ਇਹ ਕਿਹੋ ਜਿਹਾ ਨਿੱਜੀ ਮਸਲਾ?
(ਸਮਾਜ ਵੀਕਲੀ)- ਹਰ ਇੱਕ ਮਨੁੱਖ ਨੂੰ ਆਪਣੀ ਜਿੰਦਗੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਹੈ l ਉਹ ਰੱਬ ਨੂੰ ਮੰਨੇ ਜਾਂ ਨਾ, ਧਰਮ ਨੂੰ ਮੰਨੇ ਜਾਂ ਨਾ, ਧਰਮ ਦੀ ਮੰਨੇ ਜਾਂ ਨਾ, ਆਸਤਿਕ ਹੋਵੇ ਜਾਂ ਨਾਸਤਿਕ l ਕੁਦਰਤ ਮਨੁੱਖ ਨਾਲ ਇੱਕੋ ਜਿਹਾ ਵਰਤਾਓ ਕਰਦੀ ਹੈ l ਗਰਮੀ, ਸਰਦੀ, ਮੀਂਹ, ਝੱਖੜ, ਕੋਰਾ ਅਤੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਹਰ ਇੱਕ ਨੂੰ ਕਰਨਾ ਪੈਂਦਾ ਹੈ ਭਾਵੇਂ ਉਹ ਆਸਤਿਕ ਹੋਵੇ ਜਾਂ ਨਾਸਤਿਕ, ਧਾਰਮਿਕ ਹੋਵੇ ਜਾਂ ਗ਼ੈਰ ਧਾਰਮਿਕ l ਇਸੇ ਤਰਾਂ ਬਿਮਾਰੀ ਤੇ ਮੌਤ ਵੀ ਵਿਅਕਤੀ ਨਾਲ ਫਰਕ ਨਹੀਂ ਕਰਦੀ l
ਇਹ ਕਿਹਾ ਜਾਂਦਾ ਹੈ ਕਿ ਧਰਮ ਜਾਂ ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਵਿਅਕਤੀ ਦਾ ਨਿੱਜੀ ਮਸਲਾ ਹੈ l ਕੋਈ ਵੀ ਮਸਲਾ ਓਨਾ ਚਿਰ ਹੀ ਨਿੱਜੀ ਰਹਿੰਦਾ ਹੈ ਜਿੰਨਾ ਚਿਰ ਉਹ ਦੂਜਿਆਂ ਦੀ ਜਿੰਦਗੀ ਖਰਾਬ ਨਹੀਂ ਕਰਦਾ l
ਰੱਬ ਦੇ ਨਾਮ ਤੇ ਜਾਂ ਧਰਮ ਦੇ ਨਾਮ ਤੇ ਦੂਜਿਆਂ ਦੀ ਜਿੰਦਗੀ ਖਰਾਬ ਕਰਨ ਦਾ ਅਧਿਕਾਰ ਰੱਬ ਨੂੰ ਮੰਨਣ ਵਾਲਿਆਂ ਕੋਲ ਜਾਂ ਧਰਮ ਨੂੰ ਮੰਨਣ ਵਾਲਿਆਂ ਕੋਲ ਨਹੀਂ ਹੈ ਪਰ ਫਿਰ ਵੀ ਉਹ ਦੂਜਿਆਂ ਦੀ ਜਿੰਦਗੀ ਖਰਾਬ ਕਰਨ ਵਿੱਚ ਕਸਰ ਨਹੀਂ ਛੱਡਦੇ l
ਆਪਣੇ ਅਗਲਾ ਜਨਮ (ਜੋ ਕਿਸੇ ਨੇ ਦੇਖਿਆ ਹੀ ਨਹੀਂ) ਨੂੰ ਸੰਵਾਰਨ ਦੇ ਚੱਕਰ ਵਿੱਚ ਇਹ ਲੋਕ ਦੂਜਿਆਂ ਦਾ ਇਹ ਵੱਡਮੁੱਲਾ ਜਨਮ ਵੀ ਖਰਾਬ ਕਰ ਦਿੰਦੇ ਹਨ l
ਧਾਰਮਿਕ ਸਮਾਗਮ ਸੜਕਾਂ ਤੇ ਕਰਨ ਵੇਲੇ ਸੜਕਾਂ ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਲੋਕ ਆਪਣੀ ਮੰਜ਼ਿਲ ਤੱਕ ਸਮੇਂ ਸਿਰ ਨਹੀਂ ਪਹੁੰਚ ਸਕਦੇ l ਐੱਬੂਲੈਂਸਾਂ, ਅੱਗ ਬੁਝਾਉਣ ਵਾਲੀਆਂ ਗੱਡੀਆਂ ਆਦਿ ਨੂੰ ਰਾਹ ਨਹੀਂ ਮਿਲਦਾ ਜਿਸ ਕਾਰਣ ਕਈ ਮਰੀਜ਼ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ l ਉਨ੍ਹਾਂ ਮਰੀਜਾਂ ਦਾ ਅਗਲਾ ਜਨਮ ਤਾਂ ਕੀ ਸੁਧਰਨਾ ਸੀ ਸਗੋਂ ਉਹ ਮਰੀਜ਼ ਇਸ ਵਡਮੁਲੇ ਜਨਮ ਤੋਂ ਵੀ ਹੱਥ ਧੋ ਬੈਠਦੇ ਹਨ l
ਰੱਬ ਦੇ ਨਾਮ ਤੇ ਹੋਏ ਸ਼ੋਰ ਪ੍ਰਦੂਸ਼ਣ ਕਾਰਣ ਕਈ ਬੱਚੇ ਚੰਗੀ ਤਰਾਂ ਪੜ੍ਹ ਨਹੀਂ ਸਕਦੇ ਅਤੇ ਕਈ ਮਰੀਜ਼ਾਂ ਨੂੰ ਖਤਰਨਾਕ ਬਿਮਾਰੀ ਕਾਰਣ ਡਾਕਟਰਾਂ ਵਲੋਂ ਸ਼ਾਂਤੀ ਦੇ ਮਹੌਲ ਵਿੱਚ ਰਹਿਣ ਦੀ ਸਲਾਹ ਹੁੰਦੀ ਹੈ ਪਰ ਆਵਾਜ਼ ਦੇ ਸ਼ੋਰ ਪ੍ਰਦੂਸ਼ਣ ਕਾਰਣ ਕਈ ਮਰੀਜ਼ ਇਸ ਦੁਨੀਆਂ ਨੂੰ ਪਹਿਲਾਂ ਹੀ ਅਲਵਿਦਾ ਆਖ ਜਾਂਦੇ ਹਨ l
ਸ਼ੋਰ ਪ੍ਰਦੂਸ਼ਣ ਕਾਰਣ ਪੰਛੀ ਡਰਦੇ ਹਨ, ਛੋਟੇ ਬੱਚੇ ਡਰਦੇ ਹਨ, ਛੋਟੇ ਬੱਚਿਆਂ ਦੇ ਕੰਨ ਬਹੁਤ ਸੋਹਲ/ਨਾਜ਼ੁਕ (Sensitive) ਹੁੰਦੇ ਹਨ ਜਿਨ੍ਹਾਂ ਤੇ ਉੱਚੀ ਆਵਾਜ਼ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ l
ਜਦੋਂ ਦੋ ਵੱਖ ਧਰਮਾਂ ਵਾਲੇ ਲਾਊਡ ਸਪੀਕਰਾਂ ਰਾਹੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਨ ਤਾਂ ਦੋਨਾਂ ਧਾਰਮਿਕ ਅਸਥਾਨਾਂ ਦੇ ਵਿਚਾਲੇ ਵਸਦੇ ਘਰਾਂ ਨੂੰ ਕੁੱਝ ਵੀ ਪਤਾ ਨਹੀਂ ਲਗਦਾ ਕਿ ਕੀ ਕਿਹਾ ਜਾ ਰਿਹਾ ਹੈ? ਹੱਥ ਜੋੜ ਕੇ ਉਹ ਵੀ ਅੰਦਰੋ ਅੰਦਰੀ ਇਹੀ ਕਹਿੰਦੇ ਲਗਦੇ ਹਨ ਕਿ ਰੱਬਾ ਇਨ੍ਹਾਂ ਨੂੰ ਮੱਤ ਬਖਸ਼ l
ਦੂਜੇ ਪਾਸੇ ਇਹ ਕਿਹਾ ਜਾਂਦਾ ਹੈ ਕਿ ਰੱਬ ਸਭ ਜਾਣੀ ਜਾਣ ਹੈ l ਜੇ ਉਹ ਸਭ ਜਾਣੀ ਜਾਣ ਹੈ ਤਾਂ ਉੱਚੀ ਆਵਾਜ਼ ਦੀ ਲੋੜ ਹੀ ਕਿਉਂ ਪੈਂਦੀ ਹੈ?
ਜਦੋਂ ਧਰਮ ਜਾਂ ਰੱਬ ਦੇ ਨਾਮ ਤੇ ਉਪਰੋਕਤ ਮਸਲੇ ਦੂਜਿਆਂ ਲਈ ਖੜ੍ਹੇ ਕੀਤੇ ਜਾਣ ਤਾਂ ਧਰਮ ਨੂੰ ਜਾਂ ਰੱਬ ਨੂੰ ਮੰਨਣਾ ਨਿੱਜੀ ਮਸਲਾ ਨਹੀਂ ਰਹਿੰਦਾ l
ਵੱਡੀ ਗਿਣਤੀ ਵਿੱਚ ਪੰਜਾਬੀ/ਭਾਰਤੀ ਵਿਦੇਸ਼ ਵਿੱਚ ਜਾਣ ਦਾ ਸੁਪਨਾ ਲੈਂਦੇ ਹਨ l ਵਿਦੇਸ਼ਾਂ ਵਿੱਚ ਸ਼ੋਰ ਪ੍ਰਦੂਸ਼ਣ ਦੀ ਇਜਾਜਤ ਨਹੀਂ ਹੁੰਦੀ l ਵਿਦੇਸ਼ ਵਿੱਚ ਆਪਣੇ ਨਾਲੋਂ ਦੂਜੇ ਦਾ ਜਿਆਦਾ ਖਿਆਲ ਰੱਖਣਾ ਪੈਂਦਾ ਹੈ l ਵਿਦੇਸ਼ ਵਿੱਚ ਧਰਮ ਜਾਂ ਜਾਤ ਮਹਾਨਤਾ ਦੀ ਨਿਸ਼ਾਨੀ ਨਹੀਂ ਹੈ ਅਤੇ ਨਾ ਹੀ ਰੱਬ ਨੂੰ ਮੰਨਣਾ ਜਾਂ ਰੱਬ ਤੋਂ ਡਰਨਾ ਮਹਾਨਤਾ ਦੀ ਨਿਸ਼ਾਨੀ ਹੈ l ਕਰਮ (ਕੰਮ/ਕਿਰਤ) ਹੀ ਮਹਾਨਤਾ ਦੀ ਨਿਸ਼ਾਨੀ ਹੈ l
ਥੋੜ੍ਹੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ਦੀ ਕਦਰ ਹੈ l ਚੰਗੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਹੀ ਆਪਣੀ ਆਦਤ ਸੁਧਾਰੀਏ l
ਵਿਦੇਸ਼ਾਂ ਦੀ ਧਰਤੀ ਤੇ ਧਰਮ ਦੀ ਕੱਟੜਤਾ ਕਾਰਣ ਦੂਜਿਆਂ ਨਾਲ ਕੀਤੀ ਦਰਿੰਦਗੀ ਦੀ ਸਜ਼ਾ ਜੇਲ੍ਹ ਹੀ ਹੈ l ਧਰਮ ਦੇ ਨਾਮ ਤੇ ਭੜਕੀਆਂ ਭਾਵਨਾਵਾਂ ਦਾ ਵਾਸਤਾ ਦੇ ਕੇ ਜੇਲ੍ਹ ਤੋਂ ਬਚਿਆ ਨਹੀਂ ਜਾ ਸਕਦਾ l ਹਾਂ ਇੱਕ ਗੱਲ ਜ਼ਰੂਰੀ ਹੈ ਕਿ ਧਰਮ ਦੇ ਨਾਮ ਤੇ ਭੜਕੀਆਂ ਭਾਵਨਾਵਾਂ ਨੂੰ ਜ਼ੇਲ੍ਹ ਦੀ ਸਜ਼ਾ ਜ਼ਰੂਰ ਸ਼ਾਂਤ ਕਰ ਦਿੰਦੀ ਹੈ l ਇੱਕ ਪਰਿਵਾਰਿਕ ਮੈਂਬਰ ਦੇ ਜ਼ੇਲ ਜਾਣ ਬਾਦ ਮਗਰੋਂ ਸਾਰਾ ਪਰਿਵਾਰ ਰੁਲ ਜਾਂਦਾ ਹੈ l ਕੋਈ ਵੀ ਧਰਮੀ ਜਾਂ ਰੱਬ ਨੂੰ ਮੰਨਣ ਵਾਲਾ ਪਰਿਵਾਰ ਦੀ ਮੱਦਦ ਲਈ ਅੱਗੇ ਨਹੀਂ ਆਉਂਦਾ l
ਸਿਆਣਪ ਇਸ ਵਿੱਚ ਹੈ ਕਿ ਜਿੰਦਗੀ ਵਿੱਚ ਕੁੱਝ ਕਰਨ ਤੋਂ ਪਹਿਲਾਂ ਉਸ ਦੇ ਭਵਿੱਖ ਵਿੱਚ ਨਿਕਲਣ ਵਾਲੇ ਸਿੱਟਿਆਂ ਨੂੰ ਵਿਚਾਰ ਲੈਣਾ ਚਾਹੀਦਾ ਹੈ l
ਆਪਣੀਆਂ ਭਾਵਨਾਵਾਂ ਨੂੰ ਮੋਮਬੱਤੀ ਦੇ ਮੋਮ ਵਾਂਗੂੰ ਪਿਘਲਣ ਤੋਂ ਰੋਕਣਾ ਚਾਹੀਦਾ ਹੈ l
ਆਓ ਆਪਣੀਆਂ ਆਦਤਾਂ ਬਦਲ ਕੇ ਖੁਦ ਚੰਗੀ ਜਿੰਦਗੀ ਜੀਵੀਏ ਅਤੇ ਦੂਜਿਆਂ ਨੂੰ ਵੀ ਚੰਗੀ ਜਿੰਦਗੀ ਜੀਣ ਦੇਈਏ ਜਿਸ ਦਾ ਖੁਦ ਨੂੰ, ਪਰਿਵਾਰ ਨੂੰ ਅਤੇ ਸਮਾਜ ਨੂੰ ਮਾਣ ਹੋਵੇ l
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਸਮਾਜ ਦੀ ਸਫ਼ਾਈ ਨਹੀਂ ਕਰ ਸਕਦੇ ਤਾਂ ਗੰਦ ਵੀ ਨਾ ਪਾਇਆ ਜਾਵੇ l
ਇਨਸਾਨੀਅਤ ਜ਼ਿੰਦਾਬਾਦ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147