ਸੱਭ ਦੀ ਪਿਆਰੀ ਜਗਤ – ਭੂਆ ਕੁਲਵੰਤ ਕੌਰ
(ਸਮਾਜ ਵੀਕਲੀ)-
ਬਚਪਨ ਵਿੱਚ ਪੜ੍ਹਦੇ ਸੀ
ਕਹਾਣੀ ਭੂਆ ਦੀ
ਉਹ ਸਿਰਫ਼ ਨਾਨਕ ਸਿੰਘ
ਦੀ ਭੂਆ ਸੀ
ਇਹ ਭੂਆ ਤੇ ਸੱਭ ਦੀ
ਪਿਆਰੀ ਭੂਆ
ਕੁਲਵੰਤ ਕੌਰ ਹੈ
ਜਗਤ ਭੂਆ ਕਹਿ ਦੀਏ ਤੇ
ਕੋਈ ਅਤਿਕੱਥਨੀ ਨਹੀਂ ਹੋਵੇਗੀ
ਕੀ ਕੀ ਸਿਫ਼ਤ ਕਰਾਂ ਮੈਂ ਉਸਦੀ
ਇਸ ਭੂਆ ਜਿਹਾ ਨਾ ਕੋਈ
ਹੋਇਆ ਨਾ ਕੋਈ ਹੋਸੀ
ਸਾਦ ਮੁਰਾਦੀ ਉਸਦੀ ਰਹਿਣੀ ਬਹਿਣੀ
ਕਹਿਣੀ ਕੱਥਨੀ ਵਿੱਚ ਫ਼ਰਕ ਨਾ ਕੋਈ
ਦੇਸੀ ਰੇਡੀਓ ਬਸੰਤ ਦੀ
ਆਣ ਤੇ ਸ਼ਾਨ ਹੈ ਭੂਆ
ਭੂਆ ਸੀ ਜਾਂ ਗੁਣਾਂ ਦੀ
ਖਾਣ ਸੀ ਉਹ ਕੋਈ
ਬੋਲਦੀ ਤੇ ਲੱਗਦਾ ਮੂੰਹੋਂ ਫੁੱਲ ਕਿਰਦੇ
ਗੱਲਾਂ ਗੱਲਾਂ ਵਿੱਚ ਹੀ ਸੱਭਨੂੰ
ਉਹ ਗੱਲ ਨਾਲ ਲਾਉਂਦੀ
ਕੋਈ ਮਹਿਮਾਨ ਆਏ ਉਹ
ਵਿੱਛ ਵਿੱਛ ਜਾਂਦੀ
ਫੁੱਲੀ ਨਾ ਸਮਾਉਂਦੀ
ਹੱਸ ਹੱਸ ਸੱਭਨੂੰ
ਖਿਲਾਉਂਦੀ ਪਿਲਾਉਂਦੀ
ਉਸਦੇ ਖਾਣੇ ਵਿੱਚੋਂ ਵੀ
ਮੋਹ ਦੀਆਂ ਲਿਪਟਾਂ
ਚੌਫੇਰੇ ਨੂੰ ਮਹਿਕਾਂਉਂਦੀਆਂ
ਘਰ ਕੀ ਸੀ ਇਕ
ਸਾਹਿਤਕ ਸੱਥ ਸੀ
ਜੋ ਵੀ ਉਸਦੇ ਘਰੇ ਸੀ ਆਉਂਦਾ
ਆ ਕੇ ਰਾਹਤ ਦੀ ਸਾਹ ਸੀ ਲੈਂਦਾ
ਮੋਹ ਭਿੱਜੇ ਉਸਦੇ ਬੋਲਾਂ ਨੂੰ ਸੁਣਕੇ
ਜੋ ਵੀ ਆਉਂਦਾ ਕਹਿੰਦਾ
ਮੈਂ ਜੀ ਤੁਹਾਨੂੰ ਭੂਆ
ਕਹਿ ਸਕਦਾ ਹਾਂ
ਭੂਆ ਸੁਣ ਉਸਨੂੰ
ਚਾਅ ਹੀ ਚੜ੍ਹ ਜਾਂਦਾ
ਖ਼ੁਸ਼ੀ ਵਿੱਚ ਉਹ
ਗੱਦ ਗੱਦ ਹੋ ਉੱਠਦੀ
ਤਰਾਂ ਤਰਾਂ ਦੇ ਖਾਣੇ ਉਹ
ਹੱਥੀਂ ਬਣਾ ਬਣਾ ਕੇ ਖਿਲਾਉਂਦੀ
ਜੋ ਵੀ ਖਾਂਦਾ ਤ੍ਰਿਪਤ ਹੋ ਜਾਂਦਾ ਉਹ
ਭੂਆ ਸੱਭ ਨੂੰ ਐਨਾ ਪਿਆਰਦੀ ਦੁਲਾਰਦੀ
ਵਾਪਿਸ ਜਾਣ ਨੂੰ ਉਸਦਾ ਚਿਤ ਨਾ ਕਰਦਾ
ਜੀ ਕਰਦਾ ਮੈਂ ਵੀ ਉੱਡ ਕੇ
ਹੁਣੇ ਜਾ ਮਿਲਾਂ ਉਸ ਪਿਆਰੀ
ਜਗਤ ਭੂਆ ਨੂੰ
ਉਸਦੇ ਗੱਲ ਲੱਗ ਜਾਂ ਤੇ ਕਹਾਂ
ਕੀ ਮੈਂ ਵੀ ਤੁਹਾਨੂੰ
ਭੂਆ ਕਹਿ ਸਕਦੀ ਹਾਂ
ਹੱਸਕੇ ਉਹ ਗੱਲ ਲਾ ਕਹੇ
‘ ਰੰਮੀ ‘ ਦੱਸ ਖਾਂ ਭਲਾ
ਇਹ ਕਿਹੜੀ ਪੁੱਛਣ ਵਾਲੀ
ਗੱਲ ਹੈ
ਮੈਂ ਤੇ ਹਾਂ ਹੀ ਸੱਭ ਦੀ ਭੂਆ
ਅੱਖਾਂ ਮੂੰਦ ਮੈਂ ਉਸਦੇ
ਆਗੋਸ਼ ਵਿੱਚ ਸਮਾ ਜਾਵਾਂ
ਤੇ ਕਹਾਂ ਉਹ ਮੇਰੀ ਪਿਆਰੀ ਭੂਆ
ਸੱਚੀਂ ਤੂੰ ਕਿੰਨੀ ਪਿਆਰੀ ਹੈਂ
ਜਿੰਨਾ ਸੁਣਿਆ ਸੀ ਤੇਰੇ ਬਾਰੇ
ਮਿਲਕੇ ਉਸਤੋਂ ਵੱਧ ਹੈ
ਪਾਇਆ ਅੱਜ ਮੈਂ ਤੈਨੂੰ
ਅੰਦਰੋਂ ਬਾਹਰੋਂ ਇੱਕੋ ਜਿਹੀ
ਮੁਹੱਬਤ ਨਾਲ ਲਬਰੇਜ਼
ਸੱਭ ਦੀ ਪਿਆਰੀ ਜਗਤ ਭੂਆ
ਕੁਲਵੰਤ ਕੌਰ ।