“ਬੰਦੇ ਖੋਜੁ ਦਿਲ ਹਰ ਰੋਜ” ਦੇ ਧਾਰਨੀ ਪੋ੍ਰਫੈਸਰ ਕਮਲਜੀਤ ਸਿੰਘ
(ਬਹੁਪੱਖੀ/ਮਾਣਮੱਤੀ ਸ਼ਖਸੀਅਤ)
ਲੇਖਕ: ਹਰਪ੍ਰੀਤ ਸਿੰਘ ਸਵੈਚ
(ਸਮਾਜ ਵੀਕਲੀ)- ਧੱਮਪਦ ਦਾ ਇਕ ਜਗਤ ਪ੍ਰਸਿੱਧ ਕਥਨ ਹੈ ਕਿ ਬੋਲਣ ਸਮੇਂ ਚੇਤੰਨ ਰਹਿਣਾ, ਮਨ ’ਤੇ ਕਾਬੂ ਰੱਖਣਾ ਅਤੇ ਸਰੀਰ ਨੂੰ ਬੁਰੇ ਕੰਮਾਂ ਤੋਂ ਪਰੇ੍ਹ ਰੱਖਣਾ—ਇਹ ਸ਼ੁੱਧੀ ਹਾਸਲ ਕਰਨ ਦੇ ਤਿੰਨ ਰਾਹ ਹਨ। ਇਸ ਤਰ੍ਹਾਂ ਕਰਨ ਨਾਲ ਮਨੁੱਖ ਬੁੱਧ—ਪੁਰਸ਼ਾਂ ਦੁਆਰਾ ਦੱਸੇ ਮਾਰਗ ਉੱਪਰ ਅੱਗੇ ਵੱਧਦਾ ਚਲਾ ਜਾਂਦਾ ਹੈ। ਕਹਿਣ ਦਾ ਮਤਲਬ ਸਬਰ ਸੰਤੋਖ ਦਾ ਧਾਰਨੀ ਮਨੁੱਖ ਜਿੱਥੇ ਆਪਣਾ ਜੀਵਨ ਸੁਆਰਦਾ ਹੈ ਉੱਥੇ ਹੋਰਾਂ ਲਈ ਵੀ ਰਾਹ ਦਸੇਰਾ ਬਣਦਾ ਹੈ। ਐਸੇ ਮਨੁੱਖ ਦੀ ਸ਼ਖਸੀਅਤ ਹੋਰ ਵੀ ਉੱਚਤਾ ਨੂੰ ਪ੍ਰਾਪਤ ਹੋ ਜਾਂਦੀ ਹੈ ਜਦੋਂ ਉਸ ਕੋਲ ਗੁਣਾਂ ਦੀ ਗੁਥਲੀ ਵੀ ਹੋਵੇ। ਤਕਰੀਬਨ 30 ਸਾਲ ਤੋਂ ਕਾਲਜ ਵਿਦਿਆਰਥੀਆਂ ਨੂੰ ਅਰਥਸ਼ਾਸਤਰ ਵਿਸ਼ੇ ਦੇ ਨਾਲ ਨਾਲ ਜ਼ਿੰਦਗੀ ਦਾ ਪਾਠ ਪੜ੍ਹਾ ਰਹੇ ਪ੍ਰੋਫੈਸਰ ਕਮਲਜੀਤ ਸਿੰਘ ਐਸੇ ਹੀ ਗੁਣਾਂ ਨਾਲ ਲਬਰੇਜ਼ ਇਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ।
13 ਨਵੰਬਰ 1969 ਨੂੰ ਸਰਦਾਰ ਸੁਰਿੰਦਰ ਸਿੰਘ ਅਤੇ ਸ਼੍ਰੀਮਤੀ ਭੂਪਿੰਦਰ ਕੌਰ ਦੇ ਘਰ ਜਨਮੇ ਪ੍ਰੋਫੈਸਰ ਕਮਲਜੀਤ ਸਿੰਘ ਦਾ ਪਰਿਵਾਰਕ ਪਿਛੋਕੜ ਪਾਕਿਸਤਾਨ ਨਾਲ ਜੁੜਦਾ ਹੈ। ਇਨ੍ਹਾਂ ਦੇ ਦਾਦਾ ਜੀ ਸਰਦਾਰ ਪ੍ਰੀਤਮ ਸਿੰਘ ਵੰਡ ਤੋਂ ਪਹਿਲਾਂ ਰਾਵਲਪਿੰਡੀ (ਪਾਕਿਸਤਾਨ) ਦੇ ਵਸਨੀਕ ਸਨ। ਅਜ਼ਾਦੀ ਤੋਂ ਬਾਅਦ ਥੋਹੜਾ ਸਮਾਂ ਮੁੰਬਈ ਰਹਿਣ ਉਪਰੰਤ ਉਹ ਸਾਲ 1965 ਵਿਚ ਜਲੰਧਰ ਆ ਕੇ ਵਸ ਗਏ।ਇਨ੍ਹਾਂ ਦੇ ਪਿਤਾ ਜੀ ਸਹਿਕਾਰਤਾ ਵਿਭਾਗ ਵਿਚੋਂ ਬਤੌਰ ਸੁਪਰਡੰਟ ਰਿਟਾਇਰ ਹੋਏ ਹਨ। ਲਾਇਲਪੁਰ ਖਾਲਸਾ ਕਾਲਜ ਤੋਂ ਗਰੈਜੁਏਸ਼ਨ ਅਤੇ ਅਰਥਸ਼ਾਸਤਰ ਵਿਸ਼ੇ ਵਿਚ ਆਨਰਜ਼ ਦੀ ਡਿਗਰੀ ਪਹਿਲੇ ਦਰਜੇ ਵਿਚ ਹਾਸਲ ਕਰਨ ਵਾਲੇ ਪ੍ਰੋਫੈਸਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਐਮ.ਏ. (ਅਰਥਸ਼ਾਸਤਰ) ਵੀ ਪਹਿਲੇ ਦਰਜੇ ਵਿਚ ਪਾਸ ਕਰਕੇ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ।
ਸਾਲ 1991 ਤੋਂ ਹੁਣ ਤੱਕ ਡੀ.ਏ.ਵੀ. ਅਦਾਰੇ ਦੇ ਫਿਲੌਰ, ਬਟਾਲਾ, ਨਕੋਦਰ ਵਿਚਲੇ ਕਾਲਜਾਂ ਵਿਚ ਅਧਿਆਪਨ ਸੇਵਾਵਾਂ ਨਿਭਾਉਂਦੇ ਆ ਰਹੇ ਪ੍ਰੋਫੈਸਰ ਕਮਲਜੀਤ ਸਿੰਘ ਨੇ ਹਾਲੇ ਤੱਕ ਕੁੱਝ ਨਾ ਕੁੱਝ ਨਵਾਂ ਸਿੱਖਣ ਦੀ ਆਦਤ ਨਹੀਂ ਤਿਆਗੀ। ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਪੜ੍ਹਾਉਣ ਤੋਂ ਪਹਿਲਾਂ ਇਹ ਖੁਦ ਉਸ ਵਿਸ਼ੇ ਦਾ ਪੂਰਾ ਅਧਿਐਨ ਕਰਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਉਸ ਵਿਸ਼ੇ ਦੇ ਸਾਰੇ ਪੱਖਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਨ੍ਹਾਂ ਦੇ ਪੜ੍ਹਾਏ ਹੋਏ ਸੈਂਕੜੇ ਵਿਦਿਆਰਥੀ ਅੱਜ ਸੂਬੇ ਅਤੇ ਦੇਸ਼ ਦੇ ਵੱਖ—ਵੱਖ ਅਦਾਰਿਆਂ ਵਿਚ ਉੱਚ ਅਹੁੱਦਿਆਂ ਤੇ ਤਾਇਨਾਤ ਹਨ।
ਕਈ ਅਹਿਮ ਵਿਸ਼ਿਆਂ ਤੇ ਲਗਭੱਗ ਤਿੰਨ ਦਰਜਨ ਤੋਂ ਵੱਧ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੋਜ ਪੱਤਰ ਲਿਖਣ ਵਾਲੇ ਪ੍ਰੋਫੈਸਰ ਸਾਹਿਬ ਦੀਆਂ ਬਤੌਰ ਸਹਿ ਲੇਖਕ ਵੱਜੋਂ ਹੁਣ ਤੱਕ 14 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਕਈ ਨਾਮੀ ਅਦਾਰਿਆਂ ਦੇ ਅਹਿਮ ਖੋਜ ਪ੍ਰਾਜੈਕਟਾਂ ਦਾ ਹਿੱਸਾ ਰਹਿਣ ਵਾਲੇ ਪ੍ਰੋਫੈਸਰ ਸਾਹਿਬ ਦੇ ਲਿਖੇ 45 ਤੋਂ ਵੱਧ ਲੇਖ ਦੇਸ਼ ਵਿਦੇਸ਼ ਦੇ ਵੱਖ—ਵੱਖ ਅਖਬਾਰਾਂ ਵਿਚ ਛੱਪ ਚੁੱਕੇ ਹਨ।
ਡੀਨ (ਐਗਜ਼ਾਮੀਨੇਸ਼ਨ), ਰਜਿਸਟਰਾਰ, ਆਰਗਨਾਈਜ਼ਿੰਗ ਸੈਕਟਰੀ (ਕਾਨਫਰੰਸ/ਸੈਮੀਨਾਰ), ਕਨਵੀਨਰ (ਵੈਬੀਨਾਰ), ਮੈਂਬਰ (ਨੈਕ ਸਟੀਰਿੰਗ ਕਮੇਟੀ), ਨੋਡਲ ਅਫ਼ਸਰ (ਉੱਚੇਰੀ ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ.ਜੀ.ਸੀ.) ਵਿਚ ਬਤੌਰ ਵਿਸ਼ਾ ਮਾਹਰ ਸਮੇਤ ਕਈ ਉੱਚ ਤੇ ਅਹਿਮ ਅਹੁੱਦਿਆਂ ਤੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪ੍ਰੋਫੈਸਰ ਕਮਲਜੀਤ ਸਿੰਘ ਨੂੰ ਇੰਡੀਅਨ ਇਕਨਾਮਿਕ ਐਸੋਸੀਏਸ਼ਨ ਅਤੇ ਇੰਡੀਅਨ ਇਕਨਾਮੀਟਰਿਕ ਸੋਸਾਇਟੀ ਦਾ ਲਾਈਫ਼ ਮੈਂਬਰ ਹੋਣ ਦੇ ਨਾਲ ਨਾਲ ਭਾਰਤੀ ਸਿਕਸ਼ਣ ਮੰਡਲ ਦੇ ਬੋਰਡ ਆਫ਼ ਸਟੱਡੀਜ਼ ਦਾ ਮੈਂਬਰ ਹੋਣ ਦਾ ਵੀ ਮਾਣ ਹਾਸਲ ਹੈ।
ਭਾਰਤ ਸਰਕਾਰ ਦੇ ਭਾਸ਼ਾਵਾਂ ਮੰਤਰਾਲੇ ਵੱਲੋਂ ਅਰਥ ਸ਼ਾਸਤਰ ਵਿਸ਼ੇ ਦੀਆਂ ਕਿਤਾਬਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਨ ਦੇ ਪ੍ਰਾਜੈਕਟ ਵਿਚ ਪ੍ਰੋਫੈਸਰ ਸਾਹਿਬ ਅਹਿਮ ਭੂਮਿਕਾ ਨਿਭਾਅ ਰਹੇ ਹਨ।ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ (ਇਗਨੋ) ਦੇ ਅਰਥ ਸ਼ਾਸਤਰ ਵਿਸ਼ੇ ਦੇ ਸਿਲੇਬਸ ਦਾ ਪੰਜਾਬੀ ਅਨੁਵਾਦ ਕਰਨ ਦਾ ਕੰਮ ਵੀ ਪ੍ਰੋਫੈਸਰ ਸਾਹਿਬ ਦੇ ਹਿੱਸੇ ਹੀ ਆਇਆ ਹੈ।
ਹਰ ਵੇਲੇ ਸਜ ਧਜ ਕੇ ਤਿਆਰ ਬਰ ਤਿਆਰ ਰਹਿਣ ਵਾਲੇ ਅਤੇ ਇਕ ਸ਼ਹਿਰੀ ਸਰਦਾਰ ਦੀ ਦਿੱਖ ਵਾਲੇ ਪ੍ਰੋਫੈਸਰ ਕਮਲਜੀਤ ਸਿੰਘ ਜਿੱਥੇ ਉਮਰ ਦੇ ਹਿਸਾਬ ਨਾਲ ਬਹੁਤ ਹੀ ਸੁਲਝੇ ਹੋਏ ਪ੍ਰਤੀਤ ਹੁੰਦੇ ਹਨ, ਉੱਥੇ ਆਪਣੀ ਉਮਰ ਦੇ ਹੋਰਨਾਂ ਵਿਅਕਤੀਆਂ ਦੇ ਮੁਕਾਬਲੇ ਆਧੁਨਿਕ ਤਕਨਾਲੋਜੀ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਅੱਪ ਟੂ ਡੇਟ ਹਨ।
ਪ੍ਰੋਫੈਸਰ ਸਾਹਿਬ ਅਧਿਆਪਨ ਜ਼ਿੰਮੇਵਾਰੀਆਂ ਦੇ ਨਾਲ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ।ਸ਼ਾਇਦ ਇਸੇ ਕਰਕੇ ਇਨ੍ਹਾਂ ਦੇ ਬੱਚੇ ਆਧੁਨਿਕ ਸਮਾਜ ਵਿਚ ਵਿਚਰਦੇ ਹੋਏ ਵੀ ਸਾਹਿਤ ਨਾਲ ਜੁੜੇ ਹੋਏ ਹਨ।ਅਜੋਕੇ ਛੋਟੇ ਛੋਟੇ ਪਰਿਵਾਰਾਂ ਦੇ ਯੁੱਗ ਵਿਚ ਵੀ ਪ੍ਰੋਫੈਸਰ ਸਾਹਿਬ ਇਕ ਵੱਡੇ ਸਾਂਝੇ ਪਰਿਵਾਰ ਦਾ ਹਿੱਸਾ ਹਨ। ਅਰਥ ਸ਼ਾਸਤਰ ਜਿਹੇ ਗੰਭੀਰ ਵਿਸ਼ੇ ਦੇ ਅਧਿਆਪਕ ਹੋਣ ਦੇ ਬਾਵਜੂਦ ਵੀ ਸਾਹਿਤ ਅਤੇ ਸੰਗੀਤ ਆਦਿ ਕੋਮਲ ਕਲਾਵਾਂ ਨਾਲ ਜੁੜੇ ਹੋਏ ਪ੍ਰੋਫੈਸਰ ਸਾਹਿਬ ਵਾਜਾ ਅਤੇ ਤਬਲਾ ਵਜਾਉਣ ਦੇ ਕਾਇਲ ਹਨ। ਇਸ ਤੋਂ ਇਲਾਵਾ ਮਿਆਰੀ ਕਿਤਾਬਾਂ ਪੜ੍ਹਨ ਅਤੇ ਸੈਰ ਸਪਾਟੇ ਦੇ ਵੀ ਸ਼ੌਕੀਨ ਹਨ।
ਅਧਿਆਪਨ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ ਵਾਲੇ ਪ੍ਰੋਫੈਸਰ ਕਮਲਜੀਤ ਸਿੰਘ ਸਮਾਜ ਪ੍ਰਤੀ ਵੀ ਆਪਣੀ ਡਿਊਟੀ ਤੋਂ ਕਦੇ ਮੁਨਕਰ ਨਹੀਂ ਹੋਏ। ਇਕ ਬਿਹਤਰ ਸਮਾਜ ਦੀ ਸਿਰਜਣਾ ਲਈ ਜਿੱਥੇ ਉਹ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਦੇ ਆ ਰਹੇ ਹਨ ਉੱਥੇ ਨਿਜੀ ਤੌਰ ਤੇ ਕਈ ਖੂਨਦਾਨ ਕੈਂਪ, ਪ੍ਰਦੂਸ਼ਣ ਰੋਕਥਾਮ ਕੈਂਪ ਅਤੇ ਏਡਜ਼ ਅਵੇਅਰਨੈਸ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਇਕ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਸੈਂਕੜੇ ਰੁੱਖ ਲਗਾਓ ਮੁਹਿੰਮਾਂ ਵਿਚ ਵੀ ਮੋਹਰੀ ਭੂਮਿਕਾਵਾਂ ਨਿਭਾਅ ਰਹੇ ਹਨ।
ਜਿੱਥੇ ਪ੍ਰੋਫੈਸਰ ਸਾਹਿਬ ਨੇ ਆਪਣੇ ਘਰ ਵਿਚ ਨਿਜੀ ਲਾਇਬ੍ਰੇਰੀ ਖੋਲੀ ਹੋਈ ਹੈ ਉੱਥੇ ਆਮ ਲੋਕਾਂ ਨੂੰ ਕਿਤਾਬ ਸਭਿਆਚਾਰ ਪ੍ਰਤੀ ਉਤਸ਼ਾਹਿਤ ਕਰਨ ਲਈ ਨੇੜਲੇ ਗੁਰਦੁਆਰਾ ਸਾਹਿਬ ਵਿਚ ਆਮ ਲੋਕਾਂ ਲਈ ਵੀ ਇਕ ਲਾਇਬ੍ਰੇਰੀ ਖੋਲੀ ਹੋਈ ਹੈ। ਜਿੱਥੇ ਗੁਰਮਤਿ ਗਿਆਨ ਤੋਂ ਇਲਾਵਾ ਆਰਥਸ਼ਾਸਤਰ, ਪੰਜਾਬੀ ਸਾਹਿਤ ਅਤੇ ਆਮ ਜਾਣਕਾਰੀ ਨਾਲ ਸਬੰਧਤ ਹਜ਼ਾਰਾਂ ਕਿਤਾਬਾਂ ਦੇ ਨਾਲ ਨਾਲ ਰਸਾਲੇ ਅਤੇ ਅਖਬਾਰਾਂ ਵੀ ਉਪਲੱਬਧ ਹਨ।ਇਕ ਕਲਾ ਪ੍ਰੇਮੀ ਹੋਣ ਦੇ ਨਾਤੇ ਵੱਖ—ਵੱਖ ਕਲਾ ਖੇਤਰਾਂ ਦੇ ਕਲਾਕਾਰਾਂ ਨੂੰ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਨ ਦਾ ਮੌਕੇ ਦੇਣ ਦੇ ਮਕਸਦ ਨਾਲ ਉਨ੍ਹਾਂ ਨੇ ਇਕ ਕਲਾ ਘਰ ਵੀ ਖੋਲਿਆ ਹੋਇਆ ਹੈ।
ਗੁਰਬਾਣੀ ਹਮੇਸ਼ਾ ਤੋਂ ਹੀ ਪ੍ਰੋਫੈਸਰ ਸਾਹਿਬ ਦੇ ਜੀਵਨ ਦਾ ਅਧਾਰ ਰਹੀ ਹੈ।ਪ੍ਰੋਫੈਸਰ ਸਾਹਿਬ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਅਦਭੁੱਤ ਸ਼ਕਤੀਆਂ ਦੇ ਵਿਚਰਨ ਦਾ ਅਹਿਸਾਸ ਹੋ ਚੁੱਕਿਆ ਹੈ, ਜਿਸ ਨੂੰ ਯਾਦ ਕਰਕੇ ਉਹ ਅੱਜ ਵੀ ਭਾਵੁਕ ਹੋ ਜਾਂਦੇ ਹਨ ਅਤੇ ਖੁਦ ਨੂੰ ਕਿਸੇ ਅਗੰਮੀ ਦੁਨੀਆ ਵਿਚ ਮਹਿਸੂਸ ਕਰਨ ਲਗਦੇ ਹਨ। ਪ੍ਰੋਫੈਸਰ ਸਾਹਿਬ ਆਪਣੇ ਲੇਖਾਂ ਜ਼ਰੀਏ ਪਾਠਕਾਂ ਨੂੰ ਅਰਥਸ਼ਾਸਤਰ ਦੇ ਵਿਸ਼ਿਆਂ ਨੂੰ ਗੁਰਬਾਣੀ ਪਰਿਪੇਖ ਵਿਚ ਸਮਝਾਉਣ ਦਾ ਯਤਨ ਕਰਦੇ ਰਹਿੰਦੇ ਹਨ। ਦਸਤਾਰ, ਗੁਫ਼ਤਾਰ ਅਤੇ ਕਿਰਦਾਰ ਦਾ ਬੇਹੱਦ ਖਿਆਲ ਰੱਖਣ ਵਾਲੇ ਪ੍ਰੋਫੈਸਰ ਸਾਹਿਬ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤੰਦਰੁਸਤ ਮਨ ਅਤੇ ਤਨ ਰਾਹੀਂ ਹੀ ਪ੍ਰਮਾਤਮਾ ਵਿਚ ਇਕਮਿਕਤਾ ਸੰਭਵ ਹੈ। ਜਦੋਂ ਵੀ ਉਨ੍ਹਾਂ ਨੂੰ ਸਮਾਜ ਲਈ ਕੋਈ ਸੰਦੇਸ਼ ਦੇਣ ਲਈ ਕਿਹਾ ਜਾਂਦਾ ਹੈ ਤਾਂ ਅਕਸਰ ਉਹ ਗੁਰਬਾਣੀ ਦਾ ਸ਼ਬਦ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” ਉਚਾਰ ਦਿੰਦੇ ਹਨ।
ਇਸ ਦੁਨੀਆ ਵਿਚ ਵਿਦਵਾਨ ਤਾਂ ਬਹੁਤ ਹਨ ਪਰ ਆਪਣੀ ਵਿਦਵਾਨੀਅਤ ਦੇ ਫੁੱਲਾਂ ਦੀ ਮਹਿਕ ਹੋਰਾਂ ਨੂੰ ਵੰਡਣ ਵਾਲੇ ਅਜਿਹੇ ਮਹਾਨ ਵਿਦਵਾਨ ਵਿਰਲੇ ਹੀ ਜਾਪਦੇ ਹਨ। ਸ਼ਾਲਾ* ਸਮਾਜ ਵਿਚ ਇਕ ਅਧਿਆਪਕ, ਵਿਦਾਵਨ, ਕਲਾ ਪ੍ਰੇਮੀ, ਸਾਹਿਤਕਾਰ, ਲੇਖਕ, ਸਮਾਜ ਸੇਵੀ, ਖੂਨਦਾਨੀ ਅਤੇ ਇਕ ਆਦਰਸ਼ ਇਨਸਾਨ ਵੱਜੋਂ ਵਿਚਰ ਰਹੇ ਪ੍ਰੋਫੈਸਰ ਕਮਲਜੀਤ ਸਿੰਘ ਦੀ ਉਮਰ ਲੋਕ ਗੀਤਾਂ ਜਿੰਨੀ ਹੋਵੇ।
ਹਰਪ੍ਰੀਤ ਸਿੰਘ ਸਵੈਚ
ਸੀਨੀਅਰ ਰਿਪੋਰਟਰ,
ਪੰਜਾਬ ਵਿਧਾਨ ਸਭਾ, ਚੰਡੀਗੜ੍ਹ।
ਮੋਬਾਇਲ: 9878224000