(ਸਮਾਜ ਵੀਕਲੀ) ਜਦੋਂ ਪਰਮਜੀਤ ਦੀ ਭੂਆ ਸਬਜ਼ੀ ਦੀ ਦੁਕਾਨ ਤੋਂ ਸਬਜ਼ੀ ਲੈਣ ਲੱਗੀ, ਤਾਂ ਉੱਥੇ ਉਸ ਨੂੰ ਸਬਜ਼ੀ ਵੇਚਣ ਵਾਲਾ ਜਿੰਦਰ ਆਖਣ ਲੱਗਾ,” ਚਾਚੀ ਜੀ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਆ ਗਿਆ ਆ। ਤੁਹਾਡੀ ਪਰਮਜੀਤ ਨੇ ਵੀ ਬਾਰ੍ਹਵੀਂ ਦੇ ਪੇਪਰ ਪਾਏ ਹੋਏ ਆ। ਨਤੀਜੇ ਦਾ ਮੋਬਾਈਲ ਫ਼ੋਨ ਤੋਂ ਪਤਾ ਲੱਗ ਸਕਦਾ ਆ। ਉਹ ਮੇਰੇ ਕੋਲ ਰੋਲ ਨੰਬਰ ਲੈ ਕੇ ਆ ਜਾਵੇ, ਮੈਂ ਉਸ ਦਾ ਨਤੀਜਾ ਮੋਬਾਈਲ ਫ਼ੋਨ ਤੋਂ ਦੇਖ ਕੇ ਦੱਸ ਦਿਆਂਗਾ।”
ਘਰ ਆ ਕੇ ਪਰਮਜੀਤ ਦੀ ਭੂਆ ਨੇ ਉਸ ਨੂੰ ਇਹ ਗੱਲ ਦੱਸੀ। ਪਰਮਜੀਤ ਨੇ ਛੇਤੀ ਨਾਲ ਸਬਜ਼ੀ ਵੇਚਣ ਵਾਲੇ ਜਿੰਦਰ ਕੋਲ ਜਾ ਕੇ ਆਪਣਾ ਰੋਲ ਨੰਬਰ ਦੱਸਿਆ। ਜਿੰਦਰ ਨੇ ਤਿੰਨ ਕੁ ਮਿੰਟਾਂ ਵਿੱਚ ਉਸ ਨੂੰ ਉਸ ਦਾ ਨਤੀਜਾ ਦੱਸ ਦਿੱਤਾ। ਉਸ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ,ਜਦੋਂ ਜਿੰਦਰ ਨੇ ਦੱਸਿਆ ਕਿ ਉਸ ਦੇ 82.5 ਪ੍ਰਤੀਸ਼ਤ ਨੰਬਰ ਆਏ ਹਨ। ਉਹ ਖ਼ੁਸ਼ੀ, ਖ਼ੁਸ਼ੀ ਘਰ ਪਹੁੰਚ ਗਈ।
ਘਰ ਪਹੁੰਚ ਕੇ ਉਸ ਨੇ ਭੂਆ, ਫੁੱਫੜ ਨੂੰ ਆਪਣੇ ਨਤੀਜੇ ਬਾਰੇ ਦੱਸਿਆ ਤੇ ਨਾਲ ਹੀ ਡਰਦੀ, ਡਰਦੀ ਨੇ ਇਹ ਵੀ ਆਖ ਦਿੱਤਾ ਕਿ ਉਹ ਅੱਗੇ ਕਾਲਜ ਵਿੱਚ ਪੜ੍ਹਨਾ ਚਾਹੁੰਦੀ ਹੈ।
” ਦੇਖ ਧੀਏ, ਤੇਰੀ ਮਾਂ ਤੇਰੇ ਬਚਪਨ ‘ਚ ਹੀ ਇਸ ਜਹਾਨ ਨੂੰ ਛੱਡ ਗਈ ਸੀ। ਤੇਰੇ ਪਿਉ ਨੂੰ ਤੇਰੀ ਕੋਈ ਪ੍ਰਵਾਹ ਹੀ ਨਹੀਂ। ਉਸ ਨੇ ਕਦੇ ਆ ਕੇ ਤੈਨੂੰ ਦੇਖਿਆ ਵੀ ਨਹੀਂ। ਅਸੀਂ
ਵੀ ਤੈਨੂੰ ਅੱਗੇ ਪੜ੍ਹਾਣਾ ਚਾਹੁੰਦੇ ਆਂ।ਅਸੀਂ ਤੈਨੂੰ ਪੁੱਤਾਂ ਵਾਂਗ ਪਾਲਿਆ ਆ ਤੇ ਅਸੀਂ ਤੈਨੂੰ ਕਦੇ ਵੀ ਆਪਣੀਆਂ ਅੱਖਾਂ ਤੋਂ ਪਰੇ ਨਹੀਂ ਹੋਣ ਦਿੱਤਾ। ਇਸ ਕਰਕੇ ਦਿਲ ਬਹੁਤ ਡਰਦਾ ਆ। ਅੱਜ ਕੱਲ੍ਹ ਜ਼ਮਾਨਾ ਬੜਾ ਭੈੜਾ ਆ ਗਿਆ ਆ। ਲੋਕ ਕਿਸੇ ਦੀ ਧੀ ਨੂੰ ਆਪਣੀ ਧੀ ਹੀ ਨਹੀਂ ਸਮਝਦੇ।”
” ਫੁੱਫੜ ਜੀ, ਮੈਨੂੰ ਤੁਹਾਡੀ ਚਿੱਟੀ ਪੱਗ ਦਾ ਪੂਰਾ ਖ਼ਿਆਲ ਆ। ਤੁਹਾਡੀ ਧੀ ਇਸ ਨੂੰ ਕਿਸੇ ਵੀ ਹਾਲਤ ਵਿੱਚ ਦਾਗ ਨਹੀਂ ਲੱਗਣ ਦੇਵੇਗੀ। ਆਪਣੀ ਧੀ ਤੇ ਭਰੋਸਾ ਰੱਖੋ।”
ਇਹ ਸੁਣ ਕੇ ਪਰਮਜੀਤ ਦੇ ਫੁੱਫੜ ਨੇ ਆਖਿਆ,” ਠੀਕ ਆ ਧੀਏ, ਸਾਨੂੰ ਤੇਰੇ ਤੋਂ ਇਹੀ ਆਸ ਸੀ। ਤੂੰ ਜਿੰਨਾ ਮਰਜ਼ੀ ਪੜ੍ਹ ਲੈ, ਅਸੀਂ ਤੇਰੇ ਨਾਲ ਆਂ।”
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly