ਸਵਰਗਵਾਸੀ ਚੌਧਰੀ ਰਾਮਿੰਦਰ ਸਿੰਘ ਗਿੱਲ ਪਰਿਵਾਰ ਦੀ ਧਮੋਟ ਪਿੰਡ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਦੀ ਤਜਵੀਜ਼ ਨੂੰ ਅਕਾਲ ਅਕੈਡਮੀ ਵੱਲੋਂ ਪ੍ਰਵਾਨਗੀ
ਧਮੋਟ (ਸਮਾਜ ਵੀਕਲੀ) – ਸਵਰਗਵਾਸੀ ਚੌਧਰੀ ਰਾਮਿੰਦਰ ਸਿੰਘ ਗਿੱਲ, ਬੀਬੀ ਰਾਜਬੰਸ ਕੌਰ ਗਿੱਲ ਅਤੇ ਉਹਨਾਂ ਦੇ ਸਮੂਹ ਯੂ.ਕੇ. ਪਰਿਵਾਰ ਵੱਲੋਂ 2014 ਵਿੱਚ ਕਲਗੀਧਰ ਟਰੱਸਟ, ਬੜੂ ਸਾਹਿਬ ਨੂੰ ਪਾਇਲ-ਮਾਲੇਰਕੋਟਲਾ ਹਾਈਵੇ ’ਤੇ ਸਥਿਤ ਪੌਣੇ ਚਾਰ ਏਕੜ ਦੇ ਕਰੀਬ ਜ਼ਮੀਨ ਦਾਨ ਕੀਤੀ ਸੀ। ਇਸ ਜ਼ਮੀਨ ’ਤੇ ਅਕਾਲ ਅਕੈਡਮੀ ਦੀ ਸਥਾਪਨਾ ਸਵ: ਬਾਬਾ ਇਕਬਾਲ ਸਿੰਘ ਦੇ ਕਰ-ਕਮਲਾਂ ਨਾਲ ਅਤੇ ਸਮੂਹ ਯੂ.ਕੇ. ਗਿੱਲ ਪਰਿਵਾਰ ਦੇ ਸਹਿਯੋਗ ਨਾਲ ਕੀਤੀ ਗਈ, ਜਿੱਥੇ 350 ਦੇ ਕਰੀਬ ਬੱਚੇ ਵਧੀਆ ਪੱਧਰ ਦੀ ਵਿੱਦਿਆ ਦੇ ਨਾਲ ਧਾਰਮਿਕ ਗੁਣ, ਵਧੀਆ ਕਲਚਰ ਅਤੇ ਸੰਸਕਾਰ ਪ੍ਰਾਪਤ ਕਰ ਰਹੇ ਹਨ।
ਸਮੂਹ ਗਿੱਲ ਪਰਿਵਾਰ ਵੱਲੋਂ ਸ. ਬਲਜੀਤ ਸਿੰਘ ਗਿੱਲ (ਸਾਬਕਾ ਸਰਪੰਚ ਧਮੋਟ), ਸ. ਚਰਨ ਕੰਵਲ ਸਿੰਘ ਸੇਖੋਂ (ਐਮ.ਬੀ.ਈ.) ਸੰਸਥਾਪਕ ਅਤੇ ਚੇਅਰਮੈਨ ਸੇਵਾ ਟਰੱਸਟ ਯੂ.ਕੇ. ਅਤੇ ਰਨਜੀਤ ਸਿੰਘ ਗਿੱਲ (ਕੈਨੇਡਾ) ਦੀ ਨੁਮਾਇੰਗੀ ਵਿੱਚ ਅਕਾਲ ਅਕੈਡਮੀ ਦੇ ਨੁਮਾਇੰਦੇ ਭਾਈ ਗੁਰਮੀਤ ਸਿੰਘ ਜੀ, ਹੈਡਮਿਸਟਿਰਸ ਬਲਜੀਤ ਕੌਰ ਦੀ ਹਾਜ਼ਰੀ ਵਿੱਚ ਗਿੱਲ ਪਰਿਵਾਰ ਵੱਲੋਂ ਅਕਾਲ ਅਕੈਡਮੀ ਨਾਲ ਸਮਝੌਤੇ ’ਤੇ ਹਸਤਾਰ ਕੀਤੇ ਗਏ, ਜਿਸ ਅਨੁਸਾਰ ਅਕਾਲ ਅਕੈਡਮੀ ਧਮੋਟ ਵੱਲੋਂ ਕੁੱਲ ਬੱਚਿਆਂ ਦੀ ਗਿਣਤੀ ਵਿੱਚ 10 ਪ੍ਰਤੀਸ਼ਤ ਧਮੋਟ ਪਿੰਡ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਅਤੇ ਮੁਫ਼ਤ ਆਉਣ-ਜਾਣ ਦਾ ਖਰਚਾ (ਮੁਫ਼ਤ ਟਰਾਂਸਪੋਰਟੇਸ਼ਨ) ਮੁਹੱਈਆ ਕੀਤਾ ਜਾਵੇਗਾ।
ਚੌਧਰੀ ਰਾਮਿੰਦਰ ਸਿੰਘ ਗਿੱਲ ਪਰਿਵਾਰ ਦੇ ਦਾਮਾਦ ਚਰਨ ਕੰਵਲ ਸਿੰਘ ਸੇਖੋਂ ਜੋ ਬੈੱਡਫੋਰਡ ਯੂਕੇ ਵਿੱਚ ਸੀਨੀਅਰ ਜ਼ਿਲ੍ਹਾ ਵਾਤਾਵਰਣ ਅਫਸਰ ਅਤੇ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਪਰਿਵਾਰ ਵੱਲੋਂ ਇਸ ਸਮਝੌਤੇ ’ਤੇ ਹਸਤਾਖਰ ਕਰਦਿਆਂ ਕਿਹਾ ਕਿ ਉਹਨਾਂ ਨੇ ਧਮੋਟ ਪਿੰਡ ਵਾਸੀਆਂ ਅਤੇ ਪਰਿਵਾਰ ਦੀ ਇਹ ਬੇਨਤੀ ਕਲਗੀਧਰ ਟਰੱਸਟ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਡਾ. ਨੀਲਮ ਕੌਰ ਅਤੇ ਭਾਈ ਗੁਰਮੀਤ ਸਿੰਘ ਨਾਲ ਸਾਂਝੀ ਕੀਤੀ ਅਤੇ ਬਾਬਾ ਦਵਿੰਦਰ ਸਿੰਘ ਜੀ ਨਾਲ ਮਾਰਚ, 2023 ਵਿੱਚ ਧਮੋਟ ਅਕੈਡਮੀ ਵਿਖੇ ਮੀਟਿੰਗ ਕਰਕੇ ਇਸ ਸਮਝੌਤੇ ਦੀ ਰੂਪ ਰੇਖਾ ਤਿਆਰ ਕੀਤੀ ਜਿਸ ਨੂੰ ਇਸ ਹਫ਼ਤੇ ਵਿੱਚ ਫੌਰੀ ਸਮਝੌਤੇ ਦੇ ਰੂਪ ਵਿੱਚ ਲਾਗੂ ਕੀਤਾ ਗਿਆ। ਉਹਨਾਂ ਅਕਾਲ ਅਕੈਡਮੀ ਦੀ ਸਮੁੱਚੀ ਮੈਨਜਮਿੰਟ ਦਾ ਧੰਨਵਾਦ ਕੀਤਾ।
ਭਾਈ ਗੁਰਮੀਤ ਸਿੰਘ ਜੀ ਨੇ ਸਮਝੌਤੇ ਦੇ ਹਸਤਾਖਰ ਕਰਦਿਆਂ ਕਿਹਾ ਕਿ ਬਾਬਾ ਇਕਬਾਲ ਸਿੰਘ ਨੇ ਪੰਜਾਬ ਦੇ ਪੇਂਡੂ ਬੱਚਿਆਂ ਨੂੰ ਉੱਤਮ ਵਿੱਦਿਆ ਅਤੇ ਸਿੱਖੀ ਗੁਣਾਂ ਨਾਲ ਜੁੜੇ ਹੋਏ ਵਧੀਆ ਨਾਗਰਿਕ ਬਣਾਉਣ ਦਾ ਉਪਰਾਲਾ ਕੀਤਾ ਸੀ ਅਤੇ ਗਿੱਲ ਪਰਿਵਾਰ ਨੇ ਇਹ ਜ਼ਮੀਨ ਦਾ ਦਾਨ ਕਰਕੇ ਇਸ ਸਮੁੱਚੇ ਇਲਾਕੇ ਲਈ ਵੱਡਾ ਯੋਗਦਾਨ ਪਾਇਆ ਹੈ।
ਇਸ ਮੌਕੇ ’ਤੇ ਹੈਡਮਿਸਟਿਰਸ ਬਲਜੀਤ ਕੌਰ ਨੇ ਕਿਹਾ ਕਿ ਸਮੂਹ ਇਲਾਕੇ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਬੱਚੇ ਇਸ ਅਕੈਡਮੀ ਵਿੱਚ ਪੜ੍ਹਾਉਣ ਅਤੇ ਸਮੂਹ ਸਟਾਫ਼ ਵੱਲੋਂ ਪੂਰੀ ਲਗਨ ਅਤੇ ਮਿਹਨਤ ਨਾਲ ਬੱਚਿਆਂ ਦੇ ਵਧੀਆ ਭਵਿੱਖ ਲਈ ਉਪਰਾਲਾ ਕੀਤਾ ਜਾ ਰਿਹਾ ਹੈ |
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly