(ਸਮਾਜ ਵੀਕਲੀ)
ਹਾਲ ਹੀ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤਕ ਜੰਤਰ ਮੰਤਰ ਤੇ ਇਨਸਾਫ਼ ਲਈ ਬੈਠੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਤੇ ਉਨ੍ਹਾਂ ਦੇ ਸਾਥੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤਸ਼ੱਦਦ ਕੀਤਾ ਗਿਆ। 28 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਦਾ ਉਦਘਾਟਨ ਕੀਤਾ ਹੈ। ਸੁਰੱਖਿਆ ਕਰਮਚਾਰੀਆਂ ਨੇ ਮਹਿਲਾਂ ਪਹਿਲਵਾਨਾਂ ਨੂੰ ਨਵੀਂ ਸੰਸਦ ਵੱਲ ਜਾਣ ਤੋਂ ਰੋਕਿਆ ਤੇ ਪਹਿਲਵਾਨਾਂ ਦੀ ਹਿਮਾਇਤੀਆਂ ਸਮੇਤ 600 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ।ਹਮਾਇਤ ਲਈ ਦਿੱਲੀ ਆ ਰਹੇ ਕਿਸਾਨਾਂ , ਔਰਤਾਂ, ਪੱਤਰਕਾਰਾਂ ਤੇ ਹੋਰ ਲੋਕਾਂ ਨੂੰ ਗਾਜੀਪੁਰ,ਟਿੱਕਰੀ ਬਾਰਡਰ ਤੇ ਰੋਕਿਆ ਗਿਆ। ਕਾਂਗਰਸ ,ਆਮ ਆਦਮੀ ਪਾਰਟੀ ਤੇ ਹੋਰ ਸਿਆਸੀ ਪਾਰਟੀਆਂ ਨੇ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਹੁਣ ਪਹਿਲਵਾਨਾਂ ਨੂੰ ਜੰਤਰ ਮੰਤਰ ਤੇ ਮੁੜ ਧਰਨਾ ਲਾਉਣ ਦੀ ਆਗਿਆ ਨਹੀਂ ਹੈ।
ਚੇਤੇ ਕਰਵਾ ਦੇਈਏ ਕਿ ਮਹਿਲਾ ਪਹਿਲਵਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਨ ਸਿੰਘ ਤੇ ਜਿਣਸੀ ਸ਼ੋਸ਼ਣ ਤੇ ਇਲਜ਼ਾਮ ਲਾਏ ਹਨ। ਪਹਿਲਵਾਨ ਲੜਕੀਆਂ ਨਾਲ ਜੋ ਵਰਤਾਓ ਕੀਤਾ ਜਾ ਰਿਹਾ ਹੈ ,ਉਹ ਸਹੀ ਨਹੀ ਹੈ। ਓਧਰ ਕੁਸ਼ਤੀ ਸੰਘ ਦੇ ਪ੍ਰਧਾਨ ਨੇ ਬਿਆਨ ਵੀ ਦਿੱਤਾ ਸੀ ਕਿ ਮੈਡਲ ਦੀ ਕੀਮਤ ਤਾਂ ਸਿਰਫ਼ 15 ਰੁਪਏ ਹੈ, ਜੇ ਤੁਸੀਂ ਵਾਪਿਸ ਕਰਨਾ ਹੈ ਤਾਂ ਕਰੋੜਾਂ ਦੀ ਰਾਸ਼ੀ ਵਾਪਸ ਕਰੋ। ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਕੇਸ ਤਾਂ ਦਰਜ ਕਰ ਲਿਆ ਗਿਆ ਹੈ,ਪਰ ਦੋਸ਼ੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈ। ਸੋਨੇ ਦੇ ਮੈਡਲ ਤੇ ਦੇਸ਼ ਦਾ ਨਾਂ ਚਮਕਾਉਣ ਲਈ ਇਨ੍ਹਾਂ ਪਹਿਲਵਾਨਾਂ ਨੂੰ ਕਈ-ਕਈ ਸਾਲ ਮਿਹਨਤ ਕਰਨੀ ਪਈ। ਮੈਦਾਨ ਵਿੱਚ ਜਾ ਕੇ ਕਸਰਤ ਕਰੀ।
ਵਿਚਾਰਨ ਵਾਲੀ ਗੱਲ ਹੈ ਕਿ ਕਿਹੜਾ ਮਾਂ ਬਾਪ ਅਪਣੇ ਜਵਾਨ ਧੀਆਂ ਪੁੱਤਾਂ ਨੂੰ ਮੁਕਾਬਲਿਆਂ ਵਿੱਚ ਭੇਜਣ ਲਈ ਤਿਆਰ ਹੋਵੇਗਾ, ਜੇ ਇਹੀ ਹਾਲ ਰਿਹਾ?ਇਹ ਦੇਸ਼ ਵਾਸੀਆਂ ਵਾਸਤੇ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੇ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ ਹੈ। ਵੈਸੇ ਤਾਂ ਸਰਕਾਰ ਬੇਟੀ ਬਚਾਓ ,ਬੇਟੀ ਪੜ੍ਹਾਓ ਦਾ ਨਾਅਰਾ ਬਹੁਤ ਲਗਾਉਂਦੀ ਹੈ। ਫ਼ਿਰ ਹੁਣ ਤੱਕ ਪਹਿਲਵਾਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਹੈ? ਚੇਤੇ ਕਰਵਾ ਦੇਈਏ ਕਿ ਹਾਲ ਹੀ ਵਿੱਚ ਹਰਿਆਣਾ ਦੇ ਸੀ ਐਮ ਵੱਲੋਂ ਸਿਰਸਾ ਜ਼ਿਲ੍ਹੇ ਵਿੱਚ ਸੰਗਤ ਦਰਸ਼ਨ ਕੀਤਾ ਗਿਆ। ਮਹਿਲਾ ਸਰਪੰਚ ਦੇ ਪਤੀ ਤੇ ਜਾਨਲੇਵਾ ਹਮਲਾ ਹੋਇਆ ਸੀ। ਮਹਿਲਾ ਸਰਪੰਚ ਨੇ ਦੋਸ਼ ਲਾਇਆ ਕਿ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਹੈ।
ਸਟੇਜ ਤੇ ਮੁੱਖ ਮੰਤਰੀ ਦੇ ਪੈਰਾਂ ਵਿੱਚ ਮਹਿਲਾ ਸਰਪੰਚ ਨੇ ਆਪਣਾ ਦੁਪੱਟਾ ਸੁੱਟ ਦਿੱਤਾ। ਇਹ ਵੀਡੀਓ ਬਹੁਤ ਜ਼ਲਦੀ ਪੂਰੇ ਦੇਸ਼ ਵਿੱਚ ਵਾਇਰਲ ਹੋਈ। ਜੇ ਪਹਿਲਵਾਨਾਂ ਦਾ ਇਹ ਹਾਲ ਹੈ ਤਾਂ ਆਮ ਲੋਕਾਂ ਨੂੰ ਕੀ ਇਨਸਾਫ਼ ਮਿਲਦਾ ਹੋਣਾ? ਜੋ ਅੱਜ ਦੇਸ਼ ਦਾ ਨਾਮ ਸੰਸਾਰ ਪੱਧਰ ਤੇ ਉੱਚਾ ਕਰ ਰਹੀਆਂ ਹਨ , ਉਨ੍ਹਾਂ ਨੂੰ ਇਨਸਾਫ਼ ਮਿਲਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਆਮ ਜਨਤਾ ਦਾ ਸਰਕਾਰ ਤੋਂ ਵਿਸ਼ਵਾਸ਼ ਉੱਠ ਜਾਵੇਗਾ।ਅੱਜ ਵਿਦੇਸ਼ਾਂ ਵਿੱਚ ਵੀ ਥੂ ਥੂ ਹੋ ਰਹੀ ਹੈ। ਜਿੰਨਾ ਜਲਦੀ ਹੋ ਸਕਦਾ ਹੈ ਸਰਕਾਰ ਨੂੰ ਦੋਸ਼ੀ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ, ਦੇਸ਼ ਦੀਆਂ ਬੇਟੀਆਂ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਹਿਲਵਾਨਾਂ ਨੂੰ ਆਪਣੇ ਕੋਲ ਬੁਲਾਉਣ ਤੇ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣਨ।
ਸੰਜੀਵ ਸਿੰਘ ਸੈਣੀ
ਮੋਹਾਲੀ 7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly