ਏਹੁ ਹਮਾਰਾ ਜੀਵਣਾ ਹੈ -337 

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-ਸ਼ਾਮ ਦੇ ਅੱਠ ਕੁ ਵਜੇ ਹਰੀ ਸਿੰਘ ਦੇ ਕੰਨੀਂ ਲੜਾਈ ਦੀਆਂ ਅਵਾਜ਼ਾਂ ਪਈਆਂ ਤਾਂ ਉਹ ਬਾਹਰ ਨਿਕਲਿਆ। ਮੁਹੱਲੇ ਵਿੱਚ ਲੜਾਈ ਹੋ ਰਹੀ ਸੀ। ਅਵਾਜ਼ ਗਲ਼ੀ ਦੇ ਬਾਹਰ ਨਿਕਲਦੇ ਹੀ ਸੜਕ ਉੱਤੋਂ ਆ ਰਹੀ ਸੀ।ਉਹ ਪੈਦਲ ਹੀ ਉਧਰ ਨੂੰ ਦੇਖਣ ਨਿਕਲ ਗਿਆ। ਜਿਵੇਂ ਈ ਉਹ ਉੱਥੇ ਪਹੁੰਚਿਆ ਤਾਂ ਲੜਨ ਵਾਲੀਆਂ ਦੋਵੇਂ ਧਿਰਾਂ ਦੇ ਬੰਦਿਆਂ ਨਾਲ਼ ਉਸ ਦਾ ਚੰਗਾ ਸਹਿਚਾਰ ਸੀ।ਮਾੜੀ ਮੋਟੀ ਗੱਲ ਨੂੰ ਲੈਕੇ ਪਹਿਲਾਂ ਬਹਿਸ ਹੁੰਦੀ ਹੁੰਦੀ ਗਾਲੀ ਗਲੋਚ ਤੱਕ ਪਹੁੰਚੀ,ਗਾਲੀ ਗਲੋਚ ਤੋਂ ਬਾਅਦ ਦੇਖਦੇ ਈ ਦੇਖਦੇ ਦੋਵੇਂ ਧਿਰਾਂ ਦੇ ਮੁੰਡਿਆਂ ਵਿੱਚ ਹੱਥੋ ਪਾਈ ਹੋ ਗਈ ।ਹਰੀ ਸਿੰਘ ਪਹਿਲਾਂ ਤਾਂ ਉਹਨਾਂ ਨੂੰ ਸਮਝਾ ਰਿਹਾ ਸੀ ਤੇ ਹੁਣ ਉਹਨਾਂ ਨੂੰ ਉਲਝਿਆਂ ਹੋਇਆਂ ਨੂੰ ਉਹ ਛੁਡਵਾਉਣ ਲੱਗਿਆ। ਛੁਡਵਾਉਂਦੇ ਛੁਡਵਾਉਂਦੇ ਉਸ ਦੇ ਸਿਰ ਤੇ ਵੀ ਇਕੱਠੀਆਂ ਦੋ ਤਿੰਨ ਡਾਂਗਾਂ ਲੱਗੀਆਂ।ਉਸ ਦਾ ਸਿਰ ਖੂਨ ਨਾਲ ਲੱਥਪੱਥ ਹੋ ਗਿਆ ਤੇ ਸੱਟ ਲੱਗਦੇ ਹੀ ਜ਼ਮੀਨ ਤੇ ਡਿੱਗ ਪਿਆ।

                    ਗੁਆਂਢੀਆਂ ਦਾ ਮੁੰਡਾ ਹਰੀ ਸਿੰਘ ਦੇ ਘਰ ਦੱਸਣ ਲਈ ਨੱਠਿਆ ਆਉਂਦਾ ਹੈ।ਉਹ ਜਿਉਂ ਹੀ ਜ਼ੋਰ ਦੀ ਘੰਟੀ ਮਾਰਦਾ ਹੈ ਤਾਂ ਅੰਦਰੋਂ ਹੀ ਰਾਜੋ ਕਹਿੰਦੀ ਹੈ,” ਰੋਟੀ ਦੇ ਟਾਈਮ ਪਤਾ ਨਹੀਂ ਕਿੱਥੇ ਚਲੇ ਜਾਂਦੇ ਓ…..ਹੁਣ ਘੰਟੀਆਂ ਤੇ ਘੰਟੀਆਂ ਆਏਂ ਮਾਰਦੇ ਆ ਜਿਵੇਂ ਕਿਤੇ ਬਾਹਰ ਤੁਫ਼ਾਨ ਆਇਆ ਹੋਵੇ….(ਫੇਰ ਘੰਟੀ ਲਗਾਤਾਰ ਵੱਜਦੀ ਹੈ) ….ਆਈ ….( ਉੱਚੀ ਆਵਾਜ਼ ਵਿੱਚ)…..ਆਏ ਹਾਏ ਐਨੀ ਕਾਹਲ਼ੀ ਕਿਉਂ ਮਚਾਈ‌ ਆ? ਜਾਂ ਤਾਂ ਬਾਹਰ ਈ ਨਾ ਜਾਇਆ ਕਰੋ ਐਸ ਟਾਈਮ….।”
“ਆਂਟੀ ਮੈਂ ਆਂ…… ਸੱਤੀ… ਜਲਦੀ ਦਰਵਾਜ਼ਾ ਖੋਲ੍ਹੋ…..ਅੰਕਲ ਦੇ ਸੱਟ ਲੱਗੀ ਆ।” ਗੁਆਂਢੀਆਂ ਦੇ ਮੁੰਡੇ ਨੇ ਕਿਹਾ। “ਹਾਏ ਮੈਂ ਮਰਜਾਂ…..(ਛੇਤੀ ਨਾਲ ਦਰਵਾਜ਼ਾ ਖੋਲ੍ਹ ਕੇ) ਕਿੱਥੇ ਨੇ‌ ਇਹ….? “ਆਂਟੀ ਸੜਕ ਤੇ ਲੜਾਈ ਵਿੱਚ ਅੰਕਲ ਦੇ ਸਿਰ ਤੇ ਸੱਟ ਲੱਗੀ ਆ….. ਮੇਰੇ ਡੈਡੀ ਤੇ ਹੋਰ ਬੰਦੇ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲੈਕੇ  ਗਏ ਆ।” ਮੁੰਡੇ ਨੇ ਕਿਹਾ।
              ਰਾਜੋ ਨੱਠ ਕੇ ਆਪਣੇ ਮੁੰਡੇ ਨੂੰ ਟੀ. ਵੀ. ਵਾਲੇ ਕਮਰੇ ਵਿੱਚੋਂ ਬੁਲਾਉਂਦੀ ਹੈ। ਦੋਵੇਂ ਮਾਂ ਪੁੱਤ ਫਟਾਫਟ ਮੋਟਰਸਾਈਕਲ ਤੇ ਹਸਪਤਾਲ ਵੱਲ ਨੂੰ ਜਾਂਦੇ ਹਨ। ਉੱਥੇ ਪਹਿਲਾਂ ਤੋਂ ਹੀ ਮੁਹੱਲੇ ਦੇ ਬੰਦੇ ਮੌਜੂਦ ਸਨ।ਰਾਜੋ ਦਾ ਮੱਥਾ ਠਣਕਿਆ,ਕਿ ਕੁਝ ਵੀ ਠੀਕ ਨਹੀਂ।ਉਹੀ ਗੱਲ ਹੋਈ ਜਿਸ ਦਾ ਡਰ ਸੀ। ਹਰੀ ਸਿੰਘ ਦੀ ਮੌਤ ਹੋ ਗਈ ਸੀ।ਦੋਵੇਂ ਲੜਾਈ ਵਾਲੀਆਂ ਧਿਰਾਂ ਦੇ ਬੰਦੇ ਇੱਧਰ ਉੱਧਰ ਹੋ ਗਏ ਸਨ। ਪੁਲਿਸ ਆ ਗਈ।ਰਾਜੋ ਦੀ ਦੁਨੀਆਂ ਇੱਕ ਮਿੰਟ ਵਿੱਚ ਉੱਜੜ ਗਈ।ਮੁੰਡਾ ਸਿਰਫ਼ ਪੰਦਰਾਂ ਵਰ੍ਹਿਆਂ ਦਾ ਸੀ, ਹਜੇ ਕਮਾਈ ਦਾ ਕੋਈ ਹੋਰ ਸਾਧਨ ਹੈ ਨਹੀਂ ਸੀ।ਰਾਜੋ ਇੱਕਦਮ ਬੇਹੋਸ਼ ਹੋ ਕੇ ਡਿੱਗ ਗਈ।ਸੁਰਤ ਆਈ ਤਾਂ ਉਹ ਪੱਥਰ ਦੀ ਮੂਰਤੀ ਬਣ ਚੁੱਕੀ ਸੀ। ਨਾ ਉਹ ਰੋ ਰਹੀ ਸੀ ਤੇ ਨਾ ਕਿਸੇ ਦੀ ਗੱਲ ਦਾ ਕੋਈ ਜਵਾਬ ਦੇ ਰਹੀ ਸੀ। ਉਹ ਤਾਂ ਸੁੰਨ ਹੋ ਚੁੱਕੀ ਸੀ।ਸਾਰਾ ਬੋਝ ਮੁੰਡੇ ਤੇ ਪੈ ਗਿਆ।
               ਪੁਲਿਸ ਆਪਣੀ ਕਾਰਵਾਈ ਕਰਦੀ ਰਹੀ।ਹਰੀ ਸਿੰਘ ਦੀਆਂ ਅੰਤਿਮ ਰਸਮਾਂ ਵੀ ਹੋ ਗਈਆਂ। ਹਰੀ ਸਿੰਘ ਦਾ ਪੰਦਰਾਂ ਵਰ੍ਹਿਆਂ ਦਾ ਮੁੰਡਾ ਆਪਣੇ ਆਪ ਨੂੰ ਲਾਵਾਰਸਾਂ ਵਾਂਗ ਸਮਝ ਰਿਹਾ ਸੀ। ਰਾਜੋ ਨੂੰ ਘਰ ਦੇ ਖਰਚੇ ਪਾਣੀ ਦੀ ਚਿੰਤਾ ਖਾ ਰਹੀ ਸੀ।ਭੋਗ ਤੋਂ ਬਾਅਦ ਰਾਜੋ ਤੇ ਉਸ ਦੇ ਮੁੰਡੇ ਨੂੰ ਥਾਣੇ ਬੁਲਾਇਆ ਗਿਆ। ਦੋਵੇਂ ਧਿਰਾਂ ਦੇ ਬੰਦੇ ਹਵਾਲਾਤ ਵਿੱਚ ਬੰਦ ਸਨ। ਥਾਣੇਦਾਰ ਨੇ ਰਾਜੋ ਨੂੰ ਕਿਹਾ ,” ਭੈਣ ਜੀ,ਦਸ ਬੰਦੇ ਗਿਰਫ਼ਤਾਰ ਕੀਤੇ ਹਨ । ਸ਼ਾਮ ਤੱਕ ਮੁਹੱਲੇ ਦੇ ਇੱਕ ਦੋ ਬੰਦਿਆਂ ਨੂੰ ਬੁਲਾ ਲਿਓ ਤਾਂ ਜੋ ਮੁਜਰਮਾਂ ਦੀ ਪਛਾਣ ਕਰ ਲੈਣ।” ਰਾਜੋ ਸੋਚਾਂ ਵਿੱਚ ਸੀ ਕਿ ਉਹ ਤਾਂ ਉਸ ਸਮੇਂ ਘਰ ਸੀ ਉਹ ਕਿਵੇਂ ਪਛਾਣ ਕਰ ਸਕਦੀ ਹੈ। ਉਹ ਤੇ ਮੁੰਡਾ ਘਰ ਆ ਗਏ। ਅਚਾਨਕ ਮੁਹੱਲੇ ਦਾ ਮੁਖੀ ਆ ਕੇ ਉਸ ਨੂੰ ਦੋਵੇਂ ਧਿਰਾਂ ਨਾਲ ਸਮਝੌਤਾ ਕਰਨ ਦੀ ਸਲਾਹ ਦਿੰਦਾ ਹੈ। ਦੋਵੇਂ ਧਿਰਾਂ ਦੇ ਬੰਦੇ ਰਾਜੋ ਨੂੰ ਪੰਜ ਲੱਖ ਰੁਪਏ ਦੇ ਕੇ ਸਮਝੌਤਾ ਕਰਨਾ ਚਾਹੁੰਦੇ ਸਨ। ਰਾਜੋ ਸੋਚਦੀ ਹੈ,” ਕਿਸੇ ਨੇ ਮੇਰੇ ਪਤੀ ਨੂੰ ਜਾਣ ਬੁੱਝ ਕੇ ਤਾਂ ਮਾਰਿਆ ਨਹੀਂ,ਨਾ ਉਹ ਇਹਨਾਂ ਦੇ ਦੁਸ਼ਮਣ ਸਨ…..ਗ਼ਲਤੀ ਇਹਨਾਂ ਦੀ ਸੀ ਕਿ ਕਿਸੇ ਲੜਾਈ ਵਿੱਚ ਦਖਲ ਦੇਣ ਲੱਗੇ। ਕਿੰਨਾ ਚਿਰ ਮੈਂ ਥਾਣਿਆਂ ਕਚਹਿਰੀਆਂ ਦੇ ਧੱਕੇ ਖਾਊਂਗੀ ?ਘਰ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ, ਮੁੰਡੇ ਦੀ ਪੜ੍ਹਾਈ ਸਿਰੇ ਨਹੀਂ ਲੱਗੀ। ਦੋਵੇਂ ਧਿਰਾਂ ਵਾਲਿਆਂ ਦੇ ਜਵਾਕ ਵੀ ਛੋਟੇ ਛੋਟੇ ਹਨ, ਮੇਰੇ ਇੱਕ ਫੈਸਲੇ ਨਾਲ ਤਿੰਨ ਘਰ ਜਾਂ ਤਾਂ ਬਰਬਾਦ ਹੋ ਸਕਦੇ ਹਨ, ਜਾਂ ਵਸਦੇ ਰਹਿ ਸਕਦੇ ਹਨ” ਉਸ ਨੇ ਪ੍ਰਧਾਨ ਨੂੰ ਕਹਿ ਕੇ ਸਮਝੌਤਾ ਕਰ ਲਿਆ। ਉਸ ਨੇ ਆਪਣੇ ਪੁੱਤਰ ਦੇ ਭਵਿੱਖ ਨੂੰ ਸੰਭਾਲਣ ਲਈ ਇਹ ਫ਼ੈਸਲਾ ਲਿਆ।ਲੋਕ ਉਸ ਦੀ ਸਮਝਦਾਰੀ ਦੀ ਸਰਾਹੁਣਾ ਕਰਦੇ ਹੋਏ ਆਖ ਰਹੇ ਸਨ ਕਿ ਕਦੇ ਕਦੇ ਹਾਲਾਤਾਂ ਦੇ ਮੱਦੇਨਜ਼ਰ ਸਮਝਦਾਰੀ ਨਾਲ ਫੈਸਲਾ ਲੈ ਕੇ ਕਈ ਜ਼ਿੰਦਗੀਆਂ ਦਾ ਭਵਿੱਖ ਬਚਾਉਣਾ ਹੀ ਅਸਲੀ ਹਮਾਰਾ ਜੀਵਣਾ ਹੁੰਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਵਿਧਾਇਕ ਸੇਖੋਂ ਨੇ ਕਿਹਾ ਕਿ ਫ਼ਸਲਾਂ ਦੇ ਉਜਾੜੇ  ਦਾ ਹਰ ਹੀਲੇ ਮਿਲੇਗਾ ਮੁਆਵਜ਼ਾ 
Next articleਸ਼ਬਦ ਜਿਨ੍ਹਾਂ ਦੇ ਅੰਦਰ ਵੱਸਦੇ ਸਾਂਝਾ ਕਾਵਿ ਸੰਗ੍ਰਹਿ ਦੀ ਕਿਤਾਬ ਐਸ ਐਮ ਓ ਖੰਨਾ ਨੂੰ ਭੇਂਟ ਕੀਤੀ।