ਏਹੁ ਹਮਾਰਾ ਜੀਵਣਾ ਹੈ -350

ਬਰਜਿੰਦਰ ਕੌਰ ਬਿਸਰਾਓ...

(ਸਮਾਜ ਵੀਕਲੀ)-ਪਾਕਿਸਤਾਨ ਤੋਂ ਆਪਣੇ ਪਿਆਰ ਲਈ ਭਾਰਤ ਆਈ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਤੇ ਉਸ ਦੇ ਪ੍ਰੇਮੀ ਸਚਿਨ ਦੋਵਾਂ ਦੀਆਂ ਰੋਮਾਂਟਿਕ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ। ਸੀਮਾ ਹੈਦਰ ਦੀ ਲੋਕਪ੍ਰਿਅਤਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫਾਲੋਅਰਜ਼ ਤੇਜ਼ੀ ਨਾਲ ਵੱਧ ਰਹੇ ਹਨ। ਸੀਮਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਚਿਨ ਨਾਲ ਬਣਾਈਆਂ ਰੋਮਾਂਟਿਕ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਇਹ ਘਟਨਾ ਜ਼ੋਰਾਂ ਸ਼ੋਰਾਂ ਤੇ ਸੋਸ਼ਲ ਮੀਡੀਆ ਉੱਤੇ ਮਨੋਰੰਜਨ ਦੇ ਸਾਧਨ ਵਜੋਂ ਹਜੇ ਖ਼ੂਬ ਚਰਚਾ ਵਿੱਚ ਹੀ ਸੀ ਕਿ ਇੱਕ ਹੋਰ ਨੇ ਚੰਨ ਚਾੜ੍ਹ ਦਿੱਤਾ। ਉਸ ਤੋਂ ਬਾਅਦ ਵਿਆਹੁਤਾ ਭਾਰਤੀ ਔਰਤ ਅੰਜੂ ਨੇ ਪਾਕਿਸਤਾਨ ਵਿੱਚ ਫੇਸਬੁੱਕ ਦੋਸਤ ਨਾਲ ਵਿਆਹ ਕਰਵਾਇਆ। ਇਹ ਮਾਮਲਾ ਸੀਮਾ ਹੈਦਰ ਤੋਂ ਵੀ ਦਿਲਚਸਪ ਹੈ।ਰਾਜਸਥਾਨ ਦੇ ਭਿਵਾੜੀ ‘ਚ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਅੰਜੂ ਫੇਸਬੁੱਕ ‘ਤੇ ਆਪਣੇ ਪ੍ਰੇਮੀ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਪਹੁੰਚ ਗਈ ਅਤੇ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਉਸ ਨੇ ਆਪਣਾ ਨਾਂ ਫਾਤਿਮਾ ਰੱਖਿਆ ਹੈ।ਉਸ ਤੋਂ ਬਾਅਦ ਨਸਰੁੱਲਾ ਅਤੇ ਅੰਜੂ ਦੋਵੇਂ ਸਖ਼ਤ ਸੁਰੱਖਿਆ ਵਿਚਕਾਰ ਸੈਰ ਲਈ ਨਿਕਲੇ ਸਨ। ਉਹਨਾਂ ਦੀਆਂ ਘੁੰਮਦਿਆਂ ਫਿਰਦਿਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਹਰ ਤਰ੍ਹਾਂ ਦੇ ਮੀਡੀਆ ਵਿੱਚ ਖ਼ੂਬ ਘੁੰਮਣ ਲੱਗੀਆਂ। ਏਧਰ ਕਦੇ ਉਸ ਦੇ ਪਤੀ ,ਕਦੇ ਭਰਾ  ਤੇ ਕਦੇ ਪਿਉ ਕੋਲ਼ ਮੀਡੀਆ ਦਾ ਮਾਈਕ ਫੜਕੇ ਪਹੁੰਚਣਾ ਤੇ ਉਹਨਾਂ ਦੇ ਬਿਆਨਾਂ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨਾ। ਦੁਨੀਆਂ ਲਈ ਇਹ ਸਭ ਨਿਰਾ ਇੱਕ ਤਮਾਸ਼ਾ ਹੈ ਤੇ ਮਨੋਰੰਜਨ ਦਾ ਸਸਤਾ ਸਾਧਨ ਹੈ। ਸੋਸ਼ਲ ਮੀਡੀਆ ਤੇ ਜ਼ੋਰਾਂ ਸ਼ੋਰਾਂ ਨਾਲ ਮਸਾਲੇ ਲਾ ਲਾ ਕੇ ਪੇਸ਼ ਕਰਨਾ ਤੇ ਉਸ ਥੱਲੇ ਪਬਲਿਕ ਵੱਲੋਂ ਗੰਦੇ ਮੰਦੇ ਕੁਮੈਂਟਾਂ ਰਾਹੀਂ ਭੜਾਸ ਕੱਢਣਾ ਆਮ ਜਿਹੀ ਗੱਲ ਹੋ ਗਈ ਹੈ। ਹੌਲ਼ੀ ਹੌਲ਼ੀ ਇੱਕ ਦੋ ਮਹੀਨੇ ਬਾਅਦ ਕੋਈ ਹੋਰ ਔਰਤ ਕਿਸੇ ਦੇ ਪਿਆਰ ਵਿੱਚ ਅੰਨੀ ਹੋਈ ਆਏਗੀ ਫਿਰ ਉਸ ਦੀਆਂ ਚਰਚਾਵਾਂ ਛਿੜ ਜਾਣਗੀਆਂ। ਇਸ ਤੋਂ ਪਹਿਲਾਂ ਅਪ੍ਰੈਲ 2018 ਵਿੱਚ ਸਿੱਖ ਜਥੇ ਨਾਲ ਪਾਕਿਸਤਾਨ ਵਿੱਚ ਜਾ ਕੇ ਕਿਰਨ ਬਾਲਾ ਆਪਣੇ ਪਾਕਿਸਤਾਨੀ ਪ੍ਰੇਮੀ ਮੁਹੰਮਦ ਆਜ਼ਮ ਕੋਲ਼ ਭੱਜ ਗਈ ਤੇ ਇਸਲਾਮ ਧਰਮ ਕਬੂਲ ਕਰ ਕੇ ਕਿਰਨ ਤੋਂ ਅਮੀਨਾ ਬਣ ਗਈ। ਉਸ ਦੀ ਇਸ ਕਰਤੂਤ ਨੇ ਵੀ ਇੱਕ ਦੋ ਮਹੀਨੇ ਦੁਨੀਆਂ ਭਰ ਦੇ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ ਸੀ। ਪਰ ਅੱਜ ਉਹ ਕਿਸ ਹਾਲ ਵਿੱਚ ਜ਼ਿੰਦਗੀ ਬਸਰ ਕਰ ਰਹੀ ਹੈ, ਜਿਹੜੇ ਪਿਓ ਬਾਹਰੇ ਬੱਚਿਆਂ ਨੂੰ ਉਹ ਛੱਡ ਕੇ ਭੱਜ ਗਈ ਸੀ ਉਹ ਕਿਹਨਾਂ ਹਾਲਾਤਾਂ ਵਿੱਚ ਪਲ਼ ਰਹੇ ਹਨ,ਇਸ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਆਮ ਜਨਤਾ ਵੀ ਸਿਨੇਮਾ ਘਰਾਂ ਵਿਚਲੀ ਦੋ ਤਿੰਨ ਘੰਟੇ ਦੀ ਫ਼ਿਲਮ ਦੇਖਣ ਤੋਂ ਬਾਅਦ ਜਿਵੇਂ ਅਗਲੀ ਫਿਲਮ ਦੇਖਣ ਲਈ ਤਿਆਰ ਹੋ ਜਾਂਦੇ ਹਨ ਬਿਲਕੁਲ ਉਸੇ ਤਰ੍ਹਾਂ ਹੀ ਇਹ ਖ਼ਬਰਾਂ ਉਹਨਾਂ ਲਈ ਫ਼ਿਲਮਾਂ ਵਾਂਗ ਹੀ ਹਨ।

ਚਾਹੇ ਪੱਛਮੀ ਦੇਸ਼ਾਂ ਤੋਂ ਅੰਗਰੇਜ਼ ਔਰਤਾਂ ਵੱਲੋਂ ਭਾਰਤ ਵਿੱਚ ਆ ਕੇ ਆਪਣੇ ਪ੍ਰੇਮੀਆਂ ਨਾਲ ਵਿਆਹ ਕਰਵਾਉਣ ਦੀਆਂ ਅਨੇਕਾਂ ਘਟਨਾਵਾਂ ਸਮੇਂ ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਉਹ ਵੀ ਨਿਰੇ ਬੇ ਮੇਲ ਜੋੜ ਹੀ ਹੁੰਦੇ ਹਨ ਜਿਵੇਂ ਪੰਜਾਹ ਸੱਠ ਸਾਲ ਦੀ ਔਰਤ ਦਾ ਵੀਹ ਬਾਈ ਸਾਲ ਦੇ ਨੌਜਵਾਨ ਨਾਲ਼ ਵਿਆਹ ਕਰਵਾਉਣਾ ਜਾਂ ਹੋਰ ਵੀ ਕਈ ਪੱਖਾਂ ਤੋਂ ਜੋੜੀਆਂ ਦਾ ਕੋਈ ਆਪਸੀ ਮੇਲ ਨਹੀਂ ਹੁੰਦਾ। ਇਸ ਦਾ ਮੁੱਖ ਕਾਰਨ ਕਿਸੇ ਵੀ ਤਰੀਕੇ ਨਾਲ  ਬਹੁਤਾ ਕਰਕੇ ਨੌਜਵਾਨਾਂ ਦਾ ਮਕਸਦ ਵਿਦੇਸ਼ਾਂ ਵਿੱਚ ਜਾ ਕੇ ਸੈੱਟ ਹੋਣਾ ਹੀ ਹੁੰਦਾ ਹੈ। ਇਹੋ ਜਿਹੇ ਵਿਆਹ ਵੀ ਮੀਡੀਆ ਵਿੱਚ ਬਹੁ ਚਰਚਿਤ ਰਹਿ ਕੇ ਲੋਕਾਂ ਦਾ ਖ਼ੂਬ ਮਨੋਰੰਜਨ ਕਰਦੇ ਹਨ।

ਗੱਲ ਮੁੱਖ ਮੁੱਦੇ ਦੀ ਕਰੀਏ ਕਿ ਕਿਰਨ ਬਾਲਾ ਉਰਫ਼ ਅਮੀਨਾ ਜਾਂ ਅੰਜੂ ਉਰਫ਼ ਫਾਤਿਮਾ ਨਾਲੋਂ ਸੀਮਾ ਹੈਦਰ ਨੇ ਸਮਝਦਾਰੀ ਵਰਤਦਿਆਂ ਆਪਣੀ ਮਮਤਾ ਨੂੰ ਕਲੰਕਿਤ ਨਹੀਂ ਕੀਤਾ ਤੇ ਉਸ ਨੂੰ ਕਾਇਮ ਰੱਖਿਆ । ਉਹ ਆਪਣੇ ਚਾਰ ਬੱਚਿਆਂ ਨੂੰ ਨਾਲ਼ ਲੈ ਤੁਰੀ। ਅਮੀਨਾ ਨੇ ਆਪਣੇ ਤਿੰਨ ਬੱਚਿਆਂ ਤੇ ਫਾਤਮਾ ਨੇ ਆਪਣੇ ਦੋ ਬੱਚਿਆਂ ਨੂੰ ਜਨਮ ਦੇ ਕੇ ਉਹਨਾਂ ਪ੍ਰਤੀ ਆਪਣੀ ਮਮਤਾ ਦਾ ਰੱਜ ਕੇ ਘਾਣ ਕੀਤਾ ਹੈ।  ਉਹਨਾਂ ਨੂੰ ਸਾਰੀ ਉਮਰ ਲਈ ਲੋਕਾਂ ਲਈ ਮਜ਼ਾਕ ਦੇ ਪਾਤਰ ਬਣ ਕੇ ਜਾਂ ਦੁਨੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਨਮੋਸ਼ੀ ਭਰਿਆ ਜੀਵਨ ਬਤੀਤ ਕਰਨ ਲਈ ਛੱਡ ਗਈਆਂ।ਜਿਹੜੀ ਉਮਰ ਵਿੱਚ ਬੱਚਿਆਂ ਨੂੰ ਆਪਣੀ ਮਾਂ ਦੀ ਇੱਕ ਦੋਸਤ ਜਾਂ ਗਾਈਡ ਜਾਂ ਪ੍ਰੇਰਨਾ ਸਰੋਤ ਵਜੋਂ ਨਾਲ ਖੜ੍ਹਨ ਦੀ ਬੇਹੱਦ ਲੋੜ ਹੁੰਦੀ ਹੈ ਉਸ ਉਮਰ ਵਿੱਚ ਉਹਨਾਂ ਦੀ ਮਾਂ ਵੱਲੋਂ ਪੂਰੀ ਦੁਨੀਆਂ ਭਰ ਵਿੱਚ ਇੱਕ ਚਰਿੱਤਰਹੀਣ ਪਾਤਰ ਵਜੋਂ ਉਭਰ ਕੇ ਸਾਹਮਣੇ ਆਉਣਾ….ਇਹ ਤਾਂ ਉਹਨਾਂ ਦੇ ਬੱਚਿਆਂ ਨੂੰ ਹੀ ਪਤਾ ਹੋਵੇਗਾ ਜਿਹਨਾਂ ਉੱਪਰ ਇਹ ਬੀਤ ਰਿਹਾ ਹੋਵੇਗਾ।

ਦੂਜੀ ਗੱਲ ਇਸ ਮਸਲੇ ਤੇ ਚਰਚਾ ਯੋਗ ਇਹ ਹੈ ਕਿ ਜਦੋਂ ਤੋਂ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਜਾਂ ਨਵੀਆਂ ਨਵੀਆਂ ਗੇਮਾਂ ਦੀਆਂ ਐਪਾਂ ਜਿਹਨਾਂ ਰਾਹੀਂ ਖੇਡ ਖੇਡਦੇ ਖੇਡਦੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨਾਲ਼ ਗੱਲਬਾਤ ਕਰਦਿਆਂ ਪ੍ਰੇਮ ਜਾਲ਼ ਵਿੱਚ ਫਸ ਜਾਣਾ ਤੇ ਫਿਰ ਇਸ ਵਿੱਚੋਂ ਨਿਕਲਣ ਦੀ ਬਜਾਏ ਇਹੋ ਜਿਹੇ ਅਨੈਤਿਕਤਾ ਵਾਲ਼ੇ ਕਦਮ ਉਠਾਉਣੇ। ਇਸ ਤੋਂ ਵੀ ਦੁਖਦਾਈ ਇਹਨਾਂ ਸਰੋਤਾਂ ਰਾਹੀਂ ਇਹਨਾਂ ਦੇ ਕਾਰਨਾਮਿਆਂ ਨੂੰ ਸੋਸ਼ਲ ਮੀਡੀਆ ਤੇ ਐਨਾ ਵਾਇਰਲ ਕਰਨਾ ਕਿ ਇਹਨਾਂ ਤੋਂ ਪ੍ਰੇਰਨਾਂ ਲੈ ਕੇ ਫਿਰ ਕਿਸੇ ਹੋਰ ਦੁਆਰਾ ਇਹੋ ਜਿਹੇ ਕਦਮ ਉਠਾ ਲੈਣਾ , ਬਹੁਤ ਹੀ ਦੁਖਦਾਈ ਹੈ। ਜਿਵੇਂ ਅੱਜ ਕੱਲ੍ਹ ਇਸ ਗੱਲ ਦੀ ਖ਼ੂਬ ਚਰਚਾ ਹੈ ਕਿ ਸੀਮਾ ਹੈਦਰ ਦੇ ਸੋਸ਼ਲ ਮੀਡੀਆ ਤੇ ਫੌਲੋਅਰ ਬਹੁ ਗਿਣਤੀ ਵਿੱਚ ਤੇਜ਼ੀ ਨਾਲ ਵਧ ਰਹੇ ਹਨ, ਇੱਥੋਂ ਤੱਕ ਕਿ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਆਫਰ ਆਉਣ ਦੀਆਂ ਖਬਰਾਂ ਫੈਲ ਰਹੀਆਂ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਨੌਜਵਾਨਾਂ ਅੰਦਰ ਗ਼ਲਤ ਕੰਮ ਕਰਨ ਦੇ ਹੌਸਲੇ ਵਧਦੇ ਹਨ ਜਿਸ ਕਰਕੇ ਸੋਸ਼ਲ ਮੀਡੀਆ ਇਸ ਤਰ੍ਹਾਂ ਦੇ ਪ੍ਰੇਮ ਪ੍ਰਸੰਗਾਂ ਨੂੰ ਜਨਮ ਦੇ ਕੇ ਜਿੱਥੇ ਘਰਾਂ ਦੇ ਘਰ ਉਜਾੜ ਰਿਹਾ ਹੈ ਉੱਥੇ ਕਿੰਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਿਛੋੜ ਕੇ ਉਹਨਾਂ ਦਾ ਭਵਿੱਖ ਧੁੰਦਲਾ ਕਰ ਰਿਹਾ ਹੈ । ਇਸ ਵਿਸ਼ੇ ਉੱਤੇ ਧਿਆਨ ਦੇਣ ਦੀ ਖ਼ਾਸ ਲੋੜ ਹੈ ਜਿਵੇਂ ਹਰ ਪਰਿਵਾਰ ਵੱਲੋਂ ਪਰਿਵਾਰਿਕ ਮੈਂਬਰਾਂ ਉੱਪਰ ਸੋਸ਼ਲ ਮੀਡੀਆ ਦੀ ਵਰਤੋਂ ਸਿਰਫ਼ ਜਰੂਰਤ ਅਨੁਸਾਰ ਪਾਰਦਰਸ਼ੀ ਢੰਗ ਨਾਲ ਕਰਨ ਲਈ ਆਖਿਆ ਜਾਵੇ ਤਾਂ ਜੋ ਵਸੇ ਵਸਾਏ ਘਰਾਂ ਨੂੰ ਉਜੜਨ ਤੋਂ ਬਚਾਇਆ ਜਾ ਸਕੇ ਕਿਉਂਕਿ ਅਸਲ ਵਿੱਚ ਇਹੀ ਸਾਡਾ ਸਭਿਆਚਾਰ ਹੈ ਤੇ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…

99889-01324

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਜੀਵਨ ਸਚਾਈਆਂ’ ਗੀਤ ਸੰਗ੍ਰਹਿ ਲੋਕ ਅਰਪਣ ਕੀਤਾ ਜਾਵੇਗਾ
Next articleਕੀ ਮਰਦ ਔਰਤ ਨਾਲੋਂ ਤਾਕਤਵਰ ਹੁੰਦਾ????