ਦੁੱਖ ਏਸ ਗੱਲ ਦਾ ਏ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਪੈਲ਼ੀ ਸਾਡੀ ਉੱਤੇ ਰੱਖੀ
ਅੱਖ ਸ਼ਾਹੂਕਾਰਾਂ ਨੇ
ਚੰਦ ਕੁ ਅਮੀਰਾਂ ਕਹਿਲੋ
ਵੱਡੇ ਹੁਸ਼ਿਆਰਾਂ ਨੇ
ਲੁੱਟਣੇ ਦੇ ਸਾਨੂੰ ਸਭ ਜਾਣਦੇ ਜੋ ਢੰਗ ਨੀ
ਧੁੱਪਾਂ ਵਿੱਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਏਂ ਜਿੰਦਗੀ ਦੀ ਜੰਗ ਨੀ

ਚਲਦੀ ਨਾ ਪੇਸ਼ ਦਿਸੇ
ਛੋਟੇ ਵਾਹੀਕਾਰ ਦੀ
ਦੂਣੀ ਚੌਣੀ ਪੰਡ ਹੋਈ
ਕਰਜ਼ੇ ਦੇ ਭਾਰ ਦੀ
ਬੈਂਕਾਂ ਚੋਂ ਡਫ਼ਾਲਟਰ
ਆਉਣ ਲੱਗੀ ਸੰਗ ਨੀ
ਧੁੱਪਾਂ ਵਿਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਏਂ ਜਿੰਦਗੀ ਦੀ ਜੰਗ ਨੀ

ਵੱਡਿਆਂ ਧਨਾਡਾਂ ਦੀਆਂ
ਰੀਸਾਂ ਸਾਨੂੰ ਪੱਟਿਆ
ਵੋਟਾਂ ਪਾਕੇ ਲੀਡਰਾਂ ਨੂੰ
ਦੱਸੋ ਕੀ ਏ ਖੱਟਿਆ
ਵੇਚਗੇ ਮੁਲਕ ਸਾਡਾ ਵੇਹਲੜ ਦਬੰਗ ਨੀ
ਧੁੱਪਾਂ ਵਿਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਏਂ ਜਿੰਦਗੀ ਦੀ ਜੰਗ ਨੀ

ਚੋਂਣ ਲੱਗੀ ਧਾਰਾਂ
ਦੁੱਧ ਪਾਕੇ ਵੀ ਨਾ ਸਰਦਾ
ਔਖਾ ਹੀ ਗੁਜ਼ਾਰਾ ਚੱਲੇ
ਹੁਣ ਸਾਡੇ ਘਰ ਦਾ
ਲਾ ਤਾ ਚਿੱਟੇ ਤੇ ਤੇਰਾ ਪੁੱਤ ਵੀ ਮਲੰਗ ਨੀ
ਧੁੱਪਾਂ ਵਿੱਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਏਂ ਜਿੰਦਗੀ ਦੀ ਜੰਗ ਨੀ

ਘਰ ਜਾਕੇ ਵੇਖੀਂ ਕਿਸੇ
ਹਾਲਾਤ ਗਰੀਬ ਦੀ
ਮੇਟ ਦਿੱਤੀ ਲੀਕ ਜਮਾਂ
ਜਿਸਦੇ ਨਸੀਬ ਦੀ
ਚਲਦਾ ਗੁਜ਼ਾਰਾ ਕਿਵੇਂ ਰਹਿ ਜਾਏਂਗੀ ਦੰਗ ਨੀ
ਧੁੱਪਾਂ ਵਿੱਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਕਬੀਲਦਾਰੀ ਜੰਗ ਨੀ

ਧੀਆਂ ਬਿਨ ਮੁੰਡਿਆਂ ਦੇ
ਰਿਸ਼ਤੇ ਨਾ ਹੁੰਦੇ ਨੇ
ਬੁੱਢੇ ਮਾਪਿਆਂ ਦੇ
ਨੈਣਾਂ ਵਿਚੋਂ ਹੰਝ ਚੋਂਦੇ ਨੇ
ਚੌਧਰ ਦੇ ਭੁੱਖਿਆਂ ਨੇ ਕਰੇ ਪਏ ਆਂ ਤੰਗ ਨੀ
ਧੁੱਪਾਂ ਵਿਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਏਂ ਜਿੰਦਗੀ ਦੀ ਜੰਗ ਨੀ

ਜਿਹੜੇ ਸੁੱਬੇ ਤਾਈਂ ਹੁਣ
ਆਖੇ ਖੁਸ਼ਹਾਲ ਤੂੰ
ਮੁੱਕ ਗਿਆ ਜਦੋਂ ਜਲ
ਪੈਂਦਾ ਵੇਖੀਂ ਕਾਲ਼ ਤੂੰ
ਬਿਨ ਡੋਰੋਂ ਰੇਤਿਆਂ ਚ ਉੱਡਣੇ ਪਤੰਗ ਨੀ
ਧੁੱਪਾਂ ਵਿਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਏਂ ਜਿੰਦਗੀ ਦੀ ਜੰਗ ਨੀ

ਧੰਨੇ ਧਾਲੀਵਾਲ਼ਾ
ਦੁੱਖ ਲਿਖ ਦੇ ਪੰਜਾਬ ਦਾ
ਪਿੰਡ ਪਿੰਡ ਵਿਕਦੀ ਓਏ
ਠੇਕੇ ਚ ਸ਼ਰਾਬ ਦਾ
ਦੋ ਮੂੰਹੇ ਸੱਪਾਂ ਸਾਨੂੰ ਦਿੱਤਾ ਰਲ਼ ਡੰਗ ਨੀ
ਧੁੱਪਾਂ ਵਿੱਚ ਸਿਆਹ ਕਾਲ਼ਾ ਹੋ ਗਿਆ ਏ ਰੰਗ ਨੀ
ਬੜੀ ਔਖੀ ਲੜਨੀ ਏਂ ਜ਼ਿੰਦਗੀ ਦੀ ਜੰਗ ਨੀ

ਧੰਨਾ ਧਾਲੀਵਾਲ਼

9878235714

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਾ
Next articleਪ੍ਰਦੂਸ਼ਣ