਾਤਰਾ ਦੇ
ਚੁਪਹਿਰੇ ਕੱਟਦਾ,
ਵਧਦਾ – ਘਟਦਾ
ਸਮੁੰਦਰੀ ਲਹਿਰਾਂ ਨਾਲ਼
ਲੁਕਣ-ਮੀਟੀ ਖੇਡਦਾ,
ਤਾਰਿਆਂ ਦਾ ਰੱਬ ਬਣਦਾ।
ਰਾਤ ਦੇ ਇਬਾਦਤਖ਼ਾਨੇ ਵਿੱਚ
ਬਹਿ ਹਾਜ਼ਰੀ ਭਰਦਾ ਸੂਰਜ
ਅਨੁਸ਼ਾਸਨਬੱਧ,
ਯੁੱਗਾਂ-ਯੁਗਾਂਤਰਾਂ ਤੋਂ
ਵਕਤ ਦਾ ਪਾਬੰਦ।
ਆਣ ਖੜ੍ਹਦਾ
ਮੇਰੇ ਉੱਠਣ ਤੋਂ ਪਹਿਲਾਂ
ਤੇਰੀ ਹਾਜ਼ਰੀ ਵਿੱਚ।
ਮੇਰਾ ਹਰ ਦਿਨ
ਜ਼ਿੱਦੀ ਅਤੇ ਅਮੋੜ,
ਸੂਰਜ ਦੇ ਘੋੜੇ ‘ਤੇ ਚੜ੍ਹ
ਵਕਤ ਨੂੰ ਲਗਾਮ ਦੇਈ
ਭੱਜਿਆ ਜਾਂਦਾ
ਮਹਾਂ-ਪਰਲੋ ਵੱਲ।
ਧਰਤੀ ਦੀ ਸੇਜ
ਅਨੰਤ ਕਾਲਾਂ ਤੋਂ
ਜਿਸਮਾਂ ਦਾ ਹਿਸਾਬ ਸਾਂਭੀ,
ਮੰਗਦੀ ਹੈ ਮੈਥੋਂ ਦਾਨ
ਤਨ ਦੀ ਮਿੱਟੀ ਦਾ।
ਮੇਰੇ ਸਾਹਾਂ ਵਿੱਚ
ਰਚਣ-ਮਿਚਣ ਦੀ
ਖੇਡ ਖੇਡਦਾ ਤੂੰ,
ਅਣਥੱਕ, ਅਣਭੇਦ,
ਅਣਵਾਕ, ਅਣਪਕੜ
ਮਹਾਂ-ਸਲੋਕ!
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਮੋਟਰਸਾਈਕਲ ਰੈਲੀ ਬੰਗਾ ਹਲਕੇ ਵਿੱਚ ਕੀਤੀ ਗਈ
Next articleਪੱਦੀ ਜਗੀਰ ਦੇ ਮੁਹੱਲਾ ਕੱਲਰਾ ਵਿੱਖੇ ਸਮਰਸੀਬਲ ਬੋਰ ਕਰਵਾਇਆ