ਨਿਰਮਲ ਰਿਸ਼ੀ ਨੂੰ ਪਦਮ ਸ੍ਰੀ ਪੁਰਸਕਾਰ ਦੀਆਂ ਵਧਾਈਆਂ 

(ਸਮਾਜ ਵੀਕਲੀ)

ਨਿਰਮਲ ਰਿਸ਼ੀ ਨੂੰ ਪਦਮਸ੍ਰੀ ਪੁਰਸਕਾਰ ਮਿਲ ਰਿਹਾ ਹੈ..ਦੋ ਕੁ ਸਾਲ ਪਹਿਲਾਂ ਇਸ ਵਿਲੱਖਣ ਅਦਾਕਾਰ ਬਾਰੇ ਇੱਕ ਸ਼ਬਦ ਚਿਤਰ ਲਿਖਿਆ ਸੀ..ਇਹ ਸ਼ਬਦ ਚਿਤਰ “ਰੰਗਮੰਚ ਵੱਲ ਖੁੱਲ੍ਹਦੀ ਖਿੜਕੀ” ਨਾਮ ਦੀ ਕਿਤਾਬ ਵਿੱਚ ਸ਼ਾਮਲ ਹੈ…ਸਪਤਰਿਸ਼ੀ ਪਬਲੀਕੇਸ਼ਨ ਵੱਲੋਂ ਛਾਪੀਆਂ ਦੋ ਕਿਤਾਬਾਂ “ਰਾਸ ਰੰਗ” ਅਤੇ “ਰੰਗਮੰਚ ਵੱਲ ਖੁੱਲ੍ਹਦੀ ਖਿੜਕੀ” ਵਿਚ ਅਜਿਹੇ ਅਨੇਕਾਂ ਦਿਲਚਸਪ ਲੇਖ ਸ਼ਾਮਲ ਹਨ।.. ਫਿਲਹਾਲ ਪੁਰਸਕਾਰ ਦੀ ਖੁਸ਼ੀ ਵਿਚ ਇਹ ਪੜ੍ਹੋ——
                     ਉਹ ਸਿਰਫ਼ ਗੁਲਾਬੋ ਮਾਸੀ ਨਹੀਂ !
                ਸਾਨੂੰ ਆਦਤ ਹੈ ਹਰ ਕਿਸੇ ਨੂੰ ਨਾਵਾਂ ‘ਚ ਬੰਨ੍ਹਣ ਦੀ, ਤੇ ਫਿਰ ‘ਉਨਾ ਕੁ’ ਹੀ ਅਕਸ ਚਿਤਵ ਕੇ ਉਹੋ ਜਿਹਾ ਸੋਚਣ ਸਮਝਣ ਦੀ! ਫਿਰ ਅਸੀਂ ਉਸ ਤੋਂ ਪਾਰ ਨਹੀਂ ਸੋਚਦੇ। ਇਸੇ ਲਈ ਪੰਜਾਬੀ ਉਲਾਰ ਬਿਰਤੀ ਲਈ ਉਹ ਸਿਰਫ਼ ‘ਗੁਲਾਬੋ ਮਾਸੀ’ ਹੈ। ਸਾਡਾ ਇੰਨੇ ਨਾਲ ਹੀ ਸਰ ਜਾਂਦਾ ਹੈ। ਗੁਲਾਬ ਖਿਡ਼ਿਆ ਖਿਡ਼ਾਇਆ ਮਿਲ ਜਾਵੇ ਤਾਂ ਕੀਹਦਾ ਜੀਅ ਕਰਦਾ ਹੈ ਕਿ ਉਹਦੇ ਖਿੜਨ ਦੀ ਪ੍ਰਕਿਰਿਆ ਜਾਨਣ ਦਾ ਤਰੱਦਦ ਕਰੇ! ਗੁਲਾਬ ਅੱਜ ਮਹਿਕ ਰਿਹਾ ਹੈ। ਪਰ ਕੰਡਿਆਂ ਨੇ ਫੁੱਲਾਂ ‘ਤੇ ਹਾਵੀ ਹੋਣ ਦਾ ਯਤਨ ਤਾਂ ਕੀਤਾ ਹੋਊ.. ਵੱਡੇ ਖੀਵੇ ਦੀ ਉਸ ਧੀ ਨੇ ਖੌਰੇ ਕਿੰਨੇ ਉੱਚੇ ਨੀਵੇਂ ਟਿੱਬਿਆਂ ਨੂੰ ਪੱਧਰਾ ਕਰਨ ਲਈ ਹੱਥ ਪੈਰ ਮਾਰੇ ਹੋਣਗੇ!
ਜੀ ਹਾਂ, ਮੈਂ ਗੱਲ ਨਿਰਮਲ ਰਿਸ਼ੀ ਦੀ ਕਰ ਰਿਹਾ ਹਾਂ। ਉਸ ਦੀ ਤਪੱਸਿਆ ਸੱਚੀਂ ਕਿਸੇ ਰਿਸ਼ੀ ਵਰਗੀ ਹੈ। ਸਾਧਨਾ ਇੰਨੀ ਨਿੱਠ ਕੇ ਕੀਤੀ ਹੋਈ ਕਿ ਉਮਰ ਦੇ ਸੱਤਵੇਂ ਦਹਾਕੇ ‘ਚ ਵੀ ਇਸ ਫੁੱਲ ਦੀ ਖੁਸ਼ਬੋ ਮੱਠੀ ਨਹੀਂ ਪਈ। ਕਲਾ ਦੀ ਨਿਰਮਲ ਧਾਰ ਵਰਗੀ, ਸਵੱਛ, ਸਾਫ਼, ਆਰ ਪਾਰ ਦਿਸਦੀ ਰਿਸ਼ੀ! ਉਹ ਹੱਸਦੀ ਹੈ ਤਾਂ ਕਿਸੇ ਬੱਚੇ ਵਾਂਗ.. ਗੱਲ ਕਰਦੀ ਹੈ ਤਾਂ ਕਿਸੇ ਪਹੁੰਚੇ ਹੋਏ ਫ਼ਕੀਰ ਵਾਂਗ.. ਅਦਾਕਾਰੀ ਕਰਦੀ ਹੈ ਤਾਂ  ਪੁਰਾਣੇ ਸਮਿਆਂ ‘ਚ ਚਾਰਦੀਵਾਰੀ ਰਹਿਤ  ਘਰਾਂ ‘ਚ ਗੁਆਂਢ ਬੈਠੀ ਕਿਸੇ ਜਾਣੂ ਤੀਵੀਂ ਵਾਂਗ.. ਮਿਲਦੀ ਹੈ ਤਾਂ ਕਿਸੇ ਚਿਰਾਂ ਦੇ ਵਿਛੜੇ ਪਰ ਸੱਜਰੇ ਚਾਵਾਂ ਵਾਲੇ ਪ੍ਰਵਾਰਕ ਜੀਅ ਵਾਂਗ!
              ਨਿਰਮਲ ਰਿਸ਼ੀ ਪੰਜਾਬੀ ਰੰਗਮੰਚ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠਿਆ ਉਹ ਇਤਿਹਾਸਕ ਗ੍ਰੰਥ ਹੈ ਜਿਸ ਦੇ ਪੰਨਿਆਂ ‘ਤੇ ਰਾਜ ਬੱਬਰ, ਸਰਦਾਰ ਸੋਹੀ, ਦਰਸ਼ਨ ਬੜੀ, ਗਿਰਜਾ ਸ਼ੰਕਰ, ਗੁਰਦਾਸ ਮਾਨ, ਮੋਹਨ ਬੱਗਨ, ਨੀਨਾ ਟਿਵਾਣਾ ਦੇ ਸੁਪਨੇ ਅੰਕਿਤ ਹਨ। ਉਸ ਗ੍ਰੰਥ ਦਾ ਆਦਿ, ਮੱਧ ਤੇ ਅੰਤ ਹਰਪਾਲ ਟਿਵਾਣਾ ਦੀਆਂ ਯਾਦਾਂ ਨਾਲ ਸਜਿਆ ਹੋਇਆ ਹੈ। ਉਹ ਸਿਰਫ਼ ਨਿਰਮਲ ਰਿਸ਼ੀ ਨਹੀਂ ਹੈ, ਵੱਡੇ ਖੀਵੇ ਦੇ ਪੰਡਤਾਂ ਦੀ  ਇਹ ਧੀ ਪੰਜਾਬੀ ਰੰਗਮੰਚ ਦੇ ਸੁਨਹਿਰੀ ਕਾਲ ਨੂੰ ਸਮਝਣ ਵੱਲ ਖੁੱਲ੍ਹਦੀ ਖਿੜਕੀ ਹੈ।
  ਉਸ ਦਾ ਦਾਦਾ ‘ਰਾਮ ਦਿੱਤਾ’ ਮਹਾਰਾਜਾ ਪਟਿਆਲਾ ਦਾ ਦਰੋਗਾ ਸੀ। ਪਿਉ ‘ਬਲਦੇਵ ਕ੍ਰਿਸ਼ਨ ਰਿਸ਼ੀ’ ਪਟਵਾਰ ਪੁਣਾ ਕਰਦਾ ਸੀ। ਪਰ ਨਾ ਦਾਦਾ ਜਾਣਦਾ ਸੀ, ਨਾ ਪਿਓ ਕਿ ਇਸ ਰਿਸ਼ੀ ਨੂੰ ਇਕ ਦਿਨ ਉਸ ਦੀ ਕਲਾ ਤੋਂ  ਖ਼ੁਸ਼ ਹੋ ਕੇ ਮਹਾਰਾਜੇ ਨੇ ਆਪਣੇ ਮਹਿਲਾਂ ‘ਚ ਦਾਅਵਤ ਦੇਣੀ ਸੀ! ਇਸ ਦਾਅਵਤ ‘ਤੇ ਜਾਣਾ ਉਸ ਲਈ ਵੱਡੀ ਗੱਲ ਨਹੀਂ,ਬਲਕਿ  ਅਪੋਲੋ ਗਰਾਊਂਡ ਦੇ ਖੁੱਲ੍ਹੇ ਮੈਦਾਨ ‘ਚ ਭੁੰਜੇ ਦਰੀ ਵਿਛਾ ਕੇ ਮਹੀਨਿਆਂ ਬੱਧੀ ਸੌਣਾ ਯਾਦ ਕਰਦਿਆਂ ਉਸ ਦੇ ਚਿਹਰੇ ‘ਤੇ ਅਵੱਲਾ ਨੂਰ ਚੜ੍ਹਦਾ ਹੈ। ਉਹ ਹਰਪਾਲ ਟਿਵਾਣਾ ਦੀ ਲਾਡਲੀ ਸ਼ਗਿਰਦ ਹੈ। ਹਰਪਾਲ ਦੀ ਮਾਂ ਨੂੰ ਇੱਕ ਦਿਨ ‘ਰੰਗ ਤਮਾਸ਼ੇ’ ਤੋਂ ਖਿਝ ਚੜ੍ਹੀ ਤਾਂ  ਉਸਨੂੰ ਸਣੇ ਉਸਦੀ ਰੰਗਮੰਚ ਟੋਲੀ ਘਰੋਂ ਬਾਹਰ ਕੱਢ ਦਿੱਤਾ। ਹਰਪਾਲ ਦਿਲ ਦਾ ਬਾਦਸ਼ਾਹ ਸੀ (ਉਸ ਦੇ ਸ਼ਾਗਿਰਦ ਗੁਰਦਾਸ ਮਾਨ ਨੇ ਸ਼ਾਇਦ ਉਸੇ ਦੀ ਸ਼ਾਹਾਨਾ ਪਹੁੰਚ ਨੂੰ ਮਨੀਂ ਵਸਾ ਕੇ ਇਸ ਸਿਰਲੇਖ ਵਾਲਾ ਗਾਣਾ ਗਾਇਆ ਸੀ).. ਆਪਣੀ ‘ਕੰਜਰ ਟੋਲੀ’ ਲੈ ਕੇ ਅਪੋਲੋ ਗਰਾਊਂਡ ਜਾ ਵਸਿਆ। ਨਿਰਮਲ ਉਦੋਂ ਭਰ ਜਵਾਨ ਸੀ। ਆਪਣੇ ਉਸਤਾਦ ਨੂੰ ਜ਼ਿੰਦਗੀ ਦੇ ਟਿੱਬੇ ਪੱਧਰੇ ਕਰਦਿਆਂ ਦੇਖ ਉਹ ਸਿੱਖ ਰਹੀ ਸੀ ਕਿ ਤਕੜੇ ਹੋ ਕੇ ਮੁਆਸ਼ਰੇ ਨੂੰ ਕਿਵੇਂ ਟੱਕਰਨਾ ਹੈ।
           ਮਾਨਸਾ ਦਾ ਪਿੰਡ ‘ਵੱਡਾ ਖੀਵਾ’.. ਦੋ ਵੱਡੇ ਭਰਾ ਜੰਮਦਿਆਂ ਹੀ ਮਰ ਗਏ.. ਤਿੰਨ ਬਚੇ.. ਤਿੰਨ ਭੈਣਾਂ ਜੀਵੀਆਂ! ਨਿਰਮਲ ਪਡ਼੍ਹਨ ਲਈ ਆਪਣੀ ਭੂਆ ਕੋਲ ਗੰਗਾਨਗਰ ਜਾ ਪਹੁੰਚੀ। ਸਕੂਲ ਕਾਲਜ ਦੀ ਪੜ੍ਹਾਈ ਉੱਥੇ ਹੀ ਕੀਤੀ।  ਰੰਗਮੰਚ ਵਾਲੇ ਜਾਣਦੇ ਹਨ ਕਿ ਥਿਊਰੀ ਆਫ ਏਲੀਨੇਸ਼ਨ ਕੀ ਹੁੰਦੀ ਹੈ, ਆਲੇ ਦੁਆਲੇ ਦਿੱਸਦੇ ਸੱਚ ਨਾਲੋਂ ਤੋੜ ਕੇ ‘ਅਸਲ ਸੱਚ’ ਲੱਭਣਾ ਤੇ ਫਿਰ ‘ਝੂਠੇ ਸੱਚ’ ਨੂੰ ਲੱਤ ਮਾਰਨੀ!  ਨਿਰਮਲ ਰਿਸ਼ੀ ਦਾ ਫੁੱਫੜ ਸ਼ਰਾਬ ਦਾ ਕਾਰੋਬਾਰੀ ਸੀ। ਘਰ ‘ਚ ਵੱਡੇ ਵੱਡੇ ਢੋਲ ਪਏ ਹੁੰਦੇ.. ਬੋਤਲਾਂ ਖੜਕਦੀਆਂ.. ਪਰ ਨਿਰਮਲ ਨੂੰ ਮੰਚ ਦਾ ਨਸ਼ਾ ਚੜ੍ਹਿਆ ਹੋਇਆ ਸੀ। ਉਹ ਰੱਜ ਕੇ ਪੜ੍ਹੀ। ਨਾਟਕ, ਸਕਿੱਟਾਂ, ਗਿੱਧਾ.. ਕਲਾ ਦੇ ਹਰ ਰੂਪ ਨਾਲ ਯਾਰੀ ਪਾ ਲਈ। ਨਿਰਮਲ ਪੜ੍ਹ ਲਿਖ ਗਈ।
         ਉਚੇਰੀ ਵਿੱਦਿਆ ਲਈ ਜੈਪੁਰ ਜਾਣਾ ਚਾਹੁੰਦੀ ਸੀ ਪਰ ਸਰਸਵਤੀ ਦੇਵੀ ਨੂੰ ਕੁਝ ਹੋਰ ਮਨਜ਼ੂਰ ਸੀ। ਉਹ ਪਟਿਆਲੇ ਪਹੁੰਚ ਗਈ। ਫਿਜ਼ੀਕਲ ਐਜੂਕੇਸ਼ਨ ਕਾਲਜ ਉਸ ਵਿੱਦਿਆ ਹਾਸਲ ਕੀਤੀ। ਇਹ ਉਹੀ ਸਮਾਂ ਸੀ ਜਦੋਂ ਹਿੰਦੋਸਤਾਨ  ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਇਕ ਯੁੱਧ ਕਰ ਚੁਕਾ ਸੀ.. ਪੰਜਾਬ ‘ਚੋਂ ਹਰਿਆਣਾ ਅਲੱਗ ਹੋ ਰਿਹਾ ਸੀ.. ਪਰ ਨਿਰਮਲ ਆਪਣੇ ਕਲਾਤਮਕ ਯੁੱਧ ਵਿਚਲੇ ‘ਬ੍ਰਹਮਅਸਤਰ’ ਦੇ ਨਜ਼ਦੀਕ ਪਹੁੰਚ ਰਹੀ ਸੀ। ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿੱਖ ਕੇ ਸ਼ਾਹੀ ਸ਼ਹਿਰ ਵਾਪਸ ਆ ਚੁੱਕੇ ਸਨ। ਉਨ੍ਹਾਂ ਨੂੰ ਕੋਈ ਵਧੀਆ ਅਦਾਕਾਰਾ ਚਾਹੀਦੀ ਸੀ। ਪ੍ਰੋਫ਼ੈਸਰ ਸੂਦ  ਜ਼ਰੀਆ ਬਣੇ ਤੇ 12 ਨਵੰਬਰ,1966 ਨੂੰ ਨਿਰਮਲ ਰਿਸ਼ੀ ਪੰਜਾਬੀ ਰੰਗਮੰਚ ਦੇ ਪਹਿਲੇ ਪੇਸ਼ਾਵਰ ਨਿਰਦੇਸ਼ਕ ਹਰਪਾਲ ਟਿਵਾਣਾ  ਦੀ ਸੰਗਤ ‘ਚ ਪਹੁੰਚ ਗਈ। ਅਲਬਰਟ ਕਾਮੂ ਦੀ ਸਕ੍ਰਿਪਟ.. ਉਸ ਦਾ ਪੰਜਾਬੀ ਰੂਪ ‘ਮੱਸਿਆ ਦੀ ਰਾਤ’.. ਨਿਰਮਲ ਲਈ ਨਵੀਂ ਸਵੇਰ ਬਣ ਬਹੁੜਿਆ।
     
 ਫਿਰ ਚੱਲ ਸੋ ਚੱਲ.. ਦੀਵਾ ਬਲੇ ਸਾਰੀ ਰਾਤ, ਚਮਕੌਰ ਦੀ ਗੜ੍ਹੀ, ਹਿੰਦ ਦੀ ਚਾਦਰ, ਫਾਦਰ, ਲੌਂਗ ਦਾ ਲਿਸ਼ਕਾਰਾ, ਮੇਲਾ ਮੁੰਡੇ ਕੁੜੀਆਂ ਦਾ.. ਨਿਰਮਲ ਦਿਲਾਂ ‘ਤੇ ਰਾਜ ਕਰਨ ਲੱਗੀ। ਹਰਪਾਲ ਤੇ ਨੀਨਾ ਦੀ ਪਰਿਵਾਰਕ ਜ਼ਿੰਦਗੀ ਦੇ ਕਰੀਬ ਰਹੀ। ਟਿਵਾਣਾ ਸਾਹਿਬ ਵੱਡੀ ਹਸਤੀ ਸਨ.. ਰੋਅਬ ਵੱਖਰਾ! ਕਲਾਕਾਰ ਜ਼ਬਾਨ ਖੋਲ੍ਹਣ ਲੱਗਿਆਂ ਡਰਦੇ.. ਸਫ਼ਰ ਕਰਦੇ ਤਾਂ ਉਦੋਂ ਤੱਕ ਪਿਆਸ ‘ਤੇ ਕਾਬੂ ਰੱਖਦੇ, ਜਦ ਤਕ ਟਿਵਾਣਾ ਸਾਹਿਬ ਦੀ ਪਸੰਦ ਦਾ ਨਲਕਾ ਨਾ ਜਾਂਦਾ। ਅੱਜ ਉਨ੍ਹਾਂ ਦੀ ਇਸ ਪਿਆਰੀ ਸ਼ਗਿਰਦ ਦੀ ਪਿਆਸ ਬਾਰੇ ਭਿਣਕ ਵੀ ਪੈ ਜਾਵੇ ਤਾਂ ਅਨੇਕਾਂ ਹੱਥ ਪਾਣੀ ਦੇ ਗਲਾਸ ਲੈ ਕੇ ਸਾਹਮਣੇ ਖੜ੍ਹੇ ਹੁੰਦੇ ਹਨ। ‘ਫਾਦਰ’ ਨਾਟਕ ‘ਚ ਨਿਰਮਲ ਨੇ ਟਿਵਾਣਾ ਸਾਹਿਬ ਦੇ ਥੱਪੜ ਮਾਰਨਾ ਸੀ, ਡਰਦੀ ਉਸਤਾਦ ਦੇ ਥੱਪੜ ਕਿੰਝ ਮਾਰੇ! ਖਿਝ ਕੇ ਟਿਵਾਣਾ ਸਾਹਿਬ ਨੇ ਨਿਰਮਲ ਦੇ ਥੱਪੜ ਜੜਤਾ.. ਸ਼ਾਗਿਰਦ ਕੁੜੀ ਸਹਿਮ ਗਈ.. ਤਿੰਨ ਦਿਨ ਰੋਂਦੀ ਰਹੀ। ਨੀਨਾ ਟਿਵਾਣਾ ਦੀ ਮਾਂ ਨੇ ਸਮਝਾਇਆ, “ਰੋ ਨਾ ਧੀਏ, ਹਰਪਾਲ ਦਾ ਥੱਪੜ  ਜੀਹਦੇ ਪੈ ਜਾਏ, ਉਹ ਬੰਦਾ ਬਣ ਜਾਂਦਾ!” ਤੇ ਨਿਰਮਲ ‘ਬੰਦਾ’ ਬਣ ਗਈ! ਅੱਜ ਤੱਕ ‘ਬੰਦਈ’ ਖੁੱਸਣ ਨਹੀਂ ਦਿੱਤੀ।
          1975 ‘ਚ ਨਿਰਮਲ ਲੁਧਿਆਣੇ ਜਾ ਪਹੁੰਚੀ। ਖ਼ਾਲਸਾ ਕਾਲਜ ਫਾਰ ਵਿਮੈਨ ‘ਚ ਲੈਕਚਰਰ ਲੱਗ ਗਈ ਤੇ ਰਿਟਾਇਰਮੈਂਟ ਤੱਕ ਉਥੇ ਹੀ ਡਟੀ ਰਹੀ। ਰੰਗਮੰਚ ਨਾ ਛੱਡਿਆ। ਰਿਕਸ਼ੇ ‘ਤੇ ਬੈਠ ਗਲੀ ਗਲੀ ਘੁੰਮਦੀ, ਟਿਕਟਾਂ ਵੇਚਦੀ, ਪੋਸਟਰ ਲਗਾਉਂਦੀ, ਕਲਾਕਾਰਾਂ ਦਾ ਰੋਟੀ ਟੁੱਕ ਕਰਦੀ। ਮਜਾਲ ਐ ਕੋਈ ਅੱਖ ਚੁੱਕ ਦੇਖ ਲਵੇ। ਰੰਗਮੰਚ ਨੂੰ ਉਸ ਨੇ ਬਹੁਤ ਕੁਝ ਦਿੱਤਾ, ਰੰਗਮੰਚ ਨੇ ਉਸ ਦੀ ਝੋਲੀ ਬੜਾ ਕੁਝ ਪਾਇਆ।  ਉਹ ਉਸ ਦੌਰ ਦੀ ਅਦਾਕਾਰਾ ਹੈ ਜਦੋਂ ਛੇ ਛੇ ਮਹੀਨੇ ਰਿਹਰਸਲਾਂ ਹੁੰਦੀਆਂ.. ਦਿੱਲੀ ਤੋਂ ਅਬਰਾਹਮ ਅਲਕਾਜ਼ੀ ਵਿਸ਼ੇਸ਼ ਤੌਰ ‘ਤੇ ਰਿਹਰਸਲ ਦੇਖਣ ਪਹੁੰਚਦੇ। ਡਾ ਹਰਚਰਨ ਸਿੰਘ ਦੀ ‘ਬੱਲੇ ਬੱਲੇ’ ਉਸਦੇ ਚੇਤਿਆਂ ‘ਚ ਅੱਜ ਵੀ ਗੂੰਜ ਰਹੀ ਹੈ। ਉਹ ਤੂੜੀ ‘ਤੇ ਚਾਦਰ ਵਿਛਾ ਕੇ ਵੀ ਸੁੱਤੀ, ਪੰਜ ਸਿਤਾਰਾ ਹੋਟਲਾਂ ‘ਚ ਵੀ ਰਹੀ। ਉਸ ਦੇ ਵੱਡੇ ਪਰਿਵਾਰ ‘ਚ ਦੋ ਇਨਸਾਨ ਰਾਸ਼ਟਰਪਤੀ ਤੱਕ ਪਹੁੰਚੇ.ਉਸ ਦੀ ਚਾਚੀ (ਅਧਿਆਪਕ ਦੇ ਤੌਰ ‘ਤੇ ਐਵਾਰਡ ਲੈਣ ਲਈ) ਤੇ ਖੁਦ ਨਿਰਮਲ ਰਿਸ਼ੀ (ਸੰਗੀਤ ਨਾਟਕ ਅਕੈਡਮੀ ਐਵਾਰਡ ਹਾਸਲ ਕਰਨ ਲਈ)। ਪਰ ਉਹ ਮੰਨਦੀ ਹੈ ਕਿ ਅਜਿਹਾ ‘ਪੰਜਾਬੀ ਰੰਗਮੰਚ ਦੇ ਰਾਸ਼ਟਰਪਤੀ’ ਹਰਪਾਲ ਟਿਵਾਣਾ ਸਦਕਾ ਹੋਇਆ। ਰਾਜ ਬੱਬਰ, ਗੁਰਦਾਸ ਮਾਨ, ਸਰਦਾਰ ਸੋਹੀ ਉਸ ਲਈ ਪਿਆਰੇ ‘ਰਾਜ’ ‘ਗੁਰਦਾਸ’ ਤੇ ‘ਸੋਹੀ’ ਹਨ। ਉਹ ਹਰ ਇਕ ਦਾ ਜ਼ਿਕਰ ਕਰਦੀ ਅੱਖਾਂ ਦੇ ਕੋਏ ਨਮ ਕਰ ਬਹਿੰਦੀ ਹੈ  ਪਰ ਦਿਸਣ ਨ੍ਹੀਂ ਦਿੰਦੀ।
            ਪੰਜਾਬੀ ਮਾਨਸਿਕਤਾ ਦੀ ਕਮਜ਼ੋਰੀ ਹੀ ਸਮਝੋ ਕਿ ਅਸੀਂ ਉਸ ਦੇ ਵਰਤ ਵਰਤਾਓ ਤੇ ਰੋਹਬ ਨੂੰ ਦੇਖਦਿਆਂ ਉਹਨੂੰ ‘ਜੱਟੀ’ ਕਹਿ ਕੇ ਨਿਵਾਜਦੇ ਹਾਂ ਤੇ ਪੰਡਤ ਰਾਮ ਦਿੱਤੇ ਦੀ ਧੀ ਦਾ ਬਣਦਾ ਸਤਿਕਾਰ ਉਸ ਦੇ ਅਸਲ ਸਮੇਤ ਦੇਣ ਦੀ ਥਾਂ ਉਲਾਰ ਹੋ ਜਾਂਦੇ ਹਾਂ। ਉਹ ਨਾ ਪੰਡਤਾਣੀ ਹੈ, ਨਾ ਜੱਟੀ.. ਉਹ ਕਲਾਕਾਰ ਹੈ.. ਸ਼ੁੱਧ ਕਲਾਕਾਰ.. ਕਲਾਕਾਰੀ ਦਾ ਸਤਿਕਾਰ ਕਰਨ ਵਾਲੀ.. ਕਲਾ ਦੀ ਇਬਾਦਤ ਕਰਨ ਵਾਲੀ! ਨਿਰਮਲ ਰਿਸ਼ੀ ਦੇ ਗ੍ਰੰਥ ਵਿਚ ਅਜੇ ਕਈ ਸਫੇ ਕੋਰੇ ਪਏ ਹਨ। ਸੁਨਹਿਰੀ ਹਰਫ਼ ਉਕਰੇ ਜਾਣ ਦੀ ਉਡੀਕ ਬਣਾਈ ਰੱਖਿਓ!
ਸਾਹਿਬ ਸਿੰਘ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਗੀਤ – ਬੇਗਮਪੁਰੇ ਦਾ ਸੁਪਨਾ