ਏਹੁ ਹਮਾਰਾ ਜੀਵਣਾ ਹੈ -368

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)-ਤਾਰਾ ਦਾ ਘਰਵਾਲਾ ਬਾ-ਲਮ  ਅੱਠ ਫੇਲ੍ਹ ਸੀ । ਉਸ ਦੀ ਪਿੰਡ ਆਪਣੇ ਮਾਂ ਬਾਪ ਨਾਲ਼ ਘੱਟ ਈ ਬਣਦੀ ਸੀ। ਪਿਓ ਵੀ ਤਾਂ ਦਿਹਾੜੀਦਾਰ ਬੰਦਾ ਸੀ। ਘਰ ਵਿੱਚ ਅੱਤ ਦੀ ਗਰੀਬੀ ਸੀ। ਬਾਲਮ ਨੇ ਪਿੰਡੋਂ ਸ਼ਹਿਰ ਵੱਲ ਨੂੰ ਮੂੰਹ ਕਰ ਲਿਆ ਸੀ। ਸਾਲ ਦੋ ਸਾਲ ਧੱਕੇ ਖਾ ਕੇ ਉਹ ਟੈਂਪੂ ਚਲਾਉਣਾ ਸਿੱਖ ਗਿਆ ਸੀ। ਸ਼ਹਿਰ ਇੱਕ ਵਿਹੜੇ ਵਿੱਚ ਕਿੰਨੇ ਸਾਰੇ ਕਮਰਿਆਂ ਵਾਲੇ ਘਰ ਵਿੱਚ ਇੱਕ ਕਮਰਾ ਕਿਰਾਏ ਤੇ ਲੈਕੇ ਰਹਿੰਦਾ ਸੀ। ਮਾਂ ਪਿਓ ਨੇ ਉਸ ਨੂੰ ਪਿੰਡ ਬੁਲਾਇਆ ਤੇ ਉਸ ਲਈ ਰਿਸ਼ਤੇਦਾਰੀ ਵਿੱਚੋਂ ਹੀ ਕੁੜੀ (ਤਾਰਾ) ਦੇਖ਼ ਕੇ ਚੁੰਨੀਂ ਚੜ੍ਹਾ ਕੇ ਵਿਆਹ ਲਿਆਂਦੀ । ਬਾਲਮ ਪੰਜ ਸੱਤ ਦਿਨ ਪਿੰਡ ਰਹਿਕੇ ਆਪਣੀ ਨਵਵਿਆਹੀ ਤਾਰਾ ਨੂੰ ਵੀ ਆਪਣੇ ਨਾਲ ਸ਼ਹਿਰ ਲੈ ਆਇਆ ਸੀ। ਬਾਲਮ ਦਾ ਰੰਗ ਕਾਲਾ ਤੇ ਕੱਦ ਮਧਰਾ ਸੀ ਪਰ ਤਾਰਾ ਗੋਰੀ ਚਿੱਟੀ ਸਾਢੇ ਪੰਜ ਫੁੱਟ ਲੰਮੀ ਸੁਨੱਖੀ ਕੁੜੀ ਸੀ। ਤਾਰਾ ਹਰ ਸਮੇਂ ਸਿਰ ਢਕ ਕੇ ਰੱਖਦੀ, ਕਿਸੇ ਵੱਲ ਫਾਲਤੂ ਅੱਖ ਚੁੱਕ ਕੇ ਨਾ ਵੇਖਦੀ।ਉਸ ਦੀ ਮਕਾਨ ਮਾਲਕਣ ਵੀ ਬਾਲਮ ਨੂੰ ਮਜ਼ਾਕ ਕਰਦਿਆਂ ਆਖ ਦਿੰਦੀ,”ਵੇ ਬਾਲਮ….. ਤੂੰ ਆਪ ਤਾਂ ਜਿਹੋ ਜਿਹਾ ਹੈਗਾ ਠੀਕ ਆਂ….ਪਰ ਤੈਨੂੰ ਐਨੀ ਸੁਨੱਖੀ ਤੇ ਲਿਆਕਤ ਵਾਲ਼ੀ ਕੁੜੀ ਕੀਹਨੇ ਦੇਤੀ….. ਪਿਛਲੇ ਜਨਮ ਵਿੱਚ ਮੋਤੀ ਪੁੰਨ ਕਰਕੈ ਆਇਆ ਹੋਵੇਂਗਾ…..!” ਬਾਲਮ ਹੱਸ ਕੇ ਟਾਲ ਛੱਡਦਾ।
        ਤਿੰਨ ਸਾਲਾਂ ਵਿੱਚ ਉਹਨਾਂ ਦੇ ਘਰ ਦੋ ਬੱਚੇ ਹੋ ਗਏ ਸਨ, ਵੱਡਾ ਮੁੰਡਾ ਤੇ ਛੋਟੀ ਕੁੜੀ। ਜਿਵੇਂ ਜਿਵੇਂ ਬੱਚੇ ਵੱਡੇ ਹੋ ਰਹੇ ਸਨ,ਘਰ ਦੇ ਖਰਚੇ ਵੀ ਵਧ ਰਹੇ ਸਨ ਜਿਸ ਕਰਕੇ ਪਹਿਲਾਂ ਗੁਜ਼ਾਰਾ ਸੌਖਾ ਹੁੰਦਾ ਸੀ ਪਰ ਹੁਣ ਗੁਜ਼ਾਰਾ ਔਖਾ ਹੋਣ ਲੱਗਿਆ ਸੀ। ਕਈ ਵਾਰ ਤਾਂ ਘਰ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਨੂੰ ਲੈ ਕੇ ਮੀਆਂ ਬੀਵੀ ਦੀ ਤਿੜ ਫਿੜ ਵੀ ਹੋ ਜਾਂਦੀ। ਕਦੇ ਕਦੇ ਬਾਲਮ ਤਾਰਾ ਦੇ ਦੋ ਚਾਰ ਧੱਫੇ ਮਾਰ ਕੇ ਮਰਦਾਨਗੀ ਦਾ ਸਬੂਤ ਵੀ ਦੇ ਦਿੰਦਾ। ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ, ਉਹਨਾਂ ਦੇ ਸ਼ੌਂਕ ਵੀ ਉਹਨਾਂ ਦੀ ਉਮਰ ਦੇ ਨਾਲ ਨਾਲ ਵੱਡੇ ਰਹੇ ਸਨ। ਇੱਕ ਵਾਰੀ ਤਾਰਾ ਦੀ ਕੁੜੀ ਦਾ ਜਨਮਦਿਨ ਆਇਆ ਤਾਂ ਕੁੜੀ ਨੇ ਆਪਣੇ ਸਾਥੀਆਂ ਵਾਂਗ ਜਨਮਦਿਨ ਮਨਾਉਣ ਦੀ ਜ਼ਿੱਦ ਫੜ ਲਈ ਸੀ । ਤਾਰਾ ਦਾ ਵੀ ਬਹੁਤ ਦਿਲ ਕਰਦਾ ਸੀ ਕਿ ਜਿਵੇਂ ਉਸ ਦੇ ਆਂਢ ਗੁਆਂਢ ਦੇ ਲੋਕ ਆਪਣੇ ਜਵਾਕਾਂ ਦੇ ਜਨਮਦਿਨ ਮਨਾਉਂਦੇ ਸਨ ਉਵੇਂ ਹੀ ਉਹ ਵੀ ਆਪਣੀ ਕੁੜੀ ਦਾ ਜਨਮਦਿਨ ਮਨਾਵੇ। ਪਰ ਬਾਲਮ ਪਹਿਲਾਂ ਤਾਂ ਲਾਰਾ ਲਾਉਂਦਾ ਰਿਹਾ ਕਿ ਉਸ ਨੂੰ ਕੁਝ ਨਾ ਕੁਝ ਜ਼ਰੂਰ ਲਿਆਕੇ ਦੇਵੇਗਾ। ਕੁੜੀ ਰਾਤ ਤੱਕ ਬੈਠੀ ਆਪਣੇ ਪਿਓ ਦੀ ਉਡੀਕ ਕਰਦੀ ਰਹੀ । ਰਾਤ ਨੂੰ ਸਾਢੇ ਗਿਆਰਾਂ ਵਜੇ ਬਾਲਮ ਖ਼ਾਲੀ ਹੱਥ ਘਰ ਆ ਗਿਆ। ਕੁੜੀ ਰੋਂਦੀ ਰੋਂਦੀ ਸੌਂ ਗਈ । ਤਾਰਾ ਵੀ ਉਸ ਨੂੰ ਗ਼ੁੱਸੇ ਵਿੱਚ ਬੋਲੀ ਕਿ ਬੱਚੇ ਨਾਲ਼ ਝੂਠਾ ਲਾਰਾ ਕਿਉਂ ਲਾਇਆ ਸੀ। ਵਿਆਹ ਤੋਂ ਬਾਅਦ ਚਾਹੇ ਛੋਟੀਆਂ ਮੋਟੀਆਂ ਚਾਹੇ ਦੋਨਾਂ ਦਾ ਬਥੇਰੀ ਵਾਰ ਮਨ ਮੁਟਾਵ ਹੋਇਆ ਸੀ ਪਰ ਪਹਿਲਾਂ ਕਦੇ ਮਨ ਐਨਾ ਦੁਖੀ ਨਹੀਂ ਹੋਇਆ ਸੀ। ਉਸ ਦੀ ਵੀ ਸਾਰੀ ਰਾਤ ਸਿਸਕੀਆਂ ਭਰਦੀ ਦੀ ਨਿਕਲੀ ਸੀ ਕਿਉਂਕਿ ਆਪਣੀ ਧੀ ਦੀ ਖੁਸ਼ੀ ਦੀ ਸੁਪਨਾ ਉਸ ਤੋਂ ਟੁੱਟਦਾ ਵੇਖਿਆ ਨਹੀਂ ਗਿਆ ਸੀ। ਉਸ ਦੀ ਸਾਰੀ ਰਾਤ ਘਾੜਤਾਂ ਘੜਦੀ ਦੀ ਨਿਕਲੀ ਸੀ ਕਿ ਘਰ ਦੀ ਗ਼ਰੀਬੀ ਕਿਵੇਂ ਦੂਰ ਕਰੇ ਤਾਂ ਜੋ ਅੱਗੇ ਤੋਂ ਉਸ ਦੇ ਬੱਚੇ ਆਪਣੇ ਛੋਟੇ ਛੋਟੇ ਚਾਅ ਪੂਰੇ ਕਰਨ ਤੋਂ ਤਰਸਦੇ ਨਾ ਸੌਣ।
            ਤਾਰਾ ਨੇ ਫੈਕਟਰੀ ਵਿੱਚ ਕੰਮ ਕਰਨ ਦੀ ਸੋਚੀ ਪਰ ਸਾਰਾ ਦਿਨ ਜਵਾਕਾਂ ਤੋਂ ਦੂਰ ਰਹਿ ਕੇ ਵੀ ਨਹੀਂ ਸਰਦਾ ਸੀ। ਉਸ ਨੇ ਆਪਣੇ ਘਰ ਦੇ ਨੇੜੇ ਹੀ ਪਹਿਲਾਂ ਇੱਕ ਦੋ ਘਰਾਂ ਦੇ ਖਾਣਾ ਬਣਾਉਣ ਲੱਗੀ, ਫਿਰ ਹੌਲ਼ੀ ਹੌਲ਼ੀ ਪੰਜ ਛੇ ਘਰਾਂ ਦੇ ਦੋ ਵਕਤ ਦਾ ਖਾਣਾ ਬਣਾਉਣ ਲੱਗੀ। ਹਰੇਕ ਘਰ ਤੋਂ ਢਾਈ ਤਿੰਨ ਹਜ਼ਾਰ ਰੁਪਏ ਮਿਹਨਤਾਨਾ ਲੈਂਦੀ ਹੋਣ ਕਰਕੇ ਉਹ ਮਹੀਨੇ ਦੇ ਪੰਦਰਾਂ ਵੀਹ ਹਜ਼ਾਰ ਰੁਪਏ ਕਮਾਉਣ ਲੱਗੀ ਸੀ ਜਿਸ ਨਾਲ਼ ਉਸ ਦੀ ਆਰਥਿਕ ਮੰਦਹਾਲੀ ਦੂਰ ਹੋ ਗਈ ਸੀ। ਉਹ ਬੱਚਿਆਂ ਦੇ ਨਿੱਕੇ ਨਿੱਕੇ ਚਾਅ ਬਾਲਮ ਨੂੰ ਦੱਸੇ ਬਿਨਾਂ ਹੀ ਪੂਰੇ ਕਰ ਦਿੰਦੀ। ਉਸ ਦੀ ਧੀ ਨੌਵੀਂ ਜਮਾਤ ਵਿੱਚ ਅਤੇ ਮੁੰਡਾ ਦਸਵੀਂ ਜਮਾਤ ਵਿੱਚ ਪੜ੍ਹਦੇ ਸਨ। ਅਗਲੀ ਵਾਰ ਕੁੜੀ ਨੇ ਜਨਮਦਿਨ ਮਨਾਉਣ ਦੀ ਗੱਲ ਆਖੀ ਤਾਂ ਬਾਲਮ ਨੇ ਉਸ ਨੂੰ ਝਿੜਕ ਕੇ ਬਿਠਾ ਦਿੱਤਾ,” ਚੁੱਪ ਕਰਕੇ ਬਹਿ ਜਾ….. ਜਨਮਦਿਨ ਮਨਾਉਣੇ ਅਮੀਰਾਂ ਦੇ ਚੋਚਲੇ ਹੁੰਦੇ ਨੇ….ਸਾਡੇ ਵਰਗੇ ਗਰੀਬਾਂ ਦੇ ਨਹੀਂ….!” ਪਰ ਤਾਰਾ ਨੇ ਕੁੜੀ ਨੂੰ ਇਸ਼ਾਰਾ ਕਰਕੇ ਚੁੱਪ ਰਹਿਣ ਲਈ ਕਿਹਾ। ਜਿਵੇਂ ਹੀ ਬਾਲਮ ਘਰੋਂ ਕੰਮ ਲਈ ਨਿਕਲ਼ ਗਿਆ ਤਾਂ ਉਸ ਨੇ ਬਜ਼ਾਰ ਜਾ ਕੇ ਆਪਣੇ ਬੱਚਿਆਂ ਨੂੰ  ਕੇਕ ਲਿਆ ਕੇ ਦਿੱਤਾ ਤੇ ਆਪਣੀ ਧੀ ਦੀ ਜਨਮ ਦਿਨ ਮਨਾਉਣ ਦੀ ਰੀਝ ਪੂਰੀ ਕੀਤੀ। ਆਪਣੇ ਆਂਢ ਗੁਆਂਢ ਵਿੱਚੋਂ ਬੱਚੇ ਬੁਲਾ ਕੇ ਜਦ ਕੁੜੀ ਨੇ ਆਪਣਾ ਜਨਮਦਿਨ ਮਨਾਇਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਬਾਲਮ ਦੇ ਸਾਹਮਣੇ ਇਹ ਸਭ ਕੁਝ ਤਾਂ ਨਹੀਂ ਕੀਤਾ ਸੀ ਕਿਉਂਕਿ ਉਸ ਨੂੰ ਇਹ ਸਭ ਪਸੰਦ ਨਹੀਂ ਸੀ ,ਉਸ ਨੇ ਖੁਸ਼ ਹੋਣ ਦੀ ਬਜਾਏ ਕਲੇਸ਼ ਕਰ ਦੇਣਾ ਸੀ। ਪਰ ਅੱਜ ਰਾਤ ਜਦ ਉਸ ਦੀ ਧੀ ਮੁਸਕਰਾਉਂਦੀ ਹੋਈ ਸੁੱਤੀ ਸੀ ਤਾਂ ਉਸ ਨੂੰ ਆਪਣਾ ਜੀਵਨ ਸਫਲਾ ਹੋ ਗਿਆ ਲੱਗਦਾ ਸੀ। ਇਸ ਤਰ੍ਹਾਂ ਉਸ ਨੇ ਦੋ ਤਿੰਨ ਸਾਲਾਂ ਵਿੱਚ ਬੈਂਕ ਤੋਂ ਲੋਨ ਲੈ ਕੇ ਛੋਟਾ ਜਿਹਾ ਆਪਣਾ ਘਰ ਖ਼ਰੀਦ ਲਿਆ ਸੀ ਤਾਂ ਉਸ ਨੂੰ ਉਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਲੱਗ ਰਿਹਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦੀ ਮਿਹਨਤ ਨੂੰ ਫ਼ਲ ਲੱਗ ਰਿਹਾ ਸੀ ਤੇ ਉਸ ਨੇ ਪੁਰਾਣੀ ਚੱਲੀ ਆ ਰਹੀ ਕਹਾਵਤ ‘ਦੱਬ ਕੇ ਵਾਹ ਤੇ ਰੱਜ ਕੇ ਖਾਹ ‘ ਨੂੰ ਆਪਣੇ ਹੱਥੀਂ ਪੂਰੇ ਹੁੰਦੇ ਵੇਖਿਆ ਸੀ ਤੇ ਸੋਚ ਰਹੀ ਸੀ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਬੱਦੋਵਾਲ ਵਿਖੇ ਅਧਿਆਪਕਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ-ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ 
Next article ਅਣਖੀਲੇ ਪੰਜਾਬੀਆਂ ਦੀ ਅਣਖ਼ ਨੂੰ ਮਿਟਾਉਣ ਤੇ ਨਸਲਕੁਸ਼ੀ ਕਰਨ ਲਈ ਵੱਡਾ ਹਿੱਸਾ ਪਾ ਰਹੇ ਹਨ ਜ਼ਹਿਰੀਲੇ ਖਾਦ ਪਦਾਰਥ