ਹੱਥਾਂ ਬਾਝ ਕਰਾਰਿਆਂ 

ਦਰਸ਼ਨ ਸਿੰਘ 
ਸਿੱਖਿਆ ਦੇ ਪੁਰਾਣੇ ਸਿਸਟਮ ਵਿੱਚ ਮੁੱਢਲੀਆਂ ( ਪ੍ਰਾਈਮਰੀ) ਕਲਾਸਾਂ ਦੀ ਸਿੱਖਿਆ ਰਾਜ ਦੀ ਮਾਂ ਬੋਲੀ ਵਿੱਚ ਦਿੱਤੀ ਜਾਂਦੀ ਸੀ। ਅੰਗ੍ਰੇਜ਼ੀ ਛੇਂਵੀਂ ਤੋ ਲਾਗੂ ਹੁੰਦੀ ਸੀ ਅਤੇ ਹਿੰਦੀ ਦੀ ਪੜ੍ਹਾਈ ਇੱਛਤ ( ਔਪਸ਼ਨਲ) ਹੁੰਦੀ ਸੀ।
ਕੀ ਉਸ ਵੇਲ਼ੇ ਦੇ ਪੜ੍ਹੇ ਹੋਏ ਕਿਸੇ ਪੱਖੋਂ ਪੜ੍ਹਾਈ ਲਿਖਾਈ ਵਿੱਚ ਨਾਕਾਬਲ ਰਹਿ ਗਏ ਹਨ ?
ਜਦਕਿ ਵੇਖਿਆ ਇਹ ਜਾ ਰਿਹਾ ਹੈ ਕਿ ਅੱਜ-ਕੱਲ੍ਹ ਦੇ ਪਾੜ੍ਹਿਆਂ ਨੂੰ ਨਾ ਤਾਂ ਮੂੰਹ ਜ਼ੁਬਾਨੀ ਕੋਈ ਪਹਾੜੇ ਯਾਦ ਹੁੰਦੇ ਹਨ ਅਤੇ ਨਾ ਹੀ ਅੱਜ-ਕੱਲ੍ਹ ਦੇ ਅੰਗ੍ਰੇਜ਼ੀ ਮਾਧਿਅਮ ਵਿੱਚ ਪੜ੍ਹਿਆਂ ਹੋਇਆਂ ਨੂੰ, ਤਿੰਨੋਂ ਭਾਸ਼ਾਵਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਸ਼ੁੱਧ ਤੇ ਸਟੀਕ ਫ਼ਿਕਰਾ ਹੀ ਲਿਖਣਾ ਆਉਂਦਾ ਹੈ।
ਇਹ ਅਖੌਤੀ ਅਡਵਾਂਸ ਅੰਗ੍ਰੇਜ਼ੀ ਮਾਧਿਅਮ ਸਕੂਲ ਸਿਰਫ਼ ਅਤੇ ਸਿਰਫ਼ ਭਾਰਤ ਦੇ ਵੱਡੇ ਕਾਰਪੋਰੇਟ ( ਬਾਣੀਏ ) ਘਰਾਣਿਆਂ ਦੀਆਂ ਦੁਕਾਨਾਂ ਹਨ ਜਿੱਥੇ ਇਹ ਬਾਣੀਏ ਘਰਾਣੇ ਆਪਣੇ ਵੱਖ-ਵੱਖ ਉਤਪਾਦ, ਇੱਕ ਵੱਖਰੀ ਚਮਕ ਦਮਕ ਬਣਾ ਕੇ ਮਹਿੰਗੇ ਮੁੱਲ ਤੇ ਧੱਕੇ ਨਾਲ਼ ਸਾਡੇ ਸਿਰ ਮੜ੍ਹਦੇ ਹਨ। ਅਸੀਂ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਵਾਂਙ, ਮੱਲੋ-ਮੱਲੀ ਹਰ ਹੀਲਾ-ਵਸੀਲਾ ਵਰਤ ਕੇ ਆਪਣੇ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਵਿੱਚ ਇਹਨਾਂ ਕੋਲ਼ੋਂ ਆਪ ਜਾ ਕੇ ਛਿੱਲ ਲੁਹਾਉਨੇਂ ਹਾਂ।
ਬਾਣੀਆਂ ਬਾਰੇ ਮਸ਼ਹੂਰ ਹੈ ਕਿ
“ਜਾਨਣਹਾਰਾ ਜਾਣਦਾ ਬਾਣੀਏ ਤੇਰੀ ਬਾਣ,
ਅਣਛਾਣਿਆਂ ਲਹੂ ਪੀਵੇਂ ਤੇ ਪਾਣੀ ਪੀਵੇਂ ਛਾਣ।”
ਇਹ ਛਿੱਲ ਈ ਨਹੀਂ ਲਾਹੁੰਦੇ, ਸਗੋਂ ਪਹਿਲੋਂ ਸਾਨੂੰ ਚੰਗੀ ਤਰ੍ਹਾਂ ਮੁੰਨਦੇ ਹਨ, ਜਦੋਂ ਤੱਕ ਸਾਡਾ ਬੱਚਾ ਬਾਹਰਵੀਂ ਤੱਕ ਦੀ ਪੜ੍ਹਾਈ ਕਰਦਾ ਹੈ ਅਤੇ ਉਸਤੋਂ ਬਾਅਦ ਉੱਚੇਰੀ ਸਿੱਖਿਆ ਤੇ ਨੌਕਰੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਨਾਂ ਤੇ ਸਾਡਾ ਚੰਗੀ ਤਰ੍ਹਾਂ ਚੂਸ ਚੂਸ ਕੇ ਲਹੂ ਪੀਂਦੇ ਹਨ। ਇਹ ETT,  PTT,  BTT,  BEST, NEST ਅਤੇ ਹੋਰ ਪਤਾ ਨੀਂ ਕਿਹੜੀਆਂ ਕਿਹੜੀਆਂ ਪ੍ਰੀਖਿਆਵਾਂ ਸਭ ਇਹਨਾਂ ਬਾਣੀਆਂ ਦੇ ਲੋਟੂ ਨਿਜ਼ਾਮ ਦਾ ਹੀ ਹਿੱਸਾ ਹਨ। ਇੰਨਾ ਕੁੱਝ ਕਰਨ ਤੋਂ ਬਾਅਦ ਵੀ ਮਾਪਿਆਂ ਦੇ ਪੱਲੇ ਕੀ ਪੈਂਦਾ ਹੈ ? ਉਹਨਾਂ ਦੇ ਬੱਚਿਆਂ ਦੀ ਬੇਰੁਜ਼ਗਾਰੀ ਅਤੇ ਨਿਰਾਸ਼ਤਾ।
ਇਹ ਮਸਲੇ ਹਥਿਆਰ ਚੁੱਕਿਆਂ ਹੱਲ ਨਹੀਂ ਹੋਣੇ। ਸੋ  ਕਲਮਾਂ ਵਾਲ਼ਿਓ ਕਲਮਾਂ ਚੁੱਕੋ ਅਤੇ ਇਸ ਲੋਟੂ ਤੰਤਰ ਦੇ ਖਿਲਾਫ਼ ਖੁੱਲ੍ਹ ਕੇ ਲਿਖੋ। ਲੋਕਾਂ ਨੂੰ ਜਾਗਰੂਕ ਕਰੋ ,ਤਾਂ ਕਿ ਉਹ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਮਕੜਜਾਲ਼ ਵਿੱਚੋਂ ਬਚ ਸਕਣ।
ਬਿਨਾਂ ਸਬਰ-ਸੰਤੋਖ ਵਾਲ਼ੇ ਬਣਿਆਂ ਅਤੇ ਸੂਝਵਾਨ ਬਣਿਆਂ ਇਸ ਠੱਗ-ਦੌੜ ਤੋਂ ਆਪਣੇ ਆਪ ਨੂੰ ਬਚਾਉਣਾ ਬੜਾ ਈ ਔਖਾ ਹੈ। ਸੂਝਵਾਨ ਬਣਨ ਦਾ ਇੱਕੋ-ਇੱਕ ਰਾਹ ਸਵੈ-ਅਧਿਐਨ ਹੈ। ਜਾਣੀ ਕਿ ਆਪ ਵੀ ਹਰ ਤਰ੍ਹਾਂ ਦੇ ਵਿਸ਼ੇ ਪੜ੍ਹਨਾ ਅਤੇ ਬੱਚਿਆਂ ਨੂੰ ਵੀ ਪੜ੍ਹਨ ਲਈ ਪ੍ਰੇਰਨਾ। ਲੋੜ ਤਾਂ ਇਸ ਕੰਮ ਦੀ ਹੈ ਅਤੇ ਆਪਾਂ ਲੋਕ ਸਾਰੀ-ਸਾਰੀ ਦਿਹਾੜੀ ਮੁਬਾਇਲ ਤੇ ਟਿਕਟੌਕ ਦੀਆਂ ਰੀਲ੍ਹਾਂ ਵੇਖ-ਵੇਖ ਅੱਖਾਂ ਅਤੇ ਦਿਮਾਗ਼ ਦੋਨੋਂ ਗ਼ਾਲ਼ਦੇ ਹਾਂ।
ਮਸਲਾ ਬਹੁਤ ਗੰਭੀਰ ਹੈ। ਸਮੱਸਿਆ ਬੜੀ ਵੱਡੀ ਹੈ। ਬਹਤਾ ਲੰਬਾ ਲੇਖ ਲਿਖਿਆ ਵੇਖ ਕੇ ਕਿਸੇ ਨੇ ਪੜ੍ਹਨਾ ਨ੍ਹੀਂ। ਅੱਜ ਕਲਮ ਨੂੰ ਵਿਰਾਮ ਦਿੰਨਾਂ। ਬਾਕੀ ਫੇਰ ਕਿਸੇ ਦਿਨ।  ਵਿਦਵਾਨੋਂ ਤੁਹਾਡੀ ਚੁੱਪ ‘ਬਾਪੂ ਪੰਜਾਬ’ ਨੂੰ ਬਹੁਤ ਭਾਰੀ ਪੈਣੀ ਆਂ। ਲਾਈਕਾਂ ਦੀ ਲੋੜ ਨਹੀਂ, ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦਿਓ। ਅਤੇ ਹੱਥ ਜੋੜਕੇ ਬੇਨਤੀ ਆ ਕਿ ਕਮੈਂਟਾਂ ਵਿੱਚ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖਿਓ।
ਦਰਸ਼ਨ ਸਿੰਘ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੀਵਾਲੀ ਦਾ ਤਿਉਹਾਰ ਮਨਾਇਆ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
Next articleਗੀਤ – ਡਾ: ਭੀਮ ਰਾਓ ਦਾ ਜੀਵਨ ਸੰਦੇਸ਼