(ਸਮਾਜ ਵੀਕਲੀ)
ਇਹ ਵੀ ਕੋਈ,
ਕਵਿਤਾ ਨਾਲ ਗੱਲ
ਕਰਨ ਦੀ ਉਮਰ ਐ !
ਪਹਿਲਾ ਪਹਿਰ,
ਕਿੰਨਾ ਵਧੀਆ ਸੀ,
ਕੋਠੇ ‘ਤੇ ਬੈਠਿਆਂ,
ਰਾਤ ਨੂੰ,
ਚੰਦ, ਤਾਰਿਆਂ ਨਾਲ ,
ਗੱਲਾਂ ਕਰਨੀਆਂ,
ਕਿੰਨੀਆਂ ਚੰਗੀਆਂ,
ਲਗਦੀਆਂ ਸੀ ।
ਕਾਲੀਆਂ, ਬੋਲ਼ੀਆਂ ਰਾਤਾਂ,
ਕਵਿਤਾ ਦੀਆਂ,
ਮੱਥੇ ਦੀਆਂ ਲਟਾਂ ਬਣ ਕੇ,
ਆਉਦੀਆਂ ਸੀ।
ਇਹ ਵੀ ਕੋਈ ,
ਕਵਿਤਾ ਨਾਲ,
ਗੱਲ ਕਰਨ ਦੀ ਉਮਰ ਐ ?
ਦੂਜੇ ਪਹਿਰ,
ਕਵਿਤਾ ਮੇਰੇ ਨਾਲ,
ਅੰਗੜਾਈ ਲੈਂਦੀ ਸੀ,
ਮਖਮਲੀ ਗੱਦਿਆਂ ‘ਚ।
ਸੁਪਨਿਆਂ ਦੀ ਕਵਿਤਾ,
ਜ਼ਿੰਦਗੀ ਦੀਆਂ,
ਤਲਖ਼ ਹਕੀਕਤਾਂ ‘ਚ,
ਨਸ਼ਰ ਹੋਈ ਸੀ।
ਬਾਜ਼ਾਰਾਂ ਦੇ ਭਾਅ,
ਜੋ ਪਹਿਲੇ ਪਹਿਰ,
ਕੋਹਾਂ ਦੂਰ ਸੀ,
ਅੱਜ ਮੇਰੇ ਦਰ ‘ਤੇ ਆ ਕੇ,
ਦਸਤਕ ਦੇ ਰਹੇ ਸੀ ।
ਇਹ ਵੀ ਕੋਈ ਕਵਿਤਾ ਨਾਲ,
ਗੱਲ ਕਰਨ ਦੀ ਉਮਰ ਐ ?
ਤੀਜੇ ਪਹਿਰ,
ਕਵਿਤਾ ਨਾਲ,
ਨਗ਼ਮਾ ਤੇ ਨਜ਼ਮ ਸੀ,
ਤਾਲੋਂ ਬੇ-ਤਾਲ,
ਬੇ-ਸੁਰੇ ਹੋ ਗਏ ਸੀ,
ਕਵਿਤਾ ਦੀਆਂ,
ਬਹਿਰਾਂ ਦੇ ਲਘੂ-ਗੁਰੂ।
ਅੜ ਗਏ ਸੀ,
ਵਿਚਾਰ ਰੂਪੀ ਕਲਮ ‘ਚ,
ਨਗ਼ਮਾ ਤੇ ਨਜ਼ਮ,
ਪੂਰੀਆਂ ਨਹੀਂ ਸੀ ਹੁੰਦੀਆਂ,
ਕਵਿਤਾ ਦੀਆਂ ਮਾਤਰਾਵਾਂ।
ਕਿੰਨਾ ਔਖੈ ਤੀਜਾ ਪਹਿਰ !
ਇਹ ਵੀ ਕੋਈ ਕਵਿਤਾ ਨਾਲ,
ਗੱਲ ਕਰਨ ਦੀ ਉਮਰ ਐ ?
ਚੌਥਾ ਪਹਿਰ,
ਕਮਰੇ ‘ਚੋਂ ਨਿਕਲ,
ਡਿਉਢੀ ਆ ਗਿਆ ਸੀ,
ਸ਼ਬਦਾਂ ਦਾ ਭੰਡਾਰ,
ਖੰਗਾਰ ਬਣ ਕੇ,
ਸਿਰਹਾਣੇ ਪਏ ,
ਰਾਖ ਵਾਲੇ ਬੱਠਲ ‘ਚ,
ਆਉਣ ਤੋਂ ਗੁਰੇਜ਼ ਕਰ ਰਿਹਾ ਸੀ।
ਕਿੰਨੀ ਲਮਕ ਗਈ ਸੀ
ਕਵਿਤਾ ,
ਬਿਨ ਸਿਰ ਮੂੰਹ ਦੀ ਕਵਿਤਾ।
ਝੁਰੜੀਆਂ ਵਾਲੀ,
ਚੌਥੇ ਪਹਿਰ ਦੀ ਕਵਿਤਾ।
ਗੱਲ ਕਰਨ ਹੀ ਲੱਗਾ ਸਾਂ,
ਕੰਨੀਂ ਬੋਲ ਪਏ,
ਬਾਬਾ !
ਇਹ ਵੀ ਕੋਈ,
ਕਵਿਤਾ ਨਾਲ ,
ਗੱਲ ਕਰਨ ਦੀ ,
ਉਮਰ ਐ –!
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly