ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)- ਸ਼ੀਸ਼ੇ ਵਿਚੋਂ ਦਿਖਦਾ ਸਾਨੂੰ ਸਾਡਾ ਅਤੀਤ ਹੁੰਦਾ, ਨਿਹਾਰਦੇ ਅਸੀ ਆਪਣਾ ਵਰਤਮਾਨ ਹੁੰਦੇ ਹਾਂ ਪਰ ਵੇਖਦੇ ਭਵਿੱਖ ਨੂੰ ਹਾਂ। ਸ਼ੀਸ਼ਾ ਬੀਬੀਆਂ ਦਾ ਚਾਪਲੂਸ ਅਤੇ ਪੁਰਸ਼ਾਂ ਦਾ ਪ੍ਰਸ਼ੰਸਕ ਹੁੰਦਾ ਹੈ। ਕਿਤੇ ਜਾਣਾ ਹੋਵੇ ਤਾਂ ਬੀਬੀਆਂ ਤਿਆਰ ਹੋ ਕੇ ਸ਼ੀਸ਼ੇ ਅੱਗੇ ਪ੍ਰਵਾਨਗੀ ਲਈ ਫਿਰ ਤੋਂ ਰੁਕ ਜਾਂਦੀਆਂ ਹਨ। ਜਦੋਂ ਤੱਕ ਸ਼ੀਸ਼ਾ ਇਨ੍ਹਾਂ ਨੂੰ ਪ੍ਰਵਾਨਗੀ ਨਹੀਂ ਦਿੰਦਾ, ਭਾਵੇਂ ਕੁਝ ਵੀ ਨੁਕਸਾਨ ਹੋ ਜਾਵੇ ਇਹ ਸ਼ੀਸ਼ੇ ਅੱਗੋਂ ਪਰ੍ਹੇ ਨਹੀਂ ਹੁੰਦੀਆਂ। ਕਿਉਂਕਿ ਇਹ ਉਮਰ ਲੁਕਾਉਣ ਦੇ ਨਾਲ-ਨਾਲ ਆਪਣੀ ਤਿਲ੍ਹਕਦੀ ਜਾਂਦੀ ਚਿਹਰੇ ਦੀ ਨੁਹਾਰ ਤੇ ਜਵਾਨੀ ਨੂੰ ਵੀ ਫੜ੍ਹਦੀਆਂ ਹਨ। ਸੁਲੱਖਣੀਆਂ ਔਰਤਾਂ ਕੁਦਰਤ ਦੇ ਬਹੁਤ ਨੇੜੇ ਹੁੰਦੀਆਂ ਹਨ। ਅਕਲ ਤੋਂ ਤੰਗ ਸਭ ਪਿੱਟ ਸਿਆਪੇ ਕਰਨ ਦੇ ਬਾਵਜੂਦ ਵੀ ਸੋਹਣੀਆਂ ਨਹੀਂ ਲਗਦੀਆਂ!

ਸ਼ੀਸ਼ੇ ਵਿਚ ਇਹ ਗੁਣ ਨਹੀਂ ਕਿ ਓਹ ਕੁਦਰਤ ਦੇ ਦਿੱਤੇ ਨੈਣ-ਨਕਸ਼ਾਂ ਨੂੰ ਬਦਲ ਸਕੇ, ਪਰ ਹਾਂ ਜਿਨ੍ਹਾਂ ਘਰਾਂ ਵਿਚ ਔਰਤ ਦਾ ਮਨ ਖੁਸ਼ ਹੋਵੇ ਓੱਥੇ ਇਹ ਭਾਗਾਂ ਵਾਲੀਆਂ ਪੂਰੇ ਪਰਿਵਾਰ ਦੇ ਚਿਹਰੇ ਦੀਆਂ ਉਦਾਸੀਆਂ ਨੂੰ ਰੌਣਕਾਂ ਵਿਚ ਬਦਲ ਚਿਹਰੇ ਦੇ ਪ੍ਰਭਾਵ ਨੂੰ ਹੋਰ ਚੰਨ ਲਾ ਦਿੰਦੀਆਂ ਹਨ। ਜੇ ਔਰਤ ਦਾ ਮਨ ਰੋਗੀ ਹੋਵੇ ਤਾਂ ਉਸ ਲਈ ਭਾਵੇਂ ਚਾਰੇ ਕੋਣਾਂ ਤੋਂ ਦੇਖਣ ਵਾਲਾ ਸ਼ੀਸ਼ਾ ਫਿਟ ਕਰਵਾ ਦਿਓ, ਉਸਦੀ ਕੋਈ ਨਾ ਕੋਈ ਚੂਲ ਢਿੱਲੀ ਹੀ ਨਜ਼ਰ ਆਵੇਗੀ। ਕੁਦਰਤ ਮੇਹਰ ਕਰੇ ਹਰ ਔਰਤ ਨੂੰ ਆਪਣੇ ਕਿਰਦਾਰ ਦੀ ਮਹੱਤਤਾ ਦੀ ਜਾਂਚ ਆਵੇ ਤੇ ਇਹ ਜੱਗ ਜਨਨੀ ਆਪਣੀਆਂ ਸਿਆਣਪਾਂ, ਲਿਆਕਤਾਂ ਅਤੇ ਮੁਹੱਬਤ ਸਦਕਾ ਮਾਂ, ਭੈਣ, ਧੀ, ਪਤਨੀ ਅਤੇ ਚੰਗੇ ਦੋਸਤ ਦੀ ਹਰ ਅਦਾਕਾਰੀ ਨੂੰ ਬਾਖ਼ੂਬੀ ਨਿਭਾਕੇ ਔਰਤ ਦੇ ਰੁਤਬੇ ਨੂੰ ਮਹਾਨ ਬਣਾਈ ਰੱਖਣ ਤੇ ਹਰ ਮਰਦ ਦਿਲੋਂ ਢੇਰ ਦੁਆਵਾਂ ਦੇਵੇ ਇਨ੍ਹਾਂ ਕੁੜੀਆਂ, ਚਿੜੀਆਂ, ਜਿਉਣ ਜੋਗੀਆਂ ਬਾਲੜੀਆਂ ਮੁਟਿਆਰਾਂ ਨੂੰ…
ਲੋੜ ਤੋਂ ਜ਼ਿਆਦਾ ਹਾਰ ਸ਼ਿੰਗਾਰ ਕਰਕੇ ਚਿਹਰੇ ਤੇ ਪਾਊਡਰ ਥੱਪਣ ਵਾਲਿਆਂ ਔਰਤਾਂ ਸਵੇਰੇ ਤਾਂ ਕੇਰਾਂ ਐਨ ਜ਼ੋਬਨ ਤੇ ਖਿੜ੍ਹਿਆ ਬਾਗ਼ ਲਗਦੀਆਂ ਹਨ। ਸੂਰਜ ਦੇ ਛਿੱਪਦੇ ਤੱਕ ਓਹ ਜੰਗਲ ਬਣ ਜਾਂਦੀਆਂ ਨੇ, ਜਦੋਂ ਤੱਕ ਖਾਵੰਦ ਕੋਲ ਆਉਂਦੀਆਂ ਹਨ ਓਹ ਵਿਚਾਰਾਂ ਆਪਣੇ ਆਪ ਨੂੰ ਠੱਗਿਆ ਗਿਆ ਮਹਿਸੂਸ ਕਰਦਾ ਹੀ ਸੌਂ ਜਾਂਦਾ ਹੈ।
ਸੋ ਅਸਲ ਜੀਵਨ ਵਿਚ ਮਰਦ ਹੋਵੇ ਜਾਂ ਔਰਤ, ਸਮਾਜ ਵਿੱਚ ਮਹਾਨ ਕਾਰਜ ਕਰਨ ਵਾਲੇ ਲੋਕ ਹੀ ਮਾਨਵਜਾਤੀ ਲਈ ਸ਼ੀਸ਼ਾ ਬਣਦੇ ਹਨ। ਕਹਿਣ ਦਾ ਮਤਲਬ ਇਹ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਲਈ ਸ਼ੀਸ਼ਾ ਬਣਨਾ ਹੈ, ਨਾ ਕੇ ਜਗਤ ਤਮਾਸ਼ਾ ਬਣਨਾ..!
ਖੁਸ਼ ਤਬੀਅਤ ਮਨ ਦੀ ਮੁਟਿਆਰ ਮਰਦ ਦੇ ਮੁਕਾਬਲੇ ਐਨੀ ਤਾਕਤਵਰ ਹੁੰਦੀ ਹੈ ਕਿ ਜੇਕਰ ਓਹ ਕਦੇ ਗ਼ੁਲਾਬ ਲੈ ਕੇ ਸ਼ੀਸ਼ੇ ਮੂਹਰੇ ਖੜ੍ਹ ਜਾਵੇ ਤਾਂ ਦੁਨੀਆਂ ਨੂੰ ਦੋ ਗ਼ੁਲਾਬ ਨਜ਼ਰ ਆਉਂਦੇ ਨੇ, ਜੇਕਰ ਕਿਧਰੇ ਓਹ ਥੋੜ੍ਹਾ ਮੁਸਕਰਾ ਵੀ ਦੇਵੇ ਤਾਂ ਸ਼ੀਸ਼ਾ ਆਪਣਾ ਵਜੂਦ ਗਵਾ ਕੇ ਪਿਘਲਣ ਲਈ ਵੀ ਮਜਬੂਰ ਹੋ ਜਾਂਦਾ ਹੈ। ਜੀਓ ਜੁਗ ਜੁਗ…

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਧਾਰਮਿਕ ਅਸਥਾਨ ਤੇ ਦੁੱਖ
Next articleਕਿਸਾਨ ਮੋਰਚਾ ਤੇ ਸਰਕਾਰਾਂ-