(ਸਮਾਜ ਵੀਕਲੀ)
ਡਾਕਟਰ : ਅਮਲੀਆ ਦੱਸ ਤੈਨੂੰ ਨਸ਼ਾ ਪੱਤਾ ਛੱਡ ਕੇ ਕਿਵੇਂ ਲੱਗ ਰਿਹਾ ਏ ?
ਅਮਲੀ : ਡਾਕਟਰ ਸਾਹਬ ਪਹਿਲੀ ਗੱਲ ਤਾਂ ਇਹ ਕਿ ਹੁਣ ਮੈਂ ਅਮਲੀ ਨਹੀਂ ਰਿਹਾ । ਮੇਰਾ ਨਾਂ ਤਰਲੋਚਨ ਏ । ਤੁਸੀਂ ਮੈਨੂੰ ਲੋਚੀ ਕਹਿ ਸਕਦੇ ਹੋ ।
ਡਾਕਟਰ : ਹਾਂ ਤੇ ਤਰਲੋਚਨ , ਹੁਣ ਤੂੰ ਕਿਵੇਂ ਮਹਿਸੂਸ ਕਰ ਰਿਹਾ ਏਂ ?
ਤਰਲੋਚਨ : ਡਾਕਟਰ ਸਾਹਬ ਨਸ਼ੇ ਤਿਆਗਣ ਤੋਂ ਬਾਅਦ ਮੈਂ ਕਹਾਣੀਕਾਰ ਜਿਹਾ ਬਣਦਾ ਜਾ ਰਿਹਾ ਹਾਂ ।
ਡਾਕਟਰ : ਕਹਾਣੀਕਾਰ ਬਣਦਾ ਜਾ ਰਿਹਾ ਏ ! ਉਹ ਕਿਵੇਂ ?
ਤਰਲੋਚਨ : ਡਾਕਟਰ ਸਾਹਬ ਪਹਿਲਾਂ ਮੈਂ ਘਰ ਆਕੇ ਬੇਹੋਸ਼ ਜਿਹਾ ਪੈ ਜਾਂਦਾ ਸੀ ਤੇ ਸਵੇਰੇ ਉੱਠ ਕੇ ਝੂਟੇ ਜਿਹੇ ਖਾਂਦਾ ਹੀ ਕੰਮ ਤੇ ਚਲਾ ਜਾਂਦਾ ਸੀ ,ਰਾਤ ਨੂੰ ਫਿਰ ਉਹੀ ਹਾਲ ! ਹੁਣ ਜਦੋਂ ਰਾਤ ਨੂੰ ਸੌਂਦਾ ਹਾਂ ਤੇ ਲਗਦਾ ਏ ਦਿਮਾਗ ਕੰਮ ਕਰਦਾ ਰਹਿੰਦਾ ਏ । ਦਿਮਾਗ ਵਿੱਚ ਕੋਈ ਨਾ ਕੋਈ ਵਿਚਾਰ ਚੱਲਦਾ ਰਹਿੰਦਾ ਏ , ਸੁਪਨੇ ਵੀ ਆਉਂਦੇ ਨੇ । ਦਿਮਾਗ ‘ਚ ਇੰਨੇ ਖਿਆਲ ਆਉਂਦੇ ਨੇ ਕਿ ਆਪ ਮੁਹਾਰੇ ਹੀ ਕਹਾਣੀਆਂ ਬਣਦੇ ਜਾਂਦੇ ਨੇ ।
ਡਾਕਟਰ : ਅੱਛਾ ! ਇਹ ਤਾਂ ਚੰਗੀ ਗੱਲ ਹੈ ।
ਤਰਲੋਚਨ : ਪਰਸੋਂ ਮੈਂ ਸੱਥ ਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਕਿ ਅਚਾਨਕ ਬਾਬਾ ਨਾਨਕ ਆ ਗਿਆ ।
ਕਹਿੰਦਾ ,’ਕਾਕਾ ਇੱਥੇ ਸਮੈਕ ਕਿੱਥੇ ਮਿਲਦੀ ਏ ?’
ਮੈਂ ਬੜਾ ਹੈਰਾਨ ਹੋਕੇ ,” ਪੁੱਛਿਆ ਬਾਬਾ ਜੀ ਤੁਸੀਂ ਤੇ ਸਮੈਕ ? “
ਬਾਬਾ ਬੋਲਿਆ : ਹਾਂ ਕਾਕਾ, ਮੈਂ ਵੇਖਣ ਨਿਕਲਿਆ ਹਾਂ ਕਿ ਅੱਜ ਦੀ ਪੀੜ੍ਹੀ ਖੁਮਾਰੀ ਵਿੱਚ ਰਹਿਣ ਵਾਸਤੇ ਕੀ ਕੁਝ ਵਰਤ ਰਹੀ ਏ, ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਦੁਨੀਆਂ ਤਰੱਕੀ ਕਰ ਰਹੀ ਹੈ ਕਿ ਗਰਕ ਹੋ ਰਹੀ ਹੈ ?”
ਬਾਬਾ ਮੇਰੇ ਹੱਥ ਵਿੱਚ ਅਖਬਾਰ ਵੇਖ ਕੇ ਬੋਲਿਆ,’ ਕਾਕਾ ਕੋਈ ਖਬਰ ਹੀ ਸੁਣਾ ਦੇ ।’
ਮੈਂ ਬਾਬੇ ਨਾਨਕ ਨੂੰ ਕੁਝ ਖਬਰਾਂ ਤੇ ਕੁਝ ਸੁਰਖੀਆਂ ਪੜ੍ਹ ਕੇ ਸੁਣਾਈਆਂ, ਜਿਹਦੇ ਵਿੱਚ ਕੁਝ ਖਬਰਾਂ ਚਿਰਾਂ ਤੋਂ ਲਟਕੇ ਮੁਕਦਮਿਆਂ ਦੇ ਫੈਸਲਿਆਂ ਬਾਰੇ ਸਨ ਤੇ ਕੁਝ ਸਮਾਜ ਵਿੱਚ ਹੋ ਰਹੀਆਂ ਅਣਮਨੁੱਖੀ ਘਟਨਾਵਾਂ ਬਾਰੇ ।
ਦੁਖੀ ਹੋਕੇ ਬਾਬਾ ਨਾਨਕ ਬੋਲਿਆ ,”ਮੈਂ ਤਾਂ ਸੈਂਕੜੇ ਸਾਲ ਪਹਿਲਾਂ ਵੀ ਕਿਹਾ ਸੀ ‘ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ’ ਇਹਦਾ ਅੱਜ ਤੱਕ ਵੀ ਕੋਈ ਅਸਰ ਨਹੀਂ ਹੋਇਆ ! ਮੈਂ ਤਾਂ ਇਹ ਵੀ ਕਿਹਾ ਸੀ ,”ਰਾਜੇ ਸ਼ੀਂਹ ਮੁੱਕਦਮ ਕੁੱਤੇ” ਇਹਦਾ ਮਤਲਬ ਹਾਲੇ ਵੀ ਕੁਝ ਨਹੀਂ ਬਦਲਿਆ !’
ਬਾਬਾ ਬੋਲਿਆ ,” ਕਾਕਾ ਇਹ ਦੱਸ ਮੇਰੀਆਂ ਲਿਖਤਾਂ ਦਾ ਲੋਕਾਂ ਤੇ ਕੋਈ ਅਸਰ ਹੋਇਆ ਹੈ ?
ਮੈਂ ਕਿਹਾ ,” ਬਾਬਾ ਜੀ, ਤੁਸੀਂ ਸੈਂਕੜੇ ਸਾਲ ਪਹਿਲਾਂ ਮੂਰਤੀ ਪੂਜਾ ਦਾ ਵਿਰੋਧ ਕੀਤਾ ਸੀ ਤੇ ਲੋਕਾਂ ਨੂੰ ਸਮਝਾਉਣ ਵਾਸਤੇ ਪੁਰੀ ਦੇ ਮੰਦਰਾਂ ਵਿੱਚ ਹੁੰਦੀ ਆਰਤੀ ਵੇਖ ਕੇ ਇੱਕ ਆਰਤੀ ਲਿਖੀ ਸੀ ,
‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ‘
ਅੱਜ ਲੋਕ ਥਾਲੀ ਵਿੱਚ ਦੀਵਾ, ਅਗਰਬੱਤੀ ਧੂਫ ਬਾਲ ਕੇ , ਤੁਹਾਡੀ ਹੀ ਫੋਟੋ ਅੱਗੇ , ਉਹੀ ਆਰਤੀ ਪੜ੍ਹ ਰਹੇ ਹੁੰਦੇ ਨੇ ।”
ਬਾਬੇ ਨੇ ਮੱਥੇ ਤੇ ਹੱਥ ਮਾਰਿਆ ਤੇ ਵਾਪਸ ਮੁੜ ਗਿਆ । ਮੈਂ ਵੇਖਦਾ ਰਹਿ ਗਿਆ ਤੇ ਬਾਬਾ ਮੇਰੀਆਂ ਅੱਖਾਂ ਤੋ ਓਝਲ ਹੋ ਗਿਆ । ਇੰਨੇ ਚਿਰ ਨੂੰ ਮੇਰੀ ਵਹੁਟੀ ਨੇ ਮੋਢੇ ਤੋਂ ਫੜ੍ਹ ਕੇ ਮੈਨੂੰ ਜਗਾ ਦਿੱਤਾ ,
” ਉੱਠੋ ਦਿਨ ਚੜ੍ਹ ਗਿਆ ਏ !”
ਡਾ ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
ReplyReply to allForward
|