ਸੱਚੋ ਸੱਚ / ਕਵੀ ਦੀ ਸੋਚ

ਰਣਜੀਤ ਸਿੰਘ ਨੂਰਪੁਰਾ

(ਸਮਾਜ ਵੀਕਲੀ)-  ਕੁੰਭਨਦਾਸ ਹਿੰਦੀ ਭਾਸ਼ਾ ਵਿੱਚ ਕਵਿਤਾ ਲਿਖਣ ਵਾਲਾ ਬਾ-ਕਮਾਲ ਕਵੀ ਸੀ। ਉਸ ਦੁਆਰਾ ਰਚਿਤ ਕਵਿਤਾਵਾਂ ਦੀ ਸਾਹਿਤ ਦੇ ਪ੍ਰੇਮੀਆਂ ਵੱਲੋਂ ਇਸ ਕਰਕੇ ਸਰਾਹਨਾ ਕੀਤੀ ਜਾਂਦੀ ਸੀ ਕਿਉਂਕਿ ਕਵਿਤਾਵਾਂ ਦੇ ਵਿਸ਼ੇ ਉਨ੍ਹਾਂ ਹੀ ਲੋਕਾਂ ਦੇ ਦੁੱਖ-ਦਰਦ ਹੁੰਦੇ ਸਨ ਜਿਸ ਕਰਕੇ ਕਵਿਤਾ ਪੜ੍ਹਨ ਵਾਲੇ ਨੂੰ ਇੰਜ ਲੱਗਦਾ ਜਿਵੇਂ ਕਵਿਤਾ ਵਿੱਚ ਉਸ ਦੀ ਗੱਲ ਹੀ ਕੀਤੀ ਹੋਵੇ। ਕੋਈ ਵੀ ਲੇਖਕ ਜਦੋਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਨੇੜਿਉਂ ਵੇਖ ਉਨ੍ਹਾਂ ਨੂੰ ਦਰਪੇਸ਼ ਦੁੱਖਾਂ-ਦਰਦਾਂ ਨੂੰ ਉਭਾਰਦਾ ਹੈ ਤਾਂ ਉਹ ਲੋਕਾਂ ‘ਚ ਹਰਮਨ ਪਿਆਰਾ ਬਣ ਜਾਂਦਾ ਹੈ।

             ਜਿਸ ਰਾਜ ਵਿੱਚ ਕੁੰਭਨਦਾਸ ਰਹਿੰਦਾ ਸੀ -ਉੱਥੋਂ ਦਾ ਰਾਜਾ ਭੇਸ ਬਦਲ ਉਸ ਦੇ ਘਰ ਚਲਿਆ ਗਿਆ। ਕਵੀ ਰਾਜੇ ਨੂੰ ਪਹਿਚਾਣ ਤਾਂ ਨਹੀਂ ਸਕਿਆ ਸਗੋਂ ਉਸ ਨੂੰ ਆਪਣਾ ਪ੍ਰਸੰਸਕ ਮੰਨ ਬੈਠਣ ਲਈ ਆਖ ਦਿੱਤਾ ਤੇ ਨਾਲ ਹੀ ਆਪਣੀ ਲੜਕੀ ਨੂੰ ਸ਼ੀਸ਼ਾ ਲਿਆ ਕੇ ਦੇਣ ਲਈ ਆਖ ਦਿੱਤਾ। ਹੋਇਆ ਇੰਝ ਕਿ ਜਦੋਂ ਲੜਕੀ ਸ਼ੀਸ਼ਾ ਲਈ ਆ ਰਹੀ ਸੀ ਤਾਂ ਉਹ ਹੱਥ ‘ਚੋਂ ਡਿੱਗ ਟੁੱਟ ਗਿਆ। ਲੜਕੀ ਤਾਂ ਬਹੁਤ ਘਬਰਾਈ ਪਰ ਕਵੀ ਬਿਲਕੁਲ ਨਹੀਂ ਘਬਰਾਇਆ ਤੇ ਆਪਣੀ ਲੜਕੀ ਨੂੰ ਕਿਸੇ ਘੜੇ ਵਿੱਚ ਪਾਣੀ ਲਿਆਉਣ ਲਈ ਆਖ ਦਿੱਤਾ।
             ਅਸਲ ਵਿੱਚ ਕਵੀ ਆਪਣੇ ਵੱਡ-ਵਡੇਰਿਆਂ ਦੀ ਰਵਾਇਤ ਨੂੰ ਅੱਗੇ ਤੋਰਦਾ ਹੋਇਆ ਮੱਥੇ ‘ਤੇ ਚੰਦਨ ਦਾ ਟਿੱਕਾ ਲਗਾਇਆ ਕਰਦਾ ਸੀ ਤੇ ਲੜਕੀ ਕੋਲੋਂ ਸ਼ੀਸ਼ਾ ਵੀ ਉਸ ਨੇ ਇਸੇ ਕੰਮ ਲਈ ਮੰਗਵਾਇਆ ਸੀ ਤਾਂ ਜੋ ਉਸ ਵਿੱਚ ਦੀ ਵੇਖ ਮੱਥੇ ‘ਤੇ ਟਿੱਕਾ ਲਗਾ ਸਕੇ।
         ਲੜਕੀ ਨੇ ਘੜੇ ਵਿੱਚ ਪਾਣੀ ਭਰ ਲਿਆਂਦਾ ਤੇ ਕਵੀ ਨੇ ਪਾਣੀ ਵਿੱਚ ਆਪਣਾ ਚਿਹਰਾ ਵੇਖ ਟਿੱਕਾ ਲਾ ਲਿਆ। ਰਾਜਾ, ਜਿਹੜਾ ਕਿ ਆਮ ਇਨਸਾਨ ਬਣਿਆ ਬੈਠਾ ਸੀ, ਕਵੀ ਦੀ ਟਿੱਕਾ ਲਗਾਉਣ ਵਾਲੀ ਤਰਕੀਬ ਵੇਖ ਬਹੁਤ ਖੁਸ਼ ਹੋਇਆ ਤੇ ਉੱਥੋਂ ਚਲਿਆ ਗਿਆ।
          ਅਗਲੇ ਦਿਨ ਰਾਜਾ ਆਪਣੇ ਅਸਲੀ ਰੂਪ ਵਿੱਚ ਕਵੀ ਪਾਸ ਆਇਆ ਤੇ ਇੱਕ ਬਹੁਤ ਹੀ ਕੀਮਤੀ ਸ਼ੀਸ਼ਾ ਉਸ ਵੱਲ ਵਧਾਉਂਦਾ ਬੋਲਿਆ, ” ਮੈਂ ਤੇਰੇ ਲਈ ਬਹੁਤ ਹੀ ਕੀਮਤੀ ਸ਼ੀਸ਼ਾ ਲੈ ਕੇ ਆਇਆ ਹਾਂ ਤੇ ਤੂੰ ਇਸ ਨੂੰ ਕਬੂਲ ਕਰ।”
            ਕਵੀ ਤੁਰੰਤ ਬੋਲਿਆ, ” ਤੁਹਾਡਾ ਮੇਰੇ ਘਰ ਆਉਣ ‘ਤੇ ਸਵਾਗਤ ਹੈ ਪਰ ਮੁਆਫ ਕਰਨਾ ਕਿ ਮੈਂ ਇਹ ਸ਼ੀਸ਼ਾ ਨਹੀਂ ਲਵਾਂਗਾ।”
             ਇਹ ਸੁਣ ਰਾਜਾ ਹੈਰਾਨ ਰਹਿ ਗਿਆ ਤੇ ਆਖਣ ਲੱਗਾ,” ਲੋਕ ਤਾਂ ਮੇਰੇ ਹੱਥ ਦੀ ਚੀਜ਼ ਲੈ ਮਾਣ ਮਹਿਸੂਸ ਕਰਦੇ ਹਨ ਪਰ ਤੂੰ ਉਲਟ ਚੱਲ ਰਿਹਾਂ। “
              ” ਨਹੀਂ ਮਹਾਰਾਜ, ਗੱਲ ਉਲਟ ਚੱਲਣ ਦੀ ਨਹੀਂ ਹੈ ਸਗੋਂ ਮੁਫ਼ਤ ਵਿੱਚ ਲੈਣ ਦੀ ਹੈ। ਮੈਂ ਅੱਜ ਤੱਕ ਕਿਸੇ ਕੋਲੋਂ ਵੀ ਕਿਸੇ ਵੀ ਪ੍ਰਕਾਰ ਦਾ ਤੋਹਫਾ ਵਗੈਰਾ ਨਹੀਂ ਲਿਆ। ਅਜਿਹੀਆਂ ਬੇ-ਲੋੜੀਆਂ ਚੀਜ਼ਾਂ ਘਰ ਵਿੱਚ ਬਿਨਾਂ ਮਤਲਬ ਤੋਂ ਜਗ੍ਹਾ ਘੇਰੀ ਰੱਖਦੀਆਂ ਹਨ ਤੇ ਤੋਹਫੇ ਲੈਣ ਦੀ ਆਦਤ ਬੰਦੇ ਦੀ ਕੰਮ ਪ੍ਰਤੀ ਰੁਚੀ ‘ਤੇ ਵੀ ਸੱਟ ਮਾਰਦੀ ਹੈ। ਮੈਂ ਉਹੀ ਚੀਜ਼ ਲੈ ਕੇ ਆਇਆ ਕਰਦਾ ਹਾਂ ਜਿਸ ਦੀ ਸਾਨੂੰ ਬਹੁਤ ਲੋੜ ਹੁੰਦੀ ਹੈ। ਫਾਲਤੂ ਦੀਆਂ ਚੀਜ਼ਾਂ/ ਤੋਹਫਿਆਂ ਨਾਲ ਘਰ ਭਰੀ ਜਾਣਾ ਭਲਾ ਕਿੱਥੋਂ ਦੀ ਸਿਆਣਪ ਹੋਈ? ਸ਼ੀਸ਼ਾ ਟੁੱਟਿਆ ਹੈ ਤੇ ਮੈਂ ਉਸੇ ਸਾਇਜ਼ ਦਾ ਲੈ ਕੇ ਆਵਾਂਗਾ। ਤੁਹਾਡੇ ਵੱਲੋਂ ਭੇਂਟ ਕੀਤਾ ਜਾ ਰਿਹਾ ਸ਼ੀਸ਼ਾ ਵੈਂਸੇ ਵੀ ਐਨਾ ਵੱਡਾ ਹੈ ਕਿ ਇਸ ਨੂੰ ਰੱਖਣ ਲਈ ਉਚੇਚੇ ਤੌਰ ‘ਤੇ ਸਥਾਨ ਤਿਆਰ ਕਰਨਾ ਪਵੇਗਾ। ਮਹਿੰਗੇ ਤੋਹਫ਼ੇ ਬੰਦੇ ਦੀਆਂ ਆਦਤਾਂ ਵਿਗਾੜ ਦਿੰਦੇ ਹਨ ਤੇ ਬੰਦਾ ਆਪਣੇ-ਆਪ ਨੂੰ ਸੱਤਵੇਂ ਅਸਮਾਨ ‘ਤੇ ਸਮਝਣ ਲੱਗ ਪੈਂਦਾ ਹੈ।
ਸੋ ਕਿਰਪਾ ਕਰਕੇ ਤੁਸੀਂ ਇਸ ਕੀਮਤੀ ਸ਼ੀਸ਼ੇ ਨੂੰ ਵਾਪਸ ਲੈ ਜਾਣਾ। “
              ਕਵੀ ਦੇ ਘਰ ਦਾ ਚਾਹ-ਪਾਣੀ ਪੀ ਉਹ ਰਾਜਾ ਇੱਕ ਪ੍ਰਸੰਨ ਮਨ ਨਾਲ ਵਾਪਸ ਮੁੜ ਗਿਆ।
                             “”******”
-ਰਣਜੀਤ ਸਿੰਘ ਨੂਰਪੁਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਦੋ ਧੀਆਂ / ਮਿੰਨੀ ਕਹਾਣੀ
Next articleਨਾਨੀ ਦੀਆਂ ਬਾਤਾਂ ਚੋਂ