ਮੋਗਾ/ਬਾਘਾਪੁਰਾਣਾ (ਬੇਅੰਤ ਗਿੱਲ ਭਲੂਰ) ਅਰਵਿੰਦ ਕੇਜਰੀਵਾਲ ਦੇ ਚਾਤਰ ਦਿਮਾਗ ਨੇ ਪਹਿਲਾਂ ਤਾਂ ਪਾਰਟੀ ਦਾ ਨਾਂਅ ਹੀ ਅਜਿਹਾ ਰੱਖਿਆ ਕਿ ਜਿਹੜਾ ਸਿੱਧਾ ਲੋਕਾਂ ਦੇ ਦਿਲਾਂ ‘ਤੇ ਹਾਵੀ ਹੋ ਗਿਆ। ਲੋਕਾਂ ਨੂੰ ਇੰਝ ਲੱਗਾ ਜਿਵੇਂ ਸੱਚ ਮੁੱਚ ਇਹ ਆਦਮੀ ਇਕ ਆਮ ਆਦਮੀ ਹੈ ਅਤੇ ਇਹ ਆਮ ਲੋਕਾਂ ਦੀ ਗੱਲ ਕਰੇਗਾ। ਸਾਡਾ ਪੰਜਾਬ ਵੀ ਦਿੱਲੀ ਵਾਲੇ ਉੱਪਰ ਐਨਾ ਧਿੱਜ ਗਿਆ ਕਿ ਸ਼ੁਰੂ ਵਿੱਚ ਤਾਂ ਇਹ ਜੇਬਾਂ ਭਰ ਭਰ ਪੰਜਾਬੀਆਂ ਦਾ ਪੈਸਾ ਦਿੱਲੀ ਲੈ ਗਏ। ਐਨ ਆਰ ਆਈ ਵੀਰਾਂ ਨੇ ਵੀ ਇਹਨਾਂ ਉਪਰ ਭਰੋਸਾ ਕਰਦਿਆਂ ਇਨ੍ਹਾਂ ਨੂੰ ਵੱਡੇ ਵੱਡੇ ਫੰਡ ਦਿੱਤੇ ਤਾਂ ਜੋ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕੇ। ਪਰ ਆਮ ਆਦਮੀ ਪਾਰਟੀ ਦੇ ਰੂਪ ਵਿਚ ਜੋਕਾਂ ਬਣ ਚਿੰਬੜਿਆ ਇਹ ਗਰੁੱਪ ਪੰਜਾਬ ਦਾ ਲਹੂ ਚੂਸ ਰਿਹਾ ਹੈ। ਮਾਸਟਰ ਦਾ ਮੁੰਡਾ ਜਿਉਂ ਹੀ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਾ ਤਾਂ ਨਿੱਤ ਦਿਨ ਪੰਜਾਬ ਉੱਤੇ ਅੱਤਿਆਚਾਰ ਤੇ ਜ਼ੁਲਮ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਾਡੇ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਟੀਚਰਾਂ ਉੱਤੇ ਲਾਠੀਚਾਰਜ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਲੌਂਗੋਵਾਲ ਵਿਚ ਕਿਸਾਨਾਂ ਦੀ ਖਿੱਚ ਧੂਹ ਕਰਕੇ ਫਿਰ ਆਪਣੀ ਕਰਤੂਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਕਿੱਥੇ ਤਾਂ ਭਗਵੰਤ ਮਾਨ 15 ਅਗਸਤ ਤੋਂ ਪਹਿਲਾਂ ਪਹਿਲਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਰਗੀ ਮਰੀ ਦੇ ਵੀ ਪੈਸੇ ਦੇਣ ਦੀਆਂ ਫੜਾਂ ਮਾਰਦਾ ਸੀ ਤੇ ਉਲਟਾ ਮੁਆਵਜ਼ੇ ਦੇਣ ਦੀ ਥਾਂ ਪੰਜਾਬ ਦੇ ਵਿਹੜਿਆਂ ‘ਚ ਸੱਥਰ ਵਿਛਾ ਰਿਹਾ ਹੈ। ਪੰਜਾਬ ਇਸ ਜ਼ਬਰ ਜ਼ੁਲਮ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ ਕਿ ਇਕ ਪਾਸੇ ਪੰਜਾਬ ਨੂੰ ਹੜ੍ਹਾਂ ਦੇ ਪਾਣੀਆਂ ਨਾਲ ਮਾਰਿਆ ਜਾ ਰਿਹਾ, ਇਕ ਪਾਸੇ ਪੰਜਾਬ ਨੂੰ ਨਸ਼ਿਆਂ ਦੇ ਹੜ੍ਹਾਂ ਨਾਲ ਖਤਮ ਕੀਤਾ ਜਾ ਰਿਹਾ ਅਤੇ ਉੱਪਰੋਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਕਿਸਾਨਾਂ ਨੂੰ ਗੱਡੀਆਂ ਥੱਲੇ ਦਰੜ ਕੇ ਮਾਰ ਰਹੀ ਹੈ। ਉਸ ਮੁੱਖ ਮੰਤਰੀ ਨੂੰ ਫਾਹੇ ਲੈ ਕੇ ਮਰੇ ਕਿਸਾਨਾਂ ਦੀ ਕਾਹਦੀ ਪੀੜ ਹੋਵੇਗੀ, ਜਿਹੜਾ ਅੱਜ ਆਪਣੀ ਪੁਲਿਸ ਨੂੰ ਖੁੱਲ੍ਹ ਦੇ ਕੇ ਖੁਦ ਕਿਸਾਨਾਂ ਨੂੰ ਮੌਤਾਂ ਵੰਡ ਰਿਹਾ ਹੈ। ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਵੱਲੋਂ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਨੂੰ ਇਕ ਸਰਕਾਰੀ ਕਤਲ ਦਾ ਨਾਂਅ ਦਿੰਦਿਆਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ। ਪ੍ਰਧਾਨ ਮਾਣੂੰਕੇ ਨੇ ਕਿਹਾ ਕਿ ਜਿੱਥੇ ਕਿਸਾਨਾਂ ਦੀਆਂ ਪਹਿਲੀਆਂ ਮੰਗਾਂ ਨੂੰ ਸਰਕਾਰ ਨੇ ਪੂਰੀਆਂ ਕਰਨਾ ਹੈ , ਉੱਥੇ ਹੀ ਸਰਕਾਰ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰ ਲਈ ਨੌਕਰੀ ਅਤੇ ਮੁਆਵਜ਼ਾ ਵੀ ਜਲਦ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਲੋਕ ਬਾਦਲਾਂ ਕੈਪਟਨਾਂ ਨੂੰ ਵਾਹਣੀਂ ਪਾ ਸਕਦੇ ਹਨ, ਭੁੰਜੇ ਲਾਹ ਸਕਦੇ ਹਨ ਤਾਂ ਭਗਵੰਤ ਮਾਨਾਂ ਤੂੰ ਕੋਈ ਰੱਬ ਨਹੀਂ ਬਣ ਗਿਆ, ਤੈਨੂੰ ਵੀ ਲੋਕ ਅਰਸ਼ ਤੋਂ ਫਰਸ਼ ‘ਤੇ ਲੈ ਆਉਣਗੇ। ਇਸ ਲਈ ਆਮ ਆਦਮੀ ਪਾਰਟੀ ਨੂੰ ਸਮਾਂ ਰਹਿੰਦੇ ਹੀ ਆਪਣੇ ਕੀਤੇ ਦਾ ਪਛਤਾਵਾ ਕਰਕੇ ਪੰਜਾਬ ਦੀਆਂ ਸਮੱਸਿਆਂਵਾਂ ਵੱਲ ਜਲਦ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਇਹ ਵੀ ਕਿਹਾ ਕਿ ਝੂਠ ਦਾ ਰੌਲ਼ਾ ਰੱਪਾ ਪਾਉਣ ਤੇ ਜ਼ਬਰ ਜ਼ੁਲਮ ਕਰਨ ਨਾਲ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly