(ਸਮਾਜ ਵੀਕਲੀ)- ਬਿੱਲ ਡੋਮਹੋਰਫ ਅਨੁਸਾਰ “ਸੁਪਨੇ ਸਾਡੀਆਂ ਚਿੰਤਾਵਾਂ ਨੂੰ ਨਾਟਕੀ ਰੂਪ ਦਿੰਦੇ ਹਨ, ਸੁਫਨਿਆਂ ਵਿੱਚ ਕੇਵਲ ਸਾਡੀਆਂ ਇਛਾਵਾਂ ਹੀ ਨਹੀਂ ਬਲਕਿ ਡਰ ਤੇ ਰੁਚੀਆਂ ਵੀ ਸ਼ਾਮਿਲ ਹੁੰਦੀਆਂ ਹਨ”। ਸੁਪਨੇ ਤਸਵੀਰਾ,ਖਿਆਲਾਂ, ਵਲਵਲਿਆਂ ਤੇ ਝਰਨਾਹਟਾਂ ਦੇ ਉਹ ਸਿਲਸਿਲੇ ਹੁੰਦੇ ਹਨ ਜੋ ਨੀਂਦ ਦੇ ਕੁਝ ਖਾਸ ਪੜਾਵਾਂ ਵੇਲੇ ਬਿਨਾਂ ਮਰਜ਼ੀ ਤੋਂ ਆਉਂਦੇ ਹਨ।ਸੁਪਨਿਆ ਦਾ ਪ੍ਰਸੰਗ ਤੇ ਮਕਸਦ ਅਜੇ ਤੱਕ ਸਮਝ ਵਿੱਚ ਨਹੀਂ ਆ ਸਕਿਆ ਹੈ ਇਹ ਵਿਗਿਆਨਿਕ ਸੱਟੇਬਾਜੀ ਤੇ ਫਲਸਫੇ ਅਤੇ ਧਾਰਮਿਕ ਦਿਲਚਸੀ ਦਾ ਇੱਕ ਅਹਿਮ ਮਜ਼ਮੂਨ ਰਹੇ ਹਨ। ਸੁਪਨਿਆ ਦਾ ਅਧਿਐਨ ਮਨੋਵਿਗਿਆਨ ਲਈ ਇੱਕ ਨਵਾਂ ਵਿਸ਼ਾ ਹੈ ਆਧੁਨਿਕ ਮਨੋਵਿਗਿਆਨੀਆਂ ਅਨੁਸਾਰ ਸੌਣ ਸਮੇਂ ਦੀ ਅਰਧ ਚੇਤਨਾ ਦੇ ਅਨੁਭਵ ਨੂੰ ਸੁਪਨਾ ਆਖਦੇ ਹਨ ਇਹ ਇੱਕ ਭਰਮ ਹੈ ਜਿਸ ਵਿੱਚ ਚੀਜ਼ਾਂ ਦੀ ਅਣਹੋਂਦ ਦੀ ਸੂਰਤ ਵਿੱਚ ਵੀ ਕਈ ਨਵੀਆਂ ਕਿਸਮ ਦੀਆਂ ਚੀਜ਼ਾਂ ਦਿਖਾਈ ਦਿੰਦਿਆਂ ਹਨ ਸੁਪਨਿਆਂ ਦੇ ਸੰਬੰਧ ਵਿੱਚ ਸਭ ਤੋਂ ਵੱਧ ਅਹਿਮ ਖੋਜਾਂ ਡਾ.ਸਿੰਗਮਡ ਫਰਾਈਡ ਨੇ ਕੀਤੀਆਂ ਹਨ ਉਨ੍ਹਾਂ ਅਨੁਸਾਰ ਕਿਸੇ ਵਿਅਕਤੀ ਦੇ ਅੰਦਰਲੇ ਮਨ ਨੂੰ ਸਮਝਣ ਲਈ ਉਸ ਦੇ ਸੁਪਨਿਆਂ ਨੂੰ ਜਾਨਣਾ ਅਤਿਅੰਤ ਜ਼ਰੂਰੀ ਹੈ। ਉਸਨੇ ਆਪਣੀ ਪੁਸਤਕ “ਇੰਟਰਪ੍ਰੇਟੇਸ਼ਨ ਆਫ਼ ਡ੍ਰੀਮ੍ਸ”(interpretation of dreams )ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਨ੍ਹਾਂ ਸੁਪਨਿਆਂ ਨੂੰ ਵਿਅਰਥ ਸਮਝਦੇ ਹਾਂ ਉਹਨਾਂ ਦੇ ਵੀ ਕੁੱਝ ਖਾਸ ਅਰਥ ਹਨ। ਉਸ ਅਨੁਸਾਰ ਸੁਪਨੇ ਅਭਿਲਾਸ਼ਾ ਪੂਰਤੀ ਹਨ ਇਹ ਸਾਡੀਆਂ ਉਹਨਾਂ ਇਛਾਵਾਂ ਨੂੰ ਸਾਧਾਰਣ ਤੌਰ ਤੇ ਜਾਂ ਪ੍ਰਤੀਕ ਰੂਪ ਵਿੱਚ ਪ੍ਰਗਟ ਕਰਦੇ ਹਨ ਜਿੰਨਾਂ ਦੀ ਤ੍ਰਿਪਤੀ ਜਾਗ੍ਰਤ ਅਵਸਥਾ ਵਿੱਚ ਨਹੀਂ ਹੁੰਦੀ। ਪਰ ਜਦੋਂ ਅਸੀਂ ਕੋਈ ਨਾਕਾਰਾਤਮਕ ਸੋਚ ਰੱਖਦੇ ਹਾਂ ਤਾਂ ਉਹ ਸੁਪਨੇ ਦੁਖਦਾਈ ਸੁਪਨੇ ਬਣ ਜਾਂਦੇ ਹਨ ਉਸਨੇ ਸੁਪਨਿਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਅਭਿਲਾਸ਼ਾ ਸੁਪਨੇ,ਚਿੰਤਾ ਸੁਪਨੇ,ਸਜ਼ਾ ਸੁਪਨੇ
ਫਰਾਈਡ ਤੇ ਐਲਡਰ ਅਨੁਸਾਰ ਸੁਪਨੇ ਮਨੁੱਖ ਦੀਆਂ ਦੱਬੀਆਂ ਹੋਈਆਂ ਇੱਛਾਵਾਂ ਹਨ ਪਰ ਕਾਰਲ ਜੁੰਗ ਅਨੁਸਾਰ ਸੁਪਨੇ ਮਾਨਸਿਕ ਕਿਰਿਆਵਾਂ ਹਨ ਜੋ ਦੱਬੀਆਂ ਹੋਈਆਂ ਇੱਛਾਵਾਂ ਤੋਂ ਬਿਨਾਂ ਵੀ ਆ ਸਕਦੇ ਹਨ। ਫਰਾਈਡ ਸੁਪਨਿਆਂ ਦਾ ਸਬੰਧ ਬੀਤ ਚੁੱਕੇ ਨਾਲ ਦੱਸਦਾ ਹੈ ਉਸ ਅਨੁਸਾਰ ਇੱਕ ਬੱਚਾ ਮੇਲੇ ਵਿਚੋਂ ਮਠਿਆਈ ਤੇ ਖਿਡਾਉਣਾ ਖਰੀਦਣਾ ਚਾਹੁੰਦਾ ਸੀ ਪਰ ਉਹ ਆਪਣੇ ਪਿਤਾ ਦੇ ਡਰ ਕਾਰਨ ਅਜਿਹਾ ਨਾ ਕਰ ਸਕਿਆ ਉਹ ਆਪਣੀ ਇਹ ਇੱਛਾ ਸੁਪਨਿਆਂ ਰਾਹੀਂ ਪੂਰੀ ਕਰਦਾ ਹੈ।
ਐਲਡਰ ਸੁਪਨਿਆਂ ਦਾ ਸਬੰਧ ਭਵਿੱਖ ਨਾਲ ਦੱਸਦਾ ਹੈ ਉਸ ਅਨੁਸਾਰ ਵਿਆਹ ਬਾਰੇ ਚਿੰਤਾਤੁਰ ਵਿਅਕਤੀ ਸੁਪਨੇ ਵਿੱਚ ਆਪਣੇ ਆਪ ਨੂੰ ਦੋ ਦੇਸ਼ਾਂ ਦੀਆਂ ਹੱਦਾਂ ਵਿਚਕਾਰ ਫਸਿਆ ਹੋਇਆ ਦੇਖਦਾ ਹੈ ਤੇ ਕੈਦ ਹੋ ਜਾਣ ਦਾ ਡਰ ਮਹਿਸੂਸ ਕਰਦਾ ਹੈ। ਕਾਰਲ ਯੂੰਗ ਸੁਪਨਿਆਂ ਦਾ ਸੰਬੰਧ ਵਰਤਮਾਨ ਨਾਲ ਦੱਸਦਾ ਹੈ ਉਸ ਅਨੁਸਾਰ ਇਕ ਵਿਅਕਤੀ ਇਕ ਵੱਡੀ ਮੁਸੀਬਤ ਵਿੱਚ ਫਸਿਆ ਹੋਇਆ ਹੈ ਜਿਸ ਵਿੱਚੋਂ ਨਿਕਲਣ ਦਾ ਉਸਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ। ਉਹ ਵਿਅਕਤੀ ਆਪਣੇ ਆਪ ਨੂੰ ਸੁਪਨੇ ਵਿਚ ਇਕ ਸੰਘਣੇ ਜੰਗਲ ਵਿੱਚ ਘਿਰਿਆ ਹੋਇਆ ਦੇਖਦਾ ਹੈ ਜਿਸ ਤੋਂ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ। ਸੁਪਨਿਆਂ ਦਾ ਸਬੰਧ ਚਾਹੇ ਭੂਤ, ਭਵਿੱਖ ਜਾਂ ਵਰਤਮਾਨ ਕਾਲ ਕਿਸੇ ਨਾਲ ਵੀ ਹੋਵੇ ਪਰ ਇਹਨਾਂ ਵਿਗਿਆਨੀਆਂ ਨੇ ਸੁਪਨਿਆਂ ਨੂੰ ਸਮਝਣ ਲਈ ਬਹੁਤ ਵੱਡੇ ਸੰਕੇਤ ਦਿੱਤੇ ਹਨ ਇਹਨਾਂ ਵਿਗਿਆਨੀਆਂ ਨੇ ਇਨਸਾਨ ਦੇ ਉਹਨਾਂ ਸੁਪਨਿਆਂ ਦਾ ਅਧਿਐਨ ਕੀਤਾ ਜੋ ਸੁਪਨੇ ਯਾਦ ਰਹਿ ਜਾਂਦੇ ਹਨ ਇਹ ਸੁਪਨੇ ਨੀਂਦ ਦੇ ਆਰ ਈ ਐਮ ਪੜਾਅ ਵਿੱਚ ਆਉਂਦੇ ਹਨ ਜਿਸ ਦਾ ਅਰਥ ਹੈ ਰੈਪਿਡ ਆਈ ਮੂਵਮੈਂਟ ਪਹਿਲਾਂ ਇਹੀ ਸਮਝਿਆ ਜਾਂਦਾ ਸੀ ਕੇ ਸੁਪਨੇ ਕੇਵਲ ਆਰ ਈ ਐਮ ਪੜਾਅ ਵਿੱਚ ਹੀ ਆਉਂਦੇ ਹਨ। ਪਰ ਹੁਣ ਆਧੁਨਿਕ ਖੋਜਾਂ ਦੁਆਰਾ ਇਹ ਸਾਬਿਤ ਹੋ ਚੁੱਕਿਆ ਹੈ ਕਿ ਸੁਪਨੇ ਨੀਂਦ ਦੇ ਕਿਸੇ ਵੀ ਪੜਾਅ ਵਿੱਚ ਆ ਸਕਦੇ ਹਨ। ਨੀਂਦ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ ਜਾਗ੍ਰਿਤ, ਹਲਕੀ ਨੀਂਦ, ਗਹਰੀ ਨੀਂਦ ਤੇ ਆਰ ਈ ਐਮ| ਆਰ ਈ ਐੱਮ ਸਰਕਲ ਹਰ 90 ਮਿੰਟ ਬਾਅਦ ਆਉਂਦਾ ਰਹਿੰਦਾ ਹੈ ਇਹਨਾਂ ਪੜਾਵਾਂ ਨੂੰ ਦੋ ਮੁੱਖ ਪੜਾਵਾਂ ਆਰ ਈ ਐਮ ਤੇ ਐਨ ਆਰ ਈ ਐਮ ਵਿੱਚ ਵੰਡਿਆ ਗਿਆ ਹੈ। ਸੁਪਨਿਆਂ ਨੂੰ ਸਮਝਣ ਲਈ ਸਾਨੂੰ ਦਿਮਾਗ ਦੇ ਤਿੰਨ ਭਾਗਾਂ ਨੂੰ ਸਮਝਣਾ ਪਵੇਗਾ ਚੇਤਨ,ਅਰਧ ਚੇਤਨ ਤੇ ਅਵਚੇਤਨ ਜੋ ਸੁਪਨੇ ਅਸੀਂ ਚੇਤਨ ਅਵਸਥਾ ਵਿੱਚ ਦੇਖਦੇ ਹਾਂ ਉਹ ਸਾਡੀ ਸੋਚ ਜਾਂ ਕਲਪਨਾ ਹੁੰਦੇ ਹਨ ਜਿਵੇਂ ਕੋਈ ਲੇਖਕ ਆਪਣੀ ਕਲਪਨਾ ਵਿੱਚੋਂ ਕਵਿਤਾ ਜਾਂ ਕਹਾਣੀ ਨੂੰ ਜਨਮ ਦਿੰਦਾ ਹੈ। ਰਾਤ ਨੂੰ ਸੌਂਦੇ ਵਕਤ ਜਦੋਂ ਅਸੀਂ ਹਲਕੀ ਨੀਦ ਵਿੱਚ ਹੁੰਦੇ ਹਾਂ ਤਾਂ ਉਸ ਸਮੇਂ ਸਾਡਾ ਚੇਤਨ ਮਨ ਪੂਰੀ ਤਰ੍ਹਾਂ ਅਕਿਰਿਆਸ਼ੀਲ ਨਹੀਂ ਹੋਇਆ ਹੁੰਦਾ ਤੇ ਨਾ ਹੀ ਅਵਚੇਤਨ ਮਨ ਕਿਰਿਆਸ਼ੀਲ ਹੋਇਆ ਹੁੰਦਾ ਹੈ ਇਸ ਅਵਸਥਾ ਨੂੰ ਅਰਧ ਚੇਤਨ ਕਿਹਾ ਜਾਂਦਾ ਹੈ ਅਰਧ ਚੇਤਨ ਅਵਸਥਾ ਵਿਚ ਅਸੀਂ ਜੋ ਸੁਪਨੇ ਦੇਖਦੇ ਹਾਂ ਉਹ ਸਾਨੂੰ ਯਾਦ ਰਹਿ ਜਾਂਦੇ ਹਨ ਪਰ ਜਦੋਂ ਅਸੀਂ ਗੂੜੀ ਨੀਂਦ ਵਿੱਚ ਸੌਂ ਜਾਂਦੇ ਹਾਂ ਉਸ ਵਕਤ ਅਸੀਂ ਜੋ ਸੁਪਨੇ ਦੇਖਦੇ ਹਾਂ ਉਹ ਸਾਨੂੰ ਯਾਦ ਨਹੀਂ ਰਹਿੰਦੇ। ਉਦਾਹਰਣ ਦੇ ਤੌਰ ਤੇ ਇਕ ਸ਼ਰਾਬੀ ਬੰਦਾ ਜੋ ਕਿ ਰਾਤ ਨੂੰ ਨਸ਼ੇ ਵਿੱਚ ਪੂਰੀ ਤਰਾਂ ਧੁੱਤ ਸੀ ਸ਼ਹਿਰ ਤੋਂ ਆਪਣੇ ਘਰ ਮੋਟਰ ਸਾਈਕਲ ਜਾਂ ਗੱਡੀ ਵਿੱਚ ਪਹੁੰਚ ਜਾਂਦਾ ਹੈ ਪਰ ਜਦੋਂ ਉਹ ਸਵੇਰੇ ਜਾਗ੍ਰਿਤ ਅਵਸਥਾ ਵਿੱਚ ਆਉਂਦਾ ਹੈ ਤਾਂ ਉਸ ਨੂੰ ਇਹ ਬਿਲਕੁਲ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਸ ਤਰਾਂ ਤੇ ਕਿਸ ਰਸਤੇ ਦੁਆਰਾ ਘਰ ਵਾਪਿਸ ਆਇਆ। ਇਹ ਸਾਡਾ ਅਵਚੇਤਨ ਮਨ ਹੈ ਜੋ ਅਸਲ ਪਰਮਾਤਮਾ ਹੈ ਜੋ ਸਾਨੂੰ ਅਜਿਹੇ ਹਾਲਾਤ ਵਿੱਚੋਂ ਕੱਢ ਸਹੀ ਸਲਾਮਤ ਘਰ ਪਹੁੰਚਾਉਂਦਾ ਹੈ। ਅਵਚੇਤਨ ਮਨ ਅੰਤਰ ਧਿਆਨ ਨਾਲ, ਗਹਰੀ ਨੀਂਦ ਨਾਲ ਤੇ ਨਸ਼ੇ ਦੀ ਹਾਲਤ ਵਿੱਚ ਜਾਗ੍ਰਿਤ ਹੋ ਜਾਂਦਾ ਹੈ ਪਰ ਇਹ ਸਿਰਫ ਅਵਚੇਤਨ ਮਨ ਨੂੰ ਜਾਗ੍ਰਿਤ ਕਰਨ ਦੀਆਂ ਵਿਧੀਆਂ ਹਨ ਜਾਗ੍ਰਿਤ ਕੇਵਲ ਉਹੀ ਕਰ ਸਕਦਾ ਹੈ ਜਿਸ ਨੂੰ ਜਾਗਰਿਤ ਕਰਨ ਦਾ ਢੰਗ ਆਉਂਦਾ ਹੋਵੇ ਇਹ ਕੰਮ ਕੇਵਲ ਵਿਦਵਾਨ ਲੋਕ ਹੀ ਕਰ ਸਕਦੇ ਹਨ ਤੇ ਸਮਝ ਸਕਦੇ ਹਨ। ਸਾਨੂੰ ਇਤਿਹਾਸ ਵਿੱਚ ਅਜਿਹੇ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਨਾਂ ਮਿਲਦੀਆਂ ਹਨ ਜਿਨ੍ਹਾਂ ਨੇ ਆਪਣੇ ਸੁਪਨਿਆਂ ਦੇ ਆਧਾਰ ਤੇ ਮਹਾਨ ਖੋਜਾਂ ਕੀਤੀਆਂ ਮਦ੍ਰਾਸ ਦੇ ਸ਼੍ਰੀਨਿਵਾਸ ਰਾਮਨਾਜ਼ੁਨ ਜੋ ਕਿ ਗਣਿਤ ਦੇ ਮਹਾਨ ਵਿਦਵਾਨ ਸਨ ਨੇ ਸੰਨ 1900 ਵਿੱਚ ਗਣੀਤ ਦੇ ਹੈਰਾਨੀਜਨਕ ਫਾਰਮੂਲਿਆਂ ਨੂੰ ਜਨਮ ਦਿੱਤਾ ਜਦੋਂ ਲੋਕਾਂ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਫਾਰਮੂਲਾ ਮੈਂ ਆਪਣੇ ਸੁਪਨਿਆਂ ਵਿੱਚ ਦੇਖਿਆ ਸੀ। ਮਹਾਨ ਵਿਗਿਆਨੀ ਆਈਨਸਟੋਨ ਨੇ 1905 ਈਸਵੀ ਵਿੱਚ “theory of relativity” ਦਾ ਸਿਧਾਂਤ ਆਪਣੇ ਸੁਪਨਿਆਂ ਤੋਂ ਸਿੱਖਿਆ 1913 ਵਿੱਚ ਨੀਲਸ ਬੋਰ ਨੇ ਐਟਮ ਦਾ ਸਟਰਕਚਰ ਆਪਣੇ ਸੁਪਨੇ ਵਿਚ ਸਿੱਖ ਲਿਆ ਸੀ ਹੁਣ ਤੱਕ ਮਨੋਵਿਗਿਆਨ ਨੇ ਇਨਸਾਨਾਂ ਦੇ ਉਨ੍ਹਾਂ ਸੁਪਨਿਆਂ ਦਾ ਅਧਿਐਨ ਕੀਤਾ ਜੋ ਡਰ,ਦੱਬੀਆਂ ਇੱਛਾਵਾਂ ਤੇ ਚਿੰਤਾਵਾਂ ਨਾਲ ਸੰਬੰਧਿਤ ਸੀ। ਇਹ ਸੁਪਨੇ ਅਰਧ ਚੇਤਨ ਮਨ ਦਾ ਅਨੁਭਵ ਸੀ ਇਸ ਲਈ ਇਹ ਸੁਪਨੇ ਯਾਦ ਰਹਿ ਜਾਂਦੇ ਹਨ ਪਰ ਅਸਲ ਸੁਫ਼ਨੇ ਅਵਚੇਤਨ ਮਨ ਦੇਖਦਾ ਹੈ ਇਹ ਉਹ ਸੁਪਨੇ ਹੁੰਦੇ ਹਨ ਜੋ ਸੱਚ ਹੁੰਦੇ ਹਨ ਤੇ ਸਾਨੂੰ ਯਾਦ ਨਹੀਂ ਰਹਿੰਦੇ ਪਰ ਜਦੋਂ ਅਸਲੀਅਤ ਵਿੱਚ ਸਾਡੇ ਨਾਲ ਅਜਿਹਾ ਵਾਪਰਦਾ ਹੈ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਇਹ ਤਾਂ ਮੈਂ ਸੁਪਨੇ ਵਿੱਚ ਦੇਖਿਆ ਸੀ ਅਜਿਹੇ ਸੁਪਨੇ ਦੇਖਣ ਲਈ ਸਾਡੇ ਅਵਚੇਤਨ ਮਨ ਦਾ ਜਾਗ੍ਰਿਤ ਹੋਣਾ ਬਹੁਤ ਜ਼ਰੂਰੀ ਹੈ ਤੇ ਅਵਚੇਤਨ ਮਨ ਦਾ ਜਾਗਰੂਕ ਹੋਣਾ ਉਹ ਅਵਸਥਾ ਹੈ ਜਿੱਥੇ ਡਰ, ਇਛਾਵਾਂ ਤੇ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ। ਮੈਂ ਅਕਸਰ ਅਜਿਹੇ ਸੁਪਨੇ ਦੇਖਦਾ ਹਾਂ ਮੈਂ ਆਪਣੇ ਸੁਪਨਿਆਂ ਵਿੱਚ ਅਲੱਗ-ਅਲੱਗ ਥਾਵਾਂ, ਇਮਾਰਤਾਂ ਅਤੇ ਰਸਤਿਆਂ ਨੂੰ ਦੇਖਦਾ ਹਾਂ ਪਰ ਜਦੋਂ ਜਿੰਦਗੀ ਦੇ ਸਫਰ ਵਿੱਚ ਚਲਦੇ ਚਲਦੇ ਮੈ ਇਹਨਾਂ ਥਾਵਾਂ ਨੂੰ ਅਸਲੀਅਤ ਵਿੱਚ ਦੇਖਦਾ ਹਾਂ ਤਾਂ ਮੈਨੂੰ ਯਾਦ ਆਉਂਦਾ ਹੈ ਕੇ ਇਹ ਤਾਂ ਮੈਂ ਸੁਪਨੇ ਵਿੱਚ ਦੇਖਿਆ ਸੀ। ਮੈਂ ਆਪਣੇ ਸੁਪਨਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਇਸ ਲਈ ਮੈਂ ਆਪਣੇ ਸੁਪਨਿਆਂ ਨੂੰ ਜਾਨਣਾ ਚਾਹੁੰਦਾ ਸੀ ਇਸ ਲਈ ਮੈਂ ਸੁਪਨਿਆਂ ਦੇ ਸਬੰਧ ਵਿੱਚ ਬਹੁਤ ਸਾਰੇ ਮਨੋਵਿਗਿਆਨੀਆਂ ਦੀਆਂ ਕਿਤਾਬਾਂ ਪੜ੍ਹੀਆਂ ਤੇ ਮਨ ਦੀਆਂ ਤਿੰਨੋ ਅਵਸਥਾਵਾਂ ਚੇਤਨ,ਅਰਧ ਚੇਤਨ ਤੇ ਅਵਚੇਤਨ ਦਾ ਅਧਿਐਨ ਕੀਤਾ ਪਹਿਲਾ ਮੈਂ ਇਨ੍ਹਾਂ ਇਮਾਰਤਾਂ ਦਾ ਤੇ ਰਸਤਿਆਂ ਦਾ ਬਾਹਰੀ ਰੂਪ ਦੇਖਦਾ ਸੀ ਪਰ ਇਹਨਾਂ ਇਮਾਰਤਾਂ ਦੇ ਅੰਦਰ ਕੀ ਹੈ? ਤੇ ਇਹਨਾਂ ਰਸਤਿਆਂ ਤੇ ਚੱਲ ਕੇ ਅੱਗੇ ਕੀ ਹੈ?ਇਹ ਸਭ ਜਾਨਣ ਲਈ ਮੈਂ ਇਹ ਸਵਾਲ ਚੇਤਨ ਮਨ ਰਾਹੀਂ ਅਵਚੇਤਨ ਮਨ ਨੂੰ ਭੇਜ ਦਿੱਤਾ। ਮੈਂ ਆਪਣੇ ਇਹਨਾਂ ਸੁਪਨਿਆਂ ਬਾਰੇ ਆਪਣੀ ਘਰਵਾਲੀ ਨੂੰ ਦੱਸ ਦਿੰਦਾ ਸੀ ਪਰ ਉਹ ਯਕੀਨ ਨਾ ਕਰਦੀ ਇੱਕ ਦਿਨ ਮੈਂ ਆਪਣੀ ਘਰਵਾਲੀ ਨਾਲ ਆਪਣੇ ਸਸੁਰਾਲ ਹਿਮਾਚਲ ਜਾ ਰਿਹਾ ਸੀ ਅਸੀਂ ਅਕਸਰ ਜਿਸ ਰਸਤੇ ਰਾਹੀਂ ਪਹਿਲਾਂ ਜਾਂਦੇ ਸੀ ਬਰਸਾਤ ਕਾਰਨ ਉਸ ਰਸਤੇ ਦਾ ਪੱਲ ਟੁੱਟ ਜਾਣ ਕਾਰਨ ਸਾਨੂੰ ਨਵੇਂ ਰਸਤੇ ਤੋਂ ਜਾਣਾ ਪਿਆ। ਅੱਗੇ ਚੱਲ ਕੇ ਇਸ ਰਾਸਤੇ ਤੋਂ 3 ਨਵੇਂ ਰਸਤੇ ਨਿਕਲ ਰਹੇ ਸੀ। ਸਹੀ ਰਸਤਾ ਜਾਣਨ ਲਈ ਅਸੀਂ ਉਥੇ ਇੱਕ ਚਾਹ ਦੀ ਦੁਕਾਨ ਤੇ ਚਾਹ ਪੀਣ ਤੇ ਰਸਤਾ ਪੁੱਛਣ ਲਈ ਰੁੱਕ ਗਏ ਮੈਂ ਇਹਨਾਂ ਤਿੰਨਾਂ ਰਸਤਿਆਂ ਨੂੰ ਧਿਆਨ ਨਾਲ ਦੇਖ ਰਿਹਾ ਸੀ ਕਿ ਕਿਹੜਾ ਰਸਤਾ ਸਹੀ ਹੋਵੇਗਾ। ਕੀ ਅਚਾਨਕ ਇਕ ਰਸਤੇ ਨੂੰ ਦੇਖ ਕੇ ਮੈਨੂੰ ਯਾਦ ਆਇਆ ਕਿ ਇਹ ਮੈਂ ਸੁਪਨੇ ਵਿਚ ਦੇਖਿਆ ਸੀ ਇਸ ਰਸਤੇ ਦਾ ਸਾਹਮਣੇ ਦਾ ਦ੍ਰਿਸ਼ ਵਾਤਾਵਰਨ ਤੇ ਸਮਾਂ ਉਹੀ ਸੀ ਜੋ ਮੈਂ ਸੁਪਨੇ ਵਿੱਚ ਦੇਖਿਆ ਸੀ ਪਰ ਇਹ ਰਸਤਾ ਸੁਪਨੇ ਵਿੱਚ ਕੱਚਾ ਸੀ ਜਦ ਕਿ ਹੁਣ ਇਹ ਰਸਤਾ ਪੱਕੀ ਸੜਕ ਬਣ ਗਿਆ ਸੀ ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਇਹ ਸੜਕ ਅਜੇ ਕੁੱਝ ਦਿਨ ਪਹਿਲਾਂ ਹੀ ਬਣੀ ਹੋਵੇਗੀ ਜਦੋਂ ਮੈਂ ਚਾਹ ਵਾਲੇ ਨੂੰ ਉਸ ਰਸਤੇ ਸਬੰਧੀ ਪੁਛਿਆ ਤਾਂ ਉਸਨੇ ਮੈਨੂੰ ਦੱਸਿਆ ਕੀ ਇਹ ਸੜਕ ਕੁੱਝ ਦਿਨ ਪਹਿਲਾਂ ਹੀ ਬਣੀ ਹੈ ਪਹਿਲਾਂ ਇਹ ਰਸਤਾ ਕੱਚਾ ਸੀ। ਇਹ ਉਹੀ ਰਸਤਾ ਸੀ ਜਿਸ ਰਸਤੇ ਤੇ ਅਸੀਂ ਅੱਗੇ ਜਾਣਾ ਸੀ ਜਦੋਂ ਅਸੀਂ ਇਸ ਰਸਤੇ ਤੇ ਅੱਗੇ ਗਏ ਤਾਂ ਰਸਤੇ ਵਿੱਚ ਅੱਗੇ ਇੱਕ ਪੁਰਾਤਨ ਇਮਾਰਤ ਆਈ ਜਿਸ ਨੂੰ ਕਿ ਮੈਂ ਸੁਪਨੇ ਵਿੱਚ ਦੇਖਿਆ ਸੀ। ਇਹ ਸਭ ਦੇਖ ਮੈਂ ਰੁੱਕ ਗਿਆ ਤੇ ਅੱਗੇ ਮੈਂ ਸੁਪਨੇ ਵਿੱਚ ਕੀ ਦੇਖਿਆ ਸੀ ਇਹ ਜਾਨਣ ਲਈ ਆਪਣਾ ਸੁਪਨਾ ਯਾਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਯਾਦ ਆਇਆ ਕੇ ਅੱਗੇ ਚੱਲ ਕੇ ਇਸ ਇਮਾਰਤ ਦਾ ਦਰਵਾਜ਼ਾ ਹੈ ਜੋ ਕਿ ਖੁੱਲਾ ਹੈ ਤੇ ਇਸ ਇਮਾਰਤ ਦੇ ਅੰਦਰ ਇੱਕ ਤਲਾਅ ਹੈ ਜੋ ਕਿ ਸੁੱਕਾ ਹੈ ਮੈਂ ਆਪਣੇ ਘਰਵਾਲੀ ਨੂੰ ਪਹਿਲਾਂ ਹੀ ਇਸ ਬਾਰੇ ਦੱਸ ਦਿਤਾ ਤੇ ਜਿਵੇਂ ਹੀ ਅਸੀਂ ਅੱਗੇ ਗਏ ਤਾਂ ਸਭ ਕੁਝ ਏਦਾਂ ਹੀ ਸੀ ਜਿਸ ਨੂੰ ਦੇਖ ਮੈ ਤੇ ਮੇਰੀ ਘਰਵਾਲੀ ਹੈਰਾਨ ਹੋ ਗਏ ਮੇਰੀ ਘਰਵਾਲੀ ਨੂੰ ਯਕੀਨ ਫਿਰ ਵੀ ਨਹੀਂ ਹੋਇਆ ਉਹ ਇਹੀ ਕਹਿ ਰਹੀ ਸੀ ਕਿ ਤੁਸੀਂ ਪਹਿਲਾਂ ਇੱਥੇ ਆਏ ਹੋਣਗੇ ਮੈਂ ਆਪਣੇ ਸੁਪਨਿਆਂ ਰਾਹੀਂ ਅਤੀਤ ਤੋਂ ਭਵਿੱਖ ਵਿਚ ਆਇਆ ਸੀ ਪਰ ਅਜੇ ਵਰਤਮਾਨ ਵਿੱਚ ਜਾਣਾ ਬਾਕੀ ਸੀ। ਕਾਸ਼ ਉੱਥੇ ਕੋਈ ਘਟਨਾ ਅਜਿਹੀ ਵਾਪਰਦੀ ਜਿਸਨੂੰ ਮੈਂ ਸੁਪਨੇ ਵਿੱਚ ਦੇਖਿਆ ਹੁੰਦਾ ਤੇ ਉਸ ਦੇ ਬਾਰੇ ਮੈਂ ਆਪਣੀ ਘਰਵਾਲੀ ਨੂੰ ਪਹਿਲਾਂ ਹੀ ਦੱਸਿਆ ਹੁੰਦਾ ਤਾਂ ਉਹ ਯਕੀਨ ਕਰ ਲੈਂਦੀ। ਇਹ ਸਭ ਕਰਾਮਾਤ ਅਵਚੇਤਨ ਮੰਨਦੀ ਹੈ ਅਵਚੇਤਨ ਮਨ ਸਾਨੂੰ ਪੂਰੇ ਬ੍ਰਹਮੰਡ ਦੀ ਸੈਰ ਕਰਵਾ ਸਕਦਾ ਹੈ। ਹੁਣ ਮੈਂ ਆਪਣੇ ਸੁਪਨਿਆਂ ਰਾਹੀਂ ਅਤੀਤ ਤੋਂ ਵਰਤਮਾਨ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ
ਜੇ ਐੱਸ ਮਹਿਰਾ,
ਪਿੰਡ ਤੇ ਡਾਕਘਰ ਬੜੋਦੀ,
ਤਹਿਸੀਲ ਖਰੜ,
ਜ਼ਿਲ੍ਹਾ ਸ਼ਹਿਬਜ਼ਾਦਾ ਅਜੀਤ ਸਿੰਘ ਨਗਰ,
ਪਿੰਨ ਕੋਡ 140110,
ਮੋਬਾਈਲ ਨੰਬਰ 9592430420
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly