ਜਲੰਧਰ, ਫਿਲੌਰ, ਅੱਪਰਾ (ਜੱਸੀ)-ਨਾਮਵਰ ਵਿਦਵਾਨ ਗੁਰਬਚਨ ਸਿੰਘ ਭੁੱਲਰ ਦੀ ਕਲਮ ਤੋਂ ਲਿਖੀ ਪੁਸਤਕ, ‘ਗ਼ਦਰ ਪਾਰਟੀ ਦੇ ਬਾਨੀ: ਬਾਬਾ ਸੋਹਣ ਸਿੰਘ ਭਕਨਾ’ ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ ‘ਚ ਲੋਕ-ਅਰਪਣ ਕੀਤੀ। ਇਸ ਮੌਕੇ ਗੁਰਬਚਨ ਸਿੰਘ ਭੁੱਲਰ ਨੇ ਆਪਣੇ ਭੇਜੇ ਸੁਨੇਹੇ ‘ਚ ਕਿਹਾ ਕਿ,’ਮੈਂ ਇਹ ਕਿਤਾਬ ਸੁਹਿਰਦ ਪਾਠਕਾਂ, ਨੌਜਵਾਨ ਪੀੜ੍ਹੀ ਦੇ ਹੱਥਾਂ ਤੱਕ ਪੁੱਜਦੀ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਵਧੀਆ ਵਸੀਲਾ ਸਮਝਦਿਆਂ ਇਹ ਨਜ਼ਰਾਨਾ ਭੇਂਟ ਕਰਨ ਦੀ ਖੁਸ਼ੀ ਲੈ ਰਿਹਾ ਹਾਂ।’ ਉਹਨਾਂ ਦੱਸਿਆ ਕਿ ਜਦੋਂ ਅਮਰੀਕਾ ‘ਚ ਗ਼ਦਰ ਪਾਰਟੀ ਦੇ ਗੜ੍ਹ ਕਰਕੇ ਜਾਣੇ ਜਾਂਦੇ ਕੈਲੇਫੋਰਨੀਆਂ ਸਮੇਤ ਹੋਰ ਥਾਵਾਂ ਦੀ ਮੈਂ ਨੇੜਿਓਂ ਜਾਣਕਾਰੀ ਇਕੱਤਰ ਕੀਤੀ ਤਾਂ ਮਹਿਸੂਸ ਹੋਇਆ ਕਿ ਗ਼ਦਰ ਪਾਰਟੀ ਦੇ ਇਤਿਹਾਸ ਅਤੇ ਇਸਦੇ ਸੂਝਵਾਨ ਅਤੇ ਸਿਦਕਵਾਨ ਨਾਇਕਾਂ ਬਾਰੇ ਲੋਕਾਂ ਨੂੰ ਜਾਣੂੰ ਕਰਾਉਣਾ ਬਹੁਤ ਜ਼ਰੂਰੀ ਹੈ।
ਉਹਨਾਂ ਦੱਸਿਆ ਕਿ ਬਾਬਾ ਸੋਹਣ ਸਿੰਘ ਭਕਨਾ ਦੇ ਪਰਿਵਾਰ ‘ਚੋਂ ਪਸ਼ੌਰਾ ਸਿੰਘ ਢਿੱਲੋਂ ਨਾਲ ਇਸ ਫ਼ਿਕਰ ਅਤੇ ਸਰੋਕਾਰ ਬਾਰੇ ਜਦੋਂ ਗੱਲ ਸਾਂਝੀ ਕੀਤੀ ਤਾਂ ਉਹਨਾਂ ਨੇ ਵੀ ਗਰਮਜੋਸ਼ੀ ਨਾਲ ਹੁੰਗਾਰਾ ਭਰਿਆ। ਇਸ ਪੁਸਤਕ ਦੇ ਪ੍ਰਕਾਸ਼ਨ ਦੀਆਂ ਸੇਵਾਵਾਂ ਫ਼ਰਿਜਨੋ, ਕੈਲੀਫੋਰਨੀਆਂ ਵਾਸੀ ਸ਼ੁੱਭਚਿੰਤਕ ਪਸ਼ੌਰਾ ਸਿੰਘ ਢਿੱਲੋਂ, ਚਰਨਜੀਤ ਸਿੰਘ ਬਾਠ ਅਤੇ ਅਜੀਤ ਸਿੰਘ ਗਿੱਲ ਨੇ ਭੇਂਟ ਕਰਨ ਦੀ ਖੁਸ਼ੀ ਸਾਂਝੀ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਗੁਰਮੀਤ ਸਿੰਘ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਅੱਜ ਦਿੱਲੀ ਤੋਂ ਗੁਰਬਚਨ ਸਿੰਘ ਭੁੱਲਰ ਦੁਆਰਾ ਭੇਜੀ ਪੁਸਤਕ ਲੋਕ ਅਰਪਣ ਕਰਦਿਆਂ ਉਹਨਾਂ ਵੱਲੋਂ ਕਮੇਟੀ ਲਈ ਸੈਂਕੜੇ ਪੁਸਤਕਾਂ ਭੇਂਟ ਕਰਨ ਦਾ ਹਾਰਦਿਕ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly