5 ਸਤੰਬਰ- ਕੌਮੀ ਅਧਿਆਪਕ ਦਿਵਸ ਤੇ ਵਿਸ਼ੇਸ਼ :

       ਅੱਜ ਕੱਲ੍ਹ ਦੇ ਇਲੈਕਟ੍ਰਾਨਿਕ ਅਤੇ ਮੀਡੀਆ ਉਪਕਰਣਾਂ ਦੇ ਜਾਲ ਵਿੱਚ ਵੀ ਆਪਣੀ ਹੋਂਦ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਅੱਜ ਦਾ ਅਧਿਆਪਕ ….

          ਇੱਕ ਸਮਾਂ ਸੀ ਜਦੋਂ ਅਧਿਆਪਕ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਸਫ਼ਲਤਾ ਦੀ ਮੰਜ਼ਿਲ ਤੱਕ ਪਹੁੰਚਾਣ ਦਾ ਇੱਕ ਮਾਤਰ ਸਾਧਨ ਹੁੰਦਾ ਸੀ , ਜਿਸ ਕਾਰਨ ਵਿਦਿਆਰਥੀਆਂ, ਮਾਪਿਆਂ ਅਤੇ ਸਮਾਜ ਦੇ ਦਿਲਾਂ ਵਿੱਚ ਅਧਿਆਪਕਾਂ ਦੇ ਪ੍ਰਤੀ ਸਤਿਕਾਰ , ਪਿਆਰ, ਨਿਮਰਤਾ ਵਰਗੇ ਅਹਿਸਾਸ ਹੁੰਦੇ ਸਨ । ਅਧਿਆਪਕ ਵੀ ਆਪਣੇ ਕੰਮ ਪ੍ਰਤੀ ਦਿਲੋਂ ਸੰਵੇਦਨਸ਼ੀਲ ਸਨ ਉਨ੍ਹਾਂ ਵੱਲੋਂ ਪੜਾਇਆ ਪਾਠ ਵੀ ਵਿਦਿਆਰਥੀਆਂ ਦੇ ਦਿਮਾਗ ਵਿੱਚ ਸਹਿਜੇ ਹੀ ਬੈਠ ਜਾਂਦਾ ਸੀ।
ਵਿਦਿਆਰਥੀ ਵੀ ਆਪਣੇ ਅਧਿਆਪਕ ਪ੍ਰਤੀ ਸ਼ਰਧਾ ਭਾਵਨਾ ਰੱਖਦੇ ਸਨ ਅਤੇ ਉਨ੍ਹਾਂ ਵੱਲੋਂ ਪੜਾਏ ਪਾਠ ਨੂੰ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹੀ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਸਨ । ਪਰ ਪਿਛਲੇ ਕੁੱਝ ਦਹਾਕਿਆਂ ਤੋਂ ਇਸ ਪ੍ਰਵਿਰਤੀ ਵਿੱਚ  ਬਹੁਤ ਹੀ ਬਦਲਾਅ ਵੇਖਣ ਨੂੰ ਮਿਲਿਆ ਹੈ, ਜਿਸ ਦੇ ਮਾਰੂ ਸਿੱਟਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵਿਦਿਆਰਥੀਆਂ ਦੇ ਜੀਵਨ ਉੱਤੇ ਇਲੈਕਟ੍ਰਾਨਿਕ ਉਪਕਰਣ ਇਸ ਹੱਦ ਤੱਕ ਕਾਬਜ਼ ਹੋ ਚੁੱਕੇ ਹਨ ਕਿ ਅੱਜ ਕੱਲ੍ਹ ਵਿਦਿਆਰਥੀਆਂ ਦੇ ਦਿਮਾਗ ਪਹਿਲਾਂ ਵਰਗੇ ਨਹੀਂ ਰਹੇ । ਗਣਿਤ ਦੀਆਂ ਛੋਟੀਆਂ ਛੋਟੀਆਂ ਗਣਨਾਵਾਂ ਲਈ ਵੀ ਉਨ੍ਹਾਂ ਨੂੰ ਇਨ੍ਹਾਂ ਉਪਕਰਣਾਂ ਤੇ ਨਿਰਭਰ ਰਹਿਣਾ ਪੈਂਦਾ ਹੈ ।
ਜ਼ਰੂਰਤ ਹੈ ਅੱਜ ਦੇ ਵਿਦਿਆਰਥੀ ਨੂੰ ਆਪਣੇ ਅਧਿਆਪਕ ਨਾਲ ਜੁੜਨ ਦੀ , ੳੁਨ੍ਹਾਂ ਤੋਂ ਪੁਰਾਤਨ ਸਿੱਖਿਆ ਦੇ ਬਾਰੇ ਵਿੱਚ ਜਾਨਣ ਦੀ, ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਤੋਂ ਸੇਧ ਲੈਣ ਦੀ ਤਾਂ ਜੋ ਆਪਣੀ ਅਤੇ ਆਪਣੇ ਪੁਰਾਤਨ ਸਭਿਆਚਾਰ ਨੂੰ ਸੰਭਾਲਿਆ ਜਾ ਸਕੇ । ਇਥੇ ਇਹ ਵੀ ਕਹਿਣਾ ਜਰੂਰੀ ਹੈ ਕਿ ਸਿੱਖਿਆ ਦੇ ਨਵੇਂ ਸੰਸਾਧਨਾਂ ਨੂੰ ਵੀ ਅਪਨਾਉਣਾ ਚਾਹੀਦਾ ਹੈ ਪਰ ਇਨ੍ਹਾਂ ਸੰਸਾਧਨਾਂ ਦੀ ਇੱਕ ਹੱਦ ਬੰਦੀ ਬਹੁਤ ਜ਼ਰੂਰੀ ਹੈ ।  ਕਿਉਂ ਕਿ ਅਧਿਆਪਕਾਂ ਦੇ ਤਜਰਬਿਆਂ ਤੋਂ ਸਿੱਖੇ ਪਾਠ ਦੀ ਅਹਿਮੀਅਤ ਵੱਖਰੀ ਹੀ ਹੁੰਦੀ ਹੈ, ਜਿਸ ਦਾ ਸਥਾਨ ਕੋਈ ਨਹੀਂ ਲੈ ਸਕਦਾ ।
ਅੱਜ ਪੰਜ ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ਮਨਾਉਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਅਧਿਆਪਕ ਜਿਸ ਨੂੰ ਰਾਸ਼ਟਰ ਦਾ ਨਿਰਮਾਤਾ ਕਿਹਾ ਜਾਂਦਾ ਹੈ , ਨੂੰ  ਸਮਾਜ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾ ਸਕੇ ।
          ਇਤਿਹਾਸ ਦੇ ਝਰੋਖੇ ਵਿੱਚ ਝਾਤ ਮਾਰੀ ਜਾਵੇ ਤਾਂ ਅੱਜ ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ , ਮਹਾਨ ਦਾਰਸ਼ਨਿਕ, ਭਾਰਤ ਰਤਨ ਨਾਲ ਸਨਮਾਨਿਤ  ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਨ  ਜੀ ਦਾ ਜਨਮ ਦਿਹਾੜਾ ਹੈ ਜੋ ਕੇ ਭਾਰਤ ਦੇ ਦੂਜੇ ਰਾਸ਼ਟਰਪਤੀ ਵੀ ਰਹੇ ਹਨ । 5 ਸਤੰਬਰ 1962, ਉਨ੍ਹਾਂ  ਦੇ ਜਨਮ ਦਿਹਾੜੇ ਤੋਂ , ਭਾਰਤ ਵਿੱਚ ਹਰ ਸਾਲ ਪੰਜ ਸਤੰਬਰ ਦੇ ਦਿਨ ਨੂੰ ਕੌਮੀ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ , ਜ਼ੋ ਕਿ ਉਨ੍ਹਾਂ ਦੇ ਸਿੱਖਿਆ ਪ੍ਰਤੀ ਕੀਤੇ ਸ਼ਲਾਘਾਯੋਗ ਕੰਮਾਂ ਲਈ ਇੱਕ ਭਾਵਪੂਰਨ ਸ਼ਰਧਾਂਜਲੀ ਹੈ । ਹਾਲਾਂ ਕਿ ਵਿਸ਼ਵ ਵਿੱਚ ਰਾਸ਼ਟਰੀ ਅਧਿਆਪਕ ਦਿਵਸ ਪੰਜ ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਨ੍ਹਾਂ ਦਾ ਜਨਮ ਪੰਜ ਸਤੰਬਰ 1888 ਨੂੰ ਤਾਮਿਲਨਾਡੂ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ । ਉਨ੍ਹਾਂ  ਦੇ ਪਿਤਾ ਦਾ ਨਾਮ ‘ਸਰਵੇਪੱਲੀ ਵੀਰਾਸਾਮੀਆ’ ਅਤੇ ਮਾਤਾ ਦਾ ਨਾਮ ‘ਸੀਤਮਾ’ ਸੀ। ਉਨ੍ਹਾਂ ਦੇ ਪਿਤਾ ਮਾਲ ਵਿਭਾਗ ਵਿੱਚ ਕੰਮ ਕਰਦੇ ਸਨ।
ਉਨ੍ਹਾਂ ਦੇ ਪਿਤਾ ਪੁਰਾਣੇ ਵਿਚਾਰਾਂ ਦੇ ਸਨ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਵਿੱਚ ਕੱਟੜਤਾ ਸੀ, ਫਿਰ ਵੀ ਉਨ੍ਹਾਂ ਨੇ ਰਾਧਾਕ੍ਰਿਸ਼ਨਨ ਨੂੰ  ਈਸਾਈ ਮਿਸ਼ਨਰੀ ਸੰਸਥਾ ਲੂਥਰਨ ਮਿਸ਼ਨ ਸਕੂਲ, ਤਿਰੂਪਤੀ ਵਿੱਚ ਪੜ੍ਹਨ ਲਈ ਭੇਜਿਆ।  ਇਸ ਤੋਂ ਬਾਅਦ ਉਸਨੇ ਮਦਰਾਸ ਕ੍ਰਿਸਚੀਅਨ ਕਾਲਜ, ਮਦਰਾਸ ਤੋਂ ਸਿੱਖਿਆ ਪ੍ਰਾਪਤ ਕੀਤੀ। ਉਹ ਬਚਪਨ ਤੋਂ ਹੀ ਹੁਸ਼ਿਆਰ ਸੀ। 12 ਸਾਲ ਦੀ ਉਮਰ ਵਿੱਚ ਹੀ ਰਾਧਾਕ੍ਰਿਸ਼ਨਨ ਨੇ ਬਾਈਬਲ ਦੇ ਮਹੱਤਵਪੂਰਨ ਹਿੱਸੇ ਵੀ ਯਾਦ ਕੀਤੇ। ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਯੋਗਤਾ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਉਮਰ ਵਿੱਚ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਅਤੇ ਹੋਰ ਮਹਾਨ ਚਿੰਤਕਾਂ ਦਾ ਅਧਿਐਨ ਕੀਤਾ। ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਤੋਂ
ਉਨ੍ਹਾਂ ਦੇ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ। ਉਸਨੇ 1902 ਵਿੱਚ ਮੈਟ੍ਰਿਕ ਪੱਧਰ ਦੀ ਪ੍ਰੀਖਿਆ ਪਾਸ ਕੀਤੀ ਅਤੇ ਇੱਕ ਸਕਾਲਰਸ਼ਿਪ ਵੀ ਪ੍ਰਾਪਤ ਕੀਤੀ। ਇਸ ਤੋਂ ਬਾਅਦ 1905 ਵਿਚ ਉਨ੍ਹਾਂ ਨੇ ਆਰਟਸ ਫੈਕਲਟੀ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ । ਉਹ ਇਕ ਮਹਾਨ ਦਾਰਸ਼ਨਿਕ ,  ਵਿਦਵਾਨ ਹੋਣ ਦੇ ਨਾਲ ਨਾਲ ਇੱਕ ਅਧਿਆਪਕ ਸਨ । ਉਨ੍ਹਾਂ ਨੇ ਆਪਣੇ ਜੀਵਨ ਦੇ 40 ਸਾਲ ਅਧਿਆਪਨ ਦਾ ਕਾਰਜ ਕੀਤਾ । ਉਨ੍ਹਾਂ ਦੇ ਸੁਭਾਅ ਅਤੇ ਵਿਅਕਤੀਗਤ  ਤੋਂ ੳੁਨ੍ਹਾਂ ਦੇ ਵਿਦਿਆਰਥੀ ਅਤੇ ਸਾਥੀ ਬਹੁਤ ਹੀ ਪ੍ਰਭਾਵਿਤ ਸਨ।ਅਧਿਆਪਕ ਪ੍ਰਤੀ ਉਨ੍ਹਾਂ ਦਾ ਸਤਿਕਾਰ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇੱਕ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਵਿਦਿਆਰਥੀ ਅਤੇ ਸਾਥੀ ਇੱਕ ਦਿਨ ਉਨ੍ਹਾਂ ਦਾ ਜਨਮ ਦਿਨ ਮਨਾਉਣ ਪਹੁੰਚੇ ਤਾਂ ਉਨ੍ਹਾਂ ਆਪਣੀ ਦਿਲੀ ਇੱਛਾ ਵਿਅਕਤ ਕਰਦੇ ਹੋਏ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ , ਉਹ ਭਾਰਤੀ ਸੰਸਕ੍ਰਿਤੀ ਦੇ ਸੰਚਾਲਕ, ਉੱਘੇ ਸਿੱਖਿਆ ਸ਼ਾਸਤਰੀ, ਮਹਾਨ ਦਾਰਸ਼ਨਿਕ ਅਤੇ ਕੱਟੜ ਹਿੰਦੂ ਚਿੰਤਕ ਸਨ। ਉਨ੍ਹਾਂ ਦੇ ਇਨ੍ਹਾਂ ਗੁਣਾਂ ਕਾਰਨ 1954 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਰਵਉੱਚ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ।
ਡਾ: ਰਾਧਾਕ੍ਰਿਸ਼ਨਨ ਨੇ ਪੂਰੀ ਦੁਨੀਆ ਨੂੰ ਇੱਕ ਸਿੱਖਿਆ ਸੰਸਥਾ ਸਮਝਦੇ ਸਨ। ਉਸ ਦਾ ਮੰਨਣਾ ਸੀ ਕਿ ਸਿੱਖਿਆ ਰਾਹੀਂ ਹੀ ਮਨੁੱਖੀ ਦਿਮਾਗ ਦੀ ਚੰਗੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਦੁਨੀਆ ਨੂੰ ਇੱਕ ਇਕਾਈ ਸਮਝ ਕੇ ਸਿੱਖਿਆ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਬ੍ਰਿਟੇਨ ਵਿੱਚ ਚੱਲ ਰਹੇ ਇੱਕ ਸਮਾਗਮ ਦੌਰਾਨ ਆਪਣੇ ਇੱਕ ਭਾਸ਼ਣ ਵਿੱਚ ਡਾ: ਸਰਵਪੱਲੀ ਰਾਧਾਕ੍ਰਿਸ਼ਨ ਨੇ ਕਿਹਾ ਸੀ – “ਮਨੁੱਖ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਮਨੁੱਖੀ ਇਤਿਹਾਸ ਦਾ ਸਮੁੱਚਾ ਟੀਚਾ ਮਨੁੱਖਤਾ ਦੀ ਮੁਕਤੀ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਸਾਰੇ ਦੇਸ਼ਾਂ ਦੀ ਨੀਤੀ ਦਾ ਆਧਾਰ ਪੂਰੀ ਦੁਨੀਆ ਵਿੱਚ ਸ਼ਾਂਤੀ ਸਥਾਪਤ ਕਰਨ ਦੀ ਕੋਸ਼ਿਸ਼ ਹੋਵੇ ।”
ਉਨ੍ਹਾਂ ਦੇ ਅਜਿਹੇ ਵਿਚਾਰਾਂ ਨੂੰ ਸਾਰੇ ਭਾਰਤ ਵਾਸੀਆਂ ਵੱਲੋਂ ਸਲਾਮ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਵੱਲੋਂ  ਸਾਲ 1931  ਵਿੱਚ ‘ਸਰ’ ਦੀ ਉਪਾਧੀ ਨਾਲ ਨਿਵਾਜਿਆ ਗਿਆ । ਅੰਤ 17 ਅਪ੍ਰੈਲ 1975  ਨੂੰ ਉਹ ਸਾਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।ਅੱਜ ਅਧਿਆਪਕ ਦਿਵਸ ਮੌਕੇ ਅਸੀਂ ਭਾਰਤ ਦੇ ਇਸ ਮਹਾਨ ਦਾਰਸ਼ਨਿਕ, ਵਿਦਵਾਨ,  ਅਧਿਆਪਕ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਨ੍ਹਾਂ ਵੱਲੋਂ ਵਿਖਾਏ ਮਾਰਗ ਤੇ ਚੱਲਣ ਦਾ ਪ੍ਰਣ ਲੈਂਦੇ ਹਾਂ ਜੋ ਕਿ ਆਪਣੇ ਆਪ ਵਿੱਚ ਇੱਕ ਸੰਪੂਰਣ ਸੰਸਥਾ ਸਨ ।

ਅਸ਼ੀਸ਼ ਬਜਾਜ
ਗਣਿਤ ਅਧਿਆਪਕ
ਸਹਸ ਖੇੜੀ ਬਰਨਾ , ਪਟਿਆਲਾ

9872656002

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਦਬੀ ਸ਼ਾਮ ਕਪੂਰਥਲਾ ਕਮੇਟੀ ਦੇ ਦੋ ਸਾਲ ਪੂਰੇ ਹੋਣ ਤੇ ਚੋਣ ਸੰਬੰਧੀ ਆਮ ਸਭਾ ਆਯੋਜਿਤ 
Next articleਪੰਚਾਇਤਾਂ ਨੂੰ ਭੰਗ ਕਰਨ ਦਾ ਤੁਗਲਕੀ ਫਰਮਾਨ ਲਿਆ ਵਾਪਿਸ- ਕਮਲ ਹੀਰ