(ਸਮਾਜ ਵੀਕਲੀ) ਸਾਡੇ ਦੇਸ਼ ਵਿੱਚ ਗੁਰੂ ਜਾਂ ਅਧਿਆਪਕ ਦਾ ਵਿਸ਼ੇਸ਼ ਮਹੱਤਵ ਹੈ। ਇਹ ਹੁਣ ਦੀ ਗੱਲ ਨਹੀਂ ਪੌਰਾਣਿਕ ਕਾਲ ਤੋਂ ਗੁਰੂ ਦੀ ਮਹਿਮਾ ਚੱਲੀ ਆ ਰਹੀ ਹੈ। ਗੁਰੂ ਜਾਂ ਅਧਿਆਪਕ ਇੱਕ ਅਜਿਹਾ ਲਾਈਟ ਹਾਊਸ ਹੈ ਜੋ ਕਿ ਵਿਦਿਆਰਥੀਆਂ ਦੇ ਹਨੇਰੇ ਮਨ ਵਿੱਚ ਰੌਸ਼ਨੀ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਦੀ ਸਹੀ ਰਾਹ ਦਿਖਾਉਂਦਾ ਹੈ।। ਅਧਿਆਪਕ ਜਾਂ ਗੁਰੂ ਦੀ ਮਹਿਮਾ ਦਾ ਵਖਾਣ ਕਰਦੇ ਹੋਏ ਕਿਹਾ ਗਿਆ ਹੈ,,, ਗੁਰੂ ਗੋਬਿੰਦ ਦੋਨੋਂ ਖੜੇ, ਕਿਸ ਕੇ ਲਾਗੂਂ ਪਾਂਵ, ਬਲਿਹਾਰੀ ਉਸ ਗੁਰੂ ਕੇ ਜਿਸੁ ਗੋਬਿੰਦ ਦਿਉ ਮਿਲਾਈ,,,। ਗੁਰੂ ਜਾਂ ਅਧਿਆਪਕ ਸਿਰਫ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਹੈ, ਜਿਉਣ ਦਾ ਢੰਗ ਦੱਸਦਾ ਹੈ। ਇਸੇ ਕਰਕੇ ਹੀ ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਣ ਕਰਨ ਵਾਲਾ ਕਿਹਾ ਜਾਂਦਾ ਹੈ। ਸਾਡੇ ਦੇਸ਼ ਵਿਚ ਹਰ ਸਾਲ ਪੰਜ ਸਤੰਬਰ ਨੂੰ,, ਅਧਿਆਪਕ ਦਿਵਸ,, ਭਾਰਤ ਦੇ ਰਾਸ਼ਟਰਪਤੀ ਰਹੇ, ਡਾਕਟਰ ਐਸ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਲੈ ਕੇ ਮਨਾਇਆ ਜਾਂਦਾ ਹੈ। ਇਹ ਕਹਿਣਾ ਹੈ ਅਪ੍ਰਸੰਗਿਕ ਨਹੀਂ ਹੋਵੇਗਾ ਕਿ ਡਾਕਟਰ ਐਸ ਰਾਧਾ ਕ੍ਰਿਸ਼ਨਨ ਪਹਿਲਾਂ ਯੂਨੀਵਰਸਿਟੀ ਵਿੱਚ ਅਧਿਆਪਕ ਰਹੇ ਹਨ। ਇੱਕ ਸਫ਼ਲ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਨਾਗਰਿਕ, ਸਫਲ ਵਪਾਰੀ, ਵਿਗਿਆਨਿਕ, ਡਾਕਟਰ, ਵਕੀਲ ਆਦਿ ਬਣਨ ਵਿੱਚ ਰਹਿਨੁਮਾਈ ਕਰਦਾ ਹੈ। ਇੱਕ ਚੰਗਾ ਆਦਮੀ ਇੱਕ ਸਫਲ ਅਧਿਆਪਕ ਉਸ ਵੇਲੇ ਬਣ ਸਕਦਾ ਹੈ ਜਦੋਂ ਉਸਦਾ ਵਿਆਪਕ ਗਿਆਨ ਹੋਵੇ, ਉਚਾ ਚਰਿਤਰ ਹੋਵੇ, ਮਿਹਨਤੀ ਹੋਵੇ, ਇਮਾਨਦਾਰ ਹੋਵੇ, ਵੱਡਿਆਂ ਅਤੇ ਬਜ਼ੁਰਗਾਂ ਦੀ ਇੱਜ਼ਤ ਕਰਨ ਵਾਲਾ ਹੋਵੇ, ਕਮਜ਼ੋਰ ਅਤੇ ਗ਼ਰੀਬਾਂ ਦੀ ਮਦਦ ਕਰਨ ਵਾਲਾ ਹੋਵੇ, ਦੇਸ਼ ਭਗਤ ਹੋਵੇ ਅਤੇ ਦੇਸ਼ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਹੋਵੇ, ਨਿਰਪੱਖ ਹੋਵੇ। ਇੱਕ ਸਫਲ ਅਧਿਆਪਕ ਉਹ ਹੁੰਦਾ ਹੈ ਜਿਹੜਾ ਆਪਣੇ ਵਿਦਿਆਰਥੀਆਂ ਵਿੱਚ ਕਿਸੇ ਕੰਮ ਨੂੰ ਕਰਨ ਲਈ ਵਿਸ਼ਵਾਸ ਅਤੇ ਤਾਕਤ ਪੈਦਾ ਕਰ ਦਿੰਦਾ ਹੈ।
ਲੇਕਿਨ ਅੱਜ ਕੱਲ ਸਿੱਖਿਆ ਦੇ ਖੇਤਰ ਵਿਚ ਅਜਿਹੇ ਬੰਦਿਆਂ ਦੀ ਘੁੱਸ ਪੈਠ ਹੋ ਗਈ ਹੈ ਜਿਨ੍ਹਾਂ ਦਾ ਪੜ੍ਹਾਈ ਦੇ ਨਾਲ ਦੂਰ-ਦੂਰ ਦਾ ਵੀ ਕੋਈ ਰਿਸ਼ਤਾ ਨਹੀਂ, ਆਪਣੇ ਵਿਸ਼ੇ ਦਾ ਪੂਰਾ ਗਿਆਨ ਨਹੀਂ ਹੁੰਦਾ, ਵਿਦਿਆਰਥੀਆਂ ਨੂੰ ਪੂਰਾ ਸਿਲੇਬਸ ਨਹੀਂ ਪੜਾਉਂਦੇ, ਬਲਕਿ ਆਪਣੇ ਘਰ ਵਿੱਚ ਟਿਊਸ਼ਨ ਰੱਖਣ ਲਈ ਮਜਬੂਰ ਕਰਦੇ ਹਨ, ਉਨ੍ਹਾਂ ਦਾ ਨਜ਼ਰੀਆ ਲੜਕੀਆਂ ਦੇ ਵੱਲ ਬੁਰੀ ਨਜ਼ਰ ਵਾਲਾ ਹੁੰਦਾ ਹੈ, ਕੁਝ ਅਧਿਆਪਕ ਵਿਦਿਆਰਥੀਆਂ ਵਿਚ ਭੇਦਭਾਵ ਕਰਦੇ ਹਨ, ਕੁਝ ਅਧਿਆਪਕ ਵਿਦਿਆਰਥੀਆਂ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰਦੇ ਹਨ, ਕੁਝ ਅਧਿਆਪਕ ਤੰਬਾਕੂ ਜਾਂ ਸਿਗਰਟ ਦਾ ਇਸਤੇਮਾਲ ਕਰਦੇ ਹਨ। ਇਸ ਪ੍ਰਕਾਰ ਦੇ ਅਧਿਆਪਕ ਸਿੱਖਿਆ ਖੇਤਰ ਤਾਂ ਛੱਡੋ ਸਮਾਜ ਵਿੱਚ ਰਹਿਣ ਦੇ ਕਾਬਿਲ ਵੀ ਨਹੀਂ ਹਨ। ਐਸ ਰਾਧਾ ਕ੍ਰਿਸ਼ਨਨ ਦਾ ਜੀਵਨ ਸਾਨੂੰ ਚੰਗੇ ਬਣਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਦੀਆਂ ਖੂਬੀਆਂ ਨੂੰ ਦੇਖਦੇ ਹੋਏ ਹਰ ਸਾਲ ਪੰਜ ਸਤੰਬਰ ਨੂੰ,,, ਸਾਰੇ ਦੇਸ਼ ਵਿੱਚ,,, ਸਿੱਖਿਅਕ ਦਿਵਸ,, ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਲੈਵਲ ਤੇ ਪ੍ਰੋਗਰਾਮ ਕੀਤੇ ਜਾਂਦੇ ਹਨ। ਚੰਗੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਸਾਡੇ ਸਮਾਜ ਵਿਚ ਅਜ ਵੀ ਅਧਿਆਪਕ ਨੂੰ ਬਹੁਤ ਇੱਜ਼ਤ ਨਾਲ ਦੇਖਿਆ ਜਾਂਦਾ ਹੈ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ -9416359045
ਰੋਹਤਕ –124001(ਹਰਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly