(ਸਮਾਜ ਵੀਕਲੀ)-ਪਿੰਡ ਦੇ ਰੁਲਦੂ ਸਿਓਂ ਦਾ ਪੋਤਾ ਜਾਗਰ , ਬੀਹੀ ਵਿੱਚੋਂ ਲੰਘਦਾ ਹੋਇਆ ਆਪਣੇ ਲੰਗੋਟੀਏ ਯਾਰ ਦੇ ਦਾਦੇ ਨੂੰ ਸਤ ਸ਼੍ਰੀ ਅਕਾਲ ਕਹਿ, ਹਾਲ ਚਾਲ ਪੁੱਛਣ ਖਾਤਰ ਬਾਬੇ ਦੇ ਮੰਜੇ ਦੀ ਦੌਣ ਤੇ ਜਾ ਬੈਠਾ। “ਹੋਰ ਬਾਪੂ ਜੀ” , ਕਹਿਣ ਦੀ ਦੇਰ ਸੀ ਕਿ ਇੰਝ ਲੱਗਾ ਜਿਵੇਂ ਬਾਪੂ ਜਾਗਰ ਨੂੰ ਹੀ ਉਡੀਕਦਾ ਹੋਵੇ। ਲੰਬੀ ਖੰਗ ਦੇ ਸ਼ਾਂਤ ਹੋਣ ਤੋਂ ਬਾਅਦ ਗਲਾ ਸਾਫ ਕਰਦਾ ਹੋਇਆ ਬਾਬਾ ਅਪਣੇ ਚੰਗੇ , ਵਧੀਆ, ਰੱਜੇ – ਪੁੱਜੇ , ਪੋਤੇ – ਪੋਤੀਆਂ ਨਾਲ ਹਸਦੇ-ਖੇਡਦੇ ਟੱਬਰ ਨੂੰ ਇਸ ਹੱਦ ਤੱਕ ਭੰਡਣ ਲੱਗਾ , ਕਿ ਜਾਗਰ ਨੂੰ ਆਪਣੇ ਕੋਲ ਬੈਠੇ ਬਾਬੇ ਨੂੰ ਸਮਝਾਉਣ ਲਈ ਸ਼ਬਦਾਂ ਦੀ ਚੋਣ ਕਰਨੀ ਔਖੀ ਜਿਹੀ ਲੱਗੀ , ਕਿਓਂਕਿ ਉਹ ਜਾਣਦਾ ਸੀ ਕਿ ਪਰਿਵਾਰ ਵਿੱਚ ਬਾਬੇ ਦੀ
ਵਧੀਆ ਸੇਵਾ ਅਤੇ ਪੁੱਛ ਗਿੱਛ ਹੈ। ਖੰਗ ਦੇ ਦੁਬਾਰਾ ਸ਼ੁਰੂ ਹੋਣ ਕਾਰਨ ਬਾਬੇ ਨੇ ਥੋੜਾ ਵਿਰਾਮ ਜਿਹਾ ਲਿਆ ਤਾਂ ਜਾਗਰ ਨੇ ਉਸ ਵਿਰਾਮ ਦਾ ਫਾਇਦਾ ਉਠਾਉਂਦਿਆਂ ਆਪਣੀ ਗੱਲ ਦਾ ਮੁੱਢ ਬੰਨ੍ਹਦਿਆਂ ਕਿਹਾ ਸ਼ੁਕਰ ਕਰਿਆ ਕਰੋ ਬਾਬਾ ਜੀ,ਰੱਬ ਨੇ ਬਹੁਤ ਰੰਗ ਭਾਗ ਲਾਏ ਹਨ ਤੁਸਾਂ ਨੂੰ, ਆਪਣੇ ਤੋਂ ਹੇਠਲੇ ਨੂੰ ਵੇਖਿਆ ਕਰੋ ਬਹੁਤ ਕੁੱਝ ਦਿੱਤਾ ਹੈ ਵਾਹਿਗੁਰੂ ਨੇ, ਜੀਵਨ ਦਾ ਆਨੰਦ ਮਾਣਿਆ ਕਰੋ । ਜਾਗਰ ਦੀਆਂ ਗੱਲਾਂ ਦਾ ਬਾਬੇ ਤੇ ਕੋਈ ਅਸਰ ਨਾ ਹੋਇਆ, ਪਾਣੀ ਦੀ ਘੁੱਟ ਲੰਘਾ ਬਾਬਾ ਫੇਰ ਟੱਬਰ ਨੂੰ ਪੁਨਣ ਲੱਗਾ ।
ਜਾਗਰ ਦੇ ਸਬਰ ਦਾ ਬੰਨ੍ਹ ਅਜਿਹਾ ਟੁੱਟਾ ਕਿ ਉਹ ਬਾਬੇ ਨੂੰ ‘ਪਿਆਸੀ ਮੱਛੀ ‘ ਕਹਿੰਦਾ ਹੋਇਆ ਆਪਣੇ ਰਾਹੀ ਪੈ ਗਿਆ।
ਰਮਨਜੀਤ ਸਿੰਘ ( ਪੰਜਾਬੀ ਅਧਿਆਪਕ)
ਖੇੜੀ ਬਰਨਾ, ਪਟਿਆਲਾ
7719777477
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly