(ਸਮਾਜ ਵੀਕਲੀ)
ਮਿਲੀਏ
ਜਾਂ ਨਾ ਮਿਲੀਏ।
ਪਰ ਜਦੋਂ ਵੀ ਮਿਲੀਏ,
ਸ਼ਿਸ਼ਟਾਚਾਰ ਵਜੋਂ ,
ਇਹ ਤਾਂ ਕਹੀਏ,
ਤੈਨੂੰ ਬਹੁਤ ਯਾਦ ਕੀਤਾ।
ਤੂੰ ਦੂਰ ਹੀ ਕਦੋਂ ਸੀ,
ਨਾਲ ਹੀ ਤਾਂ ਸੀ ਮੇਰੇ।
ਵਿਛੁੜੀਏ,
ਰੁੱਝ ਜਾਈਏ,
ਦੁਨੀਆਵੀ ਕੰਮਾਂ ਕਾਰਾਂ ਵਿੱਚ।
ਦੇਖ ਕੇ ਭਾਵੇਂ,
ਜ਼ੁਬਾਂ ਸਾਂਝੀ ਨਾ ਕਰੀਏ,
ਤੇ ਕਹੀਏ,
ਤੂੰ ਜ਼ਿੰਦਗੀ ਵਿਚ ਸੀ,
ਕਦੇ ਮੇਰੇ।
ਅੱਜ ਪੁਰਾਣੀ ਕਮੀਜ਼,
ਜਦੋਂ ਸਾਹਮਣੇ ਆਈ,
ਤੂੰ ਬਹੁਤ ਯਾਦ ਆਈ।
ਜਿਹੜੀ ਤੈਨੂੰ ਬਹੁਤ,
ਪਸੰਦ ਸੀ ਸ਼ਾਇਦ,
ਕਦੇ।
ਲੈ ਰਹੀ ਟਰੰਕ ਦੇ ਵਿਚ,
ਕਦੋਂ ਦੀ,
ਅੰਗੜਾਈ।
ਪਸੰਦ ਸੀ ਤੈਨੂੰ,
ਗੁਲਾਬੀ ਰੰਗ,
ਕਮੀਜ਼ ਦਾ ਜਾਂ ਮੇਰਾ !
ਤੇ ਹੋ ਜਾਂਦਾ ਸੀ,
ਚਿਹਰੇ ਦਾ ਰੰਗ,
ਸੁਰਖ਼ ਲਾਲ।
ਤੈਨੂੰ ਜੋ ਦੇਖ ਕੇ।
ਅੱਜ ਵੀ ਹੋਇਆ,
ਪਰ ਝੁਰੜੀ ਦੇ ਥੱਲੇ
ਦੀ ਤਪਸ਼,
ਤੈਥੋਂ ਦੇਖੀ ਨਾ ਗਈ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly