(ਸਮਾਜ ਵੀਕਲੀ)
ਓਏ! ਤੂੰ ਜਾਦੂਗਰ ਆ?
ਤੈਨੂੰ ਭਲਾ ਕਿਵੇਂ ਪਤਾ ਲੱਗਦਾ
ਮੈਂ ਅੱਜ ਉਦਾਸ ਹਾਂ
ਜਾਂ ਮੈਂ ਅੱਜ ਖੁਸ਼ ਹਾਂ….
ਸੱਚੀਓਂ ਤੈਨੂੰ ਪਤਾ ਵੀ ਹੁੰਦਾ ||
ਦੱਸ ਕੌਣ ਫੂਕ ਮਾਰ ਜਾਂਦਾ ਤੇਰੇ ਕੰਨ ਵਿੱਚ ਮੇਰੇ ਅੰਦਰਲੇ ਹਾਲ ਦੀ |…… “ਇਹ ਉਸਦਾ ਸਵਾਲ ਸੀ” |
“ਮੈਂ ਉਸਨੂੰ ਦੱਸਿਆ”..
ਕਦੇ ਕਦੇ ਆਹ ਹਵਾਵਾਂ ਵੀ ਤੇਰਾ ਸੁਨੇਹਾ ਦੇ ਜਾਂਦੀਆਂ, ਜਦੋਂ ਤੇਰੇ ਹੋਂਠਾ ਤੇ ਹਾਸੇ ਹੋਣ ਤਾਂ ਮੈਨੂੰ ਹਾੜ ਦੀਆ ਧੁੱਪਾਂ ਵੀ ਠੰਢੀਆ ਲੱਗਦੀਆਂ,ਮੈਨੂੰ ਮੇਰੇ ਗ਼ਮਲੇ ‘ਚ ਲੱਗੇ ਫੁੱਲ ਵੀ ਮਸਤੀ ਕਰਦੇ ਲੱਗਦੇ |ਤੇਰੀ ਆਵਾਜ਼ ਮੇਰੇ ਕੰਨਾਂ ਵਿੱਚ ਕੋਈ ਮੁਹੱਬਤੀ ਸੁਰ ਗੁਣਗੁਣਾਉਂਦੀ| ਮੈਂ ਇਕੱਲਾ ਬੈਠਾ ਵੀ ਤੇਰੇ ਨਾਲ ਗੱਲਾਂ ਕਰਦਾ ਰਹਿੰਦਾ ਜਿਵੇਂ ਮੇਰੇ ਉੱਤੇ ਕਿਸੇ ਉਪਰੀ ਸ਼ੈਅ ਦਾ ਪਹਿਰਾ ਹੋ ਗਿਆ ਹੋਵੇ |
ਤੇਰੀ ਉਦਾਸੀ ਦੀ ਖ਼ਬਰ ਤੇ ਤੇਰੀ ਅੱਖ ਦੇ ਪਾਣੀ ਦਾ ਚੂਲਾ ਲੈ ਕੇ ਜਦੋਂ ਹਵਾ ਮੈਨੂੰ ਆਣ ਖਹਿੰਦੀ, ਤਾਂ ਮੇਰੀਆਂ ਅੱਖਾਂ ਵਿੱਚ ਵੀ ਨਮੀ ਆ ਜਾਂਦੀ,ਹਵਾ ਦੀ ਸਿੱਲ ਮੇਰੀਆਂ ਵੀ ਅੱਖਾਂ ਦੇ ਬੂਹੇ ਆਣ ਖੜਕਾਉਂਦੀ,ਮੇਰੀ ਧੜਕਣ ਵੀ ਰਫਤਾਰ ਫੜ ਲੈਂਦੀ, ਮੈਨੂੰ ਵੀ ਉਦੋਂ ਸਭ ਕੁਝ ਚੰਗਾ ਚੰਗਾ ਲੱਗਣੋ ਹਟ ਜਾਂਦਾ|ਮੇਰੇ ਚਿਹਰੇ ਦੇ ਹਾਵ-ਭਾਵ ਨਿਢਾਲ ਹੋ ਜਾਂਦੇ |ਮੇਰਾ ਉਦੋਂ ਦਿਲ ਕਰਦਾ ਤੇਰੇ ਕੋਲ ਉੱਡ ਕੇ ਚਲਾ ਜਾਵਾਂ , ਪਰ…. ਪਰ… ਪਰ ਤੇਰੀ ਇੱਜਤ ਮੇਰੇ ਲਈ ਮੁਹੱਬਤ ਤੋਂ ਵੀ ਕਿਤੇ ਵੱਧ ਹੈ, ਐਸਾ ਕੋਈ ਵੀ ਕਦਮ ਤੇਰੇ ਵਲ ਕਦੇ ਨਹੀਂ ਵਧਾਂਗਾ, ਜਿਸ ਕਰਕੇ ਤੈਨੂੰ ਦੁਨੀਆ ਦੇ ਸਵਾਲਾਂ ਦਾ ਜਵਾਬ ਦੇਣਾ ਪਵੇ, ਤੈਨੂੰ ਆਪਣਿਆਂ ਅੱਗੇ ਨੀਵੀਂ ਪਾਉਣੀ ਪਵੇ |
|ਮੈਨੂੰ ਮੇਰੀ ਖਾਮੋਸ਼ ਮੁਹੱਬਤ ਹੀ ਮੁਬਾਰਕ!ਪਰ ਤੇਰੀ ਇੱਜਤ ਤੇ ਲੱਗਿਆ ਧੱਬਾ ਮੈਨੂੰ ਕਦਾਚਿੱਤ ਮਨਜੂਰ ਨਹੀਂ |ਏਸੇ ਕਰਕੇ ਹੀ ਮੈਂ ਤੈਨੂੰ ਉਸੇ ਹਵਾ ਦੇ ਹੱਥ ਮੋੜਵਾ ਸੁਨੇਹਾ ਭੇਜ ਦਿੰਦਾ ਹਾਂ ਕਿ……
ਤੂੰ ਚਿੰਤਾ ਨਾ ਕਰ…. ‘ਮੈਂ ਹੈਗਾ ਹਣਾ ਤੇਰੇ ਨਾਲ’||
ਹਾਂ ਹਾਂ ਇਹ ਸੱਚ ਆ…..ਮੇਰੀ ਉਦਾਸੀ ਥੋੜ ਚਿਰੀ ਹੁੰਦੀ, ਫਿਰ ਮੈਂ ਉਦਾਸੀ ਵਲੋਂ ਪਾਸਾ ਵੱਟ ਕੇ ਆਪਣੇ ਕੰਮ ਧੰਧੀ ਲੱਗ ਜਾਨੀ…”ਉਸਨੇ ਆਖਿਆ”
ਪਰ, ਕੀ ਇਹ ਸੱਚ ਹੈ? ਫਿਰ ਮੈਨੂੰ ਮਹਿਸੂਸ ਕਿਉਂ ਨਹੀਂ ਹੁੰਦਾ ਕਿ ਮੇਰੀ ਉਦਾਸੀ ਤੂੰ ਦੂਰ ਕਰੀ ||……..”ਇਹ ਉਸਦਾ ਅਗਲਾ ਸਵਾਲ ਸੀ”
“ਮੈਂ ਉਸਨੂੰ ਫਿਰ ਉਸਦੇ ਸਵਾਲ ਦਾ ਜਵਾਬ ਦਿੱਤਾ” |
ਹਾਂ ਇਹ ਸੱਚ ਹੈ! ਤੈਨੂੰ ਵੀ ਮਹਿਸੂਸ ਹੋਵੇਗਾ ਇੱਕ ਦਿਨ, ਜਦੋਂ ਤੇਰਾ ਅੰਦਰ ਮੇਰੇ ਚਾਅ ਨਾਲ ਨੱਚਣ ਲੱਗ ਪਿਆ |ਜਦੋਂ ਮੁਹੱਬਤ ਦੀ ਖੁਮਾਰੀ ਤੇਰੇ ਅੰਦਰ ਘਰ ਕਰ ਗਈ |ਜਦੋਂ ਤੇਰੇ ਅੰਦਰ ਤੂੰ ਮੈਨੂੰ ਮਹਿਸੂਸ ਕਰੇਂਗੀ, ਜਦੋਂ ਤੇਰੇ ਖਿਆਲਾਂ ਵਿੱਚ ਮੈਨੂੰ ਪੀ.ਆਰ ਮਿਲ ਗਈ |ਅਜੇ ਏਸ ਲਈ ਹੋਰ ਸਫ਼ਰ ਤਹਿ ਕਰਨਾਂ ਪਵੇਗਾ ਤੈਨੂੰ,ਫਿਰ ਤੂੰ ਵੀ ਦੂਰ ਬੈਠੀ ਮੇਰੀ ਉਦਾਸੀ ਮਹਿਸੂਸ ਕਰਕੇ ਮੇਰਾ ਹੌਂਸਲਾ ਬਣੇਗੀ ਤੇ ਹਵਾਵਾਂ ਹੱਥ ਰੁੱਕੇ ਭੇਜਿਆ ਕਰੇਗੀ ਮੈਨੂੰ…..
ਕਿ ਫ਼ਿਕਰ ਨਾ ਕਰ……’ਮੈਂ ਹੈਗੀ ਹਣਾ ਤੇਰੇ ਨਾਲ’ ||
ਹੈਪੀ ਸ਼ਾਹਕੋਟੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly